ਰਮਨਦੀਪ ਸਿੰਘ
ਚਾਉਕੇ, 10 ਸਤੰਬਰ
ਮਾਲਵੇ ਵਿੱਚ ਨਸ਼ਿਆਂ ਵਿਰੁੱਧ ਚੱਲ ਰਹੀ ਸੀਤ ਜੰਗ ਨੂੰ ਪੇਂਡੂ ਇਲਾਕਿਆਂ ਵਿੱਚ ਭਰਵਾਂ ਹੁਲਾਰਾ ਮਿਲ ਰਿਹਾ ਹੈ ਜਿਸਦੇ ਚੱਲਦਿਆਂ ਹੁਣ ਪਿੰਡਾਂ ਵਿੱਚ ਦਿਨ-ਰਾਤ ਪਹਿਰੇ ਲੱਗ ਰਹੇ ਹਨ। ਪਿੰਡਾਂ ਵਿੱਚ ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਕਰਨ ਲਈ ਸੱਥਾਂ ਤੇ ਸਾਂਝੀਆਂ ਥਾਵਾਂ ਉੱਤੇ ਵੱਖ-ਵੱਖ ਸੰਸਥਾਵਾਂ ਵੱਲੋਂ ਪ੍ਰਚਾਰ ਕਰਨ ਨਾਲ ਨਸ਼ਾ ਤਸਕਰਾਂ ਅਤੇ ਨਸ਼ੇੜੀਆਂ ਦੇ ਘਰਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ। ਸਮਾਜਸੇਵੀਆਂ ਵੱਲੋਂ ਨਸ਼ੇ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਮੁੜ ਪੈਰਾਂ ਸਿਰ ਕਰਨ ਲਈ ਇਲਾਜ ਦੀ ਪੇਸ਼ਕਸ਼ ਵੀ ਕੀਤੀ ਜਾ ਰਹੀ ਹੈ।
ਪਿੰਡ ਭੂੰਦੜ ਵਿੱਚ ਬਣੀ ਨਸ਼ਿਆਂ ਵਿਰੋਧੀ ਕਮੇਟੀ ਦੇ ਆਗੂ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਪਿੰਡ ਨੂੰ ਨਸ਼ਾ- ਮੁਕਤ ਬਣਾਉਣ ਲਈ ਦਿਨ ਰਾਤ ਇੱਕ ਕੀਤੀ ਹੋਈ ਹੈ। ਪਿੰਡ ਮੰਡੀ ਕਲਾਂ ਨੂੰ ਨਸ਼ਾਮੁਕਤ ਕਰਨ ਲਈ ਬਣੀ ਕਮੇਟੀ ਵੱਲੋਂ ਰਾਤ ਸਮੇਂ ਪਿੰਡ ਨੂੰ ਆਉਣ ਵਾਲੇ ਸਾਰੇ ਰਸਤੇ ਸੀਲ ਕਰ ਦਿੱਤੇ ਜਾਂਦੇ ਹਨ। ਪਹਿਰਾ ਦੇ ਰਹੇ ਨੌਜਵਾਨਾਂ ਨੂੰ ਸਾਰੀ ਰਾਤ ਚਾਹ ਅਤੇ ਖਾਣ ਦਾ ਸਾਮਾਨ ਮੁਹੱਈਆ ਕਰਵਾਇਆ ਜਾਂਦਾ ਹੈ। ਪਿੰਡ ਰਾਮਪੁਰਾ ਦੇ ਕਮੇਟੀ ਆਗੂ ਕਿੰਦਰ ਸਿੰਘ ਨੇ ਕਿਹਾ ਕਿ ਉਹ ਪਿੰਡ ਵਿੱਚ 15 ਦੇ ਕਰੀਬ ਨੌਜਵਾਨਾਂ ਨੂੰ ਨਸ਼ਾ-ਮੁਕਤ ਕਰ ਚੁੱਕੇ ਹਨ। ਪਿੰਡ ਵਿੱਚੋਂ 70 ਪ੍ਰਤੀਸ਼ਤ ਨਸਾ ਖ਼ਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਪਿੰਡ ਚੋਰੀਆਂ ਵੀ ਨਾ ਮਾਤਰ ਹੋ ਰਹੀਆਂ ਹਨ। ਪਿੰਡ ਰਾਈਆਂ ਵਾਸੀਆਂ ਨੇ ਪਿੰਡ ਦੀ ਜੂਹ ’ਤੇ ਪੱਕੇ ਟੈਂਟ ਹੀ ਲਾ ਲਏ ਹਨ ਤੇ ਹਰ ਆਉਣ-ਜਾਣ ਵਾਲੇ ਰਾਹੀ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਨੌਜਵਾਨ ਪਰਵਿੰਦਰ ਸਿੰਘ ਚਹਿਲ ਨੇ ਕਿਹਾ ਕਿ ਪਿੰਡ ਵਿੱਚ 80 ਪ੍ਰਤੀਸ਼ਤ ਸ਼ਾਂਤੀ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਤੋਂ ਇਲਾਵਾ 31 ਪਿੰਡਾਂ ਵਿੱਚ ਬਣੀਆਂ ਕਮੇਟੀਆਂ ਇੱਕ ਦੂਜੇ ਦੀ ਮਦਦ ਲਈ ਤਿਆਰ ਰਹਿੰਦੀਆਂ ਹਨ।
ਨਸ਼ਿਆਂ ਖ਼ਿਲਾਫ਼ ਇੱਕਮੁੱਠ ਹੋ ਕੇ ਲੜਨ ਦੀ ਲੋੜ: ਡੀਐੱਸਪੀ
ਮਮਦੋਟ (ਜਸਵੰਤ ਸਿੰਘ ਥਿੰਦ): ‘ਸਮਾਜਿਕ ਕੁਰਤੀਆਂ ਨਾਲ ਨਜਿੱਠਣ ਲਈ ਪੁਲੀਸ, ਪਬਲਿਕ ਅਤੇ ਪ੍ਰੈੱਸ ਦਾ ਆਪਸੀ ਤਾਲਮੇਲ ਹੋਣਾ ਜ਼ਰੂਰੀ ਹੈ।’ ਇਹ ਸ਼ਬਦ ਸਬ ਡਿਵੀਜ਼ਨ ਦਿਹਾਤੀ ਦੇ ਡੀਐੱਸਪੀ ਸੰਦੀਪ ਸਿੰਘ ਨੇ ਪੱਤਰਕਾਰਾਂ ਨਾਲ ਮੀਟਿੰਗ ਦੌਰਾਨ ਆਖੇ। ਇਸ ਮੌਕੇ ਥਾਣਾ ਮਮਦੋਟ ਦੇ ਮੁਖੀ ਸਬ ਇੰਸਪੈਕਟਰ ਗੁਰਮੀਤ ਸਿੰਘ, ਮੁੱਖ ਮੁਨਸ਼ੀ ਤਿਲਕ ਰਾਜ ਅਤੇ ਹੈੱਡ ਕਾਂਸਟੇਬਲ ਵਿਕਰਮਜੀਤ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਡੀਐੱਸਪੀ ਸੰਦੀਪ ਸਿੰਘ ਨੇ ਕਿਹਾ ਕਿ ਚਿੱਟੇ ਦੇ ਨਸ਼ੇ ਅਤੇ ਮੈਡੀਕਲ ਨਸ਼ਿਆਂ ਅਤੇ ਗ਼ਲਤ ਅਨਸਰਾਂ ਨੂੰ ਠੱਲ ਪਾਉਣ ਲਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਹ ਲੜਾਈ ਲੜਨ ਦੀ ਲੋੜ ਹੈ। ਥਾਣਾ ਮੁਖੀ ਗੁਰਮੀਤ ਸਿੰਘ ਨੇ ਕਿਹਾ ਕਿ ਇਲਾਕੇ ਵਿੱਚ ਕਾਨੂੰਨ ਵਿਵਸਥਾ ਬਹਾਲ ਰੱਖਣਾ ਉਨ੍ਹਾਂ ਦਾ ਪਹਿਲਾ ਕੰਮ ਹੈ ਤੇ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ।
ਪਿੰਡ ਸੇਖਾਂ ਕਲਾਂ ਵਿੱਚ ਨਸ਼ਾ ਛੁਡਾਊ ਕੈਂਪ ਲਾਇਆ
ਸਮਾਲਸਰ: ਇੱਥੋਂ ਨੇੜਲੇ ਪਿੰਡ ਸੇਖਾਂ ਕਲਾਂ ਵਿੱਚ ਕਿਰਤੀ ਅਕਾਲੀ ਦਲ ਵੱਲੋਂ ਅੱਜ ਮੁਫ਼ਤ ਨਸ਼ਾ ਛੁਡਾਊ ਕੈਂਪ ਲਾਇਆ ਗਿਆ। ਇਸ ਦੌਰਾਨ ਡਾਕਟਰ ਰਾਜਬੀਰ ਸਿੰਘ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਸਾਰੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ। ਇਹ ਜਾਣਕਾਰੀ ਜਥੇਦਾਰ ਬੂਟਾ ਸਿੰਘ ਰਣਸੀਂਹ ਵੱਲੋਂ ਦਿੱਤੀ ਗਈ। ਇਸ ਮੌਕੇ ਡਾਕਟਰ ਰਾਜਬੀਰ ਸਿੰਘ ਨੇ ਮਰੀਜ਼ਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। -ਪੱਤਰ ਪ੍ਰੇਰਕ