ਗੁਰਬਖਸ਼ਪੁਰੀ
ਤਰਨ ਤਾਰਨ, 12 ਸਤੰਬਰ
ਹੜ੍ਹਾਂ ਤੋਂ ਪ੍ਰਭਾਵਿਤ ਕਿਸਾਨਾਂ ਲਈ ਮੁਆਵਜ਼ਾ ਲੈਣ ਤੇ ਹੋਰਨਾਂ ਮੁੱਦਿਆਂ ਆਦਿ ਨੂੰ ਲੈ ਕੇ ਬੀਤੇ ਕੱਲ੍ਹ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ (ਡੀਏਸੀ) ਸਾਹਮਣੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਝੰਡੇ ਥੱਲੇ ‘ਪੱਕਾ ਮੋਰਚਾ’ ਲਗਾਈ ਬੈਠੇ ਕਿਸਾਨਾਂ-ਮਜਦੂਰਾਂ ਨੇ ਦਫਤਰਾਂ ਦੇ ਛੁੱਟੀ ਸਮੇਂ ਤੋਂ ਕੁਝ ਪਲ ਪਹਿਲਾਂ ਕੰਪਲੈਕਸ ਦੇ ਅਚਾਨਕ ਦੋਵੇਂ ਗੇਟ ਬੰਦ ਕਰਕੇ ਪ੍ਰਸ਼ਾਸਨ ਲਈ ਸਮੱਸਿਆ ਖੜ੍ਹੀ ਕਰ ਦਿੱਤੀ| ਜਥੇਬੰਦੀ ਦੇ ਆਗੂਆਂ ਇਸ ਕਾਰਵਾਈ ਦੀ ਖੁਫੀਆ ਏਜੰਸੀਆਂ ਤੱਕ ਵੀ ਭਿਣਕ ਤੱਕ ਨਹੀਂ ਪੈਣ ਦਿੱਤੀ| ਕੰਪਲੈਕਸ ਦੇ ਦੋਵੇਂ ਗੇਟ ਬੰਦ ਕਰ ਦੇਣ ਨਾਲ ਵੱਖ ਵੱਖ ਵਿਭਾਗਾਂ ਦੇ ਵੱਡੀ ਗਿਣਤੀ ਅਧਿਕਾਰੀ ਅਤੇ ਕਰਮਚਾਰੀ ਆਪੋ-ਆਪਣੇ ਦਫਤਰਾਂ ਦੇ ਕਮਰਿਆਂ ਅੰਦਰ ਡੱਕੇ ਰਹਿ ਗਏ| ਪ੍ਰਸ਼ਾਸਨ ਵੱਲੋਂ ਐੱਸਪੀ ਵਿਸ਼ਾਲਜੀਤ ਸਿੰਘ ਅਤੇ ਐੱਸਡੀਐੱਮ ਤਰਨ ਤਾਰਨ ਰਜਨੀਸ਼ ਅਰੋੜਾ ਨੇ ਜਥੇਬੰਦੀ ਨਾਲ ਤਿੰਨ ਗੇੜਾਂ ਦੀ ਗੱਲਬਾਤ ਕੀਤੀ। ਇਸ ’ਤੇ ਜਥੇਬੰਦੀ ਵੱਲੋਂ ਰਾਤ ਦੇ ਹਨੇਰੇ ਵਿੱਚ ਸਹਿਮਤੀ ਦਾ ਪ੍ਰਗਟਾਵਾ ਕਰਨ ’ਤੇ ਸ਼ਾਮ 7. 30 ਵਜੇ ਮੋਰਚਾ ਚੁੱਕ ਲਿਆ ਗਿਆ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਨੋਚਾਹਲ ਨੇ ਦੱਸਿਆ ਕਿ ਜਥੇਬੰਦੀ ਦੀ ਇਸ ਤਿੱਖੀ ਕਾਰਵਾਈ ਤੋਂ ਪ੍ਰੇਸ਼ਾਨ ਪ੍ਰਸ਼ਾਸਨ ਨੇ ਜਥੇਬੰਦੀ ਦੇ ਆਗੂਆਂ ਨੂੰ ਗੱਲਬਾਤ ਲਈ ਬੁਲਾਰਿਆ ਤਾਂ ਪ੍ਰਸ਼ਾਸਨ ਵਲੋਂ ਉਨ੍ਹਾਂ ਦੇ ਮੁੱਦਿਆਂ ’ਤੇ ਹਾਂ ਪੱਖੀ ਹੁੰਗਾਰਾ ਦੇਣ ’ਤੇ ਹੀ ਕਰੀਬ ਡੇਢ ਘੰਟੇ ਬਾਅਦ ਕੰਪਲੈਕਸ ਅੰਦਰ ਡੱਕੇ ਮੁਲਾਜ਼ਮਾਂ ਨੂੰ ਬਾਹਰ ਆਉਣ ਲਈ ਰਾਹ ਦਿੱਤੇ ਗਏ| ਜਥੇਬੰਦੀ ਨਾਲ ਮੁੱਦਿਆਂ ਤੇ ਗਲਬਾਤ ਕਰਨ ਲਈ ਐੱਸਪੀ ਵਿਸ਼ਾਲਜੀਤ ਸਿੰਘ ਅਤੇ ਐੱਸਡੀਐੱਮ ਰਜਨੀਸ਼ ਅਰੋੜਾ ਨੇ ਤਿੰਨ ਗੇੜ ਦੀ ਗੱਲਬਾਤ ਕੀਤੀ| ਜਥੇਬੰਦੀ ਹੜ੍ਹ ਪੀੜਤਾਂ ਲਈ 50,000 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦੇਣ ਤੋਂ ਇਲਾਵਾ ਇਲਾਕੇ ਦੇ ਪਿੰਡ ਰੁੜੇਆਸਲ ਦੀ ਇਕ ਔਰਤ ਸਮੇਤ ਸੱਤ ਕਿਸਾਨਾਂ ਖ਼ਿਲਾਫ਼ ਆਤਮ ਹੱਤਿਆ ਨਾਲ ਸੰਬਧਤ ਇਕ ਕੇਸ ਨੂੰ ਰੱਦ ਕੀਤੇ ਜਾਣ ਸਮੇਤ ਹੋਰ ਮੁੱਦੇ ਉਠਾ ਰਹੀ ਸੀ| ਜਥੇਬੰਦੀ ਦੇ ਆਗੂ ਹਰਪ੍ਰੀਤ ਸਿੰਘ, ਹਰਜਿੰਦਰ ਸਿੰਘ ਸ਼ਕਰੀ, ਫਤਹਿ ਸਿੰਘ ਪਿੱਦੀ, ਬਲਵਿੰਦਰ ਸਿੰਘ ਚੋਹਲਾ ਸਾਹਿਬ, ਦਿਆਲ ਸਿੰਘ ਮੀਆਵਿੰਡ, ਰੇਸ਼ਮ ਸਿੰਘ ਘੁਰਕਵਿੰਡ ,ਹਰਬਿੰਦਰਜੀਤ ਸਿੰਘ ਕੰਗ ਨੇ ਇਸ ਮੌਕੇ ਸੰਬੋਧਨ ਕੀਤਾ|