ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 15 ਸਤੰਬਰ
ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਮਾਜ ਸੇਵੀ ਸੰਸਥਾ ਪਹਿਲਾਂ ਇਨਸਾਨੀਅਤ ਦੇ ਮੁਖੀ ਅਜੈਵੀਰ ਸਿੰਘ ਲਾਲਪੁਰਾ ਵਲੋਂ ਗਲੋਬਲ ਪੰਜਾਬੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਇੱਥੇ ਦਾਣਾ ਮੰਡੀ ਵਿਖੇ ਕੈਂਸਰ ਕੇਅਰ, ਮੈਡੀਕਲ ਜਾਂਚ ਅਤੇ ਅੱਖਾਂ ਦਾ ਚੈੱਕਅੱਪ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਅਜੈਵੀਰ ਸਿੰਘ ਲਾਲਪੁਰਾ ਨੇ ਕੀਤਾ। ਕੈਂਪ ਇੰਚਾਰਜ ਪਰਮਜੀਤ ਸਿੰਘ ਅਤੇ ਮੀਤ ਪ੍ਰਧਾਨ ਡਾ ਜਤਿੰਦਰਪਾਲ ਸਿੰਘ ਨਨੂੰਆ ਨੇ ਦੱਸਿਆ ਕਿ ਮਰੀਜ਼ਾਂ ਦੀ ਜਾਂਚ ਕਰਨ ਲਈ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ਼ ਦੀ ਟੀਮ ਵੱਲੋਂ ਡਾ. ਧਰਮਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ 600 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਜਿਸ ਵਿੱਚ ਮੈਮੋਗ੍ਰਾਫੀ, ਬੱਚੇਦਾਨੀ ਦਾ ਕੈਂਸਰ, ਹੱਡੀਆਂ ਦਾ ਕੈਂਸਰ, ਪ੍ਰੋਸਟੇਟ ਕੈਂਸਰ , ਓਰਲ ਅਤੇ ਥਰੋਟ ਆਦਿ ਸਮੇਤ ਵੱਖ-ਵੱਖ ਤਰ੍ਹਾਂ ਦੇ ਕੈਂਸਰਾਂ ਦੀ ਜਾਂਚ ਕਰਨ ਲਈ ਟੈਸਟ ਮੁਫ਼ਤ ਵਿਚ ਕੀਤੇ ਗਏ। ਉਨ੍ਹਾਂ ਦੱਸਿਆ ਕਿ ਜਾਂਚ ਵਿੱਚ ਸ਼ੱਕੀ ਮਰੀਜ਼ਾਂ ਨੂੰ ਡਾਕਟਰੀ ਸਲਾਹ ਲਈ ਸੂਚੀਬੱਧ ਕੀਤਾ ਗਿਆ ਜਦੋਂ ਕਿ ਇੰਗਲੈਂਡ ਦੀਆਂ ਵਿਸ਼ੇਸ਼ ਜਾਂਚ ਮਸ਼ੀਨਾਂ ਨਾਲ ਲੈਸ ਬੱਸਾਂ ਰਾਹੀਂ ਇਲਾਕੇ ਦੇ ਲੋਕਾਂ ਦੀਆਂ ਅੱਖਾਂ ਦੀ ਵਿਸ਼ੇਸ਼ ਜਾਂਚ ਕੀਤੀ ਗਈ ਤੇ 191 ਮਰੀਜ਼ਾਂ ਨੂੰ ਮੁਫ਼ਤ ਐਨਕਾਂ ਵੀ ਵੰਡੀਆਂ ਗਈਆਂ।