ਪ੍ਰੋ. ਪ੍ਰੀਤਮ ਸਿੰਘ
ਸੰਘਰਸ਼ ਤੇ ਸਿਆਸਤ
ਪੰਜਾਹ ਸਾਲ ਪਹਿਲਾਂ ਗਿਆਰ੍ਹਾਂ ਸਤੰਬਰ 1973 ਨੂੰ ਫ਼ੌਜੀ ਰਾਹੀਂ ਚਿਲੀ ਦੇ ਰਾਸ਼ਟਰਪਤੀ ਸਲਵਾਡੋਰ ਅਲਿਆਂਡੇ ਦੀ ਸਮਾਜਵਾਦੀ ਮਾਰਕਸਵਾਦੀ ਸਰਕਾਰ ਦਾ ਤਖ਼ਤਾ ਪਲਟ ਦਿੱਤਾ ਗਿਆ ਸੀ। ਬਾਅਦ ਵਿਚ ਸੀਆਈਏ ਨੇ ਇਹ ਕਬੂਲ ਕੀਤਾ ਕਿ ਉਸ ਨੇ ਹੀ ਇਹ ਫ਼ੌਜੀ ਰਾਜਪਲਟਾ ਕਰਵਾਇਆ ਸੀ। ਅਲਿਆਂਡੇ ਦੀ ਸਰਕਾਰ ਕਿਸੇ ਮੁਲਕ ਵਿਚ ਲੋਕਰਾਜੀ ਚੁਣਾਵੀ ਅਮਲ ਰਾਹੀਂ ਕਿਸੇ ਸਮਾਜਵਾਦੀ ਮਾਰਕਸਵਾਦੀ ਲਹਿਰ ਦੀ ਸਫ਼ਲਤਾ ਦੀ ਪਹਿਲੀ ਮਿਸਾਲ ਬਣੀ ਸੀ। ਚਿਲੀ ਦਾ ਇਹ ਸਮਾਜਵਾਦੀ ਰਾਹ ਇਤਿਹਾਸਕ ਤੌਰ ’ਤੇ ਦੋ ਅਹਿਮ ਪੱਖਾਂ ਤੋਂ ਨਿਵੇਕਲਾ ਸੀ: ਨਾ ਤਾਂ ਇਹ ਸੋਵੀਅਤ ਸੰਘ, ਚੀਨ ਅਤੇ ਕਿਊਬਾ ਵਿਚ ਹੋਏ ਖ਼ੂਨੀ ਸਮਾਜਵਾਦੀ ਇਨਕਲਾਬ ਜਿਹਾ ਸੀ ਅਤੇ ਨਾ ਹੀ ਇਹ ਲੋਕਰਾਜੀ ਰਵਾਇਤਾਂ ਵਾਲੇ ਕੁਝ ਯੌਰਪੀਅਨ ਮੁਲਕਾਂ ਵਰਗਾ ਸੀ ਜਿੱਥੇ ਸੋਸ਼ਲ ਡੈਮੋਕਰੈਟਿਕ ਪਾਰਟੀਆਂ ਨੇ ਪੂੰਜੀਵਾਦ ਦੇ ਖ਼ਾਤਮੇ ਦੀ ਬਜਾਏ ਇਸ ਵਿਚ ਸਮਾਜਵਾਦੀ ਸੁਧਾਰ ਲਿਆਉਣ ਦਾ ਰਾਹ ਚੁਣਿਆ ਸੀ। ਅਸਲ ਵਿਚ ਇਹ ਚਿਲੀ ਦਾ ਆਪਣਾ ਮਖ਼ਸੂਸ ਸਮਾਜਵਾਦੀ ਰਾਹ ਸੀ ਜਿਸ ਤੋਂ ਅਮਰੀਕਾ ਦੀ ਅਗਵਾਈ ਹੇਠਲੇ ਸਮਾਜਵਾਦ ਵਿਰੋਧੀ ਆਲਮੀ ਨਿਜ਼ਾਮ ਦੇ ਕੰਨ ਖੜ੍ਹੇ ਹੋ ਗਏ ਸਨ। ਅਮਰੀਕਾ ਨੂੰ ਇਹ ਡਰ ਪੈਦਾ ਹੋ ਗਿਆ ਸੀ ਕਿ ਚਿਲੀ ਦਾ ਇਹ ਸਮਾਜਵਾਦੀ ਰਾਹ ਲਾਤੀਨੀ ਅਮਰੀਕਾ ਦੇ ਉਨ੍ਹਾਂ ਮੁਲਕਾਂ ਲਈ ਪ੍ਰੇਰਨਾਦਾਈ ਮਿਸਾਲ ਬਣ ਸਕਦਾ ਹੈ ਜਿਨ੍ਹਾਂ ਅੰਦਰ ਹਾਲੇ ਵੀ ਕਿਉੂਬਾ ਦੀ ਤਰ੍ਹਾਂ ਗੁਰੀਲਾ ਯੁੱਧ ਲੜ ਕੇ ਰਾਜਕੀ ਸੱਤਾ ਹਥਿਆਉਣ ਪ੍ਰਤੀ ਝਿਜਕ ਬਣੀ ਹੋਈ ਸੀ। ਇਸ ਤੋਂ ਇਲਾਵਾ ਚਿਲੀ ਵਿਚ ਲੰਮੇ ਅਰਸੇ ਤੋਂ ਤਾਂਬੇ ਦੀਆਂ ਖਾਣਾਂ ਅਤੇ ਬੈਂਕਾਂ ਵਿਚ ਆਪਣੇ ਕਾਰੋਬਾਰੀ ਪੈਰ ਜਮਾ ਚੁੱਕੀਆਂ ਸ਼ਕਤੀਸ਼ਾਲੀ ਅਮਰੀਕੀ ਬਹੁ-ਕੌਮੀ ਕੰਪਨੀਆਂ ਨੂੰ ਚਿਲੀ ਦੀ ਸਮਾਜਵਾਦੀ ਸਰਕਾਰ ਦੀ ਕੌਮੀਕਰਨ ਦੀ ਨੀਤੀ ਦਾ ਧੁੜਕੂ ਲੱਗਿਆ ਹੋਇਆ ਸੀ।
ਲਾਤੀਨੀ ਅਮਰੀਕਾ ਅੰਦਰ ਅਮਰੀਕੀ ਸਾਮਰਾਜਵਾਦ ਨੂੰ ਅਲਿਆਂਡੇ ਦੀ ਅਗਵਾਈ ਵਾਲੇ ਸਮਾਜਵਾਦੀ ਸੰਕਲਪ ਕਰਕੇ ਹੀ ਅਮਰੀਕਾ ਨੇ ਅਲਿਆਂਡੇ ਨੂੰ ਸੱਤਾ ਤੋਂ ਲਾਂਭੇ ਕਰਨ ਦੀਆਂ ਮੁਹਿੰਮਾਂ ਵਿੱਢੀਆਂ ਸਨ। ਅਲਿਆਂਡੇ ਦੀ ਅਗਵਾਈ ਵਾਲੀ ਕੁਲੀਸ਼ਨ ਨੂੰ ਸਿਆਸੀ ਤੌਰ ’ਤੇ ਮਾਤ ਦੇਣ ਵਿਚ ਨਾਕਾਮ ਰਹਿਣ ਤੋਂ ਬਾਅਦ ਅਮਰੀਕਾ ਨੇ ਆਪਣੀ ਰਣਨੀਤੀ ਵਿਚ ਤਬਦੀਲੀ ਲਿਆ ਕੇ ਚਿਲੀ ਨੂੰ ਆਰਥਿਕ ਤੌਰ ’ਤੇ ਅਸਥਿਰ ਕਰਨ ਦਾ ਹਰਬਾ ਅਪਣਾਇਆ। ਇਸੇ ਰਣਨੀਤੀ ਤਹਿਤ ਸੀਆਈਏ ਨੇ ਚਿਲੀ ਵਿਚ ਵਿਰੋਧੀ ਧਿਰ ਨੂੰ ਉਕਸਾਇਆ ਅਤੇ ਟਰੱਕ ਚਾਲਕਾਂ ਤੇ ਦੁਕਾਨਦਾਰਾਂ ਦੀ ਦੇਸ਼ ਵਿਆਪੀ ਹੜਤਾਲ ਕਰਵਾਈ। ਭੂਗੋਲਿਕ ਤੌਰ ’ਤੇ ਚਿਲੀ ਦੀ ਬਣਤਰ ਇਕ ਲੰਮੇ ਮਾਰਗ ਵਰਗੀ ਹੈ। ਟਰੱਕ ਚਾਲਕਾਂ ਦੀ ਹੜਤਾਲ ਕਰਕੇ ਚਿਲੀ ਵਿਚ ਜ਼ਰੂਰੀ ਵਸਤਾਂ ਦੀ ਢੋਆ-ਢੁਆਈ ਠੱਪ ਹੋ ਗਈ ਅਤੇ ਕੀਮਤਾਂ ਵਿਚ ਉਛਾਲ ਆ ਗਿਆ। ਉਂਝ, ਰਾਸ਼ਟਰਪਤੀ ਅਲਿਆਂਡੇ ਦੀ ਹਰਮਨ ਪਿਆਰਤਾ ਬਰਕਰਾਰ ਰਹੀ ਅਤੇ ਉਨ੍ਹਾਂ ਕੁਝ ਫ਼ੌਜੀ ਕਮਾਂਡਰਾਂ ਨੂੰ ਸਰਕਾਰ ਵਿਚ ਸ਼ਾਮਲ ਕਰ ਕੇ ਫ਼ੌਜ ਦੀ ਇਮਦਾਦ ਹਾਸਲ ਕਰਨੀ ਚਾਹੀ। ਤਾਂਬੇ ਦੀਆਂ ਖਾਣਾਂ, ਬੈਂਕਾਂ ਅਤੇ ਕੁਝ ਹੋਰ ਵੱਡੇ ਕਾਰੋਬਾਰਾਂ ਦੇ ਕੌਮੀਕਰਨ ਅਤੇ ਇਸ ਦੇ ਨਾਲ ਹੀ ਸਿਹਤ, ਸਿੱਖਿਆ, ਮਕਾਨ ਉਸਾਰੀ ਅਤੇ ਪੈਨਸ਼ਨ ਸੁਧਾਰਾਂ ਬਾਬਤ ਅਲਿਆਂਡੇ ਸਰਕਾਰ ਦੀਆਂ ਨੀਤੀਆਂ ਸਦਕਾ ਉਜਰਤਾਂ ਵਿਚ ਵਾਧਾ ਹੋਇਆ ਅਤੇ ਸਰਕਾਰੀ ਖੇਤਰ ਦੀਆਂ ਨੌਕਰੀਆਂ ਇੰਨੀਆਂ ਹਰਮਨ ਪਿਆਰੀਆਂ ਸਨ ਕਿ ਵਿਰੋਧੀ ਧਿਰ ਨੂੰ ਵੀ ਸਰਕਾਰ ਦੇ ਇਨ੍ਹਾਂ ਕਦਮਾਂ ਦੀ ਹਮਾਇਤ ਕਰਨੀ ਪਈ। ਕਾਮਿਆਂ ਅਤੇ ਕਿਸਾਨਾਂ ਅੰਦਰ ਇਨ੍ਹਾਂ ਸੁਧਾਰਾਂ ਦੀ ਮਕਬੂਲੀਅਤ ਕਰਕੇ ਅਮਰੀਕਾ ਅਤੇ ਚਿਲੀ ਵਿਚਲੇ ਕਾਰੋਬਾਰੀ ਹਿਤਾਂ ਨੇ ਅਲਿਆਂਡੇ ਸਰਕਾਰ ਦਾ ਫ਼ੌਜ ਰਾਹੀਂ ਤਖ਼ਤ ਪਲਟਾਉਣ ਦਾ ਮਨ ਬਣਾਇਆ। ਅਲਿਆਂਡੇ ਦੇ ਕੁਝ ਕੁਲੀਸ਼ਨ ਭਿਆਲਾਂ ਨੇ ਮਾਅਰਕੇਬਾਜ਼ੀ ਕਰਦਿਆਂ ਕੁਝ ਕਾਰੋਬਾਰਾਂ, ਖੇਤੀ ਫਾਰਮਾਂ ਅਤੇ ਘਰਾਂ ਉਪਰ ਕਬਜ਼ੇ ਕਰ ਲਏ ਅਤੇ ਇੰਝ ਫ਼ੌਜੀ ਰਾਜਪਲਟਾ ਕਰਵਾਉਣ ਵਾਲੀਆਂ ਸ਼ਕਤੀਆਂ ਨੂੰ ਕਾਰਵਾਈ ਦਾ ਬਹਾਨਾ ਦੇ ਦਿੱਤਾ। ਰਾਸ਼ਟਰਪਤੀ ਅਲਿਆਂਡੇ ਕਾਨੂੰਨ ਦੇ ਰਾਜ ਅਤੇ ਚਿਲੀ ਦੇ ਸੰਵਿਧਾਨ ਵਿਚ ਵਿਸ਼ਵਾਸ ਰੱਖਦੇ ਸਨ। ਉਨ੍ਹਾਂ ਨੂੰ ਭਰੋਸਾ ਸੀ ਕਿ ਫ਼ੌਜ ਸਿਆਸੀ ਟਕਰਾਅ ਵਿਚ ਨਿਰਪੱਖ ਬਣੀ ਰਹੇਗੀ। ਜਦੋਂ ਫ਼ੌਜੀ ਰਾਜਪਲਟੇ ਦੀਆਂ ਕਨਸੋਆਂ ਆਉਣ ਲੱਗੀਆਂ ਤਾਂ ਅਲਿਆਂਡੇ ਦੇ ਹਮਾਇਤੀਆਂ ਨੇ ਉਨ੍ਹਾਂ ਦੇ ਹੱਕ ਵਿਚ ਕਈ ਵੱਡੀਆਂ ਰੈਲੀਆਂ ਕੀਤੀਆਂ ਅਤੇ ਸਰਕਾਰ ਦੀ ਰਾਖੀ ਲਈ ਹਥਿਆਰ ਜਾਰੀ ਕਰਨ ਦੀ ਮੰਗ ਕੀਤੀ।
ਉਸ ਸਮੇਂ ਸੋਵੀਅਤ ਸੰਘ ਕਿਊਬਾ ਦੀ ਹਮਾਇਤ ਕਰ ਕੇ ਅਤੇ ਚੀਨ ਵੀਅਤਨਾਮ ਦੀ ਹਮਾਇਤ ਕਰ ਕੇ ਘਿਰੇ ਹੋਏ ਸਨ ਅਤੇ ਉਨ੍ਹਾਂ ਵੱਲੋਂ ਚਿਲੀ ਲਈ ਕੋਈ ਫ਼ੌਜੀ ਹਮਾਇਤ ਨਾ ਮਿਲ ਸਕੀ। ਸੀਆਈਏ ਨੇ ਮੌਕੇ ਦਾ ਲਾਹਾ ਲੈ ਕੇ ਰਾਸ਼ਟਰਪਤੀ ਅਲਿਆਂਡੇ ਦੇ ਇਕ ਭਰੋਸੇਮੰਦ ਫ਼ੌਜੀ ਜਰਨੈਲ ਆਗਸਟ ਪਿਨੋਚੇ ਨੂੰ ਨਵਾਂ ਆਗੂ ਥਾਪ ਦਿੱਤਾ, ਪਰ ਅਲਿਆਂਡੇ ਨੇ ਗੋਡੇ ਟੇਕਣ ਤੋਂ ਸਾਫ਼ ਨਾਂਹ ਕਰ ਦਿੱਤੀ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦੁਸ਼ਮਣ ਦੇ ਹੱਥ ਆਉਣ ਦੀ ਬਜਾਏ ਆਖ਼ਰ ਉਸੇ ਏਕੇ 47 ਰਾਈਫਲ ਨਾਲ ਖ਼ੁਦਕੁਸ਼ੀ ਕਰ ਲਈ ਜੋ ਕਿਊਬਾ ਦੇ ਰਾਸ਼ਟਰਪਤੀ ਫੀਦਲ ਕਾਸਤਰੋ ਨੇ ਉਸ ਨੂੰ ਤੋਹਫ਼ੇ ਵਿਚ ਦਿੱਤੀ ਸੀ। ਇਹ ਸਿਰੇ ਦਾ ਕਦਮ ਚੁੱਕਣ ਤੋਂ ਪਹਿਲਾਂ ਅਲਿਆਂਡੇ ਨੇ ਕੌਮ ਦੇ ਨਾਂ ਆਪਣਾ ਸੱਤ ਮਿੰਟਾਂ ਦਾ ਸੰਦੇਸ਼ ਦਿੱਤਾ ਸੀ ਜਿਸ ਵਿਚ ਉਨ੍ਹਾਂ ਕਿਹਾ ਸੀ: ‘‘ਮੈਂ ਅਸਤੀਫ਼ਾ ਨਹੀਂ ਦੇਵਾਂਗਾ। ਮੈਂ ਲੋਕਾਂ ਦੀ ਵਫ਼ਾਦਾਰੀ ਦਾ ਕਰਜ਼ ਆਪਣੇ ਪ੍ਰਾਣਾਂ ਨਾਲ ਚੁਕਾਵਾਂਗਾ… ਹਮੇਸ਼ਾ ਯਾਦ ਰੱਖਣਾ ਕਿ ਬਹੁਤ ਜਲਦੀ ਅਜਿਹੇ ਅਜ਼ੀਮ ਮੌਕੇ ਆਉਣਗੇ ਜਿਨ੍ਹਾਂ ਦੇ ਨਾਲ ਹੀ ਆਜ਼ਾਦ ਲੋਕਾਂ ਵੱਲੋਂ ਇਕ ਬਿਹਤਰ ਸਮਾਜ ਸਿਰਜਣ ਦਾ ਰਾਹ ਇਕ ਵਾਰ ਫਿਰ ਖੁੱਲ੍ਹ ਜਾਵੇਗਾ।’’
ਇਸ ਤੋਂ ਬਾਅਦ ਸਤਾਰਾਂ ਸਾਲਾਂ (1973-1990) ਤੱਕ ਪਿਨੋਚੇ ਦੀ ਫ਼ੌਜੀ ਤਾਨਾਸ਼ਾਹੀ ਤੇ ਵਹਿਸ਼ਤ ਜਾਰੀ ਰਹੀ। ਇਸ ਦੌਰਾਨ ਮਨੁੱਖੀ ਅਧਿਕਾਰਾਂ ਦੀਆਂ ਜੋ ਧੱਜੀਆਂ ਉਡਾਈਆਂ ਗਈਆਂ, ਉਸ ਦੀ ਹੋਰ ਕਿਤੇ ਮਿਸਾਲ ਮਿਲਣੀ ਔਖੀ ਹੈ। ਚਿਲੀ ਇਕ ਹਨੇਰ ਯੁੱਗ ਵਿਚ ਦਾਖ਼ਲ ਹੋ ਗਿਆ। ਟਰੇਡ ਯੂਨੀਅਨ ਕਾਰਕੁਨਾਂ, ਅਧਿਆਪਕਾਂ, ਪੱਤਰਕਾਰਾਂ, ਵਕੀਲਾਂ ਅਤੇ ਵਿਦਿਆਰਥੀਆਂ ਦੀਆਂ ਗ੍ਰਿਫ਼ਤਾਰੀਆਂ, ਤਸ਼ੱਦਦ ਅਤੇ ਗੁੰਮਸ਼ੁਦਗੀਆਂ ਦਾ ਦੌਰ ਸ਼ੁਰੂ ਹੋ ਗਿਆ। ਫ਼ੌਜੀ ਜੁੰਡਲੀ ਨੇ 3000 ਤੋਂ ਵੱਧ ਲੋਕਾਂ ਨੂੰ ਮਾਰ ਮੁਕਾਇਆ ਅਤੇ ਘੱਟੋਘੱਟ 30 ਹਜ਼ਾਰ ਲੋਕਾਂ ’ਤੇ ਬੁਰੀ ਤਰ੍ਹਾਂ ਤਸ਼ੱਦਦ ਢਾਹਿਆ। ਕਰੀਬ ਦੋ ਲੱਖ ਲੋਕਾਂ (ਦੇਸ਼ ਦੀ 1.1 ਕਰੋੜ ਆਬਾਦੀ ਦਾ ਕਰੀਬ 2 ਫ਼ੀਸਦੀ) ਨੂੰ ਜਲਾਵਤਨ ਹੋਣਾ ਪਿਆ। ਉਦੋਂ ਔਕਸਫੋਰਡ ਵਿਚ ਹੁੰਦਿਆਂ ਚਿਲੀ ਦੇ ਕੁਝ ਜਲਾਵਤਨਾਂ ਦੇ ਮੂੰਹੋਂ ਪਿਨੋਚੇ ਦੀ ਵਹਿਸ਼ਤ ਦੇ ਕਿੱਸੇ ਸੁਣ ਕੇ ਮੇਰੇ ਲੂੰ ਕੰਡੇ ਖੜ੍ਹੇ ਹੋ ਗਏ ਸਨ। ਆਖ਼ਰਕਾਰ ਸਪੇਨੀ ਜੱਜ ਬਾਲਟਾਜ਼ਾਰ ਗਾਰਜ਼ਨ ਵੱਲੋਂ ਕੌਮਾਂਤਰੀ ਕਾਨੂੰਨ ਤਹਿਤ ਜਾਰੀ ਕੀਤੇ ਗਏ ਇਕ ਸ਼ਾਨਾਮੱਤੇ ਹੁਕਮ ਤਹਿਤ ਪਿਨੋਚੇ ਨੂੰ 1998 ਵਿਚ ਲੰਡਨ ’ਚੋਂ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਕਾਨੂੰਨ ਅਧੀਨ ਸਿਆਸੀ ਕੈਦੀਆਂ ’ਤੇ ਤਸ਼ੱਦਦ ਢਾਹੁਣ ਅਤੇ ਉਨ੍ਹਾਂ ਨੂੰ ਲਾਪਤਾ ਕਰਨ ਵਾਲੇ ਕਿਸੇ ਆਗੂ ਨੂੰ ਦੇਸ਼ ਤੋਂ ਬਾਹਰੋਂ ਕਿਤੋਂ ਵੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਇਹ ਮਾਨਵਤਾ ਖਿਲਾਫ਼ ਅਪਰਾਧਾਂ ਦੇ ਸਰਬਵਿਆਪੀ ਅਧਿਕਾਰ ਖੇਤਰ ਦੇ ਵਿਚਾਰ ਨੂੰ ਬਲ ਦੇਣ ਵਾਲਾ ਇਕ ਮਿਸਾਲੀ ਕੇਸ ਮੰਨਿਆ ਜਾਂਦਾ ਹੈ।
ਪਿਨੋਚੇ ਨੂੰ 2006 ਵਿਚ ਜ਼ਿੱਲਤ ਭਰੀ ਮੌਤ ਸਹਿਣੀ ਪਈ ਜਦੋਂਕਿ ਅਲਿਆਂਡੇ ਦਾ ਨਾਂ ਤਰੱਕੀ ਅਤੇ ਇਨਸਾਫ਼ ਲਈ ਚਿਲੀ ਤੇ ਦੁਨੀਆਂ ਦੇ ਇਤਿਹਾਸ ਵਿਚ ਅਮਰ ਹੋ ਗਿਆ। ਚਿਲੀ ਦੇ ਮੌਜੂਦਾ ਰਾਸ਼ਟਰਪਤੀ ਗੈਬਰੀਅਲ ਬੋਰਿਕ ਨੇ ਲੰਘੀ 11 ਸਤੰਬਰ ਨੂੰ ਰਾਜਧਾਨੀ ਸਾਂਤਿਆਗੋ ਵਿਚ ਲਾ ਮੋਨੀਡਾ (ਰਾਸ਼ਟਰਪਤੀ ਭਵਨ) ਸਾਹਮਣੇ ਅਲਿਆਂਡੇ ਦੇ ਬੁੱਤ ਦਾ ਲੋਕ ਅਰਪਣ ਕਰ ਕੇ ਇਸ ਲੋਕ ਆਗੂ ਨੂੰ ਸ਼ਰਧਾਂਜਲੀ ਭੇਟ ਕੀਤੀ।
ਕਿਸੇ ਲੋਕਰਾਜੀ ਢੰਗ ਨਾਲ ਚੁਣੇ ਗਏ ਆਗੂ ਖਿਲਾਫ਼ ਖ਼ੌਫ਼ਨਾਕ ਇਹ ਫ਼ੌਜੀ ਰਾਜਪਲਟਾ ਕੌਮਾਂਤਰੀ ਰਾਜਸੀ ਨਿਜ਼ਾਮ ਵਿਚ ਅਮਰੀਕਾ ਦੀ ਭੂਮਿਕਾ ਦੀ ਤਵਾਰੀਖ਼ ਦਾ ਇਕ ਬੇਹੱਦ ਕਾਲਾ ਧੱਬਾ ਬਣਿਆ ਰਹੇਗਾ। ਇਹ ਮੁੱਦਾ ਸ਼ਿਕਾਗੋ ਸਕੂਲ ਆਫ ਇਕੋਨੌਮਿਕਸ ਦੀ ਤਵਾਰੀਖ਼ ਦਾ ਵੀ ਸਿਆਹ ਧੱਬਾ ਹੈ ਜਿਸ ਨੇ ਮਿਲਟਨ ਫ੍ਰੀਡਮੈਨ ਦੀ ਅਗਵਾਈ ਹੇਠ ਤਾਨਾਸ਼ਾਹ ਪਿਨੋਚੇ ਨੂੰ ਰਾਜ ਦੀਆਂ ਜਨਤਕ ਸੁਵਿਧਾਵਾਂ ਮੁਹੱਈਆ ਕਰਵਾਉਣ ਵਾਲੀ ਭੂਮਿਕਾ ਨੂੰ ਖ਼ਤਮ ਕਰ ਕੇ ਨਵ ਉਦਾਰੀਕਰਨ ਦਾ ਨਿੱਜੀਕਰਨ ਪ੍ਰੋਗਰਾਮ ਲਾਗੂ ਕਰਨ ਦੀ ਸਲਾਹ ਦਿੱਤੀ ਸੀ। ਇਸ ਨਾਲ ਗ਼ੈਰਬਰਾਬਰੀ ਵਿਚ ਬੇਹਿਸਾਬ ਵਾਧਾ ਹੋਇਆ। ਅਲਿਆਂਡੇ ਸਮਾਜਵਾਦੀ ਸੰਕਲਪ ਦਾ ਪ੍ਰੇਰਨਾ ਸਰੋਤ ਬਣਿਆ ਰਿਹਾ ਜਿਸ ਵਿਚ ਹੁਣ ਪੂੰਜੀਵਾਦ ਤਹਿਤ ਵਧਦੀ ਜਾ ਰਹੀ ਜਲਵਾਯੂ ਤਬਦੀਲੀ ਦੀ ਚੁਣੌਤੀ ਨਾਲ ਸਿੱਝਣ ਲਈ ਵਾਤਾਵਰਨਕ ਨਜ਼ਰੀਆ ਵੀ ਸ਼ਾਮਿਲ ਕੀਤਾ ਗਿਆ ਹੈ। ਅਰਥ ਸਮਾਜਵਾਦੀ ਸੰਕਲਪ ਪੁਰਾਣੇ ਸਮਾਜਵਾਦੀ ਦ੍ਰਿਸ਼ਟੀਕੋਣ ਨੂੰ ਰੱਦ ਕਰਦਾ ਹੈ ਜਿਸ ਵਿਚ ਤੇਜ ਸਨਅਤੀਕਰਨ ਅਤੇ ਨਿਰੰਤਰ ਆਰਥਿਕ ਵਿਕਾਸ ਪ੍ਰਤੀ ਬਹੁਤ ਲਗਾਓ ਰਹਿੰਦਾ ਸੀ। ਸਾਡੀ ਧਰਤੀ ਲਈ ਇਕ ਵਧੇਰੇ ਮੁਨਾਸਬ, ਸਮਤਾਵਾਦੀ ਅਤੇ ਹੰਢਣਸਾਰ ਭਵਿੱਖ ਸਿਰਜਣ ਲਈ ਤਾਕਤਾਂ ਦਾ ਇਕ ਵਡੇਰਾ ਗੱਠਜੋੜ ਉਸਾਰ ਕੇ ਹੀ ਅਲਿਆਂਡੇ ਅਤੇ ਚਿਲੀ ਦੇ ਸਮਾਜਵਾਦੀ ਸ਼ਹੀਦਾਂ ਨੂੰ ਬਿਹਤਰੀਨ ਢੰਗ ਨਾਲ ਸ਼ਰਧਾਂਜਲੀ ਭੇਟ ਕੀਤੀ ਜਾ ਸਕਦੀ ਹੈ।
ਸੰਪਰਕ: +44 7922 657 957
ਲੇਖਕ ਆਕਸਫੋਰਡ ਬਰੁਕਸ ਯੂਨੀਵਰਸਿਟੀ ਵਿਚ ਪ੍ਰੋਫੈਸਰ ਐਮੀਰਟਸ ਹੈ।
ਮੇਰਾ ਪਿਆਰਾ, ਜ਼ਾਲਮ ਦੇਸ਼
ਚਿੱਲੀ ਦਾ ਮਹਿਬੂਬ ਸ਼ਾਇਰ ਪਾਬਲੋ ਨੈਰੂਦਾ ਉਨ੍ਹਾਂ ਚੋਣਾਂ, ਜਿਨ੍ਹਾਂ ਵਿਚ ਸਲਵਾਡੋਰ ਅਲਿਆਂਡੇ ਨੂੰ ਰਾਸ਼ਟਰਪਤੀ ਚੁਣਿਆ ਗਿਆ, ਵਿਚ ਕਮਿਊਨਿਸਟ ਪਾਰਟੀ ਦਾ ਉਮੀਦਵਾਰ ਸੀ। ਅਲਿਆਂਡੇ ’ਤੇ ਸਹਿਮਤੀ ਹੋਣ ’ਤੇ ਉਸ ਨੇ ਆਪਣਾ ਨਾਂ ਵਾਪਸ ਲੈ ਲਿਆ। ਇਹ ਲੇਖ 1973 ਵਿਚ ਅਲਿਆਂਡੇ ਦੀ ਮੌਤ ਤੋਂ ਤਿੰਨ ਦਿਨ ਬਾਅਦ ਲਿਖਿਆ ਗਿਆ। ਕੁਝ ਦਿਨਾਂ ਬਾਅਦ ਫ਼ੌਜੀ ਹਕੂਮਤ ਨੇ ਨੈਰੂਦਾ ਨੂੰ ਵੀ ਕਤਲ ਕਰ ਦਿੱਤਾ।
ਸਾਡੇ ਸਮੇਂ ’ਚ ਮੇਰੇ ਵਤਨ ਨਾਲ ਜਿੰਨਾ ਧ੍ਰੋਹ ਹੋਇਆ, ਓਨਾ ਹੋਰ ਕਿਸੇ ਮੁਲਕ ਨਾਲ ਨਹੀਂ ਹੋਇਆ। ਸਾਡੇ ਲੋਕਾਂ ਦੇ ਜਿਨ੍ਹਾਂ ਹੱਥਾਂ ਨੇ ਰੇਗਿਸਤਾਨ ’ਚੋਂ ਨਾਈਟ੍ਰੇਟ (ਸ਼ੋਰੇ), ਕੋਲੇ ਦੀਆਂ ਖਾਣਾਂ ’ਚੋਂ ਕੋਲਾ, ਉੱਚੇ ਪਹਾੜਾਂ ਹੇਠ ਦੱਬਿਆ ਤਾਂਬਾ ਕੱਢਿਆ ਸੀ, ਉਨ੍ਹਾਂ ਨੇ ਹੀ ਇਕ ਬੇਮਿਸਾਲ ਆਜ਼ਾਦੀ ਦਾ ਅੰਦੋਲਨ ਵਿੱਢਿਆ ਸੀ। ਉਸੇ ਅੰਦੋਲਨ ਦੀ ਬਦਲੌਤ ਅਲਿਆਂਡੇ ਨਾਂ ਦਾ ਸ਼ਖ਼ਸ ਚਿਲੀ ਦੇ ਰਾਸ਼ਟਰਪਤੀ ਦੀ ਪਦਵੀ ’ਤੇ ਪਹੁੰਚਿਆ ਸੀ।
ਚਿਲੀ ਦੇ ਲੰਬੇ ਇਤਿਹਾਸ ਵਿਚ ਗਿਣਤੀ ਦੇ ਹੀ ਇਨਕਲਾਬ ਹੋਏ ਹਨ ਜਦੋਂਕਿ ਲੰਮਾ ਸਮਾਂ ਸਥਿਰ ਸਥਾਪਤੀ ਦੀਆਂ ਸਰਕਾਰਾਂ ਹੀ ਚਲਦੀਆਂ ਰਹੀਆਂ ਹਨ। ਰਾਸ਼ਟਰਪਤੀ ਬਹੁਤ ਹੋਏ ਹਨ ਪਰ ਇਨ੍ਹਾਂ ’ਚੋਂ ਦੋ ਹੀ ਗਿਣਨਯੋਗ ਨਾਂ ਹਨ: ਬਾਲਮਾਸੇਡਾ ਅਤੇ ਅਲਿਆਂਡੇ। ਦੋਵਾਂ ਨੂੰ ਮੌਤ ਦੇ ਰਾਹ ’ਤੇ ਤੁਰਨਾ ਪਿਆ। ਬਾਲਮਾਸੇਡਾ ਨੂੰ ਇਸ ਕਰਕੇ ਖੁਦਕੁਸ਼ੀ ਕਰਨੀ ਪਈ ਕਿਉਂਕਿ ਉਸ ਨੇ ਵਿਦੇਸ਼ੀ ਕੰਪਨੀਆਂ ਨੂੰ ਨਾਈਟ੍ਰੇਟ ਦੇ ਠੇਕੇ ਦੇਣ ਤੋਂ ਨਾਂਹ ਕਰ ਦਿੱਤੀ ਸੀ।
ਅਲਿਆਂਡੇ ਦਾ ਇਸ ਲਈ ਕਤਲ ਕੀਤਾ ਗਿਆ ਕਿਉਂਕਿ ਉਸ ਨੇ ਚਿਲੀ ਦੀ ਜ਼ਮੀਨ ਵਿਚ ਦੱਬੇ ਤਾਂਬੇ ਦਾ ਕੌਮੀਕਰਨ ਕਰ ਦਿੱਤਾ ਸੀ। ਦੋਵੇਂ ਵਾਰ ਚਿਲੀ ਦੇ ਧਨਾਢ ਵਰਗ ਨੇ ਖ਼ੂਨੀ ਇਨਕਲਾਬ ਦਾ ਮੁੱਢ ਬੰਨ੍ਹਿਆ ਸੀ। ਬਾਲਮਾਸੇਡਾ ਦੇ ਸਮੇਂ ਵਿਚ ਇੰਗਲਿਸ਼ ਕੰਪਨੀਆਂ ਅਤੇ ਅਲਿਆਂਡੇ ਦੇ ਯੁੱਗ ਵਿਚ ਉੱਤਰੀ ਅਮਰੀਕੀ ਕੰਪਨੀਆਂ ਨੇ ਇਨ੍ਹਾਂ ਫ਼ੌਜੀ ਕਾਰਵਾਈਆਂ ਨੂੰ ਉਕਸਾਇਆ ਅਤੇ ਵਿੱਤੀ ਮਦਦ ਦਿੱਤੀ। ਬਾਲਮਾਸੇਡਾ ਦਾ ਘਰ ਕੁਹਾੜੀਆਂ ਨਾਲ ਭੰਨ੍ਹਿਆ ਗਿਆ ਸੀ ਜਦੋਂਕਿ ਅਲਿਆਂਡੇ ਦੇ ਘਰ ਨੂੰ ਹਵਾਈ ਬੰਬਾਰੀ ਨਾਲ ਤਬਾਹ ਕੀਤਾ ਗਿਆ।
ਇਸ ਦੇ ਬਾਵਜੂਦ ਦੋਵੇਂ ਆਗੂਆਂ ਵਿਚਕਾਰ ਬਹੁਤ ਜ਼ਿਆਦਾ ਅੰਤਰ ਸੀ। ਬਾਲਮਾਸੇਡਾ ਇਕ ਜ਼ਬਰਦਸਤ ਬੁਲਾਰਾ ਪਰ ਥੋੜ੍ਹਾ ਬੇਸਬਰਾ ਸੀ। ਉਸ ਦੀ ਸਰਦਾਰੀ ਤੇ ਹੌਸਲੇ ਦੀ ਮਿਸਾਲ ਨਹੀਂ ਮਿਲਦੀ।
ਅਲਿਆਂਡੇ ਦੀ ਭਾਸ਼ਣ ਕਲਾ ਵਿਚ ਕੋਈ ਖ਼ਾਸ ਗੱਲ ਨਹੀਂ ਸੀ ਪਰ ਉਹ ਇਕ ਅਜਿਹਾ ਰਾਜਨੇਤਾ ਸੀ ਜੋ ਆਪਣੇ ਸਲਾਹਕਾਰਾਂ ਦੀ ਸੁਣੇ ਬਿਨਾਂ ਕੋਈ ਕਦਮ ਨਹੀਂ ਚੁੱਕਦਾ ਸੀ। ਉਹ ਤਾਨਾਸ਼ਾਹੀ ਦਾ ਵਿਰੋਧੀ ਅਤੇ ਲੋਕਰਾਜ ਦਾ ਪੱਕਾ ਹਿਤੈਸ਼ੀ ਸੀ। ਉਸ ਨੇ ਆਪਣੇ ਨਾਲ ਇਕ ਸ਼ਕਤੀਸ਼ਾਲੀ ਮਿਹਨਤਕਸ਼ ਜਮਾਤ ਖੜ੍ਹੀ ਕੀਤੀ। ਉਹ ਸਮੂਹਿਕ ਅਗਵਾਈ ਵਿਚ ਵਿਸ਼ਵਾਸ ਰੱਖਣ ਵਾਲਾ ਆਗੂ ਸੀ ਜੋ ਲੁਟੇਰਿਆਂ ਖਿਲਾਫ਼ ਵਿੱਢੇ ਗਏ ਸੰਘਰਸ਼ ਦੀ ਪੈਦਾਇਸ਼ ਸੀ। ਅਲਿਆਂਡੇ ਬਹੁਤ ਥੋੜ੍ਹੇ ਅਰਸੇ ਵਿਚ ਆਪਣਾ ਕੰਮ ਨਿਭਾਅ ਗਿਆ ਸੀ ਜੋ ਚਿਲੀ ਦੇ ਇਤਿਹਾਸ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਤਾਂਬੇ ਦੀਆਂ ਖਾਣਾਂ ਦਾ ਕੌਮੀਕਰਨ ਹੀ ਆਪਣੇ ਆਪ ਵਿਚ ਇਕ ਵੱਡੀ ਪ੍ਰਾਪਤੀ ਸੀ। ਇਸ ਤੋਂ ਇਲਾਵਾ, ਕੰਪਨੀਆਂ ਦੀ ਅਜਾਰੇਦਾਰੀ ਤੋੜਨਾ, ਦੂਰਅੰਦੇਸ਼ ਖੇਤੀਬਾੜੀ ਸੁਧਾਰ ਅਤੇ ਸਮੂਹਿਕ ਮਨੋਰਥਾਂ ਦੇ ਬਹੁਤ ਸਾਰੇ ਕੰਮ ਉਸ ਦੀ ਸਰਕਾਰ ਵੱਲੋਂ ਸਿਰੇ ਚਾੜ੍ਹੇ ਗਏ।
ਅਲਿਆਂਡੇ ਦੀ ਦੇਣ ਨੂੰ ਦੁਸ਼ਮਣਾਂ ਵੱਲੋਂ ਕਦੇ ਵੀ ਖ਼ਤਮ ਨਹੀਂ ਕੀਤਾ ਜਾ ਸਕਦਾ। ਇਸ ਸੰਕਟ ਦੀ ਭਿਆਨਕਤਾ ਸਰਕਾਰੀ ਭਵਨ ’ਤੇ ਕੀਤੀ ਗਈ ਬੰਬਾਰੀ ਤੋਂ ਪ੍ਰਗਟ ਹੁੰਦੀ ਹੈ ਜੋ ਨਿਹੱਥੇ ਸਪੇਨੀਆਂ, ਅੰਗਰੇਜ਼ਾਂ ਅਤੇ ਰੂਸੀਆਂ ’ਤੇ ਨਾਜ਼ੀ ਫ਼ੌਜ ਦੇ ਹਵਾਈ ਹਮਲਿਆਂ ਦੀ ਯਾਦ ਦਿਵਾਉਂਦੀ ਹੈ। ਹੁਣ ਚਿਲੀ ਦੇ ਲੋਕਾਂ ਖਿਲਾਫ਼ ਵੀ ਇਹੋ ਅਪਰਾਧ ਕੀਤਾ ਗਿਆ ਹੈ। ਚਿਲੀ ਦੇ ਉਸ ਭਵਨ ਨੂੰ ਬੰਬਾਂ ਨਾਲ ਉਡਾ ਦਿੱਤਾ ਗਿਆ ਜੋ ਸਦੀ ਤੋਂ ਸ਼ਹਿਰ ਦੇ ਨਾਗਰਿਕ ਜੀਵਨ ਦਾ ਮਰਕਜ਼ ਸੀ। ਮੈਂ ਇਹ ਸਤਰਾਂ ਆਪਣੇ ਮਹਾਨ ਸਾਥੀ ਰਾਸ਼ਟਰਪਤੀ ਅਲਿਆਂਡੇ ਦੀ ਮੌਤ ਤੋਂ ਤਿੰਨ ਦਿਨਾਂ ਬਾਅਦ ਲਿਖ ਰਿਹਾ ਹਾਂ। ਉਸ ਦੇ ਕਤਲ ਦੀ ਖ਼ਬਰ ਦਬਾ ਦਿੱਤੀ ਗਈ ਹੈ ਅਤੇ ਉਸ ਦੀ ਮ੍ਰਿਤਕ ਦੇਹ ਨੂੰ ਚੁੱਪ-ਚੁਪੀਤੇ ਦਫ਼ਨਾ ਦਿੱਤਾ ਗਿਆ ਜਿਸ ਮੌਕੇ ਸਿਰਫ਼ ਉਸ ਦੀ ਵਿਧਵਾ ਪਤਨੀ ਨੂੰ ਲਿਜਾਇਆ ਗਿਆ। ਹਮਲਾਵਰਾਂ ਅਨੁਸਾਰ ਮ੍ਰਿਤਕ ਦੇਹ ਤੋਂ ਖ਼ੁਦਕੁਸ਼ੀ ਦੇ ਸਪੱਸ਼ਟ ਨਿਸ਼ਾਨ ਮਿਲੇ ਹਨ ਪਰ ਬਾਹਰਲੇ ਦੇਸ਼ਾਂ ਵਿਚ ਪ੍ਰਕਾਸ਼ਿਤ ਖ਼ਬਰਾਂ ਤੋਂ ਵੱਖਰੀ ਤਸਵੀਰ ਉਭਰਦੀ ਹੈ। ਹਵਾਈ ਬੰਬਾਰੀ ਤੋਂ ਫੌਰੀ ਬਾਅਦ ਟੈਂਕ ਸ਼ਹਿਰ ਵਿਚ ਦਾਖ਼ਲ ਹੋ ਗਏ ਜਦੋਂ ਚਿਲੀ ਦਾ ਰਾਸ਼ਟਰਪਤੀ ਸਲਵਾਡੋਰ ਅਲਿਆਂਡੇ ਆਪਣੇ ਦਫ਼ਤਰ ਵਿਚ ਇਕੱਲਾ ਉਨ੍ਹਾਂ ਦੀ ਉਡੀਕ ਕਰ ਰਿਹਾ ਸੀ ਅਤੇ ਚਾਰੇ ਪਾਸੇ ਸ਼ਹਿਰ ਧੂੰਆਂਧਾਰ ਹੋਇਆ ਪਿਆ ਸੀ। ਉਸ ਨੇ ਕਦੇ ਅਸਤੀਫ਼ਾ ਨਹੀਂ ਦਿੱਤਾ ਜਿਸ ਕਰਕੇ ਉਸ ਦੀ ਹੱਤਿਆ ਕੀਤੀ ਗਈ। ਉਸ ਦੀ ਮ੍ਰਿਤਕ ਦੇਹ ਚੁੱਪ-ਚੁਪੀਤੇ ਦਫ਼ਨਾ ਦਿੱਤੀ ਗਈ। ਉਸ ਦੀ ਕਬਰ ’ਤੇ ਇਕਮਾਤਰ ਔਰਤ (ਉਸ ਦੀ ਪਤਨੀ) ਨੂੰ ਜਾਣ ਦਿੱਤਾ ਗਿਆ ਜਿਸ ਦੇ ਪੱਲੇ ਵਿਚ ਪੂਰੀ ਦੁਨੀਆਂ ਦਾ ਗ਼ਮ ਸਮਾਇਆ ਹੋਇਆ ਸੀ; ਚਿਲੀ ਨਾਲ ਧ੍ਰੋਹ ਕਮਾਉਣ ਵਾਲੇ ਚਿਲੀ ਦੇ ਫ਼ੌਜੀਆਂ ਨੇ ਆਪਣੇ ਸ਼ਾਨਾਂਮੱਤੇ ਆਗੂ ਨੂੰ ਗੋਲੀਆਂ ਨਾਲ ਛਲਣੀ ਕੀਤਾ ਸੀ।
(ਪਾਬਲੋ ਨੈਰੂਦਾ ਅਨੁਸਾਰ ਸਲਵਾਡੋਰ ਅਲਿਆਂਡੇ ਦੀ ਹੱਤਿਆ ਕੀਤੀ ਗਈ ਸੀ)