ਗਗਨਦੀਪ ਅਰੋੜਾ
ਲੁਧਿਆਣਾ, 16 ਸਤੰਬਰ
ਸਨਅਤੀ ਸ਼ਹਿਰ ਵਿੱਚ ‘ਆਪ’ ਸਰਕਾਰ ਵੱਲੋਂ ਕੱਲ੍ਹ ਕੀਤੀ ਗਈ ਸਰਕਾਰ-ਸਨਅਤਕਾਰ ਮਿਲਣੀ ਦੇ 24 ਘੰਟਿਆਂ ਬਾਅਦ ਹੀ ਸ਼ਹਿਰ ਦੇ ਸਨਅਤਕਾਰਾਂ ਨੇ ਇਸ ਮੀਟਿੰਗ ’ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਸਨਅਤਕਾਰਾਂ ਨੇ ਇਸ ਨੂੰ ਇੱਕ ਪੀਆਰ ਈਵੈਂਟ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਮਿਲਣੀ ਵਿੱਚ ਸਿਰਫ਼ ਉਨ੍ਹਾਂ ਹੀ ਸਨਅਤਕਾਰਾਂ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ, ਜੋ ‘ਆਪ’ ਸਰਕਾਰ ਦਾ ਗੁਣਗਾਨ ਕਰ ਰਹੇ ਸਨ। ਬਾਕੀ ਕਿਸੇ ਨੂੰ ਵੀ ਦੋਵੇਂ ਮੁੱਖ ਮੰਤਰੀਆਂ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਨਹੀਂ ਸੁਣਿਆ। ਸ਼ਹਿਰ ਦੇ ਵੱਡੇ ਸਨਅਤਕਾਰ ਤਰੁਣ ਜੈਨ ਬਾਵਾ ਤੇ ਸਾਈਕਲ ਇੰਡਸਟਰੀ ਦੇ ਵੱਡੇ ਸਨਅਤਕਾਰ ਬਦੀਸ਼ ਜਿੰਦਲ ਨੇ ਇਹ ਸਵਾਲ ਚੁੱਕੇ ਹਨ।
ਸਨਅਤਕਾਰ ਬਦੀਸ਼ ਜਿੰਦਲ ਨੇ ਕਿਹਾ ਕਿ ਇਹ ਸਰਕਾਰ ਦੇ ‘ਯੈਸ ਮੈਨਾਂ’ ਦਾ ਪ੍ਰੋਗਰਾਮ ਸੀ, ਜਿਸ ਵਿੱਚ ਪਹਿਲਾਂ ਤੋਂ ਹੀ ਆਪਣੇ ਖਾਸ ਸਪੀਕਰ ਤੈਅ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਫੋਕਲ ਪੁਆਇੰਟਾਂ ਦਾ ਬੁਰਾ ਹਾਲ ਹੈ, ਸਨਅਤਾਂ ਨੂੰ 5 ਰੁਪਏ ਯੂਨਿਟ ਬਿਜਲੀ ਨਹੀਂ ਮਿਲ ਰਹੀ। ਐੱਮਐੱਸਐੱਮਆਈ ਯੂਨਿਟ ਨੁਕਸਾਨ ਵਿੱਚ ਹੈ। ਸਨਅਤਾਂ ਨੂੰ ਮਿਕਸ ਲੈਂਡ ਯੂਜ਼ ਏਰੀਆ ਵਿੱਚ ਕੱਢਿਆ ਜਾ ਰਿਹਾ ਹੈ। ਅਜਿਹੇ ਬਹੁਤ ਸਾਰੇ ਮੁੱਦੇ ਸਨ। ਉਨ੍ਹਾਂ ਕਿਹਾ ਕਿ ਜੋ ਲੋਕ ਮੁਸ਼ਕਲਾਂ ਦੱਸਣ ਆਏ ਸਨ, ਉਨ੍ਹਾਂ ਨੂੰ ਬੋਲਣ ਹੀ ਨਹੀਂ ਦਿੱਤਾ ਗਿਆ। ਇਥੋਂ ਤੱਕ ਕਿ ਮੰਗ ਪੱਤਰ ਤੱਕ ਨਹੀਂ ਲਏ ਗਏ। ਉਨ੍ਹਾਂ ਕਿਹਾ ਕਿ ਅਜਿਹੇ ਵਾਹ-ਵਾਹੀ ਸਮਾਗਮ ’ਤੇ ਸਿਰਫ ਕਰੋੜਾਂ ਰੁਪਏ ਖ਼ਰਚ ਗਏ ਹਨ। ਟੈਕਸਟਾਈਲ ਐਂਡ ਨਿਟਵੀਅਰ ਐਸੋਸੀਏਸ਼ਨ ਆਫ਼ ਬਹਾਦਰਕੇ ਦੇ ਪ੍ਰਧਾਨ ਤਰੁਣ ਬਾਵਾ ਜੈਨ ਨੇ ਕਿਹਾ ਕਿ ਉਨ੍ਹਾਂ ਸਰਕਾਰ ਦੀ ਇਸ ਮੀਟਿੰਗ ਦਾ ਬਾਈਕਾਟ ਕੀਤਾ ਹੈ। ਬਾਵਾ ਨੇ ਸਨਅਤਕਾਰਾਂ ਨਾਲ ਸਰਕਾਰ ਦੀ ਇਸ ਮੀਟਿੰਗ ਨੂੰ ਸਰਾਸਰ ਧੋਖਾ ਕਰਾਰ ਦਿੱਤਾ। ਮਿਲਣੀ ਦੌਰਾਨ ਕਿਸੇ ਵੀ ਸਨਅਤਕਾਰ ਨੂੰ ਸਮੱਸਿਆ ਦੱਸਣ ਦੀ ਮਨਜ਼ੂਰੀ ਨਹੀਂ ਸੀ। ਸਿਰਫ਼ ਕੁਝ ਖਾਸ ਸਵਾਲ ਪੁੱਛਣ ਲਈ ਕਿਹਾ ਗਿਆ ਸੀ। ਬਾਵਾ ਨੇ ਕਿਹਾ ਕਿ ਇਸ ਮਿਲਣੀ ਦਾ ਏਜੰਡਾ ਪਹਿਲਾਂ ਤੋਂ ਹੀ ਤਿਆਰ ਕਰ ਲਿਆ ਗਿਆ ਸੀ ਅਤੇ ਸਰਕਾਰ ਦੇ ਵੱਡੇ ਤੇ ਚਹੇਤੇ ਲੋਕਾਂ ਨੂੰ ਹੀ ਇਸ ਮੀਟਿੰਗ ’ਚ ਬੁਲਾਇਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸੱਚੀ ਸਨਅਤਕਾਰਾਂ ਦੀ ਹਿਤੈਸ਼ੀ ਹੈ ਤਾਂ ਪੰਜ ਤਾਰਾ ਹੋਟਲਾਂ ਦੀ ਥਾਂ ਫੋਕਲ ਪੁਆਇੰਟਾਂ ਵਿੱਚ ਅਜਿਹੀਆਂ ਮੀਟਿੰਗਾਂ ਕਰੇ।