ਦਰਸ਼ਨ ਸਿੰਘ ਸੋਢੀ
ਮੁਹਾਲੀ, 17 ਸਤੰਬਰ
ਮੁਹਾਲੀ ਨੇੜਲੇ ਪਿੰਡ ਕੰਡਾਲਾ ਦੀ ਸਾਬਕਾ ਸਰਪੰਚ ਬੀਬੀ ਕਰਮਜੀਤ ਕੌਰ ਅਤੇ ਸਿਆਸੀ ਆਗੂ ਸੁਰਿੰਦਰ ਸਿੰਘ ਦੇ ਜਵਾਨ ਪੁੱਤ ਸਤਵੀਰ ਸਿੰਘ (31) ਦਾ ਬੇਰਹਿਮੀ ਨਾਲ ਕਤਲ ਕਰ ਕੇ ਕਾਰ ਸਮੇਤ ਲਾਸ਼ ਭਾਖੜਾ ਨਹਿਰ ਵਿੱਚ ਸੁੱਟ ਦਿੱਤੀ ਗਈ। ਦਲਿਤ ਵਰਗ ਨਾਲ ਸਬੰਧਤ ਸਤਵੀਰ ਸਿੰਘ ਬੀਤੀ 12 ਸਤੰਬਰ ਤੋਂ ਭੇਤਭਰੀ ਹਾਲਤ ਵਿੱਚ ਲਾਪਤਾ ਸੀ। ਇਸ ਸਬੰਧੀ ਐਰੋਸਿਟੀ ਥਾਣੇ ਵਿੱਚ ਨੌਜਵਾਨ ਦੇ ਪਿਤਾ ਸੁਰਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਗੁੰਮਸ਼ੁਦਗੀ ਰਿਪੋਰਟ (ਡੀਡੀਆਰ) ਦਰਜ ਕੀਤੀ ਗਈ ਸੀ। ਸਤਵੀਰ ਸਿੰਘ ਮੁਹਾਲੀ ਕੌਮਾਂਤਰੀ ਹਵਾਈ ਅੱਡੇ ’ਤੇ ਟੈਕਸੀ ਚਲਾਉਂਦਾ ਸੀ। ਪੁਲੀਸ ਨੇ ਮਾਮਲੇ ਦੀ ਜਾਂਚ ਆਰੰਭ ਕਰ ਕੇ ਮੁਲਜ਼ਮਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ ਹੈ।
ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਪਿਛਲੇ 15 ਦਿਨਾਂ ਵਿੱਚ ਇਹ ਤੀਜਾ ਕਤਲ ਹੈ। ਇਸ ਤੋਂ ਪਹਿਲਾਂ ਮੁੱਲਾਂਪੁਰ ਗਰੀਬਦਾਸ ਨੇੜੇ ਅਤੇ ਦੂਜਾ ਸੈਕਟਰ-52 ਵਿੱਚ ਕਤਲ ਹੋਏ ਸਨ। ਇਹ ਤਿੰਨੋਂ ਕਤਲ ਟੈਕਸੀ ਚਾਲਕਾਂ ਦੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜਦੋਂ ਨਹਿਰ ’ਚੋਂ ਕਾਰ ਬਾਹਰ ਕੱਢੀ ਗਈ ਤਾਂ ਸਤਵੀਰ ਸਿੰਘ ਪਿਛਲੀ ਸੀਟ ’ਤੇ ਸੀ ਅਤੇ ਉਸ ਦੇ ਹੱਥ ਤੇ ਪੈਰ ਰੱਸੀ ਨਾਲ ਬੰਨ੍ਹੇ ਹੋਏ ਸਨ। ਉਸ ਦੇ ਸਰੀਰ ਉੱਤੇ ਚਾਕੂ ਨਾਲ ਹਮਲਾ ਕੀਤੇ ਹੋਣ ਦੇ ਨਿਸ਼ਾਨ ਸਨ। ਉਨ੍ਹਾ ਮੰਗ ਕੀਤੀ ਕਿ ਨੌਜਵਾਨ ਦੇ ਕਾਤਲਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ।