ਗਗਨਦੀਪ ਅਰੋੜਾ
ਲੁਧਿਆਣਾ, 19 ਸਤੰਬਰ
ਸ਼ਹਿਰ ਦੇ ਮਸ਼ਹੂਰ ਡਾਕਟਰ ਵਾਹਿਗੁਰੂ ਪਾਲ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਨੂੰ ਬੰਦੂਕ ਦਿਖਾ ਬੰਦੀ ਬਣਾ ਕੇ ਲੁਟੇਰਿਆਂ ਨੇ ਉਨ੍ਹਾਂ ਦੇ ਘਰੋਂ ਸਾਢੇ ਤਿੰਨ ਕਰੋੜ ਰੁਪਏ ਕੈਸ਼ ਤੇ ਅੱਧਾ ਕਿੱਲੋ ਸੋਨੇ ਦੇ ਗਹਿਣੇ ਲੁੱਟ ਲਏ। ਹੈਰਾਨੀ ਦੀ ਗੱਲ ਹੈ ਕਿ ਆਮਦਨ ਕਰ ਵਿਭਾਗ ਤੋਂ ਬਚਣ ਲਈ ਡਾਕਟਰ ਜੋੜੇ ਨੇ ਪੁਲੀਸ ਨੂੰ ਇਹ ਵੀ ਝੂਠ ਬੋਲਿਆ ਕਿ ਘਰੋਂ 25 ਲੱਖ ਰੁਪਏ ਕੈਸ਼ ’ਤੇ ਥੋੜ੍ਹਾ ਸੋਨਾ ਹੈ। ਮੁਲਜ਼ਮ ਦੋ ਵੱਡੇ ਸੂਟਕੇਸ ਵਿੱਚ ਘਰੋਂ ਪੈਸੇ ਚੋਰੀ ਕਰਕੇ ਲੈ ਗਏ ਜਿਸ ਵਿੱਚ 500 ਅਤੇ 200 ਰੁਪਏ ਦੇ ਨੋਟ ਸਨ। ਪੁਲੀਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਲੁਟੇਰਿਆਂ ਬਾਰੇ ਪਤਾ ਲੱਗਾ। ਪੁਲੀਸ ਨੇ ਇਸ ਮਾਮਲੇ ਵਿੱਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੇ ਅੰਮ੍ਰਿਤਸਰ ਦੇ ਇੱਕ ਹੋਟਲ ਵਿੱਚ ਕਿਰਾਏ ’ਤੇ ਕਮਰਾ ਲਿਆ ਸੀ ਅਤੇ ਉਸ ਵਿੱਚ ਪੈਸੇ ਰੱਖ ਰਹੇ ਸਨ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ 3.51 ਕਰੋੜ ਰੁਪਏ ਕੈਸ਼, ਸੋਨੇ ਦੇ ਗਹਿਣੇ ਅਤੇ 12 ਬੋਰ ਦਾ ਦੇਸੀ ਪਿਸਤੌਲ, ਛੇ ਕਾਰਤੂਸ ਅਤੇ ਵਾਰਦਾਤ ’ਚ ਵਰਤੀ ਮਾਰੂਤੀ ਕਾਰ ਅਤੇ ਆਈ-20 ਕਾਰ ਬਰਾਮਦ ਕੀਤੀ ਹੈ। ਇਸ ਮਾਮਲੇ ਵਿੱਚ ਪੁਲੀਸ ਨੇ ਗੁਰਵਿੰਦਰ ਸਿੰਘ ਉਰਫ਼ ਸੋਨੂੰ ਵਾਸੀ ਹਰਨਾਮ ਦਾਸ ਨਗਰ, ਪਵਨੀਤ ਸਿੰਘ ਉਰਫ਼ ਸ਼ਾਲੂ ਵਾਸੀ ਦੁੱਗਰੀ , ਜਗਪ੍ਰੀਤ ਸਿੰਘ ਵਾਸੀ ਪਿੰਡ ਕਾਜ਼ੀ ਕੋਟ, ਤਰਨਤਾਰਨ ਤੇ ਸਾਹਿਲਦੀਪ ਸਿੰਘ ਵਾਸੀ ਪਿੰਡ ਚੰਦੜ ਤਰਨਤਾਰਨ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਡਾਕਟਰ ਵਾਹਿਗੁਰੂ ਪਾਲ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਨੂੰ ਨਿਊਜ਼ੀਲੈਂਡ ਅਤੇ ਇੰਗਲੈਂਡ ਸਮੇਤ ਚਾਰ ਦੇਸ਼ਾਂ ਵਿਚ ਜਾਣ ਵਾਲੇ ਲੋਕਾਂ ਦੀ ਮੈਡੀਕਲ ਜਾਂਚ ਕਰਵਾਉਣ ਦਾ ਲਾਇਸੈਂਸ ਦਿੱਤਾ ਗਿਆ ਹੈ। ਵਿਦੇਸ਼ ਜਾਣ ਤੋਂ ਪਹਿਲਾਂ ਸ਼ਹਿਰ ਸਣੇ ਪੰਜਾਬ ਦੇ ਕਈ ਸ਼ਹਿਰਾਂ ਤੋਂ ਲੋਕ ਉਸ ਕੋਲ ਮੈਡੀਕਲ ਚੈੱਕਅਪ ਕਰਵਾਉਣ ਲਈ ਆਉਂਦੇ ਸਨ। ਮੁਲਜ਼ਮ ਗੁਰਵਿੰਦਰ ਸਿੰਘ ਅਤੇ ਪਵਨੀਤ ਸਿੰਘ ਦੋਵੇਂ ਲੁਧਿਆਣਾ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਨੂੰ ਪਤਾ ਸੀ ਕਿ ਡਾ. ਜੋੜੇ ਕੋਲ ਮੈਡੀਕਲ ਚੈੱਕਅਪ ਲਈ ਆਉਂਦੇ ਹਨ ਅਤੇ ਘਰ ਵਿੱਚ ਕਰੀਬ 20 ਤੋਂ 25 ਲੱਖ ਰੁਪਏ ਦੀ ਨਕਦੀ ਹੋਵੇਗੀ ਜਿਸ ਲਈ ਉਸ ਨੇ ਲੁੱਟ ਦੀ ਯੋਜਨਾ ਬਣਾਈ। ਮੁਲਜ਼ਮਾਂ ਨੇ ਆਪਣੇ ਦੋ ਸਾਥੀਆਂ ਜਗਪ੍ਰੀਤ ਸਿੰਘ ਅਤੇ ਸਾਹਿਲਦੀਪ ਸਿੰਘ ਨਾਲ ਮਿਲ ਕੇ ਇਸ ਕੰਮ ਨੂੰ ਅੰਜਾਮ ਦਿੱਤਾ ਜਿਸ ਤੋਂ ਬਾਅਦ ਉਸ ਨੇ ਪੂਰੀ ਯੋਜਨਾ ਬਣਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਮੌਕਾ ਦੇਖ ਕੇ ਦੋਸ਼ੀ ਕੰਧ ਟੱਪ ਕੇ ਘਰ ਅੰਦਰ ਦਾਖਲ ਹੋ ਗਏ।
ਡਾ. ਵਾਹਿਗੁਰੂਪਾਲ ਦੀ ਪਤਨੀ ਡਾਕਟਰ ਹਰਕਮਲ ਬੱਗਾ ਨੇ ਪੁਲੀਸ ਨੂੰ ਦੱਸਿਆ ਕਿ ਜਦੋਂ ਉਹ 14 ਸਤੰਬਰ ਦੀ ਰਾਤ ਨੂੰ ਕਲੀਨਿਕ ਤੋਂ ਘਰ ਪਹੁੰਚੀ ਤਾਂ ਚੌਕੀਦਾਰ ਸ਼ਿੰਗਾਰਾ ਸਿੰਘ ਨੇ ਗੇਟ ਖੋਲ੍ਹਿਆ ਤਾਂ ਉਹ ਅੰਦਰ ਚਲੀ ਗਈ। ਚੌਕੀਦਾਰ ਸ਼ਿੰਗਾਰਾ ਸਿੰਘ ਨੇ ਘਰ ਨੂੰ ਤਾਲਾ ਲਾ ਦਿੱਤਾ। ਇਸੇ ਦੌਰਾਨ ਹਥਿਆਰਬੰਦ ਮੁਲਜ਼ਮ ਕੰਧ ਟੱਪ ਕੇ ਘਰ ਅੰਦਰ ਦਾਖ਼ਲ ਹੋਏ ਅਤੇ ਤਿੰਨਾਂ ਨੂੰ ਬੰਧਕ ਬਣਾ ਲਿਆ। ਮੁਲਜ਼ਮਾਂ ਨੇ ਬੰਦੂਕ ਦਿਖਾ ਕੇ ਬੰਧਕ ਬਣਾ ਕੇ ਘਰ ’ਚੋਂ ਕੈਸ਼, ਗਹਿਣੇ ਤੇ ਹੋਰ ਸਾਮਾਨ ਲੁੱਟ ਲਿਆ ਤੇ ਫ਼ਰਾਰ ਹੋ ਗਏ ਜਿਸ ਤੋਂ ਬਾਅਦ ਜਦੋਂ ਉਹ ਬਾਹਰ ਪਹੁੰਚਿਆ ਤਾਂ ਦੋਸ਼ੀ ਦੋ ਗੱਡੀਆਂ ’ਚ ਸਵਾਰ ਹੋ ਕੇ ਪੈਸੇ ਲੈ ਕੇ ਫ਼ਰਾਰ ਹੋ ਗਏ ਸਨ।
ਬਦਨਾਮੀ ਦੇ ਡਰੋਂ ਲੁਧਿਆਣਾ ਪੁਲੀਸ ਨੇ ਪੰਜ ਦਿਨਾਂ ਤੱਕ ਦਬਾ ਕੇ ਰੱਖਿਆ ਮਾਮਲਾ
ਸਨਅਤੀ ਸ਼ਹਿਰ ਦੇ ਉੱਘੇ ਡਾਕਟਰ ਜੋੜੇ ਨੂੰ ਬੰਦੂਕ ਦਿਖਾ ਬੰਧਕ ਬਣਾ ਕੇ ਕਰੋੜਾਂ ਰੁਪਏ ਦੀ ਲੁੱਟ ਦੀ ਨਮੋਸ਼ੀ ਤੋਂ ਬਚਣ ਲਈ ਲੁਧਿਆਣਾ ਪੁਲੀਸ ਨੇ ਪੂਰੇ ਮਾਮਲੇ ਨੂੰ ਪੰਜ ਦਿਨਾਂ ਤੱਕ ਦੱਬੀ ਰੱਖਿਆ। ਹੈਰਾਨੀ ਦੀ ਗੱਲ ਇਹ ਹੈ ਕਿ ਪੁਲੀਸ ਲਗਾਤਾਰ ਪੰਜ ਦਿਨ ਡਾਕਟਰ ਜੋੜੇ ਦੇ ਘਰ ਦੇ ਗੇੜੇ ਮਾਰਦੀ ਰਹੀ ਪਰ ਸ਼ਹਿਰ ਦੇ ਇੰਨੇ ਵੱਡੇ ਡਾਕਟਰ ਦੇ ਘਰੋਂ ਲੁੱਟ ਦੀ ਵਾਰਦਾਤ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ। ਸੂਤਰਾਂ ਦਾ ਕਹਿਣਾ ਹੈ ਕਿ ਲੁੱਟ ਤੋਂ ਬਾਅਦ ਡਾਕਟਰ ਜੋੜੇ ਨੇ ਦੋ ਦਿਨਾਂ ਤੱਕ ਕਿਸੇ ਦਾ ਵੀ ਚੈਕਅੱਪ ਨਹੀਂ ਕੀਤਾ। ਡਾਕਟਰ ਜੋੜੇ ਨੇ ਪੁਲੀਸ ਨੂੰ 25 ਲੱਖ ਰੁਪਏ ਲਿਖਵਾ ਦਿੱਤੇ ਸਨ ਪਰ ਜਦੋਂ ਪੁਲੀਸ ਨੇ ਲੁਟੇਰਿਆਂ ਕੋਲੋਂ 3.5 ਕਰੋੜ ਰੁਪਏ ਬਰਾਮਦ ਕੀਤੇ ਤਾਂ ਪੁਲੀਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕਿ ਡਾਕਟਰ ਜੋੜੇ ਨੇ ਇੰਨੇ ਘੱਟ ਪੈਸੇ ਕਿਉਂ ਲਿਖਵਾਏ ਹਨ।
ਕਰੋੜਾਂ ਰੁਪਏ ਦੇਖ ਕੇ ਘਬਰਾ ਗਏ ਸਨ ਲੁਟੇਰੇ
ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਲੁਟੇਰਿਆਂ ਦੀ ਸੋਚ ਅਨੁਸਾਰ ਘਰ ਵਿੱਚ 20 ਤੋਂ 30 ਲੱਖ ਰੁਪਏ ਕੈਸ਼ ਹੋਣੇ ਚਾਹੀਦੇ ਸੀ। ਪਰ ਜਦੋਂ ਉਨ੍ਹਾਂ ਨੇ ਘਰ ’ਚ ਕਰੋੜਾਂ ਰੁਪਏ ਦੇਖੇ ਤਾਂ ਲੁਟੇਰੇ ਵੀ ਘਬਰਾ ਗਏ। ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਇੰਨੇ ਪੈਸੇ ਲੈ ਕੇ ਕਿਵੇਂ ਜਾਣਗੇ। ਉਹ ਡਾਕਟਰ ਜੋੜੇ ਦੇ ਘਰ ਪਏ ਦੋ ਵੱਡੇ ਸੂਟਕੇਸ ਲੈ ਕੇ ਪੈਸੇ ਲੈ ਕੇ ਭੱਜ ਗਏ। ਇੰਨੇ ਪੈਸੇ ਲੈ ਕੇ ਕਿਸੇ ਹੋਰ ਸੂਬੇ ’ਚ ਫਰਾਰ ਹੋਣ ਦਾ ਖਤਰਾ ਸੀ, ਇਸ ਲਈ ਉਹ ਅੰਮ੍ਰਿਤਸਰ ਦੇ ਹੋਟਲ ਫੇਅਰਵੇਅ ’ਚ ਕਿਰਾਏ ’ਤੇ ਕਮਰਾ ਲੈ ਕੇ ਰੁਕੇ।