ਕੈਲਗਰੀ: ਕੈਲਗਰੀ ਲੇਖਕ ਸਭਾ ਦੀ ਮਹੀਨਾਵਾਰ ਇਕੱਤਰਤਾ ਕੋਸੋ ਹਾਲ ਵਿੱਚ ਹੋਈ। ਸਕੱਤਰ ਗੁਰਚਰਨ ਥਿੰਦ ਨੇ ਹਾਜ਼ਰੀਨ ਨੂੰ ਜੀ ਅਇਆਂ ਕਿਹਾ ਅਤੇ ਸਭਾ ਦੇ ਪ੍ਰਧਾਨ ਜਸਵੀਰ ਸਿੰਘ ਸਿਹੋਤਾ, ਲੇਖਕ ਸੁਰਿੰਦਰ ਸਿੰਘ ਨੇਕੀ ਤੇ ਕਵਿੱਤਰੀ ਦਵਿੰਦਰ ਕੌਰ ਸਿੱਧੂ ਨੂੰ ਪ੍ਰਧਾਨਗੀ ਮੰਡਲ ਵਿੱਚ ਬੈਠਣ ਦਾ ਸੱਦਾ ਦਿੱਤਾ।
ਨਛੱਤਰ ਸਿੰਘ ਪੁਰਬਾ ਨੇ ਸਮੇਂ ਨਾਲ ਪੈਦਾ ਹੋਣ ਵਾਲੇ ਪੀੜ੍ਹੀ-ਪਾੜੇ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਇਸ ਪੀੜ੍ਹੀ-ਪਾੜੇ ਨੂੰ ਅਗਲੀ ਸੰਤਾਨ ਨਾਲ ਗੱਲਬਾਤ ਜਾਰੀ ਰੱਖ ਕੇ ਅਤੇ ਕੁਝ ਖ਼ਾਸ ਤਿਉਹਾਰਾਂ ਤੇ ਮੌਕਿਆਂ ਪ੍ਰਤੀ ਉਨ੍ਹਾਂ ਨੂੰ ਉਤਸ਼ਾਹਿਤ ਕਰਕੇ ਆਪਣੇ ਨਾਲ ਜੋੜਿਆ ਜਾਣਾ ਚਾਹੀਦਾ ਹੈ। ਬਲਵਿੰਦਰ ਬਰਾੜ ਨੇ ਇਸ ਚਰਚਾ ਨੂੰ ਵਿਸਥਾਰ ਦਿੰਦਿਆਂ ਬੱਚਿਆਂ ਦੇ ਫੋਨ ਨਾਲ ਰੁੱਝੇ ਰਹਿਣ ਵਾਲੇ ਵਰਤਾਰੇ ’ਤੇ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਥਾਪਨਾ ਦਿਵਸ ਬਾਰੇ ਵੀ ਦੱਸਿਆ।
ਸੁਰਜੀਤ ਸਿੰਘ ਭੱਟੀ ਨੇ ਆਪਣੇ ਵਿਸ਼ੇਸ਼ ਭਾਸ਼ਣ ਰਾਹੀਂ ਮਾਂ-ਬੋਲੀ ਪੰਜਾਬੀ ਦੇ ਇਤਿਹਾਸ ਅਤੇ ਵਿਕਾਸ ਬਾਰੇ ਚਰਚਾ ਕੀਤੀ ਅਤੇ ਦੱਸਿਆ ਕਿ ਪੰਜਾਬੀ ਭਾਸ਼ਾ ਦੁਨੀਆ ਭਰ ਦੀਆਂ ਭਾਸ਼ਾਵਾਂ ਵਿੱਚੋਂ ਵਿਲੱਖਣ ਹੈ। ਇਸ ਭਾਸ਼ਾ ਨੇ ਸੂਫ਼ੀ-ਕਾਲ ਤੇ ਗੁਰੂ-ਕਾਲ ਦੀ ਲੇਖਣੀ ਅਤੇ ਸਮੇਂ ਦੇ ਨਾਲ ਨਾਲ ਵੱਖ-ਵੱਖ ਲੇਖਕਾਂ ਤੇ ਕਵੀਆਂ ਅਤੇ ਵਿਦੇਸ਼ਾਂ ਵਿੱਚ ਵੱਸਦੇ ਲੇਖਕਾਂ ਦੇ ਪਰਵਾਸੀ ਸਾਹਿਤ ਦੇ ਯੋਗਦਾਨ ਨਾਲ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਨੂੰ ਅਮੀਰ ਬਣਾਇਆ ਹੈ। ਦਵਿੰਦਰ ਕੌਰ ਸਿੱਧੂ ਨੇ ਜਪਾਨੀ ਵਿਧਾ ਵਿੱਚ ਲਿਖੇ ਆਪਣੇ ਹਾਇਕੂ ਸੁਣਾਏ ਅਤੇ ਅਲਬਰਟਾ ਸੂਬੇ ਦੇ ਕੁਦਰਤੀ ਨਜ਼ਾਰਿਆਂ ਨੂੰ ਪੰਜਾਬ ਨਾਲ ਤਸ਼ਬੀਹ ਦਿੰਦੀ ਆਪਣੀ ਕਵਿਤਾ ‘ਮਾਣ ਪੰਜਾਬੀ ਦਾ’ ਸਾਂਝੀ ਕੀਤੀ। ਲੇਖਕ ਸੁਰਿੰਦਰ ਸਿੰਘ ਨੇਕੀ ਨੇ ਇਸ ਗੱਲ ’ਤੇ ਖੁਸ਼ੀ ਜ਼ਾਹਿਰ ਕੀਤੀ ਕਿ ਇੱਥੇ ਵੀ ਪੰਜਾਬ ਵਾਂਗ ਸਾਹਿਤ-ਪ੍ਰੇਮੀ ਸਾਹਿਤਕ ਸਭਾਵਾਂ ਵਿੱਚ ਮਿਲ ਬੈਠਦੇ ਹਨ ਜੋ ਕਿ ਮਾਂ-ਬੋਲੀ ਪੰਜਾਬੀ ਲਈ ਸ਼ੁਭ ਸ਼ਗਨ ਹੈ।