ਬਲਦੇਵ ਬਾਵਾ
ਉਹ ਦਿਨ ਜ਼ਿੰਦਗੀ ਦਾ ਮਹਾਨ ਦਿਨ ਸੀ। ਉਸ ਦਿਨ ਵਰਗਾ ਹੋਰ ਦਿਨ ਨਾ ਹੋਇਆ ਤੇ ਨਾ ਹੋਵੇਗਾ। ਪਹਿਲਾਂ ਤਾਂ ਅਸਮਾਨ ਤੋਂ ਇੱਕ ਕਪਾਹੀ ਬੱਦਲੀ ਤੈਰਦੀ ਹੋਈ ਹੇਠਾਂ ਵੱਲ ਆਈ, ਫਿਰ ਉਹਨੇ ਰੁੱਖਾਂ ਦੀਆਂ ਟੀਸੀਆਂ ਨੂੰ ਚੁੰਮਿਆ, ਇੱਕ ਅਨੋਖੀ ਖ਼ੁਸ਼ੀ ਵਿੱਚ ਅੱਥਰੂ ਭਰੇ ਤੇ ਮੁੜ ਅਸਮਾਨ ਵੱਲ ਪਰਤ ਗਈ। ਫਿਰ ਸੂਰਜ ਨੇ ਪਹਿਲੀ ਵੇਰ ਇੱਕ ਚਿੱਤ ਹੋ ਅਰਦਾਸ ਕੀਤੀ, ਜਿਹੜੀ ਉਹਦੇ ਆਤਮ ਸੰਵਾਦ ਨਾਲ ਸੰਪੂਰਨ ਹੋਈ, “ਰੱਬਾ, ਤਪਸ਼ ਤਾਂ ਤੇਰੇ ਦਿੱਤੀ ਦਾਤ ਸੀ, ਪਰ ਮੈਂ ਧਰਤੀ, ਚੰਦ ਅਤੇ ਅਣਗਿਣਤ ਜੀਵਾਂ ਨੂੰ ਇਹਦਾ ਅਹਿਸਾਨ ਜਤਾਉਂਦਾ ਰਿਹਾ।’’ ਉਸ ਦਿਨ ਸੁੱਚੇ ਸਰੋਵਰਾਂ ਨੇ ਉਨ੍ਹਾਂ ਕਰ ਕਮਲਾਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਦੀ ਖੁਦਵਾਈ ਕੀਤੀ ਸੀ ਤੇ ਉਨ੍ਹਾਂ ਰੂਹਾਂ ਨੂੰ ਵੀ ਜਿਨ੍ਹਾਂ ਦੀ ਛੋਹ ਨੇ ਪਵਿੱਤਰਤਾ ਅਤੇ ਸਦੀਵਤਾ ਦਾ ਵਰਦਾਨ ਬਖ਼ਸ਼ਿਆ ਸੀ। ਉਹ ਦਿਨ ਸੁੱਚੀ ਦੁੱਧਪਥਰੀ ਸੀ ਜਿਹਨੇ ਮੱਥੇ ਦੀ ਸਲੇਟ ’ਤੇ ਪਾਕ ਹਰਫ਼ ਝਰੀਟ ਕੇ ਗੁੰਮ ਸੁੰਮ ਗੁਲਾਮ ਨੂੰ ਏਨਾ ਨਿਧੜਕ ਬਣਾ ਦਿੱਤਾ ਕਿ ਉਹ ਪਹਿਲੀ ਵਾਰ ਮਹਿਲਾਂ ਮੋਹਰਿਓਂ ਹਿੱਕ ਤਾਣ ਲੰਘਿਆ। ਸ਼ਾਹੀ ਫ਼ਰਮਾਨਾਂ ਨੂੰ ਹੱਸ ਕੇ ਟਾਲਣ ਅਤੇ ਵੰਗਾਰਨ ਲੱਗਾ।
ਉਸ ਦਿਨ ਚੌਕੇ ’ਚ ਖੜ੍ਹੀ ਮਾਂ ਨੇ ਦਾਦੀ ਮਾਂ ਨੂੰ ਕੁਝ ਪੈਸੇ ਫੜਾਏ ਤੇ ਦਾਦੀ ਮਾਂ ਨੇ ਤੁਰੰਤ ਮੈਨੂੰ ਆਪਣੇ ਮਗਰ ਤੁਰਨ ਲਈ ਆਖ ਘਰ ਦੀ ਸਰਦਲ ਤੋਂ ਬਾਹਰ ਪੈਰ ਰੱਖਿਆ। ਮੈਂ ਦਾਦੀ ਦੇ ਪਿੱਛੇ ਪਿੱਛੇ ਤੁਰ ਪਿਆ। ਦਾਦੀ ਨੇ ਚਿੱਟਾ ਲਿਬਾਸ ਪਹਿਨ ਕੇ ਸਿਰ ’ਤੇ ਦੁਪੱਟਾ ਵੀ ਚਿੱਟਾ ਲਿਆ ਹੋਇਆ ਸੀ। ਜਿਉਂ ਹੀ ਪਿੰਡ ਦੇ ਬਾਜ਼ਾਰ ਵਿੱਚ ਦਾਖਲ ਹੋਏ ਤਾਂ ਦਾਦੀ ਨੇ ਮੈਨੂੰ ਇੱਕ ਦੁਕਾਨ ਅੱਗੇ ਰੁਕਣ ਲਈ ਕਿਹਾ। ਦੁਕਾਨਦਾਰ ਕੋਲੋਂ ਇੱਕ ਲਿਫ਼ਾਫ਼ਾ ਫੜਿਆ, ਪੈਸੇ ਦਿੱਤੇ ਤੇ ਮੇਰੀ ਬਾਂਹ ਫੜ ਕੇ ਆਪਣੇ ਨਾਲ ਤੋਰ ਲਿਆ। ਬਾਜ਼ਾਰ ਦੀ ਰੌਣਕ ਮੈਨੂੰ ਬਹੁਤ ਚੰਗੀ ਲੱਗੀ। ਮੈਂ ਪਹਿਲੀ ਵਾਰ ਧਿਆਨ ਨਾਲ ਆਦਮੀਆਂ ਨੂੰ ਗਹਿਣੇ, ਜੁੱਤੀਆਂ, ਮਠਿਆਈਆਂ ਬਣਾਉਂਦੇ ਅਤੇ ਕੱਪੜੇ ਸਿਉਂਦੇ ਦੇਖਿਆ। ਇੱਕ ਚੌਕ ਵਿੱਚ ਇੱਕ ਮੋਨੇ ਆਦਮੀ ਨੂੰ ਪੱਗਾਂ ਰੰਗਦੇ ਦੇਖਿਆ। ਇਹ ਰੰਗਾਂ ਦਾ ਮਾਹਰ, ਇਹ ਰੰਗਾਂ ਦਾ ਬਾਦਸ਼ਾਹ, ਇਹ ਲਲਾਰੀ ਅੱਜ ਵੀ ਮੇਰੀ ਯਾਦਾਸ਼ਤ ਵਿੱਚ ਚਰ੍ਹੀ ਦੇ ਸੂਹੇ ਦੁੰਬ ਵਾਂਗ ਕਾਇਮ ਹੈ। ਸਫ਼ਰ ਦੌਰਾਨ ਜਦ ਕਦੇ ਵੀ ਮੈਂ ਉਦਾਸੀ ਦੀਆਂ ਡੂੰਘੀਆਂ ਖੱਡਾਂ ’ਚੋਂ ਗੁਜ਼ਰਦਾਂ ਤਾਂ ਇਸ ਲਲਾਰੀ ਦੀਆਂ ਰੰਗ ਰੰਗ ਕੇ ਸੁੱਕਣੇ ਪਾਈਆਂ ਲਹਿਰਾਉਂਦੀਆਂ ਪੱਗਾਂ ਮੇਰੀਆਂ ਉਮੰਗਾਂ ਵਿੱਚ ਗੂੜ੍ਹੇ ਰੰਗ ਭਰਨ ਲੱਗ ਜਾਂਦੀਆਂ। ਦੁਰਗਮ ਚਟਾਨਾਂ ਚੀਰਦਾ ਮੈਂ ਆਪਣੇ ਸਫ਼ਰ ’ਤੇ ਤੁਰਿਆ ਰਹਿੰਦਾ ਤੇ ਲੱਗਦਾ ਜਿਵੇਂ ਕੁਦਰਤ ਨੇ ਕੁੱਲ ਨਿਆਮਤਾਂ ਮੇਰੀ ਝੋਲ਼ੀ ਵਿੱਚ ਪਾ ਦਿੱਤੀਆਂ ਹੋਣ।
ਸਾਰਾ ਬਾਜ਼ਾਰ ਲੰਘ, ਸੱਜਾ ਮੋੜ ਮੁੜ ਕੇ ਅਸੀਂ ਥੋੜ੍ਹਾ ਜਿਹਾ ਤੁਰਨ ਮਗਰੋਂ ਸਕੂਲ ਦੇ ਦਰਵਾਜ਼ੇ ਅੱਗੇ ਰੁਕ ਗਏ, ਜਿਹਦੇ ਖੱਬੇ ਹੱਥ ਮੰਦਰ ਦਾ ਤਲਾਅ ਤੇ ਸੱਜੇ ਹੱਥ ਬੋਹੜ ਥੱਲੇ ਬੱਕਰੀਆਂ ਦਾ ਇੱਜੜ ਖੜ੍ਹਾ ਸੀ। ਦਰਵਾਜ਼ਾ ਲੰਘ ਅਸੀਂ ਖੱਬੇ ਹੱਥ ਇੱਕ ਛੋਟੇ ਜਿਹੇ ਵਰਾਂਡੇ ਵਿੱਚ ਤੱਪੜਾਂ ਉੱਪਰ ਕਤਾਰਾਂ ਵਿੱਚ ਬੈਠੇ ਮੁੰਡਿਆਂ ਕੋਲ ਖੜ੍ਹ ਗਏ। ਅਧਿਆਪਕ ਕੌਣ ਅਤੇ ਕਿਹੋ ਜਿਹਾ ਸੀ, ਬਾਰੇ ਮੈਨੂੰ ਕੁਝ ਵੀ ਯਾਦ ਨਹੀਂ। ਪਰ ਲਿਫ਼ਾਫ਼ੇ ’ਚੋਂ ਦਿੱਤਾ ਗਿਆ ਪਤਾਸਾ ਅੱਜ ਤੱਕ ਯਾਦ ਹੈ। ਬਾਕੀ ਪਤਾਸੇ ਹੋਰਨਾਂ ਮੁੰਡਿਆਂ ਨੂੰ ਵੰਡ ਦਿੱਤੇ ਗਏ। “ਉਹ ਦਿਨ ਮੇਰਾ ਸਕੂਲ ਵਿੱਚ ਦਾਖਲ ਹੋਣ ਦਾ ਦਿਨ ਸੀ। ਗੌਰਮਿੰਟ ਪ੍ਰਾਇਮਰੀ ਸਕੂਲ, ਸ਼ੰਕਰ ਵਿੱਚ ਦਾਖਲ ਹੋਣ ਦਾ ਦਿਨ।’’
ਉਹ ਦਿਨ ਮਹਾਨ ਸੀ। ਮੈਨੂੰ ਚੰਨ-ਪਤਾਸਾ ਮਿਲਿਆ ਸੀ। ਯਾਨੀ ਚੰਦ ਵਰਗਾ ਪਤਾਸਾ। ਚੰਦ ਜਿਹੜਾ ਰੋਜ਼ ਰਾਤ ਚੜ੍ਹਦਾ ਹੈ, ਧਰਤੀ ਉੱਪਰ ਹੁੰਦੇ ਜ਼ੁਲਮ ਅਤੇ ਬੇਇਨਸਾਫੀ ਨੂੰ ਅਜ਼ਲਾਂ ਤੋਂ ਤੱਕਦਾ ਆ ਰਿਹਾ। ਸ਼ਾਇਦ ਲੋਚਦਾ ਰਹਿੰਦਾ ਕਿ ਕੋਈ ਉਹਨੂੰ ਪਤਾਸੇ ਵਾਂਗ ਭੋਰ ਕੇ ਦਰਾੜਾਂ ਅਤੇ ਖੱਡਾਂ ਭਰ ਦੇਵੇ ਤਾਂ ਜੋ ਉੱਥੇ ਬੱਚਿਆਂ ਦੇ ਖੇਡਣ ਲਈ ਬੇਲੇ ਉੱਗ ਸਕਣ। ਜਿੱਥੋਂ ਉਨ੍ਹਾਂ ਦੀਆਂ ਕਿਲਕਾਰੀਆਂ ਦੀ ਗੂੰਜ ਦੂਰ-ਦੂਰ ਤੱਕ ਸੁਣਾਈ ਦੇਵੇ।
ਸਕੂਲ, ਪਾਠਸ਼ਾਲਾ, ਵਿਦਿਆਲਾ, ਗਿਆਨਸ਼ਾਲਾ, ਅੰਮ੍ਰਿਤ ਦਾ ਕੁੰਡ, ਨਿਰਛਲਤਾ ਦਾ ਸਾਗਰ। ਸਾਰੀ ਕਾਇਨਾਤ ਵਿੱਚ ਇੱਕੋ ਇੱਕ ਮਾਸੂਮਗਾਹ ਜਿਹੜੀ ਮਾਂ ਧਰਤੀ ਨੂੰ ਭਾਗ ਲਾਉਂਦੀ। ਜ਼ਮੀਨ ਦਾ ਉਹ ਟੋਟਾ ਜਿੱਥੇ ਕਿਸਮਤ ਦੇ ਕੋਰੇ ਕਾਗਜ਼ ਤੇ ਸੁੱਚੀ ਇਬਾਰਤ ਲਿਖੀ ਜਾਂਦੀ। ਮੱਥਿਆਂ ’ਚੋਂ ਡੁੱਲ੍ਹ ਡੁੱਲ੍ਹ ਪੈਣ ਵਾਲੀ ਤਕਦੀਰ ਲਿਖੀ ਜਾਂਦੀ। ਇਹ ਦੁਨੀਆ ਭਰ ਦੇ ਤੀਰਥ ਅਸਥਾਨਾਂ ਨੂੰ ਜਨਮ ਦੇਣ ਵਾਲੀ ਕੁੱਖ। ਵਿਸ਼ਵ ਵਿਦਿਆਲਿਆਂ ਅਤੇ ਧਰਮ ਆਸ਼ਰਮਾਂ ਦੀ ਨੀਂਹ। ਜ਼ਹਿਰੀ ਸੱਪਾਂ ਦੇ ਦੰਦ ਕੱਢਣ ਲਈ ਇੱਥੇ ਹੀ ਨਿੱਕੇ ਨਿੱਕੇ ਹੱਥਾਂ ਵਿੱਚ ਮੋਚਨੇ ਫੜਾਏ ਜਾਂਦੇ। ਇੱਥੋਂ ਹੀ ਕੁੱਲ ਜਹਾਨ ਦੇ ਕਿਰਤੀ ਬੂਹਿਆਂ ’ਤੇ ਫੁੱਲ ਟੰਗਣ ਦਾ ਵਰਦਾਨ ਮਿਲਦਾ। ਇਸ ਮਾਸੂਮਗਾਹ ਦਾ ਦੁਆਰ ਹੀ ਐਸਾ ਦੁਆਰ ਹੈ ਜਿਹਦੀ ਸਰਦਲ ਮੁਹਰੇ ਮੈਂ ਪੈਗੰਬਰਾਂ ਅਤੇ ਦਾਰਸ਼ਨਿਕਾਂ ਨੂੰ ਆਪਣੀਆਂ ਪੱਗਾਂ ’ਚੋਂ ਟੋਟੇ ਪਾੜ ਪਾੜ ਕੇ ਵਿਛਾਉਂਦੇ ਦੇਖਦਾਂ। ਜਿਨ੍ਹਾਂ ਤੋਂ ਲੰਘਦੇ ਪੈਰਾਂ ਦੀ ਛੋਹ ਨੂੰ ਤਮਾਮ ਜ਼ਿਆਰਤਗਾਹਾਂ ਅਤੇ ਇਬਾਦਤਗਾਹਾਂ ਤਰਸਦੀਆਂ ਰਹਿੰਦੀਆਂ। ਜਿੱਥੇ ਮਾਸੂਮ ਚਿਹਰੇ ਤੱਕਦੀ ਸੱਜਰੀ ਸਵੇਰ ਹੋਰ ਵੀ ਨਿੱਖਰਦੀ ਤੇ ਫੁੱਲਾਂ ਦੇ ਮੁੱਖੜੇ ਧੋਂਦੇ ਤਰੇਲ ਮੋਤੀ, ਹੀਰਿਆਂ ਨੂੰ ਸ਼ਰਮਸਾਰ ਕਰਦੇ।
“ਮਾਸੂਮਗਾਹ ਵਿੱਚ ਜਿਸ ਦਿਨ ਮਾਸੂਮੀਅਤ ਦੇ ਹੱਥ ਚਾਨਣ ਦਾ ਪੱਲਾ ਫੜਾਇਆ ਜਾਂਦਾ, ਉਸ ਦਿਨ ਵਰਗਾ ਮਹਾਨ ਦਿਨ ਨਾ ਹੈ ਤੇ ਨਾ ਹੋਵੇਗਾ।’’ ਤੇ ਲਗਭਗ ਪੰਜਾਹ ਵਰ੍ਹਿਆਂ ਬਾਅਦ ਮੈਂ ਸਕੂਲ ਦੇ ਦੁਆਰ ’ਤੇ ਖੜ੍ਹਾ ਸੀ ਤੇ ਆਪਣੀ ਰੂਹ ਵਿੱਚ ਵੱਸਦੇ ਇਸ ਮੁਕੱਦਸ ਜ਼ਮੀਨ ਦੇ ਟੋਟੇ ਦੀ ਮਿੱਟੀ ਨੂੰ ਨਤਮਸਤਕ ਹੋਣ ਲਈ ਕਾਹਲਾ ਸੀ। ਮੈਨੂੰ ਇਹ ਜਾਣਕਾਰੀ ਮਿਲ ਚੁੱਕੀ ਸੀ ਕਿ ਸਕੂਲ ਦੀ ਇਮਾਰਤ ਵਿੱਚ ਹੁਣ ਸਰਕਾਰੀ ਸਲੋਤਰਖਾਨਾ ਖੋਲ੍ਹ ਦਿੱਤਾ ਗਿਆ ਸੀ। ਅੰਦਰ ਲੰਘ ਜਦ ਨਿਗ੍ਹਾ ਮਾਰੀ ਤਾਂ ਉੱਥੇ ਨਾ ਬੰਦਾ ਨਾ ਪਰਿੰਦਾ। ਸਲੋਤਰੀ ਵੀ ਕਿਤੇ ਗਿਆ ਹੋਇਆ ਸੀ। ਖਸਤਾ ਇਮਾਰਤ ਦਾ ਵਿਹੜਾ ਬਰਸਾਤ ਹੋਣ ਕਾਰਨ ਦੋ ਤਿੰਨ ਫੁੱਟ ਉੱਚੇ ਨਦੀਨ ਨੇ ਮੱਲਿਆ ਹੋਇਆ ਸੀ। ਜਿਵੇਂ ਵਿਹੜੇ ਕੋਲੋਂ ਇਮਾਰਤ ਦਾ ਹਿੱਸਾ ਹੋਣ ਦਾ ਹੱਕ ਖੋਹ ਲਿਆ ਹੋਵੇ। ਗਹਿਰੀ ਚੁੱਪ ਨੇ ਅਹਿਸਾਸ ਨੂੰ ਹੋਰ ਵੀ ਤੀਖਣ ਕਰ ਦਿੱਤਾ। ਇਹ ਸਾਰਾ ਦ੍ਰਿਸ਼ ਜੋ ਮੈਂ ਦੇਖ ਰਿਹਾ ਸੀ, ਕਿਸੇ ਦੀ ਹਾਜ਼ਰੀ ਵਿੱਚ ਸੰਭਵ ਨਹੀਂ ਸੀ ਹੋਣਾ।
ਮੈਨੂੰ ਅੱਸੂ ਮਹੀਨੇ ਦੌਰਾਨ ਛਿੰਝ ਮੇਲੇ ਦੀਆਂ ਕੂਲ਼ੀਆਂ ਠੰਢੀਆਂ ਰਾਤਾਂ ਯਾਦ ਆਈਆਂ ਜਦੋਂ ਸਕੂਲ ਦੇ ਮੁੱਖ ਦਰਵਾਜ਼ੇ ਤੋਂ ਕੁਝ ਗਜ਼ ਉਰਾਂ ਚਲੀਂਘੜਿਆਂ ਦੀ ਤਿੱਖੀ ਚੀਂ ਚੀਂ ਮਾਵਾਂ ਦੀਆਂ ਹਾਕਾਂ ਅਤੇ ਬੱਚਿਆਂ ਦੀਆਂ ਕਿਲਕਾਰੀਆਂ ਵਿੱਚ ਡੁੱਬ ਜਾਂਦੀ ਸੀ। ਜਿੱਥੇ ਮੈਂ ਖੜ੍ਹਾ ਸੀ ਇਹ ਉਹੀ ਵਲਗਣ ਸੀ ਜਿਹਦੇ ਅੰਦਰ ਨਿਸਦਿਨ ਫ਼ਰਿਸ਼ਤਿਆਂ ਦਾ ਵਾਸ ਹੁੰਦਾ ਸੀ। ਮੈਨੂੰ ਧੁਰ ਅੰਦਰੋਂ ਜਿਵੇਂ ਡੂੰਮਣੇ ਦੀਆਂ ਮੱਖੀਆਂ ਦੀ ਭੀਂ ਭੀਂ ਨਾਲ ਪੈਦਾ ਹੁੰਦੀ ਗੂੰਜ ਸੁਣਾਈ ਦੇਣ ਲੱਗੀ। ਐਨ ਉਹੀ ਗੂੰਜ ਜਿਹੜੀ ਮੈਂ ਬਚਪਨ ਵਿੱਚ ਪਿੰਡੋਂ ਬਾਹਰਲੇ ਬੋਹੜ ਹੇਠ ਹਮਉਮਰਾਂ ਨਾਲ ਖੇਡਦਾ ਸੁਣਦਾ ਹੁੰਦਾ ਸੀ। ਵੇਦਨਾ-ਸੰਵੇਦਨਾ ਭਰੀ ਗੂੰਜ। ਜਿਹਦੇ ਵਿੱਚ ਵਲ੍ਹੇਟੇ ਹੋਏ ਸਨ ਮੋਇਆਂ ਦੇ ਬੋਲ, ਬਿਮਾਰਾਂ ਦੇ ਹੂੰਗੇ, ਰੋਜ਼ਾਨਾ ਜ਼ਿੰਦਗੀ ਦੀਆਂ ਲੋੜਾਂ ਅਤੇ ਥੁੜਾਂ ਨਾਲ ਘੁਲ਼ਦੇ ਗ਼ਰੀਬਾਂ ਦੇ ਹਉਕੇ ਤੇ ਪ੍ਰਦੇਸ ਤੁਰ ਗਿਆਂ ਦੇ ਵਿਦਾ ਹੋਣ ਵੇਲੇ ਦੀਆਂ ਸਿਸਕੀਆਂ।
ਲੱਗਿਆ ਜਿਵੇਂ ਕਿਸੇ ਨੁੱਕਰ ’ਚੋਂ ਪੰਜਾਹ ਸਾਲ ਪਹਿਲਾਂ ਦਾ ‘ਦੇਬੀ’ (ਬਚਪਨ ਦਾ ਨਾਂ) ਦੌੜ ਕੇ ਸੱਠ ਸਾਲ ਉਮਰ ਦੇ ‘ਬਲਦੇਵ’ ਦੀਆਂ ਲੱਤਾਂ ਨਾਲ ਚਿੰਬੜ ਜਾਵੇਗਾ। ਕੋਈ ਅਲੋਕਾਰੀ ਘਟਨਾ ਘਟੇਗੀ? ਨਹੀਂ, ਇਹ ਤਾਂ ਭਾਵਾਵੇਗ ਸੀ। ਸੱਠ ਸਾਲ ਦਾ ਮੈਂ ਪੱਥਰ ਦੇ ਬੁੱਤ ਵਾਂਗ ਅਹਿੱਲ ਖੜ੍ਹਾ ਸੀ। ਜਿਹਦੇ ਵਿੱਚ ਪੰਜਾਹ ਵਰ੍ਹੇ ਪਹਿਲਾਂ ਵਾਲੇ ਬਾਲ ਦੀ ਸੁੱਤੀ ਰੂਹ ਜਾਗ ਉੱਠੀ ਸੀ ਤੇ ਪ੍ਰਬਲ ਹੋ ਰਹੀ ਸੀ। ਅਚਾਨਕ ਕਿਸੇ ਔਰਤ ਦੀ ਆਵਾਜ਼ ਕੰਨੀਂ ਪਈ। ਜਿਵੇਂ ਕਿਸੇ ਮਾਂ ਨੇ ਆਪਣੇ ਬੱਚੇ ਨੂੰ ਹਾਕ ਮਾਰੀ ਹੋਵੇ। ਮੇਰੇ ਪੱਥਰ ਬੁੱਤ ਨੇ ਇਕਦਮ ਅੱਖਾਂ ਝਮਕੀਆਂ, ਸਰੀਰ ਮੁੜ ਹਰਕਤ ਵਿੱਚ ਆ ਗਿਆ। ਮੈਂ ਕਮਰਿਆਂ ਵੱਲ ਵਧਿਆ, ਸਭ ਪਾਸੇ ਝਾਤੀ ਮਾਰੀ, ਕੋਈ ਵੀ ਮੌਜੂਦ ਨਹੀਂ ਸੀ। ਜਿਧਰੋਂ ਹਾਕ ਸੁਣੀ ਸੀ ਓਧਰਲੀ ਕੰਧ ਉੱਪਰੋਂ ਦੇਖਿਆ, ਪਰ ਕੋਈ ਨਹੀਂ ਦਿਸਿਆ। ਘੋਰ ਉਦਾਸੀ ਦੇ ਬੱਦਲ ਛਟ ਗਏ ਸਨ। ਰੂਹ ਦਾ ਪੰਛੀ ਅਸਮਾਨ ਵਿੱਚ ਵਿਸਮਾਦੀ ਉਡਾਰੀਆਂ ਭਰਨ ਲੱਗਾ ਸੀ। ਅੱਖ ਦੇ ਪਲਕਾਰੇ ਵਿੱਚ ਹੀ ਮਾਸੂਮਗਾਹ ਦੀ ਵਲਗਣ ਅੰਦਰ ਸ਼ਰਧਾ ਦੇ ਫੁੱਲ ਖਿੜ ਗਏ ਸਨ। ਮੈਂ ਇੱਕ ਵਾਰ ਫਿਰ ਸਭ ਪਾਸੇ ਝਾਤੀ ਮਾਰੀ। ਪੰਜਾਹ ਸਾਲ ਪਹਿਲਾਂ ਵਾਲੇ ਅੱਠ-ਨੌਂ ਵਰ੍ਹਿਆਂ ਦੇ ਬਾਲ ਨੇ ਮਿੱਠੀ ਮੁਸਕਾਨ ਭਰ ਕੇ ਮੇਰਾ ਹੱਥ ਫੜ ਲਿਆ ਤੇ ਉਹ ਮੈਨੂੰ ਘਰ ਵਾਪਸ ਲੈ ਆਇਆ। ਉਸੇ ਬਾਜ਼ਾਰ ਰਾਹੀਂ ਜਿਹਦੇ ਵਿੱਚੀਂ ਉਹ ਦਾਦੀ ਮਾਂ ਨਾਲ ਪੰਜਾਹ ਵਰ੍ਹੇ ਪਹਿਲਾਂ ਸਕੂਲ ਦਾਖਲ ਹੋਣ ਲਈ ਗਿਆ ਸੀ। ਉਹ ਦਿਨ ਜਦੋਂ ਨਿੱਕੇ ਨਿੱਕੇ ਹੱਥਾਂ ਵਿੱਚ ਚਾਨਣ ਦਾ ਪੱਲਾ ਫੜਾਇਆ ਗਿਆ ਸੀ।
ਈਮੇਲ: baldevsingh2013@gmail.com