ਜਸਬੀਰ ਸਿੰਘ ਚਾਨਾ
ਫਗਵਾੜਾ, 20 ਸਤੰਬਰ
ਇੱਥੋਂ ਦੇ ਮੁਹੱਲਾ ਮਨਸਾ ਦੇਵੀ ਨਗਰ ਖੇਤਰ ਵਿੱਚ ਇੱਕ ਵਪਾਰੀ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੇ ਸਬੰਧ ਵਿੰਚ ਪੁਲੀਸ ਜਾਂਚ ਤੋਂ ਸੰਤੁਸ਼ਟ ਨਾ ਹੋਣ ’ਤੇ ਅੱਜ ਪੀੜਤ ਪਰਿਵਾਰ ਨੇ ਲੁਧਿਆਣਾ-ਜਲੰਧਰ ਜੀਟੀ ਰੋਡ ’ਤੇ ਖੰਡ ਮਿੱਲ ਚੌਕ ਵਿੱਚ ਜਾਮ ਲਗਾ ਦਿੱਤਾ। ਮ੍ਰਿਤਕ ਦੇ ਪਰਿਵਾਰ ਵੱਲੋਂ ਇਨਸਾਫ਼ ਲਈ ਲਗਾਏ ਧਰਨੇ ’ਚ ਮਾਹੌਲ ਉਸ ਸਮੇਂ ਗੰਭੀਰ ਹੋ ਗਿਆ ਜਦੋਂ ਪੁਲੀਸ ਤੋਂ ਖ਼ਫ਼ਾ ਹੋ ਕੇ ਮ੍ਰਿਤਕ ਪੰਕਜ ਦੁੱਗਲ ਦੇ ਭਰਾ ਗੌਰਵ ਦੁੱਗਲ ਨੇ ਆਪਣਾ ਗਲਾ ਘੁੱਟ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਮੌਕੇ ’ਤੇ ਮੌਜੂਦ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ। ਉਸ ਦੇ ਦੂਸਰੇ ਭਰਾ ਨਵਦੀਪ ਦੁੱਗਲ ਨੇ ਦੱਸਿਆ ਕਿ ਕਤਲ ਤੋਂ ਬਾਅਦ ਪੁਲੀਸ ਉਨ੍ਹਾਂ ਨੂੰ ਇਨਸਾਫ਼ ਦਾ ਭਰੋਸਾ ਦਿੰਦੀ ਰਹੀ। ਅੱਜ ਜਦੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਐੱਸਐੱਸਪੀ ਨੇ ਸੰਖੇਪ ਗੱਲ ਕਰ ਕੇ ਹੀ ਸਾਰੇ ਮਾਮਲੇ ਨੂੰ ਨਿਬੇੜ ਦਿੱਤਾ ਤੇ ਕਥਿਤ ਦੋਸ਼ੀਆਂ ਨੂੰ ਪੱਤਰਕਾਰਾਂ ਦੇ ਸਾਹਮਣੇ ਵੀ ਨਹੀਂ ਲਿਆਂਦਾ ਗਿਆ ਤਾਂ ਇਸ ਤੋਂ ਖ਼ਫ਼ਾ ਪਰਿਵਾਰਕ ਮੈਂਬਰਾਂ ਨੇ ਉਸੇ ਸਮੇਂ ਜੀਟੀ ਰੋਡ ਜਾਮ ਕਰ ਦਿੱਤਾ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਪੁਲੀਸ ਨੇ ਉਨ੍ਹਾਂ ਦੇ ਗੁਆਂਢੀ ਹਰਮਨਪ੍ਰੀਤ ਸਿੰਘ, ਉਸ ਦੇ ਸਾਥੀ ਨਰੇਸ਼ ਹਾਂਡਾ ਨੂੰ ਤਾਂ ਕੇਸ ਵਿੱਚ ਨਾਮਜ਼ਦ ਕਰ ਲਿਆ ਹੈ ਪਰ ਮੁਲਜ਼ਮ ਦੀ ਮਾਂ ਨੂੰ ਨਾਮਜ਼ਦ ਨਹੀਂ ਕੀਤਾ ਗਿਆ ਹੈ ਜਦਕਿ ਉਹ ਵੀ ਸਾਜ਼ਿਸ਼ ’ਚ ਸ਼ਾਮਿਲ ਸੀ। ਪਰਿਵਾਰ ਉਸ ਸਮੇਂ ਹੋਰ ਭੜਕ ਗਿਆ ਜਦੋਂ ਪੋਸਟਮਾਰਟਮ ਲਈ ਪਰਿਵਾਰ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਪਰ ਪੁਲੀਸ ਵੱਲੋਂ ਡਾਕਟਰਾਂ ਨੂੰ ਭੇਜੀ ਗਈ ਰਿਪੋਰਟ ’ਚ ਚੱਲੀਆਂ ਗੋਲੀਆਂ ਦੇ ਖੋਲ੍ਹਾਂ ਦਾ ਕਾਗਜ਼ਾਤ ਨਹੀਂ ਲਗਾਇਆ, ਜਿਸ ਕਾਰਨ ਪੋਸਟਮਾਰਟਮ ਨਹੀਂ ਹੋਇਆ। ਇਸ ਤੋਂ ਖ਼ਫ਼ਾ ਪਰਿਵਾਰਕ ਮੈਂਬਰਾਂ ਨੇ ਸੜਕ ’ਤੇ ਜਾਮ ਲਗਾ ਦਿੱਤਾ। ਮੌਕੇ ’ਤੇ ਪੁੱਜੇ ਐੱਸ.ਪੀ. ਗੁਰਪ੍ਰੀਤ ਸਿੰਘ ਗਿੱਲ ਨੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਤੇ ਇਨਸਾਫ਼ ਦਾ ਭਰੋਸਾ ਦਿੱਤਾ।
ਵਪਾਰੀ ਦੇ ਕਤਲ ਮਾਮਲੇ ’ਚ ਗੁਆਂਢੀ ਤੇ ਉਸ ਦਾ ਦੋਸਤ ਗ੍ਰਿਫ਼ਤਾਰ
ਪੁਲੀਸ ਨੇ ਵਪਾਰੀ ਦੇ ਕਤਲ ਕੇਸ ਦੀ ਗੁੱਥ ਸੁਲਝਾਉਂਦਿਆਂ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਪਾਸੋਂ ਦੋ ਗੱਡੀਆਂ, ਰਿਵਾਲਵਰ, ਰੌਂਦ ਤੇ ਖੋਲ੍ਹ ਬਰਾਮਦ ਕੀਤੇ ਹਨ। ਐੱਸਐੱਸਪੀ ਰਾਜਪਾਲ ਸਿੰਘ ਨੇ ਦੱਸਿਆ ਕਿ 18 ਸਤੰਬਰ ਦੀ ਰਾਤ ਨੂੰ ਪੰਕਜ ਦੁੱਗਲ ਦੇ ਘਰ ਇੱਕ ਵਿਅਕਤੀ ਆਇਆ ਸੀ ਜਿਸ ਨੇ ਪੰਕਜ ਦੇ ਬਾਹਰ ਆਉਂਦਿਆਂ ਹੀ ਗੋਲੀਆਂ ਮਾਰ ਕੇ ਉਸ ਨੂੰ ਕਤਲ ਕਰ ਦਿੱਤਾ ਸੀ। ਇਸ ਸਬੰਧ ’ਚ ਪੁਲੀਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਸੀ। ਜਾਂਚ ਤੋਂ ਬਾਅਦ ਮ੍ਰਿਤਕ ਦੇ ਗੁਆਂਢੀ ਹਰਮਨਪ੍ਰੀਤ ਸਿੰਘ ਨੂੰ ਕਾਰ ਸਮੇਤ ਕਾਬੂ ਕੀਤਾ ਗਿਆ ਤੇ ਉਸ ਪਾਸੋਂ ਪੁੱਛਗਿੱਛ ਕੀਤੀ ਗਈ। ਉਸ ਨੇ ਮੰਨਿਆ ਕਿ ਉਸ ਨੇ ਘਟਨਾ ਨੂੰ ਅੰਜਾਮ ਨਰੇਸ਼ ਹਾਂਡਾ ਵਾਸੀ ਸੂਰਾ ਐਨਕਲੇਵ ਨਾਲ ਮਿਲ ਕੇ ਦਿੱਤਾ ਸੀ।