ਤੇਜਾ ਸਿੰਘ ਤਿਲਕ
ਪੁਸਤਕ ਪੜਚੋਲ
ਕਿਤਾਬ ‘ਗੁਰੂ ਰਵਿਦਾਸ ਪ੍ਰਗਾਸੁ ਦੀ ਖੋਜ’ ਉੱਭਰ ਰਹੇ ਸਾਹਿਤ ਇਤਿਹਾਸ ਦੇ ਖੋਜੀ, ਸਿੱਖਿਆ ਵਿਭਾਗ ਵਿੱਚੋਂ ਜ਼ਿਲ੍ਹਾ ਅਫ਼ਸਰ ਵਜੋਂ ਸੇਵਾਮੁਕਤ ਹੋਏ ਰੂਪ ਲਾਲ ਰੂਪ ਦੀ ਵੱਡ-ਆਕਾਰੀ ਪੁਸਤਕ ਹੈ। ਇਹ ਪੁਸਤਕ ਲੇਖਕ ਦੀ ਉਮਰ ਭਰ ਦੀ ਘਾਲਣਾ ਦਾ ਨਤੀਜਾ ਹੈ। ਲੇਖਕ ਨੇ ਭਗਤੀ ਲਹਿਰ ਦੇ ਮਹਾਨ ਸਿਤਾਰੇ ਸੰਤ-ਸ਼ਿਰੋਮਣੀ ਰਵਿਦਾਸ ਜੀ ਬਾਰੇ ਵੱਡਮੁੱਲੀ ਵਿਚਾਰ ਤੇ ਖੋਜ ਕਰਨ ਉਪਰੰਤ ਸਿੱਟੇ ਕੱਢੇ ਹਨ। ਭਾਵੇਂ ਉਸ ਦੇ ਆਪਣੇ ਮੰਨਣ ਅਨੁਸਾਰ ਵੀ ਅਜੇ ਬਹੁਤ ਕੁਝ ਹੋਰ ਲੱਭੇ ਜਾਣ ਦੀ ਗੁੰਜਾਇਸ਼ ਹੈ, ਪਰ ਫਿਰ ਵੀ ਕਾਫ਼ੀ ਨੁਕਤੇ ਤੱਥਾਂ ਤੇ ਪ੍ਰਮਾਣਾਂ ਅਨੁਸਾਰ ਸਪੱਸ਼ਟ ਕੀਤੇ ਗਏ ਹਨ। ਭਾਵੇਂ ਭਗਤ ਜੀ ਬਾਰੇ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਵਿੱਚ ਅਨੇਕ ਵਿਦਵਾਨਾਂ ਨੇ ਖੋਜ ਕੀਤੀ ਹੈ। ਪੰਜਾਬ, ਪੰਜਾਬੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਵਿਸ਼ੇਸ਼ ਚੇਅਰਾਂ ਵੀ ਸਥਾਪਿਤ ਹੋਈਆਂ, ਪਰ ਸੁਯੋਗ ਲੇਖਕ ਨੇ ਚੇਅਰ ਮੁਖੀਆਂ ਤੇ ਉਨ੍ਹਾਂ ਅਧੀਨ ਡਾਕਟਰੇਟ ਦੀ ਡਿਗਰੀ ਪ੍ਰਾਪਤ ਥੀਸਜ਼ਾਂ ਦੇ ਕਈ ਨਿਰਣਿਆਂ ਨੂੰ ਰੱਦ ਕੀਤਾ ਹੈ। ਇਉਂ ਰੂਪ ਲਾਲ ਰੂਪ ਦੀ ਇਹ ਪੁਸਤਕ ਅਗਲੇਰੇ ਖੋਜਾਰਥੀਆਂ ਲਈ ਨਵੇਂ ਦਿਸਹੱਦੇ ਸਿਰਜਦੀ ਹੈ। ਇਕੱਲੇ ਵਿਅਕਤੀ ਵੱਲੋਂ ਕੀਤਾ ਗਿਆ ਇਹ ਕਾਰਜ ਕਿਸੇ ਵਿੱਦਿਅਕ ਸੰਸਥਾ ਵੱਲੋਂ ਕੀਤੇ ਕਿਸੇ ਖੋਜ ਕਾਰਜ ਨਾਲੋਂ ਵਡੇਰਾ ਹੈ।
ਲੇਖਕ ਨੇ ਪੁਸਤਕ ਨੂੰ ਬਾਰਾਂ ਭਾਗਾਂ ਵਿੱਚ ਵੰਡਿਆ ਹੈ ਜੋ ਸਮਕਾਲੀ ਪ੍ਰਸਥਿਤੀਆਂ, ਜੀਵਨ ਬਿਉਰਾ, ਨਾਮ: ਸ਼ੰਕਾਵਾਂ ਦੀ ਨਵਿਰਤੀ, ਮਹਿਮਾ, ਬਾਣੀ ਦੀ ਪ੍ਰਮਾਣਿਕਤਾ, ਬਾਣੀ ਦਾ ਸਰਬੋਤਮ ਸੁਰ, ਰਾਣੀ ਝਾਲੀ ਤੇ ਮੀਰਾਂ ਬਾਈ, ਯਾਤਰਾਵਾਂ, ਗੁਰੂ ਨਾਨਕ ਤੇ ਚੇਤੰਨਯਾ ਮਹਾਪ੍ਰਭੂ ਨਾਲ ਮਿਲਾਪ, ਬਾਣੀ, ਸ਼ਲੋਕ ਤੇ ਸਹਾਇਕ ਪੁਸਤਕ ਸੂਚੀ ਦੇ ਰੂਪ ਵਿੱਚ ਹਨ। ਵਿਦਵਾਨ ਲੇਖਕ ਨੇ ਲਗਭਗ ਹਰ ਪਹਿਲਾਂ ਛਪੇ ਗ੍ਰੰਥ ਨੂੰ ਵਾਚਿਆ ਹੈ। ਤੁਲਨਾਤਮਕ ਵਿਧੀ, ਇਤਿਹਾਸਕ ਸੰਨ-ਸੰਮਤਾਂ ਤੇ ਹੋਰ ਕਈ ਪ੍ਰਮਾਣਾਂ ਤੋਂ ਸਪੱਸ਼ਟ ਨਿਰਣੇ ਦਿੱਤੇ ਹਨ ਭਾਵੇਂ ਕੋਈ ਖੋਜੀ ਇਸ ’ਤੇ ਵੀ ਉਟੰਕਣ ਕਰੇ, ਪਰ ਲੇਖਕ ਨੇ ਆਪ ਦੁਬਿਧਾ ਵਿੱਚ ਨਾ ਪੈ ਕੇ ਖੋਜ ਸਿੱਟਾ ਅਧੂਰਾ ਨਹੀਂ ਰੱਖਿਆ ਜਿਵੇਂ ਜੀਵਨ-ਬਿਉਰੇ ਵਿੱਚ ਮਾਘ ਸੁਦੀ 15, ਬਿਕਰਮੀ 1471 (1414 ਈ.) ਦਿਨ ਸ਼ੁੱਕਰਵਾਰ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਵਸ ਮੰਨਿਆ ਹੈ। ਇਸ ਬਾਰੇ ਪੂਰੀਆਂ ਨੌਂ ਸਾਰਣੀਆਂ ਤੇ ਵਿਚਾਰ-ਵਿਸ਼ਲੇਸ਼ਣ ਕਰਕੇ ਨਿਰਣਾ ਕੀਤਾ ਗਿਆ ਹੈ। ਇਵੇਂ ਹੀ ਨਾਮ, ਜਨਮ ਸਥਾਨ (ਮੰਡੂਆ ਡੀਹ, ਨੇੜੇ ਬਨਾਰਸ ਕਾਸ਼ੀ), ਮਾਤਾ-ਪਿਤਾ, ਵਿਆਹ, ਪਰਿਵਾਰ ਤੇ ਜੋਤੀ ਜੋਤ (ਹਾੜ ਦੀ ਸੰਗਰਾਂਦ 1597 ਬਿ./1540 ਈ. ਕਾਸ਼ੀ ਵਿਖੇ) ਬਾਰੇ ਸਾਫ਼ ਨਿਚੋੜ ਕੱਢੇ ਗਏ ਹਨ। ਰਵਿਦਾਸ ਜੀ ਦੇ ਗੁਰੂ ਬਾਰੇ ਸਿੱਧ ਕੀਤਾ ਹੈ ਕਿ ਪਾਰਬ੍ਰਹਮ ਆਪ ਹੀ ਉਨ੍ਹਾਂ ਦੇ ਗੁਰੂ ਸਨ। ਰਵਿਦਾਸ ਮਹਿਮਾ ਵਿੱਚ 124 ਪੰਜਾਬੀ, 72 ਹਿੰਦੀ, 18 ਅੰਗਰੇਜ਼ੀ ਅਖ਼ਬਾਰਾਂ ਅਤੇ 12 ਰਸਾਲਿਆਂ ਦੇ ਹਵਾਲੇ ਦਿੰਦਿਆਂ 32 ਲੇਖਕਾਂ ਅਤੇ ਹੋਰਾਂ ਦੇ ਕਥਨ ਪੇਸ਼ ਕੀਤੇ ਹਨ।
ਸੁੱਘੜ ਵਿਦਵਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 40 ਸ਼ਬਦ ਪ੍ਰਮਾਣਿਕ ਮੰਨੇ ਹਨ, ਪਰ 126 ਸ਼ਬਦ ਤੇ 216 ਸ਼ਲੋਕ ਹੋਰ ਸਰੋਤਾਂ ਤੋਂ ਸ਼ਾਮਿਲ ਕਰ ਕੇ ਇੱਥੇ ਲੇਖਕ ਪੂਰਨ ਪ੍ਰਮਾਣਿਤ ਨਹੀਂ ਕਰ ਸਕਿਆ। ਇਸ ਬਾਰੇ ਵੱਖਰੇ ਤੌਰ ’ਤੇ ਵਧੇਰੇ ਕਾਰਜ ਕੀਤੇ ਜਾਣ ਦੀ ਲੋੜ ਹੈ। ਰਾਣੀ ਝਾਲੀ ਤੇ ਮੀਰਾਂ ਦੇ ਗੁਰੂ ਰਵਿਦਾਸ ਜੀ ਦੇ ਸਮੇਂ ਹੋਣ ਬਾਰੇ ਕਾਫ਼ੀ ਸਮਾਂ ਲੁਕਾਇਆ ਗਿਆ। ਹੁਣ ਕੁਝ ਸਮੇਂ ਤੋਂ ਇਹ ਪ੍ਰਮਾਣਾਂ ਸਮੇਤ ਸਾਹਮਣੇ ਆਉਣ ਲੱਗਿਆ ਹੈ। ਇੱਥੇ ਲੇਖਕ ਦੀ ਖੋਜ ਇਤਿਹਾਸਕ ਪੱਖੋਂ ਸ਼ਕਤੀਸ਼ਾਲੀ ਹੈ। ਇਉਂ ਹੀ ਯਾਤਰਾਵਾਂ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ, ਕਬੀਰ, ਸਾਧਨਾ, ਧੰਨਾ ਤੇ ਸੈਣ ਨਾਲ ਮਿਲਾਪ ਦਾ ਜ਼ਿਕਰ ਮਿਲਦਾ ਹੈ, ਪਰ ਚੇਤੰਨਯਾ ਮਹਾਂਪ੍ਰਭੂ ਨਾਲ ਮਿਲਾਪ ਨਵੀਨ ਮੌਲਿਕ ਖੋਜ ਹੈ। ਅਜਿਹੇ ਹੋਰ ਵੀ ਤੰਦ ਜੁੜ ਸਕਦੇ ਹਨ।
ਪੁਸਤਕ ਅਤਿ ਸੁੰਦਰ ਛਪੀ ਹੈ। ਛਾਪੇ ਤੇ ਪਰੂਫ਼ ਦੀਆਂ ਅਸ਼ੁੱਧੀਆਂ ਨਾਂ-ਮਾਤਰ ਹਨ। ਇੰਨੇ ਵੱਡੇ ਆਕਾਰ ਦੀ ਹੋ ਕੇ ਵੀ ਪੁਸਤਕ ਰੌਚਿਕ ਹੈ, ਪੜ੍ਹਨ ਲਈ ਉਕਸਾਉਂਦੀ ਹੈ। ਅਜਿਹੀ ਖੋਜ ਪੁਸਤਕ ਨੂੰ ਉਤਸ਼ਾਹਿਤ ਕਰਨਾ ਬਣਦਾ ਹੈ। ਪਾਠਕ, ਖੋਜਾਰਥੀ, ਗੁਰਬਾਣੀ ਦੇ ਰਸੀਏ ਇਸ ਤੋਂ ਲਾਹਾ ਲੈ ਸਕਦੇ ਹਨ।
ਸੰਪਰਕ: 98766-36159