ਟੋਰਾਂਟੋ, 23 ਸਤੰਬਰ
ਸਿੱਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਪੰਨੂ ਵੱਲੋਂ ਵੀਡੀਓ ਪਾ ਕੇ ਕੈਨੇਡਾ ਰਹਿ ਰਹੇ ਹਿੰਦੂਆਂ ਨੂੰ ਮੁਲਕ ਛੱਡ ਕੇ ਜਾਣ ਦੀ ਦਿੱਤੀ ਗਈ ਧਮਕੀ ਮਗਰੋਂ ਕੈਨੇਡਾ ਸਰਕਾਰ ਦੇ ਮੰਤਰੀਆਂ ਅਤੇ ਹੋਰ ਆਗੂਆਂ ਨੇ ਇਸ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਮੁਲਕ ’ਚ ਹਿੰਦੂ ਸੁਰੱਖਿਅਤ ਹਨ ਅਤੇ ਉਨ੍ਹਾਂ ਦਾ ਕੈਨੇਡਾ ਆਉਣ ’ਤੇ ਸਵਾਗਤ ਹੋਵੇਗਾ। ਜਨਤਕ ਸੁਰੱਖਿਆ ਬਾਰੇ ਮੰਤਰੀ ਡੋਮੀਨਿਕ ਲੀਬਲਾਂਕ ਨੇ ‘ਐਕਸ’ ’ਤੇ ਕਿਹਾ ਕਿ ਨਫ਼ਰਤ, ਜਬਰ, ਡਰਾਵੇ ਜਾਂ ਭੜਕਾਹਟ ਲਈ ਮੁਲਕ ’ਚ ਕੋਈ ਥਾਂ ਨਹੀਂ ਹੈ।
ਨਿਊ ਡੈਮੋਕਰੈਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਅਤੇ ਕੰਜ਼ਰਵੇਟਿਵ ਆਗੂ ਪੀਅਰੇ ਪੋਇਲੀਵਰੇ ਨੇ ਕਿਹਾ ਕਿ ਕੈਨੇਡਾ ’ਚ ਹਿੰਦੂ ਰਹਿਣ ਦੇ ਹੱਕਦਾਰ ਹਨ। ਜਗਮੀਤ ਨੇ ਐਕਸ ’ਤੇ ਕਿਹਾ ਕਿ ਜਿਹੜੇ ਇਸ ਦੇ ਉਲਟ ਸੋਚਦੇ ਹਨ, ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣ, ਹਮਦਰਦੀ ਅਤੇ ਦਿਆਲਤਾ ਦੀ ਭਾਵਨਾ ਨੂੰ ਨਹੀਂ ਸਮਝਦੇ ਹਨ। ਟਰੂਡੋ ਦੀ ਪਾਰਟੀ ਦੇ ਭਾਰਤੀ-ਕੈਨੇਡੀਅਨ ਕਾਨੂੰਨਸਾਜ਼ ਚੰਦਰ ਆਰਿਆ ਨੇ ਅਤਿਵਾਦ ਨੂੰ ਵਡਿਆਉਣ ਅਤੇ ਕੈਨੇਡਾ ’ਚ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਮ ’ਤੇ ਹਿੰਦੂਆਂ ਨੂੰ ਨਿਸ਼ਾਨਾ ਬਣਾਉਣ ’ਤੇ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਸੀ। ਕੈਨੇਡਾ ਦੇ ਇਕ ਹੋਰ ਮੰਤਰੀ ਹਰਜੀਤ ਸਿੰਘ ਸੱਜਣ ਨੇ ਵੀ ’ਐਕਸ’ ’ਤੇ ਪੋਸਟ ਪਾ ਕੇ ਕਿਹਾ ਸੀ ਕਿ ਸਾਰੇ ਹਿੰਦੂਆਂ ਦਾ ਕੈਨੇਡਾ ’ਚ ਸਵਾਗਤ ਹੈ। -ਪੀਟੀਆਈ