ਹਰਜੀਤ ਸਿੰਘ
ਡੇਰਾਬੱਸੀ, 24 ਸਤੰਬਰ
ਡੇਰਾਬੱਸੀ ਤਹਿਸੀਲ ਵਿੱਚ ਜਾਅਲੀ ਐਨਓਸੀ ਦੇ ਆਧਾਰ ’ਤੇ ਨਾਜਾਇਜ਼ ਕਲੋਨੀਆਂ ਵਿੱਚ ਪਲਾਟਾਂ ਦੀ ਰਜਿਸਟਰੀਆਂ ਹੋਣ ਦਾ ਕਥਿਤ ਫਰਜ਼ੀਵਾੜਾ ਸਾਹਮਣੇ ਆਇਆ ਹੈ। ਹੁਣ ਤੱਕ ਇਕ ਜਾਅਲੀ ਐੱਨਓਸੀ (ਇਤਰਾਜ਼ ਨਹੀਂ ਸਰਟੀਫਿਕੇਟ) ਸਾਹਮਣੇ ਆ ਚੁੱਕੀ ਹੈ ਜਿਸ ਦੀ ਨਗਰ ਕੌਂਸਲ ਵੱਲੋਂ ਪੁਸ਼ਟੀ ਕੀਤੀ ਗਈ ਹੈ। ਦੂਜੇ ਪਾਸੇ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਨੇ ਡੇਰਾਬੱਸੀ ਤਹਿਸੀਲ ਤੋਂ ਲੰਘੇ ਦੋ ਸਾਲਾ ’ਚ ਹੋਈਆਂ ਰਜਿਸਟਰੀਆਂ ਦਾ ਰਿਕਾਰਡ ਮੰਗਿਆ ਹੈ।
ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੇ ਹੀ ਸੂਬੇ ਵਿੱਚ ਨਾਜਾਇਜ਼ ਕਲੋਨੀਆਂ ਦੀ ਰਜਿਸਰਟੀਆਂ ’ਤੇ ਪੂਰਨ ਤੌਰ ’ਤੇ ਪਾਬੰਦੀ ਲਾ ਦਿੱਤੀ ਗਈ ਸੀ। ਮਾਲ ਮਹਿਕਮੇ ਨੂੰ ਕਿਸੇ ਵੀ ਪ੍ਰਾਪਰਟੀ ਦੀ ਰਜਿਸਟਰੀ ਕਰਨ ਤੋਂ ਪਹਿਲਾਂ ਸਬੰਧਿਤ ਮਹਿਕਮੇ ਤੋਂ ਐੱਨਓਸੀ ਲੈਣੀ ਲਾਜ਼ਮੀ ਕਰ ਦਿੱਤੀ ਗਈ ਸੀ। ਨਿਯਮ ਮੁਤਾਬਕ ਸਬੰਧਿਤ ਨਗਰ ਕੌਂਸਲ ਜਾਂ ਗਮਾਡਾ ਵੱਲੋਂ ਸਿਰਫ਼ ਉਸੇ ਪਲਾਟ ਦੀ ਐੱਨਓਸੀ ਦਿੱਤੀ ਜਾਂਦੀ ਜੋ ਕਲੋਨੀ ਜਾਂ ਪਲਾਟ ਸਰਕਾਰ ਦੇ ਨਿਯਮ ਮੁਤਾਬਕ ਬਣਦੀ ਫੀਸ ਭਰ ਕੇ ਰੈਗੂਲਾਈਜ਼ ਕਰਵਾਇਆ ਜਾਂਦਾ ਹੈ। ਇਸ ਦੀ ਫੀਸ ਲੱਖਾਂ ਰੁਪਏ ਵਿੱਚ ਹੈ ਜਿਸ ਤੋਂ ਬਚਣ ਲਈ ਖੇਤਰ ਵਿੱਚ ਕੁਝ ਨਾਜਾਇਜ਼ ਕਲੋਨੀਆਂ ਵਿੱਚ ਪ੍ਰਾਪਰਟੀ ਡੀਲਰਾਂ ਵੱਲੋਂ ਜਾਅਲੀ ਐੱਨਓਸੀ ਦੇ ਆਧਾਰ ’ਤੇ ਪਲਾਟਾਂ ਰਜਿਸਟਰੀਆਂ ਕਰਵਾਉਣ ਦਾ ਕਥਿਤ ਗੋਰਖਧੰਦਾ ਚਾਲੂ ਕੀਤਾ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲੰਘੇ ਦਿਨੀਂ ਕਾਫੀ ਵੱਡੇ ਪੱਧਰ ’ਤੇ ਅਜਿਹੀ ਰਜਿਸਟਰੀਆਂ ਹੋਈ ਹਨ। ਇਸ ਗੋਰਖਧੰਦੇ ਵਿੱਚ ਤਹਿਸੀਲ ’ਚ ਬੈਠੇ ਕੁਝ ਅਰਜ਼ੀ ਨਵੀਸ, ਪ੍ਰਾਪਰਟੀ ਡੀਲਰ ਤੇ ਕਲੋਨਾਈਜ਼ਰ ਸ਼ਾਮਲ ਹਨ। ਮਾਮਲਾ ਧਿਆਨ ’ਚ ਆਉਣ ਮਗਰੋਂ ਹੁਣ ਤੱਕ ਜਾਅਲੀ ਐੱਨਓਸੀ ਨਾਲ ਇਕ ਕਲੋਨੀ ਵਿੱਚ ਹੋਈ ਪਲਾਟ ਦੀ ਰਜਿਸਟਰੀ ਸਾਹਮਣੇ ਆ ਚੁੱਕੀ ਹੈ। ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਵਰਿੰਦਰ ਜੈਨ ਨੇ ਕਿਹਾ ਕਿ ਮਾਮਲਾ ਧਿਆਨ ਵਿੱਚ ਆਉਣ ਮਗਰੋਂ ਤਹਿਸੀਲ ਸਾਲ 2022 ਵਿੱਚ ਹੋਈ ਸਾਰੀ ਰਜਿਸਟਰੀਆਂ ਦਾ ਰਿਕਾਰਡ ਮੰਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੀ ਜਾਅਲੀ ਐੱਨਓਸੀ ਸਾਹਮਣੇ ਆਈ ਹੈ ਉਸ ਦਾ ਬਾਰ ਕੋਡ ਸਕੈਨ ਕਰਨ ’ਤੇ ਪੂਰੀ ਜਾਣਕਾਰੀ ਸਹੀ ਆ ਰਹੀ ਹੈ। ਉਨ੍ਹਾਂ ਮੁਤਾਬਕ ਇਸ ਪਿੱਛੇ ਕੋਈ ਵੱਡਾ ਗਰੋਹ ਕੰਮ ਕਰ ਰਿਹਾ ਹੈ ਜਿਸ ਦਾ ਛੇਤੀ ਖੁਲਾਸਾ ਹੋਵੇਗਾ।
ਕਾਰਵਾਈ ਹੋਵੇਗੀ: ਤਹਿਸੀਲਦਾਰ
ਤਹਿਸੀਲਦਾਰ ਕੁਲਦੀਪ ਸਿੰਘ ਨੇ ਕਿਹਾ ਕਿ ਨਗਰ ਕੌਂਸਲ ਨੂੰ ਲੰਘੇ ਦਿਨਾਂ ਵਿੱਚ ਹੋਈ ਸਾਰੀ ਰਜਿਸਟਰੀਆਂ ਭੇਜ ਕੇ ਐੱਨਓਸੀ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ ਜਿਸ ਮਗਰੋਂ ਕਾਰਵਾਈ ਕੀਤੀ ਜਾਏਗੀ।