ਫਰੀਦਾਬਾਦ (ਪੱਤਰ ਪ੍ਰੇਰਕ): ਡੀਸੀ ਵਿਕਰਮ ਸਿੰਘ ਨੇ ਦੱਸਿਆ ਕਿ ਬੀਤੇ ਸੋਮਵਾਰ ਅਜਰੌਂਦਾ ਸਥਿਤ ਪਟਵਾਰਖਾਨੇ ਦੀ ਜਾਂਚ ਦੌਰਾਨ ਫਰੀਦਾਬਾਦ ਸ਼ਹਿਰ ਦੇ ਪਟਵਾਰੀ ਪ੍ਰਤੀਕ ਮੰਗਲਾ ਅਤੇ ਅਜਰੌਂਦਾ ਦੇ ਪਟਵਾਰੀ ਕ੍ਰਿਸ਼ਨ ਪਾਲ ਡਿਊਟੀ ’ਤੇ ਹਾਜ਼ਰ ਨਾ ਹੋਣ ਕਾਰਨ ਦੋਵਾਂ ਪਟਵਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਤਿੰਨ ਪਟਵਾਰੀਆਂ ਨੂੰ ਮੁਅੱਤਲ ਵੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗਾਊਂਚੀ ਦੇ ਸਹਾਇਕ ਪਟਵਾਰੀ ਮਨੋਜ ਕੁਮਾਰ ਨੂੰ ਐਂਟੀ ਕੁਰੱਪਸ਼ਨ ਬਿਊਰੋ ਨੇ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਮਗਰੋਂ ਇਸ ਮਾਮਲੇ ਵਿੱਚ ਮਨੋਜ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਗਿਆ। ਪਿੰਡ ਪਯਾਲਾ ਦੇ ਪਟਵਾਰੀ ਰਵਿੰਦਰ ਕੁਮਾਰ ਖ਼ਿਲਾਫ਼ ਸਮੇਂ ਸਿਰ ਕੰਮ ਨਾ ਕਰਨ ਦੀ ਸ਼ਿਕਾਇਤ ਮਗਰੋਂ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਬੱਲਭਗੜ੍ਹ ਦੇ ਪਟਵਾਰੀ ਦੇ ਖ਼ਿਲਾਫ਼ ਅਨੁਸ਼ਾਸਨਹੀਣਤਾ ਦੀ ਸ਼ਿਕਾਇਤ ਦੀ ਜਾਂਚ ਮਗਰੋਂ ਪਟਵਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।