ਡੀਪੀਐੱਸ ਬੱਤਰਾ
ਸਮਰਾਲਾ, 25 ਸਤੰਬਰ
ਆਮ ਆਦਮੀ ਪਾਰਟੀ ਦੇ ਆਗੂ ਮੇਜਰ ਸਿੰਘ ਬਾਲਿਓ ਵੱਲੋਂ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੀ ਹਾਜ਼ਰੀ ਵਿੱਚ ਮਾਰਕੀਟ ਕਮੇਟੀ ਸਮਰਾਲਾ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ। ਇਸ ਮੌਕੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਵਿੱਚ ਬਣਾਏ ਜਾ ਰਹੇ ਪ੍ਰਾਈਵੇਟ ਸਾਇਲੋ ਗੁਦਾਮਾਂ ਨਾਲ ਅਨਾਜ ਮੰਡੀਆਂ ਜੋੜਨ ਦੇ ਨਾਲ ਮੰਡੀ ਬੋਰਡ ਅਤੇ ਮਾਰਕੀਟ ਕਮੇਟੀਆਂ ਦੀ ਆਮਦਨ ’ਤੇ ਕੋਈ ਫਰਕ ਨਹੀਂ ਪਵੇਗਾ, ਕਿਉਂਕਿ ਫ਼ਸਲਾਂ ਦੀ ਬੋਲੀ ਅਨਾਜ ਮੰਡੀਆਂ ਵਿਚ ਹੀ ਹੁੰਦੀ ਰਹੇਗੀ। ਉਨ੍ਹਾਂ ਸੂਬੇ ਅੰਦਰ ਰਵਾਇਤੀ ਫ਼ਸਲਾਂ ਦਾ ਰੁਝਾਨ ਬਦਲ ਕੇ ਖੇਤੀ ਵਿਭਿੰਨਤਾ ਲਿਆਉਣ ’ਚ ਪਿੱਛਲੀਆਂ ਸਰਕਾਰਾਂ ਨੇ ਠੋਸ ਯਤਨ ਨਹੀਂ ਕੀਤੇ, ਪਰ ਸਾਡੀ ਸਰਕਾਰ ਪੰਜਾਬ ਵਿਚ ਕਿਸਾਨਾਂ ਦੇ ਹਿੱਤਾਂ ਲਈ ਖੇਤੀ ਵਿਭਿੰਨਤਾ ਲਿਆਉਣ ਦਾ ਕੰਮ ਮੁਕਮੰਲ ਤੌਰ ’ਤੇ ਕਰ ਕੇ ਵਿਖਾਵੇਗੀ ਜਿਸ ਵਿਚ ਬਾਗਬਾਨੀ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਵੇਗੀ। ਇਸ ਮੌਕੇ ਸਥਾਨਕ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਆਲਮਦੀਪ ਸਿੰਘ ਮੱਲਮਾਜਰਾ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਸਿੰਘ ਰਾਜੇਵਾਲ, ਨਵਜੀਤ ਸਿੰਘ ਉਟਾਲਾ, ਸ਼ਹਿਰੀ ਪ੍ਰਧਾਨ ਤੇਜਿੰਦਰ ਸਿੰਘ ਗਰੇਵਾਲ, ਸੁਖਵਿੰਦਰ ਸਿੰਘ ਗਿੱਲ ਆਦਿ ਵੀ ਹਾਜ਼ਰ ਸਨ।