ਹਾਂਗਜ਼ੂ: ਤਜਰਬੇਕਾਰ ਖਿਡਾਰੀ ਸੌਰਵ ਘੋਸ਼ਾਲ ਅਤੇ ਅਭੈ ਸਿੰਘ ਦੀ ਸ਼ਾਨਦਾਰ ਖੇਡ ਸਦਕਾ ਭਾਰਤੀ ਪੁਰਸ਼ ਸਕੁਐਸ਼ ਟੀਮ ਏਸ਼ਿਆਈ ਖੇਡਾਂ ਵਿੱਚ ਅੱਜ ਇੱਥੇ ਮਲੇਸ਼ੀਆ ’ਤੇ ਜਿੱਤ ਦਰਜ ਕਰਦਿਆਂ ਫਾਈਨਲ ’ਚ ਪਹੁੰਚ ਗਈ, ਜਿੱਥੇ ਉਸ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਵੇਗਾ। ਭਾਰਤੀ ਟੀਮ ਨੂੰ ਪੂਲ ਰਾਊਂਡ ਵਿੱਚ ਪਾਕਿਸਤਾਨ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਹੁਣ ਫਾਈਨਲ ਮੁਕਾਬਲੇ ਵਿੱਚ ਉਸ ਕੋਲ ਇਸ ਹਾਰ ਨੂੰ ਜਿੱਤ ’ਚ ਬਦਲਣ ਦਾ ਮੌਕਾ ਹੋਵੇਗਾ। ਸੌਰਵ ਅਤੇ ਅਭੈ ਨੇ ਆਪੋ-ਆਪਣੇ ਵਿਰੋਧੀਆਂ ਖ਼ਿਲਾਫ਼ ਬਰਾਬਰ 3-1 ਨਾਲ ਜਿੱਤ ਦਰਜ ਕੀਤੀ। ਅਭੈ ਨੇ 57 ਮਿੰਟ ਤੱਕ ਚੱਲੇ ਸ਼ੁਰੂਆਤੀ ਮੁਕਾਬਲੇ ਵਿੱਚ ਮੁਹੰਮਦ ਅਦੀਨ ਇਦਰਕੀ ਨੂੰ 11-3, 12-10, 9-11, 11-6 ਨਾਲ ਹਰਾਇਆ, ਜਦਕਿ ਸੌਰਵ ਨੇ ਇਆਨ ਯੂ ਐੱਨਜੀ ’ਤੇ 69 ਮਿੰਟ ਵਿੱਚ 11-8, 11-6, 12-10, 11-3 ਨਾਲ ਜਿੱਤ ਦਰਜ ਕਰਕੇ ਫਾਈਨਲ ਲਈ ਜਗ੍ਹਾ ਪੱਕੀ ਕੀਤੀ। ਸ਼ੁਰੂਆਤੀ ਦੋਵੇਂ ਮੁਕਾਬਲੇ ਜਿੱਤਣ ਮਗਰੋਂ ਮਹੇਸ਼ ਮਨਗਾਓਂਕਰ ਨੂੰ ਖੇਡਣ ਦੀ ਲੋੜ ਨਹੀਂ ਪਈ। ਇਸ ਤੋਂ ਪਹਿਲਾਂ ਭਾਰਤੀ ਮਹਿਲਾ ਸਕੁਐਸ਼ ਟੀਮ ਨੇ ਸੈਮੀਫਾਈਨਲ ਵਿੱਚ ਹਾਂਗਕਾਂਗ ਤੋਂ ਹਾਰਨ ਮਗਰੋਂ ਕਾਂਸੇ ਦਾ ਤਗ਼ਮਾ ਆਪਣੇ ਨਾਂ ਕੀਤਾ। ਜੋਸ਼ਨਾ ਚਨਿੱਪਾ, ਅਨਹਤ ਸਿੰਘ ਅਤੇ ਤਨਵੀ ਖੰਨਾ ਦੀ ਤਿੱਕੜੀ ਨੂੰ ਹਾਂਗਕਾਂਗ ਨੇ 1-2 ਨਾਲ ਹਰਾਇਆ। ਭਾਰਤੀ ਮਹਿਲਾ ਟੀਮ ਨੇ 2018 ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ ਸੀ। -ਪੀਟੀਆਈ