ਇਕਬਾਲ ਸਿੰਘ ਸ਼ਾਂਤ
ਲੰਬੀ, 1 ਅਕਤੂਬਰ
ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ‘ਆਪ’ ਵਿਧਾਇਕਾਂ ’ਤੇ ਨਸ਼ਾ ਤਸਕਰਾਂ ਨਾਲ ਕਥਿਤ ਮਿਲੀਭੁਗਤ ਦੇ ਦੋਸ਼ ਲਾਏ ਹਨ। ਸੁਖਬੀਰ ਬਾਦਲ ਅੱਜ ਲੰਬੀ ਵਿੱਚ ਯੁਵਕ ਮਿਲਣੀ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਸਮਾਗਮ ਮੌਕੇ ਹਲਕੇ ਦੀ ਸਮੁੱਚੀ ਰਵਾਇਤੀ ਲੀਡਰਸ਼ਿਪ ਆਮ ਵਰਕਰਾਂ ਵਿੱਚ ਬੈਠੀ ਦਿਖਾਈ ਦਿੱਤੀ, ਸਟੇਜ ਤੋਂ ਸਿਰਫ ਸੁਖਬੀਰ ਬਾਦਲ ਅਤੇ ਸਰਬਜੀਤ ਝਿੰਜਰ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ‘ਆਪ’ ਵਿਧਾਇਕਾਂ ਦੀ ਕਥਿਤ ਹੱਲਾਸ਼ੇਰੀ ਕਾਰਨ ਸੂਬੇ ਵਿੱਚ ਕਾਨੂੰਨ ਵਿਵਸਥਾ ਢਹਿ-ਢੇਰੀ ਹੋ ਗਈ ਹੈ ਅਤੇ ਨਸ਼ਾ ਤਸਕਰੀ ਵੱਧ ਗਈ ਹੈ। ਉਨ੍ਹਾਂ ਨਾਜਾਇਜ਼ ਮਾਈਨਿੰਗ ਮਾਮਲੇ ’ਚ ਵਿਧਾਇਕ ਦੇ ਜੀਜੇ ਨੂੰ ਗ੍ਰਿਫ਼ਤਾਰ ਕਰਨ ਵਾਲੇ ਅਧਿਕਾਰੀ ਨੂੰ ਤਬਾਦਲੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਵਿਧਾਇਕ ਵੱਲੋਂ ਸਰਕਾਰ ਨੂੰ ਕਥਿਤ ਬਲੈਕਮੇਲ ਕੀਤੇ ਜਾਣ ਕਰ ਕੇ ਇਹ ਤਬਾਦਲਾ ਕੀਤਾ ਗਿਆ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਵਰ੍ਹਦਿਆਂ ਕਿਹਾ ਕਿ ਅੱਜ ਸਮਾਜ ਦਾ ਹਰ ਵਰਗ ਪੀੜਤ ਹੈ, ਜਦੋਂ ਕਿ ਪੰਜਾਬ ਦੇ ਵੋਟਰਾਂ ਨੇ ‘ਆਪ’ ਨੂੰ ਬਹੁਤ ਵੱਡੇ ਬਹੁਮੱਤ ਨਾਲ ਸਰਕਾਰ ਦੀ ਵਾਗਡੋਰ ਸੌਂਪੀ ਸੀ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਪਹਿਲਾਂ ਬਾਦਲ ਸਰਕਾਰ ਵੱਲੋਂ ਦਿੱਤੀ ਜਾ ਰਹੀ 200 ਯੂਨਿਟ ਮੁਫਤ ਬਿਜਲੀ ਦੀ ਸਹੂਲਤ ਨਾਲੋਂ 100 ਯੂਨਿਟ ਵੱਧ ਬਿਜਲੀ ਦਿੱਤੀ। ਬਦਲੇ ਵਿੱਚ ਸਰਕਾਰ ਨੇ ਤੇਲ ਕੀਮਤਾਂ ਵਿਚ 2.50 ਰੁਪਏ ਪ੍ਰਤੀ ਲੀਟਰ ਵਾਧਾ ਕਰ ਦਿੱਤਾ ਅਤੇ ਸ਼ਗਨ ਸਕੀਮ, ਐੱਸਸੀ ਸਕਾਲਰਸ਼ਿਪ ਸਕੀਮ, ਲੜਕੀਆਂ ਲਈ ਮੁਫ਼ਤ ਸਾਈਕਲਾਂ ਤੇ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਸਮੇਤ ਸਾਰੇ ਸਮਾਜ ਭਲਾਈ ਲਾਭ ਬੰਦ ਕਰ ਦਿੱਤੇ। ਯੂਥ ਮਿਲਣੀ ਮੌਕੇ ਉਨ੍ਹਾਂ ਲੰਬੀ ਹਲਕੇ ਦੇ ਵੋਟਰਾਂ ਵੱਲੋਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਜ਼ਿੰਦਗੀ ਦੇ ਸਿਖਰਲੇ ਪੜਾਅ ’ਤੇ ਦਿੱਤੀ ਹਾਰ ’ਤੇ ਸ਼ਿਕਵਾ ਜ਼ਾਹਿਰ ਕਰਦਿਆਂ ਕਿਹਾ ਕਿ ਵੱਡੇ ਬਾਦਲ ਨੇ ਇਸ ਰੇਗਿਸਤਾਨ ਖਿੱਤੇ ਨੂੰ ਹਰਿਆਵਲ ਸਵਰਗ ਵਿੱਚ ਬਦਲ ਦਿੱਤਾ। ਸੁਖਬੀਰ ਸਿੰਘ ਨੇ ਖੁਲਾਸਾ ਕੀਤਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ਇਸ ਹਲਕੇ ਦੀ ਸੇਵਾ ਕਰਨ ਦੀ ਜੋ ਜ਼ਿੰਮੇਵਾਰੀ ਸੌਂਪੀ ਹੈ, ਉਹ ਉਸੇ ਲਗਨ ਨਾਲ ਹਲਕੇ ਦੀ ਸੇਵਾ ਕਰਨਗੇ।
ਖੱਡੇ ਪੂਰ ਰਹੀ ਟਰਾਲੀ ਦੀ ਵੀਡੀਓ ਬਣਾ ਕੇ ਸਰਕਾਰ ’ਤੇ ਸੇਧੇ ਨਿਸ਼ਾਨੇ
ਬਠਿੰਡਾ (ਸ਼ਗਨ ਕਟਾਰੀਆ): ਸ਼ਹਿਰ ਦੀ ਰਿੰਗ ਰੋਡ ’ਤੇ ਜਾ ਰਹੀ ਸੁਖਬੀਰ ਸਿੰਘ ਬਾਦਲ ਦੀ ਗੱਡੀ ਨੇ ਸੜਕ ’ਤੇ ਖੱਡੇ ਭਰ ਰਹੇ ਟਰਾਲੀ ਵਾਲਿਆਂ ਕੋਲ ਬਰੇਕ ਮਾਰੀ। ਪੁੱਛੇ ਜਾਣ ’ਤੇ ਉਨ੍ਹਾਂ ਦੱਸਿਆ ਕਿ ਉਹ ਕੋਈ ਸਰਕਾਰੀ ਕਰਮਚਾਰੀ ਨਹੀਂ ਹਨ, ਸਗੋਂ ਨਿੱਜੀ ਤੌਰ ’ਤੇ ਮਲਬਾ ਪਾ ਕੇ ਸੜਕ ’ਤੇ ਪਏ ਖੱਡੇ ਪੂਰ ਰਹੇ ਹਨ। ਸੁਖਬੀਰ ਸਿੰਘ ਬਾਦਲ ਨੇ ਇਸ ਦੀ ਵੀਡੀਓ ਬਣਾਉਂਦਿਆ ‘ਆਪ’ ਸਰਕਾਰ ’ਤੇ ਨਿਸ਼ਾਨੇ ਸੇਧੇ। ਉਨ੍ਹਾਂ ਕਿਹਾ ਕਿ ਸੱਤ ਸਾਲ ਪਹਿਲਾਂ ਬਣੀ ਇਸ ਸੜਕ ਦੀ ਕਿਸੇ ਨੇ ਵੀ ਸਾਰ ਨਹੀਂ ਲਈ।