ਗੁਰਨਾਮ ਸਿੰਘ ਅਕੀਦਾ
ਪਟਿਆਲਾ, 4 ਅਕਤੂਬਰ
ਪੰਜਾਬ ਦੇ ਮੁੱਢਲੇ ਦੌਰ ਵਿਚ ਪਾਇਲਟਾਂ ਨੂੰ ਸਿਖਲਾਈ ਦੇਣ ਵਾਲੇ ਕੈਪਟਨ ਕਰਮਿੰਦਰ (ਕਾਮਿੰਦਰ) ਸਿੰਘ ਨੂੰ ਬਿਹਾਰ ਸਰਕਾਰ ਵੱਲੋਂ ਤੋਹਫ਼ੇ ਵਜੋਂ ਦਿੱਤਾ ਜਹਾਜ਼ ‘ਚਿੱਪਮੰਕ’ ਹੁਣ ਪਟਿਆਲਾ ਵਿਚ ਬਣਨ ਵਾਲੇ ਜਹਾਜ਼ਾਂ ਦੇ ਮਿਊਜ਼ੀਅਮ ਵਿੱਚ ਰੱਖਿਆ ਜਾਵੇਗਾ।
ਪਟਿਆਲਾ ਏਵੀਏਸ਼ਨ ਕਲੱਬ ਦੇ ਚੀਫ਼ ਪਾਇਲਟ ਰਹੇ ਕੈਪਟਨ ਮਲਕੀਤ ਸਿੰਘ ਨੇ ਦੱਸਿਆ ਕਿ ‘ਚਿੱਪਮੰਕ’ ਡੀ ਹੈਵੀਲੈਂਡ ਕੈਨੇਡਾ ਦਾ ਹਵਾਬਾਜ਼ੀ ਪ੍ਰਾਜੈਕਟ ਸੀ। ਇਸ ਨੇ 22 ਮਈ 1946 ਨੂੰ ਆਪਣੀ ਪਹਿਲੀ ਉਡਾਣ ਭਰੀ। 1940 ਅਤੇ 1950 ਦੇ ਦਹਾਕੇ ਦੇ ਅਖੀਰ ’ਚ ਚਿੱਪਮੰਕ ਨੂੰ ਵੱਡੀ ਗਿਣਤੀ ਵਿੱਚ ਮਿਲਟਰੀ ਹਵਾਈ ਸੇਵਾਵਾਂ ਜਵਿੇਂ ਕਿ ਰਾਇਲ ਕੈਨੇਡੀਅਨ ਏਅਰ ਫੋਰਸ (ਆਰਸੀਏਐੱਫ), ਰਾਇਲ ਏਅਰ ਫੋਰਸ (ਆਰਏਐੱਫ) ਅਤੇ ਕਈ ਹੋਰ ਦੇਸ਼ਾਂ ਜਵਿੇਂ ਕਿ ਭਾਰਤ ਦੀਆਂ ਹਵਾਈ ਸੈਨਾਵਾਂ ਵੱਲੋਂ ਖ਼ਰੀਦ ਕੇ ਵਰਤਿਆ ਗਿਆ। ਇਸ ਜਹਾਜ਼ ਨੂੰ ਭਾਰਤ ਵਿੱਚ ਹੋਰ ਕੰਮਾਂ ਦੇ ਨਾਲ-ਨਾਲ ਪਾਇਲਟਾਂ ਨੂੰ ਸਿਖਲਾਈ ਲਈ ਵਰਤਿਆ ਜਾਣ ਲੱਗਾ ਜਿਸ ਨੂੰ ਚੀਫ਼ ਪਾਇਲਟ ਕੈਪਟਨ ਕਰਮਿੰਦਰ ਸਿੰਘ ਚਲਾਇਆ ਕਰਦੇ ਸਨ। ਉਨ੍ਹਾਂ ਸੰਜੇ ਗਾਂਧੀ ਸਣੇ ਕਈ ਸ਼ਾਹੀ ਪਰਿਵਾਰਾਂ ਨੂੰ ਜਹਾਜ਼ ਚਲਾਉਣੇ ਸਿਖਾਏ ਸਨ। ਉਨ੍ਹਾਂ ਬਿਹਾਰ ਦੇ ਮੁੱਖ ਮੰਤਰੀ, ਮੰਤਰੀਆਂ ਦੇ ਅਤੇ ਹੋਰ ਅਮੀਰ ਘਰਾਣਿਆਂ ਦੇ ਬੱਚਿਆਂ ਨੂੰ ਪਟਿਆਲਾ ਵਿੱਚ ਜਹਾਜ਼ ਚਲਾਉਣੇ ਸਿਖਾਏ। ਕਿਹਾ ਜਾਂਦਾ ਹੈ ਕਿ ਬਿਹਾਰ ਸਰਕਾਰ ਨੇ ਉਨ੍ਹਾਂ ਨੂੰ ਚਿੱਪਮੰਕ ਜਹਾਜ਼ ਤੋਹਫ਼ੇ ਵਜੋਂ ਦਿੱਤਾ ਸੀ। ਪੰਜਾਬ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਸ਼ਹਿਰੀ ਹਵਾਬਾਜ਼ੀ ਸਲਾਹਕਾਰ ਵਜੋਂ ਅਹੁਦਾ ਛੱਡਣ ਤੋਂ ਬਾਅਦ ਕਰਮਿੰਦਰ ਆਪਣੇ ਉੱਘੇ ਫਲਾਇੰਗ ਕਰੀਅਰ ਦੇ ਆਖ਼ਰੀ ਦਿਨਾਂ ਵਿੱਚ ਹਿੰਦੁਸਤਾਨ ਐਰੋਨਾਟਿਕਸ ਲਈ ਇੱਕ ਟੈੱਸਟ ਪਾਇਲਟ ਵਜੋਂ ਕੰਮ ਕਰ ਰਿਹਾ ਸੀ ਜੋ ਇੱਕ ਨਵਾਂ ਸਿਖਲਾਈ ਜਹਾਜ਼ ਤਿਆਰ ਕਰ ਰਿਹਾ ਸੀ। ਜਦੋਂ 80 ਦੇ ਦਹਾਕੇ ਵਿੱਚ ਬਰੇਲੀ ਵਿੱਚ ਰਾਸ਼ਟਰੀ ਫਲਾਇੰਗ ਅਕੈਡਮੀ ਸ਼ੁਰੂ ਹੋਈ ਸੀ ਤਾਂ ਉਹ ਇਸ ਪ੍ਰਾਜੈਕਟ ਦੇ ਸਲਾਹਕਾਰ ਸਨ। ਹਰਿਦੁਆਰ ਵਿੱਚ ਹਿੰਦੁਸਤਾਨ ਏਅਰੋਨੌਟਿਕਸ ਵੱਲੋਂ ਵਿਕਸਤ ਕੀਤੇ ਗਏ ਨਵੇਂ ਪ੍ਰੋਟੋਟਾਈਪ ਜਹਾਜ਼ ਦੀ ਟੈੱਸਟ ਉਡਾਣ ਦੌਰਾਨ ਕਰਮਿੰਦਰ ਸਿੰਘ ਦੀ ਮੌਤ ਹੋ ਗਈ। ਉਸ ਤੋਂ ਬਾਅਦ ਚਿੱਪਮੰਕ ਪੰਜਾਬ ਸਰਕਾਰ ਕੋਲ ਹੀ ਰਿਹਾ।
ਸਵਿਲ ਏਵੀਏਸ਼ਨ ਪੰਜਾਬ ਦੇ ਸਲਾਹਕਾਰ ਕੈਪਟਨ ਅਭੈ ਚੰਦਰਾ ਨੇ ਕਿਹਾ ਕਿ ਇਹ ਜਹਾਜ਼ ਹੁਣ ਪੰਜਾਬ ਸਰਕਾਰ ਦੀ ਮਲਕੀਅਤ ਹੈ। ਇਹ ਜਹਾਜ਼ ਸਾਡੇ ਲਈ ਦੁਰਲੱਭ ਹੈ। ਇਸ ਨੂੰ ਅਸੀਂ ਪਟਿਆਲਾ ਵਿਚ ਬਣਨ ਜਾ ਰਹੇ ਜਹਾਜ਼ਾਂ ਦੇ ਮਿਊਜ਼ੀਅਮ ਵਿਚ ਰੱਖਣ ਜਾ ਰਹੇ ਹਾਂ।