ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 5 ਅਕਤੂਬਰ
ਹਲਕਾ ਪੂਰਬੀ ਤੋਂ ਭਾਰਤੀ ਜਨਤਾ ਪਾਰਟੀ ਅਤੇ ਪੰਜਾਬ ਲੋਕ ਕਾਂਗਰਸ ਦੇ ਸਾਂਝੇ ਉਮੀਦਵਾਰ ਰਹੇ ਭਾਜਪਾ ਆਗੂ ਜਗਮੋਹਨ ਸ਼ਰਮਾ ਆਪਣੇ ਲੜਕੇ ਤੇ ਕੁਝ ਸਾਥੀਆਂ ਨਾਲ ਮਿਲ ਫੋਕਲ ਪੁਆਇੰਟ ਫੇਜ਼ 5 ਸਥਿਤ ਇੱਕ ਫੈਕਟਰੀ ਵਿੱਚ ਦਾਖਲ ਹੋ ਗਏ ਅਤੇ ਫੈਕਟਰੀ ਮਾਲਕ ਨੂੰ ਕਥਿਤ ਧਮਕੀਆਂ ਦਿੱਤੀਆਂ ਅਤੇ ਕੁੱਟਮਾਰ ਕੀਤੀ। ਫੈਕਟਰੀ ਮਾਲਕ ਨੇ ਭਾਜਪਾ ਆਗੂ ’ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਉਸ ਨੂੰ ਤੇ ਉਸ ਦੇ ਪਿਤਾ ਨੂੰ ਕਾਰ ਵਿੱਚ ਆਪਣੇ ਨਾਲ ਲਿਜਾਉਣ ਦੀ ਕੋਸ਼ਿਸ਼ ਵੀ ਕੀਤੀ। ਪਰ ਰੌਲਾ ਪੈਣ ਕਾਰਨ ਉਹ ਭੱਜ ਗਏ। ਸਾਉੂਥ ਸਿਟੀ ਵਾਸੀ ਫੈਕਟਰੀ ਮਾਲਕ ਸ਼ਿਵਮ ਅਗਰਵਾਲ ਦੀ ਸ਼ਿਕਾਇਤ ’ਤੇ ਥਾਣਾ ਫੋਕਲ ਪੁਆਇੰਟ ਦੀ ਪੁਲੀਸ ਨੇ ਭਾਜਪਾ ਆਗੂ ਜਗਮੋਹਨ ਸ਼ਰਮਾ, ਉਸ ਦੇ ਪੁੱਤਰ ਗੌਰਵ ਸ਼ਰਮਾ ਅਤੇ ਹੋਰਾਂ ਖ਼ਿਲਾਫ਼ ਫੈਕਟਰੀ ’ਚ ਦਾਖ਼ਲ ਹੋ ਕੇ ਹਮਲਾ ਕਰਨ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
ਸ਼ਿਵਮ ਅਗਰਵਾਲ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੀ ਫੋਕਲ ਪੁਆਇੰਟ ਫੇਜ਼ ਪੰਜ ਵਿੱਚ ਆਤਮਾ ਰਾਮ ਮੇਲਾ ਰਾਮ ਨਾਮ ਦੀ ਫੈਕਟਰੀ ਹੈ। 4 ਅਕਤੂਬਰ ਨੂੰ ਉਹ ਅਤੇ ਉਸ ਦਾ ਪਿਤਾ ਪ੍ਰਮੋਦ ਕੁਮਾਰ ਫੈਕਟਰੀ ਦੇ ਦਫ਼ਤਰ ਵਿੱਚ ਬੈਠੇ ਸਨ। ਦੁਪਹਿਰ ਕਰੀਬ 2.35 ਵਜੇ ਮੁਲਜ਼ਮ ਜਗਮੋਹਨ ਸ਼ਰਮਾ ਉਨ੍ਹਾਂ ਦੇ ਦਫ਼ਤਰ ਆਇਆ। ਜਗਮੋਹਨ ਸ਼ਰਮਾ ਨੇ ਉਸ ਨਾਲ 57 ਹਜ਼ਾਰ ਰੁਪਏ ਦੇ ਚੈੱਕ ਦੀ ਗੱਲ ਸ਼ੁਰੂ ਕੀਤੀ। ਉਸ ਨੇ ਦੱਸਿਆ ਕਿ ਉਸ ਨੇ ਫੈਕਟਰੀ ਦੇ ਮੁਲਾਜ਼ਮ ਨੂੰ ਬੈਂਕ ਵਿੱਚ ਪੈਸੇ ਕਢਵਾਉਣ ਲਈ ਭੇਜਿਆ ਹੈ ਜਿਸ ਗੱਲ ਨੂੰ ਸੁਣ ਉਹ ਪ੍ਰੇਸ਼ਾਨ ਹੋ ਗਿਆ। ਇਹ ਸੁਣ ਕੇ ਭਾਜਪਾ ਆਗੂ ਜਗਮੋਹਨ ਗੁੱਸੇ ’ਚ ਆ ਗਏ ਅਤੇ ਉਨ੍ਹਾਂ ਨੇ ਉਸ ਦੇ ਪਿਤਾ ਪ੍ਰਮੋਦ ਦੀ ਗਲ ’ਤੇ ਥੱਪੜ ਮਾਰ ਦਿੱਤਾ। ਜਦੋਂ ਉਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪਿਸਤੌਲ ਕੱਢ ਕੇ ਉਸ ਦੇ ਪਿਤਾ ਵੱਲ ਇਸ਼ਾਰਾ ਕੀਤਾ। ਜਗਮੋਹਨ ਦੇ ਨਾਲ ਕਰੀਬ 6 ਤੋਂ 7 ਵਿਅਕਤੀ ਆਏ ਸਨ, ਜੋ ਉਸ ਦੇ ਪਿਤਾ ਪ੍ਰਮੋਦ ਨੂੰ ਜ਼ਬਰਦਸਤੀ ਆਪਣੇ ਨਾਲ ਲਿਜਾਣ ਲੱਗੇ। ਮੁਲਜ਼ਮ ਉਸ ਦੇ ਪਿਤਾ ਨੂੰ ਘਸੀਟ ਕੇ ਦਫ਼ਤਰ ਤੋਂ ਬਾਹਰ ਲੈ ਗਿਆ। ਸ਼ਿਵਮ ਅਨੁਸਾਰ ਉਸ ਨੇ ਰੌਲਾ ਪਾਇਆ ਅਤੇ ਫੈਕਟਰੀ ਕਰਮਚਾਰੀਆਂ ਦੀ ਮਦਦ ਨਾਲ ਆਪਣੇ ਪਿਤਾ ਨੂੰ ਮੁਲਜ਼ਮਾਂ ਤੋਂ ਛੁਡਵਾਇਆ ਅਤੇ ਫੈਕਟਰੀ ਦਾ ਮੇਨ ਗੇਟ ਬੰਦ ਕਰ ਦਿੱਤਾ। ਸ਼ਿਵਮ ਨੇ ਪੁਲੀਸ ਨੂੰ ਦੱਸਿਆ ਕਿ ਹੁਣ ਮੁਲਜ਼ਮ ਜਗਮੋਹਨ ਸ਼ਰਮਾ ਦਾ ਪੁੱਤਰ ਗੌਰਵ ਸ਼ਰਮਾ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ।