ਓਸਲੋ, 6 ਅਕਤੂਬਰ
ਮਹਿਲਾਵਾਂ ਦੇ ਹੱਕਾਂ, ਲੋਕਤੰਤਰ ਤੇ ਇਰਾਨ ’ਚ ਮੌਤ ਦੀ ਸਜ਼ਾ ਖ਼ਿਲਾਫ਼ ਸਾਲਾਂ ਤੱਕ ਸੰਘਰਸ਼ ਕਰਨ ਕਾਰਨ ਜੇਲ੍ਹ ’ਚ ਬੰਦ ਸਮਾਜਿਕ ਕਾਰਕੁਨ ਨਰਗਿਸ ਮੁਹੰਮਦੀ ਨੂੰ ਨੋਬੇਲ ਦਾ ਸ਼ਾਂਤੀ ਪੁਰਸਰਕਾਰ ਦਿੱਤਾ ਗਿਆ ਹੈ। ਇਸ ਦਾ ਐਲਾਨ ਅੱਜ ਕੀਤਾ ਗਿਆ ਹੈ। 51 ਸਾਲਾ ਮੁਹੰਮਦੀ ਨੇ ਆਪਣੀਆਂ ਸਰਗਰਮੀਆਂ ਲਈ ਕਈ ਵਾਰ ਗ੍ਰਿਫ਼ਤਾਰੀਆਂ ਝੱਲਣ ਤੇ ਸਾਲਾਂ ਤੱਕ ਜੇਲ੍ਹ ’ਚ ਬੰਦ ਰਹਿਣ ਦੇ ਬਾਵਜੂਦ ਆਪਣਾ ਕੰਮ ਕੀਤਾ ਹੈ। ਨਾਰਵੇ ਨੋਬੇਲ ਕਮੇਟੀ ਦੇ ਚੇਅਰਮੈਨ ਬੈਰਿਟ ਰੀਸ ਐਂਡਰਸਨ ਨੇ ਅੱਜ ਓਸਲੋ ’ਚ ਪੁਰਸਕਾਰ ਦਾ ਐਲਾਨ ਕਰਦਿਆਂ ਕਿਹਾ, ‘ਸਭ ਤੋਂ ਪਹਿਲਾਂ ਇਹ ਪੁਰਸਕਾਰ ਇਰਾਨ ’ਚ ਪੂਰੇ ਅੰਦੋਲਨ ਲਈ ਬਹੁਤ ਅਹਿਮ ਕੰਮ ਅਤੇ ਉਸ ਦੀ ਨੇਤਾ ਨਰਗਿਸ ਮੁਹੰਮਦੀ ਨੂੰ ਮਾਨਤਾ ਦੇਣ ਲਈ ਹੈ।’ ਉਨ੍ਹਾਂ ਕਿਹਾ, ‘ਪੁਰਸਕਾਰ ਦੇ ਪ੍ਰਭਾਵ ਦਾ ਫ਼ੈਸਲਾ ਕਰਨਾ ਨੋਬੇਲ ਕਮੇਟੀ ਦਾ ਕੰਮ ਨਹੀਂ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਸ ਨਾਲ ਇਹ ਅੰਦੋਲਨ ਕਿਸੇ ਵੀ ਰੂਪ ਵਿੱਚ ਜਾਰੀ ਰੱਖਣ ਵਿੱਚ ਮਦਦ ਮਿਲੇਗੀ।’ ਮੁਹੰਮਦੀ ਨੇ 2019 ’ਚ ਹੋਏ ਹਿੰਸਕ ਮੁਜ਼ਾਹਰੇ ਦੇ ਪੀੜਤਾਂ ਲਈ ਕਰਵਾਏ ਸਮਾਗਮ ’ਚ ਹਿੱਸਾ ਲਿਆ ਸੀ ਜਿਸ ਮਗਰੋਂ ਅਧਿਕਾਰੀਆਂ ਨੇ ਉਸ ਨੂੰ ਪਿਛਲੇ ਸਾਲ ਨਵੰਬਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਰੀਸ ਐਂਡਰਸਨ ਨੇ ਦੱਸਿਆ ਕਿ ਮੁਹੰਮਦੀ 13 ਵਾਰ ਜੇਲ੍ਹ ਗਈ ਅਤੇ ਉਸ ਨੂੰ ਪੰਜ ਵਾਰ ਦੋਸ਼ੀ ਕਰਾਰ ਦਿੱਤਾ ਗਿਆ। ਉਸ ਨੂੰ ਕੁੱਲ 31 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮੁਹੰਮਦੀ 19ਵੀਂ ਮਹਿਲਾ ਹੈ ਜਿਸ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ ਜਦਕਿ ਉਹ ਇਹ ਪ੍ਰਾਪਤੀ ਕਰਨ ਵਾਲੀ ਦੂਜੀ ਇਰਾਨੀ ਮਹਿਲਾ ਹੈ। ਮੁਹੰਮਦੀ ਤੋਂ ਪਹਿਲਾਂ 2003 ’ਚ ਸ਼ਿਰੀਨ ਇਬਾਦੀ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। -ਪੀਟੀਆਈ