ਪਰਮਜੀਤ ਢੀਂਗਰਾ
ਪੰਜਾਬੀ ਸਾਹਿਤ ਵਿੱਚ ਸ਼ਿਵ ਨੂੰ ਬਿਰਹਾ ਦਾ ਸ਼ਾਇਰ ਮੰਨਿਆ ਗਿਆ ਹੈ। ਅੱਜ ਵੀ ਨੌਜਵਾਨ ਪੀੜ੍ਹੀ ਸ਼ਿਵ ਦੀ ਪਾਠਕ ਤੇ ਪ੍ਰਸ਼ੰਸਕ ਹੈ। ਜਿਊਂਦੇ ਜੀਅ ਸ਼ਿਵ ਮਿੱਥ ਬਣਿਆ ਰਿਹਾ। ਉਸ ਦੇ ਆਲੇ-ਦੁਆਲੇ ਉਹਦੀ ਰਚਨਾ ਤੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਈ ਭਰਮ ਭੁਲੇਖੇ ਸਿਰਜੇ ਗਏ। ਜ਼ਿਆਦਾਤਰ ਕਰੀਬੀਆਂ ਨੇ ਉਸ ਦੀ ਨੇੜਤਾ ਦਾ ਫ਼ਾਇਦਾ ਉਠਾ ਕੇ ਉਸ ਬਾਰੇ ਕਈ ਮਿੱਥਾਂ ਘੜ ਲਈਆਂ। ਉਸ ਦੇ ਪ੍ਰੇਮ ਪ੍ਰਸੰਗਾਂ ਨੂੰ ਚਟਖਾਰੇ ਲਾ ਲਾ ਕੇ ਪੇਸ਼ ਕੀਤਾ। ਅਸਲ ਵਿੱਚ ਸ਼ਿਵ ਪੰਜਾਬੀ ਦਾ ਅਜਿਹਾ ਕਵੀ ਸੀ ਜਿਸ ਨੇ ਪੰਜਾਬੀ ਕਾਵਿ ਜਗਤ ਨੂੰ ਇੱਕ ਨਵਾਂ ਭਾਸ਼ਾਈ ਪੈਰਾਡਾਈਮ ਦਿੱਤਾ। ਉਸ ਦੀ ਕਵਿਤਾ ਵਿੱਚ ਨਵੇਂ ਸੰਚਾਰ ਮਾਡਲ ਨਜ਼ਰ ਆਉਂਦੇ ਹਨ। ਇੱਕ ਪਾਸੇ ਉਹ ਪਰੰਪਰਾ ਦਾ ਭੰਜਕ ਹੈ, ਦੂਜੇ ਪਾਸੇ ਨਵੀਆਂ ਪਰੰਪਰਾਵਾਂ ਲਈ ਆਧਾਰ ਤਿਆਰ ਕਰਦਾ ਹੈ। ਲੂਣਾ ਇਸ ਦੀ ਪ੍ਰਮੁੱਖ ਉਦਾਹਰਣ ਹੈ। ਅੱਜ ਵੀ ਲੋਕ ਉਸ ਦੀ ਨਿੱਜੀ ਜ਼ਿੰਦਗੀ ਤੇ ਉਸ ਨਾਲ ਜੁੜੇ ਸਰੋਕਾਰਾਂ ਬਾਰੇ ਜਾਣਨ ਦੇ ਇਛੁੱਕ ਹਨ। ਲੇਖਿਕਾ ਮਨੁ ਸ਼ਰਮਾ ਸੋਹਲ ਨੇ ਬੜੀ ਮਿਹਨਤ ਤੇ ਲਗਨ ਨਾਲ ਸ਼ਿਵ ਦੇ ਨੇੜਲੇ ਰਿਸ਼ਤੇਦਾਰਾਂ, ਜਾਣਕਾਰਾਂ, ਸਾਥੀਆਂ ਕੋਲੋਂ ਵੱਧ ਤੋਂ ਵੱਧ ਜਾਣਕਾਰੀ ਇਕੱਤਰ ਕਰ ਕੇ ਵੱਡ-ਆਕਾਰੀ ਕਿਤਾਬ ‘ਇਹੋ ਜਿਹਾ ਸੀ ਸ਼ਿਵ’ (ਕੀਮਤ: 550 ਰੁਪਏ; ਸ਼ਬਦ ਲੋਕ, ਲੁਧਿਆਣਾ) ਤਿਆਰ ਕੀਤੀ ਹੈ।
ਇਸ ਕਿਤਾਬ ਦੇ ਦੋ ਭਾਗ ਹਨ। ਪਹਿਲਾ ਭਾਗ ਉਸ ਦੇ ਜੀਵਨ ਪ੍ਰਸੰਗਾਂ ਨਾਲ ਜੁੜਿਆ ਹੋਇਆ ਹੈ, ਮਸਲਨ, ਬਾਲ ਵਰੇਸ, ਸਕੂਲੀ ਵਿਦਿਆ, ਉਚੇਰੀ ਪੜ੍ਹਾਈ, ਰੁਜ਼ਗਾਰ ਦੇ ਵਸੀਲੇ, ਅਦਬੀ ਪਸਮੰਜਰ ਦੇ ਨਾਲ ਨਾਲ ਪਿੰਡ ਭੋਆ, ਮੋਗਾ, ਨਾਭਾ, ਅੰਮ੍ਰਿਤਸਰ, ਚੰਡੀਗੜ੍ਹ, ਇੰਗਲੈਂਡ ਆਦਿ ਵਿੱਚ ਉਸ ਦੇ ਵਾਸ ਬਾਰੇ ਵਿਸਥਾਰ ਨਾਲ ਲਿਖਿਆ ਹੈ।
ਬਾਲ ਵਰੇਸ ਵਾਲੇ ਹਿੱਸੇ ਵਿੱਚ ਸ਼ਿਵ ਦੇ ਵੱਡੇ ਵਡੇਰਿਆਂ ਤੋਂ ਲੈ ਕੇ ਉਸ ਦੇ ਜਨਮ ਬਾਰੇ ਦਿਲਚਸਪ ਜਾਣਕਾਰੀ ਦਿੱਤੀ ਹੈ, ਜਵਿੇਂ ਉਸ ਦੇ ਬਚਪਨ ਦਾ ਸਾਥੀ ਛੱਜੂ ਰਾਮ ਉਸ ਸਮੇਂ ਨੂੰ ਚਿਤਾਰਦਿਆਂ ਦੱਸਦਾ ਹੈ:
ਜਦੋਂ ਤੱਕ ਘਰ ਵਿੱਚ ਨਲਕਾ ਨਹੀਂ ਲੱਗਿਆ, ਅਸੀਂ ਸਾਰੇ ਬਾਲ ਬਸੰਤਰ ’ਤੇ ਨਹਾਉਣ ਜਾਂਦੇ ਹੁੰਦੇ ਸਾਂ। ਲਾਗੇ ਹੀ ਇੱਕ ਬੇਲਾ ਸੀ ਜਿੱਥੇ ਅਸੀਂ ਖੇਡਿਆ ਕਰਦੇ ਸਾਂ। ਮੈਂ, ਦਵਾਰਕਾ ਤੇ ਸ਼ਿਵ ਚੌਂਕ ਵਿੱਚ ਬਣੇ ਵਰਨੈਕੁਲਰ ਸਕੂਲ ਵਿੱਚ ਇਕੱਠੇ ਪੜ੍ਹਨ ਜਾਂਦੇ ਸਾਂ। ਇਸ ਚੌਂਕ ਤੋਂ ਇੱਕ ਗਲੀ ਸਾਡੇ ਘਰਾਂ ਨੂੰ ਜਾਂਦੀ ਸੀ। ਸ਼ਿਵ ਨੂੰ ਛੋਟੇ ਹੁੰਦਿਆਂ ਕਾਕਾ ਕਹਿੰਦੇ ਸਨ। ‘ਮੰਦੋ ਮਲੰਗ’ ਵੀ ਕਹਿੰਦੇ ਸਨ। ਮੰਦੋ ਦੀ ਜੋ ਕਹਾਣੀ ਮੈਂ ਸੁਣੀ ਉਹ ਇਸ ਤਰ੍ਹਾਂ ਸੀ ਕਿ ਮੰਦੋ ਮਲੰਗ ਲਾਹੌਰ ਵਿੱਚ ਕਿਤੇ ਮਜ਼ਦੂਰੀ ਕਰਦਾ ਸੀ ਤੇ ਆਪਣੇ ਪੈਸੇ ਕਿਸੇ ਕੋਲ ਜਮ੍ਹਾਂ ਕਰਵਾ ਦੇਂਦਾ ਸੀ ਕਿ ਮੈਂ ਇਕੱਠੇ ਲੈ ਲਵਾਂਗਾ। ਸ਼ਾਇਦ ਉਹਨੂੰ ਪੈਸੇ ਵਾਪਸ ਨਹੀਂ ਮਿਲੇ ਤੇ ਉਹ ਸ਼ੁਦਾਈ ਹੋ ਗਿਆ।’
ਅਸਲ ਵਿੱਚ ਸ਼ਿਵ ਦੇ ਘੁਮੱਕੜ ਤੇ ਮਸਤ ਮਲੰਗ ਸੁਭਾਅ ਕਰਕੇ ਹੀ ਉਸ ਨੂੰ ਮੰਦੋ ਮਲੰਗ ਕਿਹਾ ਜਾਂਦਾ ਸੀ। ਪਾਕਿਸਤਾਨ ਬਣਨ ਵੇਲੇ ਦਾ ਵੀ ਇੱਕ ਪ੍ਰਸੰਗ ਆਉਂਦਾ ਹੈ ਕਿ ਕਵਿੇਂ ਇੱਕ ਹਮਦਰਦ ਮੁਸਲਮਾਨ
ਉਸ ਦੇ ਪਰਿਵਾਰ ਨੂੰ ਦੱਸਦਾ ਹੈ ਕਿ ਅੱਜ ਰਾਤ
ਪਿੰਡ ਵਿੱਚ ਲੁੱਟ ਮਾਰ ਕਰਨ ਦੀ ਸਾਜ਼ਿਸ਼ ਰਚੀ ਜਾ
ਰਹੀ ਹੈ ਤੇ ਉਹ ਆਪਣਾ ਬਚਾਅ ਕਰ ਲੈਣ। ਅਖੀਰ ਉਨ੍ਹਾਂ ਦੇ ਪਿੰਡ ਛੱਡਣ ਦਾ ਵੇਲਾ ਆ ਗਿਆ ਜੋ ਅੱਜਕੱਲ੍ਹ ਜ਼ਿਲ੍ਹਾ ਨਾਰੋਵਾਲ ਪਾਕਿਸਤਾਨ ਵਿੱਚ ਹੈ। ਸ਼ਿਵ ਤੇ ਦਵਾਰਕਾ ਇਸ ਮਾਰ ਧਾੜ ਦੇ ਸਮੇਂ ਬਚਦੇ ਬਚਾਉਂਦੇ ਅਖੀਰ ਡੇਰਾ ਬਾਬਾ ਨਾਨਕ ਪਹੁੰਚ ਗਏ। ਅਜਿਹੇ ਸਮੇਂ ਬਾਰੇ ਬਾਅਦ ਵਿੱਚ ਉਸ ਨੇ ਪ੍ਰਸਿੱਧ ਨਜ਼ਮ ਲਿਖੀ ਸੀ ‘ਦੁੱਧ ਦਾ ਕਤਲ’:
ਮੈਨੂੰ ਤੇ ਯਾਦ ਹੈ ਅੱਜ ਵੀ, ਤੇ ਤੈਨੂੰ ਯਾਦ ਹੋਵੇਗਾ
ਜਦੋਂ ਦੋਹਾਂ ਨੇ ਰਲ ਕੇ ਆਪਣੀ ਮਾਂ ਦਾ ਕਤਲ ਕੀਤਾ ਸੀ
ਉਸ ਦਾ ਲਹੂ ਜਿੱਦਾਂ ਕੁੱਤਿਆਂ ਕਾਵਾਂ ਨੇ ਪੀਤਾ ਸੀ
ਆਪਣਾ ਨਾਂ ਅਸਾਂ ਸਾਰੇ ਹੀ ਪਿੰਡ ਵਿੱਚ ਭੰਡ ਲੀਤਾ ਸੀ
ਅਸੀਂ ਇਸ ਕਤਲ ਲਈ ਦੋਹਾਂ ਹੀ ਮਜ਼ਹਬਾਂ ਦੇ ਪੜ੍ਹਾਏ ਸਾਂ
ਤੇ ਦੋਵੇਂ ਹੀ ਕਪੁੱਤਰ ਸਾਂ ਤੇ ਮਜ਼ਹਬੀ ਜੂਨ ਆਏ ਸਾਂ।
ਸ਼ਿਵ ਕਵਿਤਾ ਲਿਖਣ ਦੇ ਨਾਲ ਨਾਲ ਗਾਉਂਦਾ ਵੀ ਬਹੁਤ ਵਧੀਆ ਸੀ। ਉਸ ਦੇ ਗਲੇ ਵਿੱਚ ਸੁਰ-ਸੰਗੀਤ ਦਾ ਵਾਸ ਸੀ। ਖੈਰਾਤੀ ਲਾਲ ਨੇ ਸ਼ਿਵ ਨੂੰ ਪਹਿਲੀ ਵਾਰ ਆਪਣੀ ਦੁਕਾਨ ’ਤੇ ਗਾਉਂਦਿਆਂ ਸੁਣਿਆ। ਉਸ ਨੇ ਦੱਸਿਆ:
‘‘ਸਾਡੀ ਬੜੀ ਪੁਰਾਣੀ ਸੋਡਾ ਵਾਟਰ ਦੀ ਦੁਕਾਨ ਸੀ। ਕੁਝ ਹੋਰ ਵਿਅਕਤੀ ਵੀ ਆਏ ਹੋਏ ਸਨ। ਸ਼ਿਵ ਨੇ ਚਿੱਟਾ ਕੁੜਤਾ ਪਜਾਮਾ ਪਾਇਆ ਹੋਇਆ ਸੀ। ਸਾਦੇ ਕੱਪੜਿਆਂ ਵਿੱਚ ਵੀ ਉਹ ਸਭ ਤੋਂ ਅਲੱਗ ਜਚ ਰਿਹਾ ਸੀ। ਜਦ ਉਸ ਨੇ ਗੀਤ ਛੋਹਿਆ ਤਾਂ ਜਵਿੇਂ ਹਵਾ ਠਹਿਰ ਗਈ ਸੀ। ਉਸ ਦੀ ਆਵਾਜ਼ ਬੜੀ ਕਮਾਲ
ਦੀ ਸੀ।’’
ਉਸ ਦੀ ਇੱਕ ਜਮਾਤਣ ਸ਼੍ਰੀਮਤੀ ਗੁਰਸ਼ਰਨ ਨੇ ਦੱਸਿਆ ਕਿ ਉਸ ਨੇ ਤੇ ਸ਼ਿਵ ਨੇ ਦਸਵੀਂ ਇਕੱਠਿਆਂ ਸਾਲਵੇਸ਼ਨ ਆਰਮੀ ਹਾਈ ਸਕੂਲ ਤੋਂ ਕੀਤੀ ਸੀ। ਸ਼ਿਵ ਨੂੰ ਬਚਪਨ ਤੋਂ ਹੀ ਗਾਉਣ ਤੇ ਨਾਟਕਾਂ ਵਿੱਚ ਹਿੱਸਾ ਲੈਣ ਦਾ ਸ਼ੌਕ ਸੀ।
ਉਚੇਰੀ ਪੜ੍ਹਾਈ ਸ਼ਿਵ ਨੇ ਸਿੱਖ ਨੈਸ਼ਨਲ ਕਾਲਜ ਕਾਦੀਆਂ ਤੋਂ ਕੀਤੀ। ਸ਼ਿਵ ਦੇ ਕਾਲਜ ਵੇਲੇ ਦੇ ਇੱਕ ਸਹਿਪਾਠੀ ਰਾਮ ਪ੍ਰਕਾਸ਼ ਤ੍ਰੇਹਨ ਨੇ ਦੱਸਿਆ,
‘‘ਮੈਂ ਤੇ ਸ਼ਿਵ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿੱਚ ਇਕੱਠੇ ਪੜ੍ਹਦੇ ਸਾਂ ਤੇ ਹਰ ਰੋਜ਼ ਇਕੱਠੇ ਗੱਡੀ ਵਿੱਚ ਜਾਂਦੇ ਆਉਂਦੇ ਸਾਂ। ਲੂਣਾ ਦੇ ਕਿੱਸੇ ਦਾ ਸ਼ਿਵ ਅਕਸਰ ਜ਼ਿਕਰ ਕਰਦਾ ਰਹਿੰਦਾ ਸੀ ਕਿ ਲੂਣਾ ਦਾ ਕੋਈ ਕਸੂਰ ਨਹੀਂ। ਪਰ ਕਿਸੇ ਨੂੰ ਨਹੀਂ ਸੀ ਪਤਾ ਕਿ ਸ਼ਿਵ ਨੇ ਲੂਣਾ ਦਾ ਸ਼ਾਹਕਾਰ ਰਚ ਦੇਣਾ ਏ।’’
ਬੈਜਨਾਥ ਦਾ ਮੇਲਾ ਸ਼ਿਵ ਜ਼ਰੂਰ ਦੇਖਣ ਜਾਂਦਾ ਹੁੰਦਾ ਸੀ। ਇੱਕ ਵਾਰ ਮੇਲੇ ਵਿੱਚ ਉਸ ਨੂੰ ਇੱਕ ਕੁੜੀ ਨਜ਼ਰ ਆਈ ਤਾਂ ਉਸ ਨੂੰ ਲੱਗਿਆ ਕਿ ਇਹ ਤਾਂ ਉਸ ਦੀ ਕਲਪਨਾ ਵਿਚਲੀ ਮਹਬਿੂਬਾ ਦਾ ਅਸਲ ਰੂਪ ਹੈ ਤੇ ਇੱਥੋਂ ਹੀ ਉਹ ਬ੍ਰਿਹੋਂ ਤੇ ਮੁਹੱਬਤ ਦੀ ਸ਼ਾਇਰੀ ਦਾ ਸਫ਼ਰ ਸ਼ੁਰੂ ਕਰਦਾ ਹੈ। ਉਹ ਲਿਖਦਾ ਹੈ:
ਏਸ ਗਰਾਂ ਦੀਆਂ ਕੁੜੀਆਂ ਚਿੜੀਆਂ
ਇੱਕ ਦਿਨ ਤੀਰ ਨਦੀ ਤੇ ਮਿਲੀਆਂ
ਬਿਨਾ ਬੁਲਾਇਆਂ ਝੋਲ ਮੇਰੀ ਵਿਚ
ਰੁਗ ਰੁਗ ਕਲੀਆਂ ਧਰ ਕੇ ਮੁੜੀਆਂ।
ਕਈ ਰੁਜ਼ਗਾਰ ਵਸੀਲਿਆਂ ਵਿੱਚੋਂ ਲੰਘਦਾ ਉਹ ਬੈਂਕ ਦੀ ਨੌਕਰੀ ਤੱਕ ਜਾ ਪਹੁੰਚਿਆ। ਹੁਣ ਸ਼ਾਇਰੀ ਦੇ ਵਿਹੜੇ ਉਸ ਦਾ ਧਮਾਲਾਂ ਪਾਉਣ ਦਾ ਸਮਾਂ ਸੀ। ਹਰ ਪਾਸੇ ਸ਼ਿਵ ਸ਼ਿਵ ਦੀ ਕੂਕ ਸੁਣਾਈ ਦੇ ਰਹੀ ਸੀ। ਨਵੇਂ ਨਵੇਂ ਉੱਠ ਰਹੇ ਮੁਹੱਬਤਾਂ ਦੇ ਸ਼ਾਇਰਾਂ ਲਈ ਉਹ ਪੀਰ ਸੀ। ਉਹ ਉਸ ਦੇ ਵਾਂਗ ਲਿਖਣ ਤੇ ਗਾਉਣ ਦੀ ਕੋਸ਼ਿਸ਼ ਕਰਦੇ। ਸ਼ਿਵ ਨੂੰ ਸ਼ਾਇਰ ਵਜੋਂ ਪਛਾਣ ਦੇਣ ਤੇ ਮਾਨਤਾ ਦਿਵਾਉਨ ਵਿੱਚ ਉਸ ਦੇ ਉਸਤਾਦ ਬਰਕਤ ਰਾਮ ਯੁਮਨ ਦਾ ਮਿਹਰ ਭਰਿਆ ਹੱਥ ਸੀ।
ਪਟਵਾਰੀਪੁਣੇ ਦੇ ਕਸਬ ਵਿੱਚੋਂ ਉਸ ਨੇ ਪੰਜਾਬ ਦੇ ਪਿੰਡਾਂ ਵਿੱਚ ਵਿਸਰ ਗਏ ਸ਼ਬਦਾਂ ਨੂੰ ਮੁੜ ਕਾਵਿਕ ਜ਼ਬਾਨ ਦਿੱਤੀ। ਉਸ ਦੀ ਕਾਵਿਕ ਭਾਸ਼ਾ ਦਾ ਵੱਡਾ ਗੁਣ ਉਸ ਵਿਚਲੀ ਪ੍ਰਾਣਵੰਤੀ ਸੁਰ ਹੈ। ਇਸ ਸੁਰ ਨੇ ਲੇਖਕਾਂ/ਆਲੋਚਕਾਂ ਦਾ ਧਿਆਨ ਖਿੱਚਿਆ ਤੇ ਸ਼ਿਵ ਸਭ ਦਾ ਮਹਬਿੂਬ ਲੇਖਕ ਹੀ ਨਹੀਂ ਸਗੋਂ ਰੋਲ ਮਾਡਲ ਬਣ ਗਿਆ। ਨਵੀਂ ਪੀੜ੍ਹੀ ਉਸ ਦੀ ਸ਼ਾਇਰੀ ਦੀ ਦੀਵਾਨੀ ਸੀ।
‘ਕਿਹੋ ਜਿਹਾ ਸੀ ਸ਼ਿਵ’ ਵਾਲੇ ਹਿੱਸੇ ਵਿੱਚ ਲੇਖਿਕਾ
ਨੇ ਉਸ ਦੀ ਸ਼ਖ਼ਸੀਅਤ ਦੇ ਕਈ ਪੱਖ ਉਸਾਰੇ ਹਨ
ਜਵਿੇਂ ਦਿਲਕਸ਼ ਦਿੱਖ, ਪਰਿਵਾਰ ਦਾ ਲਾਡਲਾ, ਸਲੀਕਾਪਸੰਦ, ਨੌਜਵਾਨ ਵਰਗ ਦਾ ਚਹੇਤਾ, ਹਰਮਨ ਪਿਆਰਾ, ਭਾਵੁਕ, ਸਾਦਗੀ ਤੇ ਨਿਮਰਤਾ ਦੀ ਮੂਰਤ, ਅਧਿਐਨ ਦਾ ਅਭਿਲਾਖੀ, ਸਟੇਜ ਦਾ ਧਨੀ, ਲੋਕ ਸੱਭਿਆਚਾਰ ਦਾ ਪ੍ਰਸ਼ੰਸਕ, ਮੋਹ-ਖੋਰਾ, ਸੂਖ਼ਮ ਸੋਝੀ ਵਾਲਾ, ਯਾਰਾਂ ਦਾ ਯਾਰ, ਦਿਲਦਾਰ, ਦਰਿਆ-ਦਿਲ, ਅਣਖੀ ਤੇ ਮਾਣ-ਮੱਤਾ।
ਇਸ ਕਿਤਾਬ ਦੀ ਵੱਡੀ ਖਾਸੀਅਤ ਇਹ ਹੈ ਕਿ ਸ਼ਿਵ ਦੀ ਜ਼ਿੰਦਗੀ ਨਾਲ ਜੁੜੇ ਹਰ ਵਿਅਕਤੀ ਰਾਹੀਂ ਸ਼ਿਵ ਦੀ ਸ਼ਖ਼ਸੀਅਤ ਤੇ ਉਸ ਦੇ ਲੇਖਣ ਕਾਰਜ ਨੂੰ ਘੋਖਣ ਦਾ ਯਤਨ ਕੀਤਾ ਹੈ। ਇਸ ਤਰ੍ਹਾਂ ਦੇ ਕੰਮ ਲਈ ਪ੍ਰੋਜੈਕਟ ਬਣਾ ਕੇ ਲਿਖਣ ਦੀ ਲੋੜ ਪੈਂਦੀ ਹੈ ਤੇ ਲੇਖਿਕਾ ਨੇ ਬੜੇ ਸਹਿਜ ਸਲੀਕੇ ਨਾਲ ਇਸ ਨੂੰ ਨੇਪਰੇ ਚਾੜ੍ਹਿਆ ਹੈ। ਉਸ ਦੀ ਜ਼ਿੰਦਗੀ ਨਾਲ ਜੁੜੇ ਹਰ ਪਹਿਲੂ ਦੇ ਨਾਲ ਨਾਲ ਉਸ ਦੀਆਂ ਕਾਵਿਕ ਵਿਸ਼ੇਸ਼ਤਾਵਾਂ ਨੂੰ ਵੀ ਵੱਖਰੇ ਅੰਦਾਜ਼ ਵਿੱਚ ਪੇਸ਼ ਕੀਤਾ ਹੈ, ਜਵਿੇਂ ਸ਼ਿਵ ਕਾਵਿ ਤੇ ਪਰੰਪਰਾ, ਵਿਸ਼ੈਗਤ ਵੰਨ-ਸੁਵੰਨਤਾ, ਸ਼ਿਵ ਕਾਵਿ ਵਿੱਚ ਸੁਹਜ ਤੇ ਵਿਸਮਾਦ, ਸ਼ਿਵ ਕਾਵਿ ਵਿੱਚ ਸਰੋਦੀ ਅੰਸ਼, ਸਿਰਜਣ ਪ੍ਰਕਿਰਿਆ, ਸ਼ਿਵ ਕਾਵਿ ਇੱਕ ਟਾਇਮ ਕੈਪਸੂਲ, ਸ਼ਿਵ ਕਾਵਿ ਦੀ ਵਿਲੱਖਣਤਾ, ਕਾਵਿ ਸਫ਼ਰ, ਮੌਤ ਚੇਤਨਾ, ਮੌਤ ਦਾ ਸੰਕਲਪ, ਮੌਤ ਤੇ ਨਕਸ਼ੱਤਰ, ਵਿਯੋਗ, ਮੌਤ-ਪ੍ਰਸਤੀ, ਸਮੁੱਚਾ ਪ੍ਰਭਾਵ ਆਦਿ। ਇਸੇ ਤਰ੍ਹਾਂ ਉਸ ਦੀ ਵਾਰਤਕ ਦਾ ਵੀ ਵਿਸ਼ਲੇਸ਼ਣ ਕੀਤਾ ਹੈ।
ਸਮੁੱਚੇ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਸ਼ਿਵ ਕੁਮਾਰ ਦੀ ਜ਼ਿੰਦਗੀ ਤੇ ਸਿਰਜਣਾ ਸੰਸਾਰ ਨੂੰ ਸਮਝਣ ਦਾ ਇਹ ਸੁਹਿਰਦ ਯਤਨ ਹੈ। ਹੁਣ ਤੱਕ ਮਿਲਦੀਆਂ ਸ਼ਿਵ ਦੀਆਂ ਜੀਵਨੀਆਂ ਵਿੱਚੋਂ ਇਹ ਜੀਵਨੀ ਸਿਰਕੱਢਵੀਂ ਤੇ ਮਹੱਤਵਪੂਰਨ ਹੈ ਕਿਉਂਕਿ ਲੇਖਿਕਾ ਨੇ ਸ਼ਿਵ ਨਾਲ ਜੁੜੇ ਵਿਅਕਤੀਆਂ ਤੋਂ ਅਸਲੀ ਰੂਪ ਵਿੱਚ ਜਾਣਕਾਰੀ ਇਕੱਤਰ ਕਰ ਕੇ ਇਸ ਨੂੰ ਵਿਉਂਤਿਆ ਹੈ। ਬਕੌਲ ਲੇਖਿਕਾ ਉਸ ਦੇ ਪੰਝੀ ਵਰ੍ਹਿਆਂ ਦੀ ਖੋਜ ਦਾ ਸਿੱਟਾ ਹੈ ਇਹ ਕਿਤਾਬ।
ਸੰਪਰਕ: 94173-58120