ਪ੍ਰਯਾਗਰਾਜ, 8 ਅਕਤੂਬਰ
ਏਅਰ ਚੀਫ਼ ਮਾਰਸ਼ਲ ਵੀ.ਆਰ.ਚੌਧਰੀ ਨੇ ਅੱਜ ਭਾਰਤੀ ਏਅਰ ਫੋਰਸ ਦੇ 91ਵੇਂ ਦਿਹਾੜੇ ਮੌਕੇ ਨਵੇਂ ਝੰਡੇ ਤੋਂ ਪਰਦਾ ਹਟਾਇਆ। ਨਵਾਂ ਝੰਡਾ ਉਸੇ ਝੰਡੇ ਦੀ ਥਾਂ ਲਏਗਾ ਜਿਸ ਨੂੰ ਸੱਤ ਦਹਾਕੇ ਪਹਿਲਾਂ ਅਪਣਾਇਆ ਗਿਆ ਸੀ। ਏਅਰ ਚੀਫ ਮਾਰਸ਼ਲ ਚੌਧਰੀ ਨੇ ਹਵਾਈ ਸੈਨਾ ਨੂੰ ਮੌਜੂਦਾ ‘ਗੁੰਝਲਦਾਰ’ ਤੇ ‘ਗਤੀਸ਼ੀਲ’ ਰਣਨੀਤਕ ਮਾਹੌਲ ਤੇ ਸੰਭਾਵੀ ਭਵਿੱਖੀ ਜੰਗਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਰਣਨੀਤੀ ਵਿੱਚ ਸੁਧਾਰ, ਸਰਬਪੱਖੀ ਸਮਰੱਥਾ ਨੂੰ ਵਧਾਉਣ ਅਤੇ ਲਚਕਦਾਰ ਮਾਨਸਿਕਤਾ ਵਿਕਸਤ ਕਰਨ ਦਾ ਸੱਦਾ ਦਿੱਤਾ ਹੈ। ਹਵਾਈ ਸੈਨਾ ਦੇ ਨਵੇਂ ਝੰਡੇ ਵਿਚ ਆਈਏਐੱਫ ਦਾ ਕਰੈਸਟ ਸੱਜੇ ਪਾਸੇ ਉਪਰਲੇ ਕੋਰਨਰ ’ਤੇ ਹੈ। ਆਈਏਐੱਫ ਨੇ ਐਕਸ ’ਤੇ ਇਕ ਪੋਸਟ ਵਿੱਚ ਅੱਜ ਦੇ ਦਿਹਾੜੇ ਨੂੰ ਭਾਰਤੀ ਹਵਾਈ ਸੈਨਾ ਦੇ ਇਤਿਹਾਸ ਦਾ ਯਾਦਗਾਰ ਦਿਨ ਦੱਸਿਆ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਜਲਸੈਨਾ ਨੇ ਬਸਤੀਵਾਦੀ ਅਤੀਤ ਨੂੰ ਤਿਆਗਦੇ ਹੋਏ ਆਪਣਾ ਝੰਡਾ ਬਦਲਿਆ ਸੀ। -ਪੀਟੀਆਈ