ਗੰਗਟੋਕ, 9 ਅਕਤੂਬਰ
ਸਿੱਕਿਮ ਵਿੱਚ ਅਚਾਨਕ ਆਏ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 34 ਹੋ ਗਈ ਹੈ, ਜਦਕਿ ਲਾਪਤਾ ਹੋਏ 105 ਜਣਿਆਂ ਦੀ ਭਾਲ ਕੀਤੀ ਜਾ ਰਹੀ ਹੈ। ਸੂਬੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਹੜ੍ਹ ਕਾਰਨ ਫਸੇ ਸੈਲਾਨੀਆਂ ਨੂੰ ਹਵਾਈ ਸੈਨਾ ਦੀ ਮਦਦ ਨਾਲ ਕੱਢਿਆ ਜਾ ਰਿਹਾ ਹੈ।
ਇਸੇ ਦੌਰਾਨ ਨਾਲ ਲੱਗਦੇ ਪੱਛਮੀ ਬੰਗਾਲ ਦੇ ਉੱਤਰੀ ਖੇਤਰ ਦੇ ਪ੍ਰਸ਼ਾਸਨ ਨੇ ਕਿਹਾ ਕਿ ਤੀਸਤਾ ਨਦੀ ਵਿੱਚੋਂ ਹੁਣ ਤੱਕ 40 ਲਾਸ਼ਾਂ ਬਰਾਮਦ ਹੋਈਆਂ ਹਨ। ਹਾਲਾਂਕਿ ਅਧਿਕਾਰੀਆਂ ਨੇ ਸੁਚੇਤ ਕੀਤਾ ਕਿ ਦੋਵਾਂ ਸੂਬਿਆਂ ਵੱਲੋਂ ਦੱਸੇ ਗਏ ਅੰਕੜਿਆਂ ਵਿੱਚ ਕੁੱਝ ਦੁਹਰਾਅ ਹੋ ਸਕਦਾ ਹੈ। ਮ੍ਰਿਤਕਾਂ ਵਿੱਚ ਸੈਨਾ ਦੇ 10 ਜਵਾਨ ਵੀ ਸ਼ਾਮਲ ਹਨ, ਜਦਕਿ 105 ਲੋਕਾਂ ਦੀ ਭਾਲ ਜਾਰੀ ਹੈ। ਹਵਾਈ ਸੈਨਾ ਨੇ ਹਿਮਾਲਿਆਈ ਸੂਬੇ ਸਿੱਕਮ ਵਿੱਚ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ ਅਤੇ ਲਾਚੇਨ ਵਿੱਚ ਉੱਤਰੀ ਸਿੱਕਮ ਦੇ ਮੰਗਨ ਵਿੱਚ ਫਸੇ ਹੋਏ ਸੈਲਾਨੀਆਂ ਦੇ ਪਹਿਲੇ ਜਥੇ ਨੂੰ ਹੈਲੀਕਾਪਟਰ ਰਾਹੀਂ ਸੁਰੱਖਿਅਤ ਜਗ੍ਹਾ ਪਹੁੰਚਾਇਆ ਗਿਆ ਹੈ।
ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਨੇ ਮੁੱਖ ਸਕੱਤਰ ਵੀਬੀ ਪਾਠਕ, ਗੰਗਟੋਕ ਪਹੁੰਚੇ ਥਲ ਸੈਨਾ ਮੁਖੀ ਮਨੋਜ ਪਾਂਡੇ ਅਤੇ ਰਾਹਤ ਅਤੇ ਬਚਾਅ ਕਾਰਜਾਂ ’ਚ ਜੁੱਟੇ ਹਥਿਆਰਬੰਦ ਬਲਾਂ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ। ਮੁੱਖ ਸਕੱਤਰ ਪਾਠਕ ਨੇ ਅੱਜ ਅੰਤਰ-ਮੰਤਰਾਲੇ ਕੇਂਦਰੀ ਟੀਮ (ਆਈਐੱਮਸੀਟੀ) ਦੇ ਮੈਂਬਰਾਂ ਨਾਲ ਇੱਕ ਹੋਰ ਮੀਟਿੰਗ ਕੀਤੀ ਅਤੇ ਉਨ੍ਹਾਂ ਤੋਂ ਹੜ੍ਹ ਕਾਰਨ ਹੋਈ ਤਬਾਹੀ ਬਾਰੇ ਜਾਣਕਾਰੀ ਲਈ।
ਸਿੱਕਿਮ ਦੇ ਪਾਕਯੋਂਗ ਜ਼ਿਲ੍ਹੇ ਵਿੱਚ ਸਭ ਤੋਂ ਵੱਧ 22 ਜਣਿਆਂ ਦੀ ਮੌਤ ਹੋ ਗਈ ਹੈ, ਜਿਸ ਵਿੱਚ ਸੈਨਾ ਦੇ 10 ਜਵਾਨ ਸ਼ਾਮਲ ਹਨ। ਇਸ ਮਗਰੋਂ ਗੰਗਟੋਕ ਵਿੱਚ ਛੇ, ਮੰਗਨ ਵਿੱਚ ਚਾਰ ਅਤੇ ਨਾਮਚੀ ਵਿੱਚ ਦੋ ਜਣੇ ਮਾਰੇ ਗਏ ਹਨ। ਮੰਗਨ ਜ਼ਿਲ੍ਹੇ ਵਿੱਚ ਲਹੋਨਕ ਝੀਲ ’ਤੇ ਬੱਦਲ ਫਟਣ ਦੇ ਛੇ ਦਿਨ ਬਾਅਦ ਕੁੱਲ 105 ਜਣੇ ਲਾਪਤਾ ਹਨ।
ਸਿੱਕਿਮ ਰਾਜ ਆਫਤ ਪ੍ਰਬੰਧਨ ਅਥਾਰਿਟੀ ਅਨੁਸਾਰ ਲਾਪਤਾ ਲੋਕਾਂ ਵਿੱਚੋਂ 63 ਪਾਕਯੋਂਗ ਤੋਂ, 20 ਗੰਗਟੋਕ, 16 ਮੰਗਨ ਅਤੇ ਛੇ ਨਾਮਚੀ ਤੋਂ ਹਨ। ਹੜ੍ਹ ਕਾਰਨ ਕਰੀਬ 3,432 ਕੱਚੇ ਅਤੇ ਪੱਕੇ ਮਕਾਨ ਪ੍ਰਭਾਵਿਤ ਹੋਏ ਹਨ। ਮੌਸਮ ਵਿਭਾਗ ਨੇ ਅਗਲੇ ਪੰਜ ਦਿਨਾਂ ਤੱਕ ਸੂਬੇ ਵਿੱਚ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। -ਪੀਟੀਆਈ
ਥਲ ਸੈਨਾ ਮੁਖੀ ਵੱਲੋਂ ਹਵਾਈ ਸਰਵੇ
ਕੋਲਕਾਤਾ: ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਨੇ ਆਪਣੇ ਦੋ ਰੋਜ਼ਾ ਦੌਰੇ ਦੌਰਾਨ ਸਿੱਕਿਮ ਵਿੱਚ ਹੜ੍ਹ ਪ੍ਰਭਾਵਿਤਾਂ ਇਲਾਕਿਆਂ ਦਾ ਜਾਇਜ਼ਾ ਲਿਆ। ਇੱਕ ਰੱਖਿਆ ਅਧਿਕਾਰੀ ਨੇ ਦੱਸਿਆ ਕਿ ਜਨਰਲ ਮਨੋਜ ਪਾਂਡੇ ਨੇ ਐਤਵਾਰ ਨੂੰ ਸੈਨਾ ਦੀ ਪੂਰਬੀ ਕਮਾਨ ਦੇ ਕਮਾਂਡਰ ਲੈਫਟੀਨੈਂਟ ਜਨਰਲ ਰਾਣਾ ਪ੍ਰਤਾਪ ਕਾਲਿਤਾ ਅਤੇ ਜੀਓਸੀ ਤ੍ਰਿਸ਼ਕਤੀ ਕਮਾਨ ਦੇ ਲੈਫਟੀਨੈਂਟ ਜਰਨਲ ਵੀ.ਵੀ.ਐੱਸ ਕੌਸ਼ਿਕ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇ ਕੀਤਾ। ਅਧਿਕਾਰੀ ਨੇ ਇੱਕ ਬਿਆਨ ਵਿੱਚ ਕਿਹਾ, ‘‘ਸੈਨਾ ਪ੍ਰਮੁੱਖ ਨੇ ਸਿੱਕਿਮ ਦੇ ਮੁੱਖ ਮੰਤਰੀ ਪੀ.ਐੱਸ. ਤਮਾਂਗ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।’’ ਥਲ ਸੈਨਾ ਮੁਖੀ ਨੇ ਫ਼ੌਜੀਆਂ ਨਾਲ ਗੱਲਬਾਤ ਕਰਦਿਆਂ ਮੁਸੀਬਤ ਵੇਲੇ ਸਮਰਪਣ ਨਾਲ ਕੰਮ ਕਰਨ ਲਈ ਉਨ੍ਹਾਂ ਦੀ ਸਰਾਹਨਾ ਕੀਤੀ। ਇਸੇ ਦੌਰਾਨ ਭਾਰਤੀ ਹਵਾਈ ਸੈਨਾ ਅਤੇ ਫੌਜ ਨੇ ਸਾਂਝੀ ਮੁਹਿੰਮ ਦੌਰਾਨ ਲਾਚੇਨ ਅਤੇ ਲਾਚੁੰਗ ਸ਼ਹਿਰਾਂ ਵਿੱਚ ਫਸੇ ਘੱਟੋ-ਘੱਟ 400 ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ, ਜਨਿ੍ਹਾਂ ਵਿੱਚ 13 ਬੰਗਲਾਦੇਸ਼ੀ ਵੀ ਸ਼ਾਮਲ ਹਨ। -ਪੀਟੀਆਈ