ਚੰਡੀਗੜ੍ਹ(ਟਨਸ): ਭਾਰਤੀ ਖ਼ੁਰਾਕ ਨਿਗਮ ਵੱਲੋਂ ਜਾਰੀ ਕੀਤੇ ਪੱਤਰ ਵਿਰੁੱਧ ਪੰਜਾਬ ਦੇ ਚੌਲ ਮਿੱਲ ਮਾਲਕ ਹੜਤਾਲ ’ਤੇ ਚਲੇ ਗਏ ਹਨ। ਨਿਗਮ ਨੇ ਪੱਤਰ ਵਿੱਚ ਕਿਹਾ ਹੈ ਕਿ ਕੇਂਦਰੀ ਪੂਲ ’ਚ ਦਿੱਤਾ ਜਾਣ ਵਾਲਾ ਚੌਲ ਸਿਰਫ਼ ਫੋਰਟੀਫਾਈਡ ਹੀ ਲਿਆ ਜਾਵੇਗਾ। ਇਸ ਵਿਚ ਸ਼ਰਤ ਲਾਈ ਗਈ ਹੈ ਕਿ ਫੋਰਟੀਫਾਈਡ ਚੌਲ ਵਿੱਚ ਨਿਊਟਰੇਸ਼ਨ ਵੈਲਿਊ ਮਾਪਦੰਡਾਂ ਤੋਂ ਘੱਟ ਜਾਂ ਵੱਧ ਪਾਈ ਜਾਂਦੀ ਹੈ ਤਾਂ ਸਬੰਧਤ ਚੌਲ ਮਿੱਲ ਐੱਫਸੀਆਈ ਦੇ ਗੋਦਾਮਾਂ ’ਚੋਂ ਵਾਪਸ ਚੁੱਕ ਕੇ ਉਸ ਦੀ ਥਾਂ ਨਵੇਂ ਚੌਲਾਂ ਦਾ ਭੁਗਤਾਨ ਕਰੇਗੀ। ਚੌਲ ਮਿੱਲ ਮਾਲਕ ਐਸੋਸੀਏਸ਼ਨ ਦੇ ਰਣਜੀਤ ਸਿੰਘ ਜੋਸ਼ਨ ਨੇ ਕਿਹਾ ਕਿ ਸਰਕਾਰ ਇਸ ਮਾਮਲੇ ਨੂੰ ਫ਼ੌਰੀ ਕੇਂਦਰ ਕੋਲ ਚੁੱਕੇ ਕਿਉਂਕਿ ਇਸ ਪੱਤਰ ਮੁਤਾਬਕ ਉਨ੍ਹਾਂ ਨੂੰ ਵੱਡਾ ਵਿੱਤੀ ਘਾਟਾ ਸਹਿਣਾ ਪਵੇਗਾ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਨੇ ਅਣਮਿੱਥੇ ਸਮੇਂ ਲਈ ਹੜਤਾਲ ਦਾ ਸੱਦਾ ਦਿੱਤਾ ਹੈ। ਪੰਜਾਬ ਰਾਈਸ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਭਾਰਤ ਭੂਸ਼ਨ ਬਿੰਟਾ ਦਾ ਕਹਿਣਾ ਹੈ ਕਿ ਰਾਈਸ ਮਿੱਲਰ ਉਦੋਂ ਤੱਕ ਝੋਨਾ ਸਟੋਰ ਨਹੀਂ ਕਰਵਾਉਣਗੇ, ਜਦੋਂ ਤੱਕ ਨਿਗਮ ਇਹ ਫ਼ੈਸਲਾ ਵਾਪਸ ਨਹੀਂ ਲੈਂਦੀ।