ਹਰਦਮ ਮਾਨ
ਸਰੀ: ਵਿਰਾਸਤੀ ਗੁਰਦੁਆਰਾ ਸਾਹਿਬ ਐਬਸਫੋਰਡ ਵਿਖੇ ਪੰਜਾਬੀ ਸਾਹਿਤ ਸਭਾ ਮੁੱਢਲੀ, ਜੀਵੇ ਪੰਜਾਬ ਅਦਬੀ ਸੰਗਤ, ਵਿਰਾਸਤ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ, ਗੁਰਦਾਸ ਰਾਮ ਆਲਮ ਪੰਜਾਬੀ ਸਾਹਿਤ ਸਭਾ ਸਰੀ, ਕੈਨੇਡਾ, ਪੰਜ-ਆਬ ਕਲਚਰਲ ਐਸੋਸੀਏਸ਼ਨ, ਲੋਕ ਲਿਖਾਰੀ ਸਹਿਤ ਸਭਾ ਉੱਤਰੀ ਅਮਰੀਕਾ, ਵਿਰਾਸਤ ਫਾਊਂਡੇਸ਼ਨ ਸਮੇਤ ਵੱਖ-ਵੱਖ ਸਾਹਿਤਕ ਸੰਸਥਾਵਾਂ ਵੱਲੋਂ ਅਸ਼ੋਕ ਬਾਂਸਲ ਮਾਨਸਾ ਦੀ ਪੁਸਤਕ ‘ਮਿੱਟੀ ਨੂੰ ਫਰੋਲ ਜੋਗੀਆ’ ਰਿਲੀਜ਼ ਕੀਤੀ ਗਈ।
ਅਸ਼ੋਕ ਬਾਂਸਲ ਮਾਨਸਾ ਦੀ ਇਹ ਰਚਨਾ ਉਨ੍ਹਾਂ ਪੁਰਾਣੇ 20 ਗੀਤਕਾਰਾਂ ਬਾਰੇ ਲਿਖੀ ਇੱਕ ਖੋਜ ਪੁਸਤਕ ਹੈ, ਜਨਿ੍ਹਾਂ ਦੇ ਲਿਖੇ ਗੀਤ ਲੋਕ ਜ਼ੁਬਾਨ ’ਤੇ ਚੜ੍ਹ ਕੇ ਲੋਕ ਗੀਤਾਂ ਦਾ ਦਰਜਾ ਹਾਸਲ ਕਰ ਗਏ। ਇਸ ਕਿਤਾਬ ਉੱਪਰ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੇ ਪ੍ਰਧਾਨ ਮਨਿੰਦਰ ਸਿੰਘ ਗਿੱਲ, ਪੰਜਾਬੀ ਸਾਹਿਤ ਸਭਾ ਮੁੱਢਲੀ ਦੇ ਕੋਆਰਡੀਨੇਟਰ ਡਾ. ਗੁਰਵਿੰਦਰ ਸਿੰਘ, ਸਾਹਿਤ ਪ੍ਰੇਮੀ ਦਰਸ਼ਨ ਸ਼ਾਸੀ, ਪੰਜ ਆਬ ਕਲਚਰਲ ਐਸੋਸੀਏਸ਼ਨ ਮਿਸ਼ਨ ਦੇ ਪ੍ਰਤੀਨਿਧ ਸਤਨਾਮ ਸਿੰਘ ਸੱਤੀ ਗਰੇਵਾਲ, ਵਿਰਾਸਤ ਫਾਊਂਡੇਸ਼ਨ ਅਤੇ ਜੀਵੇ ਪੰਜਾਬ ਅਦਬੀ ਸੰਗਤ ਦੇ ਮੁਖੀ ਭੁਪਿੰਦਰ ਸਿੰਘ ਮੱਲ੍ਹੀ, ਗੁਰਦਾਸ ਰਾਮ ਆਲਮ ਪੰਜਾਬੀ ਸਾਹਿਤ ਸਭਾ ਸਰੀ ਦੇ ਸੰਸਥਾਪਕ ਪ੍ਰਿੰਸੀਪਲ ਮਲੂਕ ਚੰਦ ਕਲੇਰ, ਪ੍ਰੋਫੈਸਰ ਗੋਪਾਲ ਸਿੰਘ ਬੁੱਟਰ, ਪੰਜਾਬ ਤੋਂ ਆਈਆਂ ਬੀਬੀ ਗੁਰਦੇਵ ਕੌਰ, ਮਨਪ੍ਰੀਤ ਕੌਰ ਜਵੰਦਾ ਤੋਂ ਇਲਾਵਾ ਜਸਕਰਨ ਸਿੰਘ ਧਾਲੀਵਾਲ, ਸੁਰਜੀਤ ਸਿੰਘ ਸਹੋਤਾ, ਮੁਲਕ ਰਾਜ ਪ੍ਰੇਮੀ, ਦਿਲਬਾਗ ਸਿੰਘ ਅਖਾੜਾ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਨੇ ਵਿਚਾਰ ਪੇਸ਼ ਕੀਤੇ ਅਤੇ ਕੈਨੇਡਾ ਦੇ ਮੂਲ ਵਾਸੀਆਂ ਦੇ ਦਿਹਾੜੇ ਬਾਰੇ ਵਿਚਾਰ ਚਰਚਾ ਕੀਤੀ।
ਅਸ਼ੋਕ ਬਾਂਸਲ ਨੇ ਆਪਣੀ ਇਸ ਲਿਖਤ ਬਾਰੇ ਕਿਹਾ ਕਿ ਭੁੱਲੇ ਵਿਸਰੇ ਮਹਾਨ ਗੀਤਕਾਰਾਂ ਬਾਰੇ ਲਿਖਦਿਆਂ ਉਨ੍ਹਾਂ ਆਪਣੇ ਜਜ਼ਬਾਤ ਕਿਤਾਬ ਦੇ ਰੂਪ ਵਿੱਚ ਸਾਂਝੇ ਕੀਤੇ ਹਨ। ਇਸ ਮੌਕੇ ’ਤੇ ਪੰਜਾਬੀ ਲਿਖਾਰੀ ਗੁਰਦੇਵ ਸਿੰਘ ਬਰਾੜ ਆਲਮ ਵਾਲਾ ਨੇ ਆਪਣੀ ਕਿਤਾਬ ‘ਕੈਨੇਡੀਅਨ ਭੱਈਆਣੀ’ ਅਸ਼ੋਕ ਬਾਂਸਲ ਮਾਨਸਾ ਅਤੇ ਪੰਜਾਬੀ ਸਾਹਿਤ ਸਭਾ ਮੁੱਢਲੀ ਨੂੰ ਭੇਟ ਕੀਤੀ। ਪ੍ਰੋਗਰਾਮ ਦਾ ਸੰਚਾਲਨ ਗੁਰਪ੍ਰੀਤ ਸਿੰਘ ਚਾਹਲ ਨੇ ਕੀਤਾ।
ਬਿੰਦੂ ਮਠਾੜੂ ਦੀ ਪੁਸਤਕ ‘ਹਰਫ਼ ਇਲਾਹੀ’ ਰਿਲੀਜ਼
ਸਰੀ: ਪੰਜਾਬੀ ਕਵਿੱਤਰੀ ਬਿੰਦੂ ਮਠਾੜੂ ਦੀ ਪੁਸਤਕ ‘ਹਰਫ਼ ਇਲਾਹੀ’ ਰਿਲੀਜ਼ ਕਰਨ ਲਈ ਸਰੀ ਵਿਖੇ ‘ਸ਼ਾਮ-ਏ-ਗ਼ਜ਼ਲ’ ਸਮਾਗਮ ਕਰਵਾਇਆ ਗਿਆ। ਪੁਸਤਕ ਲੋਕ ਅਰਪਣ ਕਰਨ ਦੀ ਰਸਮ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ, ਨਦੀਮ ਪਰਮਾਰ, ਜਰਨੈਲ ਸਿੰਘ ਆਰਟਿਸਟ, ਮੋਹਨ ਗਿੱਲ, ਕ੍ਰਿਸ਼ਨ ਭਨੋਟ, ਰਾਜਵੰਤ ਰਾਜ, ਭੁਪਿੰਦਰ ਧਾਲੀਵਾਲ, ਸੁੱਖੀ ਬਾਠ, ਅਮਰੀਕ ਪਲਾਹੀ, ਹਰਜਿੰਦਰ ਮਠਾੜੂ ਨੇ ਅਦਾ ਕੀਤੀ।
ਸਮਾਗਮ ਦੌਰਾਨ ਗ਼ਜ਼ਲ ਗਾਇਕ ਦਲਜੀਤ ਕੈਸ ਜਗਰਾਓਂ, ਸ਼ਸ਼ੀ ਲਤਾ ਵਿਰਕ, ਸੰਦੀਪ ਗਿੱਲ, ਜਗਪ੍ਰੀਤ ਬਾਜਵਾ, ਮੀਨੂੰ ਬਾਵਾ, ਸੈਮ ਸਿੱਧੂ, ਕੇ.ਸੀ. ਨਾਇਕ, ਗੋਗੀ ਬੈਂਸ ਅਤੇ ਰਾਣਾ ਗਿੱਲ ਨੇ ਬਿੰਦੂ ਮਠਾੜੂ ਅਤੇ ਹੋਰ ਸ਼ਾਇਰਾਂ ਦੀਆਂ ਗ਼ਜ਼ਲਾਂ ਦਾ ਗਾਇਨ ਕੀਤਾ। ਸਟੇਜ ਦਾ ਸੰਚਾਲਨ ਰਮਨ ਮਾਨ ਨੇ ਬਾਖੂਬੀ ਕੀਤਾ। ਸ਼ਹਿਰ ਦੀਆਂ ਬਹੁਤ ਸਾਰੀਆਂ ਸਾਹਿਤਕ ਅਤੇ ਸਮਾਜਿਕ ਸ਼ਖ਼ਸੀਅਤਾਂ ਨੇ ‘ਸ਼ਾਮ-ਏ-ਗ਼ਜ਼ਲ’ ਦਾ ਭਰਪੂਰ ਆਨੰਦ ਮਾਣਿਆ।
ਹੋਣਹਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ
ਸਰੀ: ਬਸੰਤ ਮੋਟਰਜ਼ ਸਰੀ ਵੱਲੋਂ ਆਪਣੀ 32ਵੀਂ ਵਰੇਗੰਢ ਮੌਕੇ 16 ਹੋਣਹਾਰ ਵਿਦਿਆਰਥੀਆਂ ਨੂੰ 32,000 ਡਾਲਰ ਦੀ ਸਕਾਲਰਸ਼ਿਪ ਪ੍ਰਦਾਨ ਕੀਤੀ ਗਈ। ਇਸ ਮੌਕੇ ’ਤੇ ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।
ਪ੍ਰੀਮੀਅਰ ਡੇਵਿਡ ਈਬੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਮਾਣ ਉਨ੍ਹਾਂ ਦੀ ਸਖ਼ਤ ਮਿਹਨਤ ਸਦਕਾ ਉਨ੍ਹਾਂ ਨੂੰ ਮਿਲਿਆ ਹੈ। ਉਨ੍ਹਾਂ ਉਚੇਰੀ ਵਿਦਿਆ ਪ੍ਰਾਪਤ ਕਰ ਕੇ ਆਪਣਾ ਭਵਿੱਖ ਉੱਜਲ ਬਣਾਉਣ ਅਤੇ ਨਰੋਏ ਸਮਾਜ ਦੀ ਸਿਰਜਣਾ ਲਈ ਵੱਡਮੁੱਲਾ ਯੋਗਦਾਨ ਪਾਉਣ ਲਈ ਵਿਦਿਆਰਥੀਆਂ ਨੂੰ ਆਪਣਾ ਆਸ਼ੀਰਵਾਦ ਦਿੱਤਾ। ਉਨ੍ਹਾਂ ਬਸੰਤ ਮੋਟਰਜ਼ ਦੇ ਇਸ ਉੱਦਮ ਅਤੇ ਸੋਚ ਦੀ ਸ਼ਲਾਘਾ ਕੀਤੀ ਅਤੇ ਬਲਦੇਵ ਸਿੰਘ ਬਾਠ ਵੱਲੋਂ ਸਮਾਜ ਸੇਵਾ ਦੇ ਨਾਲ ਵਿਦਿਅਕ ਖੇਤਰ ਵਿੱਚ ਪਾਏ ਜਾ ਰਹੇ ਯੋਗਦਾਨ ਲਈ ਧੰਨਵਾਦ ਕੀਤਾ। ਬਸੰਤ ਮੋਟਰਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ ਬਲਦੇਵ ਸਿੰਘ ਬਾਠ ਨੇ ਕਿਹਾ ਕਿ ਕਮਿਊਨਿਟੀ ਵੱਲੋਂ ਬਸੰਤ ਮੋਟਰਜ਼ ਨੂੰ ਮਿਲੇ
ਸਹਿਯੋਗ ਸਦਕਾ ਹੀ ਇਹ ਸਭ ਸੰਭਵ ਹੋ ਸਕਿਆ ਹੈ। ਉਨ੍ਹਾਂ ਨੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਪ੍ਰੀਮੀਅਰ ਡੇਵਿਡ ਈਬੀ ਅਤੇ ਉਨ੍ਹਾਂ ਦੇ ਕੈਬਨਿਟ ਸਾਥੀਆਂ ਦਾ ਸਵਾਗਤ ਕੀਤਾ।
ਇਸ ਮੌਕੇ ਪ੍ਰੀਮੀਅਰ ਡੇਵਿਡ ਈਬੀ ਨੇ 16 ਵਿਦਿਆਰਥੀਆਂ ਨੂੰ 2-2 ਹਜ਼ਾਰ ਡਾਲਰ ਦੇ ਸਕਾਲਰਸ਼ਿਪ ਸਰਟੀਫਿਕੇਟ ਪ੍ਰਦਾਨ ਕੀਤੇ। ਬਸੰਤ ਮੋਟਰਜ਼ ਵੱਲੋਂ ਇਸ ਮੌਕੇ ਸਰੀ ਦੇ ਨਵੇਂ ਬਣਾਏ ਜਾ ਰਹੇ ਹਸਪਤਾਲ ਲਈ 32 ਹਜ਼ਾਰ ਡਾਲਰ ਅਤੇ ਸਰੀ ਫੂਡ ਬੈਂਕ ਲਈ 3200 ਡਾਲਰ ਦੇ ਚੈੱਕ ਪ੍ਰੀਮੀਅਰ ਨੂੰ ਭੇਟ ਕੀਤੇ ਗਏ। ਬੀ.ਸੀ. ਵਿਧਾਨ ਸਭਾ ਦੇ ਸਪੀਕਰ ਰਾਜ ਚੌਹਾਨ, ਕੈਬਨਿਟ ਮੰਤਰੀ ਹੈਰੀ ਬੈਂਸ, ਜਗਰੂਪ ਬਰਾੜ, ਰਚਨਾ ਸਿੰਘ, ਐੱਮ.ਐੱਲ.ਏ. ਗੈਰੀ ਬੈਗ ਤੇ ਬਰੂਸ ਰਾਲਸਟਨ ਅਤੇ ਕੌਂਸਲਰ ਲਿੰਡਾ ਐਨਿਸ ਨੇ ਵੀ ਇਨ੍ਹਾਂ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੱਤਾ।