ਜਗਜੀਤ ਸਿੰਘ ਗਣੇਸ਼ਪੁਰ
ਮੌਜੂਦਾ ਸਮੇਂ ਗੂਗਲ ਇੰਟਰਨੈੱਟ ਦੀ ਦੁਨੀਆ ਦਾ ਬੇਤਾਜ ਬਾਦਸ਼ਾਹ ਬਣਿਆ ਹੋਇਆ ਹੈ। 1998 ਵਿੱਚ ਸ਼ੁਰੂ ਹੋਈ ਇਸ ਹੈਰਾਨੀਜਨਕ ਯਾਤਰਾ ਨੇ ਅੱਜ ਗੂਗਲ ਨੂੰ ਇੱਕ ਬਹੁ-ਅਰਬ-ਡਾਲਰ ਕੰਪਨੀ ਵਜੋਂ ਸਥਾਪਤ ਕਰ ਦਿੱਤਾ ਹੈ। ਗੂਗਲ ਦੀ ਖੋਜ ਦੋ ਦੋਸਤਾਂ ਲੈਰੀ ਪੇਜ ਅਤੇ ਸਰਜੇਈ ਬਨਿ ਨੇ ਮਿਲ ਕੇ 4 ਸਤੰਬਰ 1998 ‘ਚ ਮੇਨਲੋ ਪਾਰਕ, ਕੈਲੀਫੋਰਨੀਆ ਵਿਖੇ ਕੀਤੀ ਸੀ।
ਅੱਜ ਗੂਗਲ ਨੂੰ ਨਵੀਨਤਾ ਅਤੇ ਵਿਕਾਸ ਦਾ ਥੰਮ੍ਹ ਮੰਨਿਆ ਜਾਂਦਾ ਹੈ। ਗੂਗਲ, ਸਰਚ ਇੰਜਨ ਤੋਂ ਲੈ ਕੇ ਸਮਾਰਟਫੋਨ ਦੇ ਐਂਡਰਾਇਡ ਆਪਰੇਟਿੰਗ ਸਿਸਟਮ ਤੱਕ ਛਾਇਆ ਹੋਇਆ ਹੈ। ਦੁਨੀਆਂ ਦੀ ਬਹੁਗਿਣਤੀ, ਗੂਗਲ ਦੇ ਐਪਸ ਅਤੇ ਸਾਫਟਵੇਅਰ ’ਤੇ ਪੂਰੀ ਤਰ੍ਹਾਂ ਨਿਰਭਰ ਹੈ। ਹਰ ਸਕਿੰਟ, ਗੂਗਲ ਤਕਰੀਬਨ 100,000 ਵੈੱਬ ਖੋਜਾਂ ਦੀ ਪ੍ਰਕਿਰਿਆ ਕਰਦਾ ਹੈ ਅਤੇ ਇਸਦੇ ਐਲਗੋਰਿਦਮ ਤੁਹਾਡੇ ਦੁਆਰਾ ਖੋਜੀ ਜਾ ਰਹੀ ਜਾਣਕਾਰੀ ਨਾਲ ਸਬੰਧਤ ਜਵਾਬ ਪ੍ਰਦਾਨ ਕਰਦੇ ਹਨ। ਤੁਹਾਡੀ ਇੰਟਰਨੈਟ ਉਪਰ ਹਰ ਗਤੀਵਿਧੀ ਉਪਰ ਗੂਗਲ ਆਪਣੀ ਗੁੱਝੀ ਅੱਖ ਰੱਖਦਾ ਹੈ ਅਤੇ ਤੁਹਾਨੂੰ ਉਹੋ ਜਿਹੀ ਹੀ ਸੂਚਨਾ ਉਪਲਬਧ ਕਰਵਾਉਂਦਾ ਰਹਿੰਦਾ ਹੈ।
ਗੂਗਲ ਆਪਣੀਆਂ ਬਹੁਪੱਖੀ ਸੇਵਾਵਾਂ ਸਦਕਾ ਇੰਟਰਨੈੱਟ/ਤਕਨੀਕੀ ਖੇਤਰ ਵਿੱਚ ਇਕ ਬਹੁਤ ਵੱਡਾ ਬਰਾਂਡ ਬਣ ਚੁੱਕਾ ਹੈ। ਪਰੰਤੂ ਕੀ ਇਹ ਸਭ ਕੁਝ ਬਦਲਣ ਵਾਲਾ ਹੈ? ਜਵਿੇਂ ਯਾਹੂ ਦਾ ਕਿਸੇ ਸਮੇਂ ਡਿਜੀਟਲ ਦੁਨੀਆਂ ਵਿੱਚ ਬੋਲਬਾਲਾ ਸੀ ਪਰ ਗੂਗਲ ਨੇ ਹੌਲੀ–ਹੌਲੀ ਆਪਣੇ ਪੈਰ ਪਸਾਰੇ ਤੇ ਉਸਦੀ ਬਾਦਸ਼ਾਹਤ ਨੂੰ ਪਿਛਾਂਹ ਧੱਕ ਦਿੱਤਾ! ਕੀ ਹੁਣ ਨੇੜਲੇ ਭਵਿੱਖ ਵਿੱਚ ਗੂਗਲ ਨਾਲ ਵੀ ਇਹੋ ਜਿਹਾ ਕੁਝ ਹੋ ਸਕਦਾ ਹੈ? ਪਿਛਲੇ ਕੁਝ ਸਾਲਾਂ ਵਿੱਚ ਅਸੀਂ ਗੂਗਲ ਨੂੰ ਸਿਰਫ਼ ਇੱਕ ਖੋਜ ਇੰਜਣ ਬਣਨ ਤੋਂ ਪਰੇ ਵਿਕਾਸ ਕਰਦੇ ਦੇਖਿਆ ਹੈ। ਕੰਪਨੀ ਦੇ ਕੁਝ ਸਭ ਤੋਂ ਮਹੱਤਵਪੂਰਨ ਉਤਪਾਦਾਂ ਦੇ ਨਾਮ ਜੀਮੇਲ, ਐਂਡਰਾਇਡ, ਪਲੇਅ ਸਟੋਰ, ਗੂਗਲ ਅਸਿਸਟੈਂਟ, ਮੈਪਸ, ਯੂਟਿਊਬ, ਗੂਗਲ ਮੀਟ ਆਦਿ ਹਨ। ਇਹ ਖੋਜਕਰਤਾਵਾਂ ਦੇ ਸਵਾਲਾਂ ਦੇ ਜਵਾਬਾਂ ਦੇ ਨਾਲ-ਨਾਲ ਵਿਗਿਆਪਨ ਵੇਚਣ ਦੇ ਅਰਬਾਂ ਰੋਜ਼ਾਨਾ ਮੌਕੇ ਵੀ ਖੋਲ੍ਹਦਾ ਹੈ। ਇਕ ਰਿਪੋਰਟ ਅਨੁਸਾਰ ਜਨਵਰੀ 2023 ਤੱਕ ਆਨਲਾਈਨ ਖੋਜ ਬਾਜ਼ਾਰ ਦੇ 85.5 ਫੀਸਦੀ ਤੋਂ ਵੱਧ ਆਨਲਾਈਨ ਖੋਜ ਖੇਤਰ ਵਿੱਚ ਗੂਗਲ ਦੀ ਲਗਭਗ ਅਜਾਰੇਦਾਰੀ ਹੈ। ਦੂਜਾ ਸਭ ਤੋਂ ਵੱਡਾ ਖੋਜ ਇੰਜਣ ਅਤੇ ਗੂਗਲ ਦਾ ਮੁੱਖ ਪ੍ਰਤੀਯੋਗੀ 8.2% ਦੇ ਨਾਲ ਮਾਈਕ੍ਰੋਸਾਫਟ ਦਾ ‘ਬਿੰਗ’ ਹੈ।
ਪਿਛਲੇ ਸਮੇਂ ਦੌਰਾਨ ਮਸਨੂਈ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ) ਦੇ ਖੇਤਰ ਵਿੱਚ ਮੋਹਰੀ ਬਣਨ ਦੀ ਦੌੜ ਸ਼ੁਰੂ ਹੋ ਗਈ ਹੈ ਅਤੇ ਇਸ ਨੂੰ ਗੂਗਲ ਬਨਾਮ ਓਪਨ ਏਆਈ ਵੇਖਿਆ ਜਾ ਰਿਹਾ ਹੈ। ਗੂਗਲ ਦੀ ਅਨੁਕੂਲਤਾ ਅਤੇ ਨਵੀਨਤਾ ਦੀ ਯੋਗਤਾ ਇਸਦੀ ਭਵਿੱਖ ਦੀ ਸਫਲਤਾ ਨੂੰ ਨਿਰਧਾਰਤ ਕਰਨ ਵਿੱਚ ਅਹਿਮ ਹੋਵੇਗੀ।
ਹੁਣ ਗੱਲ ਕਰਦੇ ਹਾਂ ਚੈਟਜੀਪੀਟੀ ਦੀ ਜਿਸ ਨੇ ਇਹ ਚਰਚਾ ਛੇੜੀ ਹੈ। ਚੈਟਜੀਪੀਟੀ ਇੱਕ ਮਸਨੂਈ ਬੁੱਧੀ-ਸੰਚਾਲਿਤ ਚੈਟਬੋਟ ਹੈ ਜੋ ਕਿ ਸਵਾਲਾਂ ਦੇ ਜਵਾਬ ਦੇਣ ਲਈ ਮਸ਼ੀਨ ਲਰਨਿੰਗ ਦੀ ਵਰਤੋਂ ਕਰਦਾ ਹੈ। ਓਪਨ ਆਈ ਨੇ 30 ਨਵੰਬਰ, 2022 ਨੂੰ ਚੈਟਜੀਪੀਟੀ ਜਾਰੀ ਕੀਤਾ। ਓਪਨ ਆਈ ਦੇ ਸੀਈਓ ਸੈਮ ਓਲਟਮੈਨ ਦੇ ਅਨੁਸਾਰ, ਪੰਜ ਦਿਨਾਂ ਦੇ ਅੰਦਰ, ਚੈਟਜੀਪੀਟੀ ਦਸ ਲੱਖ ਉਪਭੋਗਤਾਵਾਂ ਤੱਕ ਪਹੁੰਚ ਗਿਆ। ਇਸ ਦੇ ਮੁਕਾਬਲੇ ਗੂਗਲ ‘ਬਾਰਡ’ ਏਆਈ ਲੈ ਕੇ ਆਇਆ। ਲਗਭਗ ਉਸੇ ਸਮੇਂ ਮਾਈਕ੍ਰੋਸਾਫਟ ਨੇ ਇਹ ਘੋਸ਼ਣਾ ਕਰਨ ਦੇ ਨਾਲ ਕਿ ਚੈਟਜੀਪੀਟੀ ਕਾਰਜਕੁਸ਼ਲਤਾ ਨੂੰ ‘ਬਿੰਗ’ ਵਿੱਚ ਜੋੜਿਆ ਜਾਵੇਗਾ, ਐਲਫਾਬੈਟ ਨੇ ਕਿਹਾ ਕਿ ਇਸਦੇ ਆਪਣੇ ਵੱਡੇ ਭਾਸ਼ਾ ਮਾਡਲ, ਜਿਸਨੂੰ ‘ਬਾਰਡ’ ਵਜੋਂ ਜਾਣਿਆ ਜਾਂਦਾ ਹੈ, ਦੀ ਵਰਤੋਂ ਗੂਗਲ ਸਰਚ ਦੀ ਕਾਰਗੁਜ਼ਾਰੀ ਨੂੰ ਵਧਾਉਣ ਲਈ ਕੀਤੀ ਜਾਵੇਗੀ।
ਮਾਈਕ੍ਰੋਸਾਫਟ, ਗੂਗਲ ਅਤੇ ਕਈ ਛੋਟੇ ਵਿਰੋਧੀ ਆਪਣੇ ਖੋਜ ਫੰਕਸ਼ਨਾਂ ਅਤੇ ਹੋਰ ਐਪਲੀਕੇਸ਼ਨਾਂ ਵਿੱਚ ਜਨਰੇਟਵਿ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨਾਲੋਜੀ (ਚੈਟਜੀਪੀਟੀ ਦੇ ਸਮਾਨ) ਨੂੰ ਏਕੀਕ੍ਰਿਤ ਕਰਨ ਦੀ ਦੌੜ ਵਿੱਚ ਹਨ। ਵਿਸ਼ਲੇਸ਼ਕਾਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਜਦੋਂ ਏਆਈ ਇਨੋਵੇਸ਼ਨ ਦੀ ਗੱਲ ਆਉਂਦੀ ਹੈ ਤਾਂ ਗੂਗਲ ਮੁਕਾਬਲੇ ਤੋਂ ਪਿੱਛੇ ਪੈ ਰਿਹਾ ਹੈ। ਮਾਰਚ ਵਿੱਚ, ਗੂਗਲ ਨੇ ਬਾਰਡ ਨਾਮਕ ਇੱਕ ਏਆਈ ਚੈਟਬੋਟ ਪੇਸ਼ ਕੀਤਾ ਜਿਸ ਨੂੰ ਮਿਸ਼ਰਤ ਸਮੀਖਿਆਵਾਂ ਮਿਲੀਆਂ। ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਗਲਤ ਜਾਣਕਾਰੀ ਫੈਲਾਉਣ ਲਈ ਜਨਰੇਟਵਿ ਏਆਈ ਟੂਲਸ ਦੀ ਸੰਭਾਵਨਾ ਬਾਰੇ ਚਿੰਤਾਵਾਂ ਦਾ ਵੀ ਸੰਕੇਤ ਦਿੰਦੇ ਕਿਹਾ, “ਅਸੀਂ ਜਾਣਦੇ ਹਾਂ ਕਿ ਅਰਬਾਂ ਲੋਕ ਸਹੀ ਜਾਣਕਾਰੀ ਪ੍ਰਦਾਨ ਕਰਨ ਲਈ ਗੂਗਲ ‘ਤੇ ਭਰੋਸਾ ਕਰਦੇ ਹਨ।”
ਗੂਗਲ ਦੇ ਨਾਲ ਸਮੇਂ-ਸਮੇਂ ਉਪਰ ਕਈ ਪ੍ਰਕਾਰ ਦੇ ਵਾਦ-ਵਿਵਾਦ ਵੀ ਜੁੜਦੇ ਰਹੇ ਹਨ ਸ਼ਾਇਦ ਇਸ ਕਰਕੇ ਹੀ ਕਈ ਦੇਸ਼ਾਂ ਵਿੱਚ ਇਸ ਉਪਰ ਪਾਬੰਦੀ ਵੀ ਲਗਾਈ ਗਈ ਹੈ। ਚੀਨ ਵੀ ਇੱਕ ਅਜਿਹਾ ਦੇਸ਼ ਹੈ ਜਿਸ ਨੇ 2010 ਤੋਂ ਗੂਗਲ ਦੀਆਂ ਤਕਰੀਬਨ ਸਾਰੀਆਂ ਸੇਵਾਵਾਂ ਉਪਰ ਪਾਬੰਦੀਆਂ ਲਗਾਈਆਂ ਹੋਈਆਂ ਹਨ। ਜਵਿੇਂ ਜਵਿੇਂ ਤਕਨੀਕ ਦੇ ਖੇਤਰ ਵਿੱਚ ਵਿਕਾਸ ਹੋ ਰਿਹਾ ਹੈ ਅਤੇ ਨਵੀਆਂ ਕੰਪਨੀਆਂ ਦੀਆਂ ਆਮਦ ਨਾਲ ਮੁਕਾਬਲਾ ਵਧ ਰਿਹਾ ਹੈ ਜਿਸ ਨਾਲ ਸਪਸ਼ਟ ਹੈ ਕਿ ਜਿਹੜੀ ਵੀ ਕੰਪਨੀ ਖ਼ਪਤਕਾਰਾਂ ਦੀਆਂ ਜ਼ਰੂਰਤਾਂ ਨੂੰ ਮੁੱਖ ਰੱਖਦੇ ਨਵੀਨਤਮ ਤਕਨੀਕ ਪੇਸ਼ ਕਰੇਗੀ ਉਸੇ ਦੀ ਡਿਜੀਟਲ ਦੁਨੀਆਂ ਵਿੱਚ ਚੜ੍ਹਤ ਰਹੇਗੀ। ਇਸ ਸੰਦਰਭ ਵਿੱਚ ਗੂਗਲ ਅੱਗੇ ਚੁਣੌਤੀਆਂ ਤਾਂ ਆ ਰਹੀਆਂ ਹਨ ਪਰ ਉਸ ਨੂੰ ਚਿੱਤ ਕਰਨਾ ਹਾਲੇ ਤਾਂ ਅਸੰਭਵ ਹੀ ਜਾਪਦਾ ਹੈ।
ਸੰਪਰਕ: 94655-76022