ਜਗਜੀਤ ਗੁਰਮ
ਫੁੱਲਾਂ ਦੇ ਸੰਗ ਕੰਡੇ ਵੀ ਤਾਂ ਆਏ ਹਨ ਗੁਲਦਸਤੇ ਵਿੱਚ
ਮਾਰੂਥਲ ਜਾਂ ਦਰਿਆ ਅਕਸਰ ਹੁੰਦੇ ਪਿਆਰ ਦੇ ਰਸਤੇ ਵਿੱਚ।
ਇੱਜ਼ਤ, ਸ਼ੌਹਰਤ, ਜਾਨ ਗਈ ਹੈ ਇਨ੍ਹਾਂ ਨੇ ਤਾਂ ਜਾਣਾ ਸੀ
ਫਿਰ ਤਾਂ ਚੰਗਾ ਛੁੱਟ ਗਿਆ ਤੂੰ ਇਸ਼ਕ ਦੇ ਹੱਥੋਂ ਸਸਤੇ ਵਿੱਚ।
ਇਨਸਾਫ਼ ਤੁਸੀਂ ਇਸ ਕਤਲ ਦਾ ਜੇਕਰ ਲੈਣਾ ਚਾਹੁੰਦੇ ਹੋ
ਧਰਨਾ ਲਾਓ, ਨਾਅਰੇ ਲਾਓ ਲਾਸ਼ ਟਿਕਾ ਕੇ ਰਸਤੇ ਵਿੱਚ।
ਆਟਾ, ਦਾਲ਼ ਤੇ ਚਾਵਲ ਦੇ ਕੇ ਜਿਉਂਦਾ ਰੱਖਿਆ ਹੋਇਆ ਹੈ
ਕਾਪੀ, ਪੈੱਨ, ਕਿਤਾਬ ਨਾ ਦਿੰਦੇ ਸਭ ਨੂੰ ਰਹਬਿਰ ਬਸਤੇ ਵਿੱਚ।
ਧੌਣ ਝੁਕਾ ਕੇ ਲੰਘ ਜਾਂਦਾ ਹੈ ਮਜਬੂਰੀਵੱਸ ਕੋਲੋਂ ਦੀ
ਪਰ ਆਪਣਾਪਣ ਭੋਰਾ ਨਾ ਹੁੰਦਾ ਹੁਣ ਉਸ ਦੀ ਨਮਸਤੇ ਵਿੱਚ।
ਆਪਣਿਆਂ ਨੂੰ ਵੱਢਣ ਵੇਲੇ ਭੋਰਾ ਮੁਚਦਾ, ਝੁਕਦਾ ਨਹੀਂ
ਗ਼ੈਰਾਂ ਦੇ ਹੱਥਾਂ ਵਿੱਚ ਆ ਕੇ ਜ਼ੋਰ ਗਿਆ ਆ ਦਸਤੇ ਵਿੱਚ।
ਕਿੰਨੀ ਸੋਹਣੀ ਬਹਿਰ ਵਜ਼ਨ ਵਿੱਚ ਜਗਜੀਤ ਗੁਰਮ ਦੀ ਜ਼ਿੰਦਗੀ
ਪਰ ਕੁਝ ਲੋਕਾਂ ਦਾ ਧਿਆਨ ਰਹੇ ਛੋਟੇ ਮੋਟੇ ਸਕਤੇ ਵਿੱਚ।
ਸੰਪਰਕ: 99152-64836
ਗ਼ਜ਼ਲ
ਜਸਵਿੰਦਰ ਸਿੰਘ ‘ਰੁਪਾਲ’
ਕੁੱਟਦੇ ਤੇ ਲੁੱਟਦੇ ਨੂੰ ਦੇਖ ਕੇ,
ਦਰਦ ਉਸਦਾ ਪੀਵਣਾ ਮੁਸ਼ਕਲ ਬੜਾ।
ਵਕਤ ਦੇ ਲੋਟੂ ਨੂੰ ਵੀ ਵੰਗਾਰਨਾ,
ਖ਼ੂਬ ਉੱਚੀ ਗੱਜਣਾ ਮੁਸ਼ਕਲ ਬੜਾ।
ਪੁੱਤ ਮੇਰੇ ਨੇ ਕਟਾ ਲਏ ਕੇਸ ਹੁਣ,
ਕਰ ਨਸ਼ਾ ਉਹ ਮਹਿਫਲਾਂ ਵਿਚ ਜਾ ਰਿਹੈ,
ਚਾਰ ਦਿਨ ਸੁੱਖਾਂ ਦੇ ਪਰ ਮੈਂ ਕੱਟਣੇ,
ਹੈ ਮੇਰੇ ਲਈ ਟੋਕਣਾ ਮੁਸ਼ਕਲ ਬੜਾ।
ਮੈਂ ਨਿਭਾਉਂਦਾ ਆ ਰਿਹਾ ਅਜ਼ਲੋਂ ਵਫ਼ਾ,
ਬੇਵਫਾ ਬਣ ਕੇ ਵਿਚਰਦਾ ਤੂੰ ਰਿਹੈਂ
ਨਾ ਭੁਲਾ ਸਕਿਆ ਹਾਂ ਤੇਰੀ ਯਾਦ ਨੂੰ,
ਉਹ ਭਲੇ ਦਿਨ ਭੁੱਲਣਾ ਮੁਸ਼ਕਲ ਬੜਾ।
ਦਿਲ ਮੇਰੇ ਦਾ ਬਾਦਸ਼ਾਹ ਹੈਂ ਕ੍ਰਿਸ਼ਨ ਤੂੰ,
ਮੈਂ ਸੁਦਾਮਾ ਹਾਂ ਗ਼ਰੀਬੀ ਭੰਨਿਆ,
ਦਰ ਤੇਰੇ ਹਾਂ ਆ ਖੜ੍ਹਾ ਕੀ ਸੋਚਦੈਂ,
ਦੋਸਤੀ ਨੂੰ ਪਾਲਣਾ ਮੁਸ਼ਕਲ ਬੜਾ।
ਭਰਮ ਵਿੱਚ ਰੱਸੀ ਜੇ ਸਮਝੇ ਸੱਪ ਨੂੰ,
ਜ਼ਹਿਰ ਉਸ ਦੇ ਤੋਂ ਤਾਂ ਬਚ ਸਕਦੇ ਨਹੀਂ,
ਜਾਣ ਬੁੱਝ ਕੇ ਖੁੱਡ ਵਿੱਚੋਂ ਟੋਲ ਕੇ,
ਸੱਪ ਦਾ ਮੂੰਹ ਚੁੰਮਣਾ ਮੁਸ਼ਕਲ ਬੜਾ।
ਆਪਣੇ ਹੁਣ ਵੈਰ ਕੱਢਣ ਆ ਰਹੇ,
ਗ਼ੈਰ ਆ ਕੇ ਦਿਲ ’ਚ ਨੇ ਥਾਂ ਲੱਭਦੇ,
ਆਪਣਾ ਕਿਹੜਾ ਬਿਗਾਨਾ ਕੌਣ ਏ,
ਫ਼ਰਕ ਤਾਈਂ ਢੂੰਡਣਾ ਮੁਸ਼ਕਲ ਬੜਾ।
ਧੀ ਉਹਦੀ ਨੂੰ ਅੱਗ ਵੈਰਨ ਖਾ ਗਈ,
ਪੁੱਤ ਛੋਟਾ ਕੰਮ ਭੱਠੇ ਤੇ ਕਰੇ,
ਕੰਤ ਨਾਅਰੇ ਮਾਰਦਾ ਫੜਿਆ ਗਿਆ,
ਹਉਕਿਆਂ ਨੂੰ ਠੱਲ੍ਹਣਾ ਮੁਸ਼ਕਲ ਬੜਾ।
ਕਾਗਜ਼ਾਂ ਵਿੱਚ ਰੋਸ ਪ੍ਰਗਟਾਵੇ ਬੜਾ,
ਜਲਸਿਆਂ ਵਿੱਚ ਉਹ ਬੜੇ ਭਾਸ਼ਨ ਕਰੇ,
ਸਾਹਮਣੇ ਆਵੇ ਕਦੇ ਜ਼ਾਲਮ ਜਦੋਂ,
ਲੱਗਦੈ ਮੂੰਹ ਖੋਲ੍ਹਣਾ ਮੁਸ਼ਕਲ ਬੜਾ।
ਸੰਪਰਕ: 98147-15796
ਗ਼ਜ਼ਲ
ਅਮਨ ਦਾਤੇਵਾਸੀਆ
ਕੱਢਣਾ ਚਾਹੁੰਨਾ ਨ੍ਹੇਰ ਜੰਜਾਲ।
ਮਸਤਕ ਦੇ ਵਿੱਚ ਦੀਵਾ ਬਾਲ।
ਮਸਤਕ ਦੇ ਵਿੱਚ ਦੀਵਾ ਬਾਲ,
ਬੁੱਧ ਵਵਿੇਕ ਨੂੰ ਕਰ ਸੁਰਤਾਲ।
ਬੁੱਧ ਵਵਿੇਕ ਨੂੰ ਕਰ ਸੁਰਤਾਲ,
ਦੇਖੀਂ ਮੰਜ਼ਿਲ ਮਿਲੂ ਹਰ ਹਾਲ।
ਦੇਖੀਂ ਮੰਜ਼ਿਲ ਮਿਲੂ ਹਰ ਹਾਲ,
ਜਿੱਤਣ ਦਾ ਤੂੰ ਸਬਕ ਲੈ ਪਾਲ।
ਜਿੱਤਣ ਦਾ ਤੂੰ ਸਬਕ ਲੈ ਪਾਲ,
ਤੁਰਿਆ ਚੱਲ ਬੱਸ ਮੱਠੀ ਚਾਲ।
ਤੁਰਿਆ ਚੱਲ ਬੱਸ ਮੱਠੀ ਚਾਲ,
ਠੀਕ ਨਿਸ਼ਾਨਾ ਰੱਖ ਕੇ ਨਾਲ।
ਠੀਕ ਨਿਸ਼ਾਨਾ ਰੱਖ ਕੇ ਨਾਲ,
ਇਉਂ ਮਾਰ ਟਿਕਾਣੇ ਉੱਤੇ ਛਾਲ।
ਇਉਂ ਮਾਰ ਟਿਕਾਣੇ ਉੱਤੇ ਛਾਲ,
ਕਮੀ ਬਣਾ ਲਈਂ ਅਪਣੀ ਢਾਲ।
ਕਮੀ ਬਣਾ ਲਈਂ ਅਪਣੀ ਢਾਲ,
ਡਿੱਗਣ ਦਾ ਨਹੀਂ ਫੇਰ ਸਵਾਲ।
ਡਿੱਗਣ ਦਾ ਨਹੀਂ ਫੇਰ ਸਵਾਲ,
‘ਅਮਨ’ ਅਜੇਹੀ ਘਾਲ ਤੂੰ ਘਾਲ।
ਸੰਪਰਕ: 94636-09540
ਬਾਪੂ ਵਾਲਾ ਸਾਈਕਲ
ਗੁਰਪ੍ਰੀਤ ਸਿੰਘ ਵਿੱਕੀ
ਜਦੋਂ ਬਾਪੂ ਵਾਲਾ ਸਾਈਕਲ
ਪਹਿਲੀ ਵਾਰ ਚਲਾਇਆ ਸੀ,
ਮਾਰ ਕੇ ਪੈਡਲ ਉਹਨੂੰ
ਹਵਾ ਵਿੱਚ ਉਡਾਇਆ ਸੀ,
ਪਾ ਕੱਚੇ ਰਸਤੇ ’ਤੇ ਉਹਨੂੰ
ਰੇਲ ਦੇ ਵਾਂਗ ਭਜਾਇਆ ਸੀ।
ਹੋ ਗਿਆ ਸਾਂ ਮੁੜ੍ਹਕੋ ਮੁੜ੍ਹਕੀ
ਪਰ ਦਿਲ ਨੂੰ ਚੈਨ ਨਹੀਂ ਆਇਆ ਸੀ,
ਇੱਕ ਵਾਰੀ ਤਾਂ ਗਿਰਨ ਸੀ ਲੱਗਾ
ਪਜਾਮਾ ਚੈਨ ਦੇ ਵਿੱਚ ਫਸਾਇਆ ਸੀ।
ਟਣ ਟਣ ਜਿਹੀ ਸੋਹਣੀ ਸੀ ਲੱਗੀ
ਜਦੋਂ ਟੱਲੀ ਨੂੰ ਖੜਕਾਇਆ ਸੀ,
ਮੈਂ ਦੱਸ ਨਹੀਂ ਸਕਦਾ ਉਸ ਵੇਲੇ
ਕਿੰਨਾ ਸਕੂਨ ਜਿਹਾ ਆਇਆ ਸੀ,
ਹੁਣ ਤਾਂ ਬੱਸ ਯਾਦਾਂ ਹੀ ਬਚੀਆਂ
ਕਦੇ ਬਚਪਨ ਸਾਡੇ ’ਤੇ ਆਇਆ ਸੀ।
ਸੰਪਰਕ: 82848-88700
ਮੈਂ ਕਲਮ
ਗਗਨਪ੍ਰੀਤ ਸੱਪਲ
ਯਾਰੋ ਮੈਂ ਸਾਂਝ ਮੁਹੱਬਤ ਹਾਂ, ਮੈਂ ਕਲਮ ਸਾਹਿਤਕਾਰਾਂ ਦੀ,
ਮੈਂ ਹਰਫ਼ਾਂ ਦੀ ਪਿਟਾਰੀ ਹਾਂ, ਮੈਂ ਮਨ ਦੇ ਆਵਿਸ਼ਕਾਰਾਂ ਦੀ।
ਜੋ ਲੇਖਕ ਲਿਖਦੇ ਨੇ, ਅੱਖਰ ਮੋਤੀਆਂ ਵਾਂਗ ਦਿਸਦੇ ਨੇ,
ਰਾਤਾਂ ਕਾਲੀਆਂ ਕਰ ਕੇ, ਅੱਖਰ ਸੁਨਹਿਰੀ ਲਿਖਦੇ ਨੇ।
ਜਾਨ ਫੂਕ ਦੇਵੇ ਸ਼ਬਦਾਂ ਵਿੱਚ, ਕਲਮ ਲਿਖੇ ਜਜ਼ਬਾਤਾਂ ਨੂੰ,
ਸੱਚ ਝੂਠ ਦਾ ਕਰੇ ਨਿਤਾਰਾ, ਬਿਨਾ ਡਰੇ ਹਲਾਤਾਂ ਨੂੰ।
ਸਿਰ ਕਰਾ ਦੇਵੇ ਕਲਮ, ਇਸ ਅੱਗੇ ਸਭ ਝੁਕਦੇ ਨੇ,
ਜ਼ਖ਼ਮ ਕਰ ਦੇਵੇ ਹਰੇ, ਲੂਣ ਬਣ ਜ਼ਖ਼ਮਾਂ ਤੇ ਭੁੱਕਦੇ ਨੇ।
ਪਿਆਰ ਸੱਚਾ ਪੈ ਜਾਵੇ, ਜਾਨ ਹਾਂ ਮੈਂ ਕਲਮਕਾਰਾਂ ਦੀ,
ਯਾਰੋ ਸਾਂਝ ਮੁਹੱਬਤ ਹਾਂ, ਮੈਂ ਕਲਮ ਲਿਖਤਕਾਰਾਂ ਦੀ।
ਸੰਪਰਕ: 62801-57535
ਅੰਧ-ਵਿਸ਼ਵਾਸ
ਅਮਨਦੀਪ ਕੌਰ ਹਾਕਮ ਸਿੰਘ ਵਾਲਾ
ਅੰਧ-ਵਿਸ਼ਵਾਸ ਨੇ ਲੋਕਾਂ ਦੀ ਮੱਤ ਮਾਰੀ
ਵੇਖੋ ਪਖੰਡੀਆਂ ਦੀ ਕਰੀ ਚੜ੍ਹਾਈ ਜਾਂਦੇ
ਸੰਧੂਰ ਨਾਰੀਅਲ ਤੇ ਕਿਤੇ ਨਿੰਬੂ ਮਿਰਚਾਂ
ਚੌਰਸਤਿਆਂ ਵਿੱਚ ਸਜਾਈ ਜਾਂਦੇ
ਨਿੱਕੇ ਬਾਲਾਂ ਦੀ ਬਲ਼ੀ ਵੀ ਦੇਣ ਪਾਪੀ
ਦਾਗ਼ ਮਮਤਾ ਨੂੰ ਵੇਖੋ ਲਾਈ ਜਾਂਦੇ
ਬੁੱਢੇ ਮਾਪੇ ਰਿਜ਼ਕ ਤੋਂ ਹੋਣ ਵਾਂਝੇ
ਲੱਡੂ ਕੁੱਤਿਆਂ ਤਾਈਂ ਖਵਾਈ ਜਾਂਦੇ
ਸੁਆਹ ਮਲ਼ਕੇ ਆਖਦੇ ਅਮਰ ਹੋਣੈਂ
ਖੇਹ ਆਪਣੇ ਹੱਥੀਂ ਸਿਰ ਪਾਈ ਜਾਂਦੇ
ਤਰਸ ਕੁਦਰਤ ਉੱਤੇ ਵੀ ਨਹੀਂ ਕਰਦੇ
ਲੱਸੀ ਪਿੱਪਲਾਂ, ਬੋਹੜਾਂ ਨੂੰ ਪਿਆਈ ਜਾਂਦੇ
ਭੁੱਲਕੇ ਨਾਨਕ ਜੀ ਦੀ ਬਾਣੀ ਨੂੰ
ਭਾਣਾ ਇਹ ਕੈਸਾ ਵਰਤਾਈ ਜਾਂਦੇ
ਰਹੇਂ ਲੋਟੂਆਂ ਉੱਤੇ ਕਿਉਂ ਚੋਟ ਕਰਦੀ
ਅੱਖਾਂ ਕੱਢ ਦੀਪ ਨੂੰ ਡਰਾਈ ਜਾਂਦੇ
ਸੰਪਰਕ: 98776-54596
ਬਥੇਰੇ ਨੇ
ਸੁਖਚੈਨ ਸਿੰਘ
ਇੱਥੇ ਲੱਖਾਂ ਸੋਹਣੇ ਚਿਹਰੇ ਨੇ
ਮੇਰੀਆਂ ਨਜ਼ਰਾਂ ਦੇ ਘੇਰੇ ਨੇ
ਅੰਦਰੋਂ ਤੱਕਣਾ ਬੜਾ ਔਖਾ ਏ
ਫਿਰਦੇ ਲੋਟੂ ਵੱਗ ਬਥੇਰੇ ਨੇ।
ਮੂੰਹ ਦੇ ਮਿੱਠੇ ਅੰਦਰੋਂ ਕੌੜੇ
ਮੈਨੂੰ ਕੋਈ ਗੱਲ ਨਾ ਔੜ੍ਹੇ
ਝੂਠੀ ਮੂਠੀ ਹੰਝੂ ਕੇਰੇ ਨੇ
ਫਿਰਦੇ ਲੋਟੂ ਵੱਗ ਬਥੇਰੇ ਨੇ।
ਕੋਈ ਸੋਨਾ ਕੋਈ ਚਾਂਦੀ ਏ
ਫ਼ਿਕਰ ਵੱਢ ਵੱਢ ਖਾਂਦੀ ਏ
ਅਸਲੀ ਨਕਲੀ ਫੇਰੇ ਨੇ
ਫਿਰਦੇ ਲੋਟੂ ਵੱਗ ਬਥੇਰੇ ਨੇ।
ਆਦਮਖੋਰ ਜ਼ਮਾਨਾ ਹੈ
ਇੱਕ ਦੂਜੇ ਨੂੰ ਤਾਅਨਾ ਹੈ
ਸੁਖਚੈਨ, ਕੱਚੇ ਬਨੇਰੇ ਨੇ
ਫਿਰਦੇ ਲੋਟੂ ਵੱਗ ਬਥੇਰੇ ਨੇ।
ਸਾਧ ਚੋਰਾਂ ਬੜੀ ਲੁੱਟ ਮਚਾਈ ਹੈ
ਗੱਲ ਬਾਬੇ ਨਾਨਕ ਸਮਝਾਈ ਹੈ
ਧਰਮ ਦੇ ਨਾਂ ’ਤੇ ਲੋਕ ਲੁਟੇਰੇ ਨੇ
ਫਿਰਦੇ ਲੋਟੂ ਵੱਗ ਬਥੇਰੇ ਨੇ।
ਸੰਪਰਕ: 009-715-2763-2924
ਸੋਚਾਂ ਦੇ ਵਿੱਚ ਵਾਸਾ ਤੇਰਾ
ਹਰਦੀਪ ਬਿਰਦੀ
ਸੋਚਾਂ ਦੇ ਵਿੱਚ ਵਾਸਾ ਤੇਰਾ।
ਸੁਣਦਾ ਹਰ ਪਲ ਹਾਸਾ ਤੇਰਾ।
ਪਿਆਰ ਨਾਲ ਹੀ ਭਰ ਦੇਣਾ ਹੈ
ਦਿਲ ਵਾਲਾ ਮੈਂ ਕਾਸਾ ਤੇਰਾ।
ਮੈਂ ਸੁਣਿਆ ਏ ਮੇਰੇ ਬਾਝੋਂ
ਲੱਗਦਾ ਨਾ ਚਿੱਤ ਮਾਸਾ ਤੇਰਾ।
ਮੇਰੀ ਹਰ ਇੱਕ ਧੜਕਣ ਅੰਦਰ
ਤੇ ਹਰ ਸਾਹ ਵਿੱਚ ਵਾਸਾ ਤੇਰਾ।
ਦੁਨੀਆ ਜਾਂ ਫਿਰ ਤੇਰੇ ਵਿੱਚੋਂ
ਮੈਂ ਚੁਣਿਆ ਹੈ ਪਾਸਾ ਤੇਰਾ।
ਫੇਲ੍ਹ ਕਰ ਗਿਆ ਸੁਰਖੀ ਪਾਊਡਰ
ਬੁੱਲ੍ਹਾਂ ਦਾ ਦੰਦਾਸਾ ਤੇਰਾ।
ਮਿੱਠੀਏ ਸ਼ੂਗਰ ਕਰ ਨਾ ਦੇਵੀਂ
ਹਰ ਇੱਕ ਬੋਲ ਪਤਾਸਾ ਤੇਰਾ।
ਮੈਂ ਹੱਸਾਂ ਕਿ ਤਾੜੀ ਮਾਰਾਂ
ਜਾਪੇ ਇਸ਼ਕ ਤਮਾਸ਼ਾ ਤੇਰਾ।
ਸੰਪਰਕ: 90416-00900
ਮਨ ਜੀਤ
ਮਨਜੀਤ ਸਿੰਘ
ਵਕਤ ਲੰਘ ਰਿਹਾ ਹੈ ਤੇ ਲੰਘ ਹੀ ਜਾਵਣਾ,
ਕੀ ਭਰੋਸਾ ਇਸ ਜਿੰਦ ਰੇਤੇ ਦੀ ਭੀਤ ਦਾ।
ਕਿਤੇ ਮਹਿਲ-ਮੁਨਾਰੇ, ਮਾਇਆ ਦੇ ਚੁਬਾਰੇ,
ਛੱਤੀ ਭੋਜਨ ਪਰ ਮਾਲਕ ਭੁੱਖਾ ਨੀਤ ਦਾ।
ਕੋਈ ਛਪਰੀ ਵਿੱਚੋਂ ਪਾਵੇ ਤਾਰਿਆਂ ਨੂੰ ਬਾਤਾਂ,
ਕੱਢੀ ਜਾਵੇ ਸਮਾਂ ਜੇਠ-ਹਾੜ ਤੇ ਸੀਤ ਦਾ।
ਕਿਰਤ ਬਦਲ ਦੇਵੇ ਕਰਮਾਂ ਨੂੰ, ਫੜੀਏ ਪੱਲਾ
ਨਾਮ ਜਪਣ ਤੇ ਵੰਡ ਛਕਣ ਦੀ ਰੀਤ ਦਾ।
ਨਾ ਵਿਸਾਰੀਏ ਉਦਾਸੀਆਂ, ਤਵੀ, ਸੀਸ, ਨੇਜ਼ੇ,
ਸਿਦਕ, ਚਰਖੜੀਆਂ, ਆਰਾ ਅਤੀਤ ਦਾ।
ਸਰਬੰਸਦਾਨੀ ਦਾਤੇ ਨੇ ਬਖ਼ਸ਼ੀਆਂ ਜੋ ਦਾਤਾਂ,
ਸ਼ੁਕਰ ਸ਼ੁਕਰ ਸ਼ੁਕਰ ਓਸ ਡਾਢੇ ਮੀਤ ਦਾ।
ਜੋ ਗੁਆਚਾ ਨਹੀਂ ਚੱਲ ਆ ਉਸ ਨੂੰ ਟੋਲੀਏ,
ਛੱਡ ਝੇੜਾ ਗੁਰਦੁਆਰੇ, ਮੰਦਰ, ਮਸੀਤ ਦਾ।
ਹਰ ਹਰ ਵਿੱਚ ਕਹਿੰਦੇ ਆਪ ਹਰ ਵਸਦਾ,
ਹੈ ਉਹ ਪਾਲਣਹਾਰ ਹਰ ਪਾਕ-ਪਲੀਤ ਦਾ।
ਸਭ ਗੱਲਾਂ ਹੈਨ ਸੱਚੀਆਂ, ਪਰ ਡੋਲ ਜਾਂਦੈ!
ਦੱਸੋ ਕੀ ਕਰੀਏ ਇਸ ਮਨ ਭੈਅਭੀਤ ਦਾ।
ਦੁੱਖ-ਸੁੱਖ ਵਿੱਚ ਰੱਖ ਲਵੀਂ ਅਡੋਲ ਮੌਲ਼ਾ,
ਮਨ ਵੀ ਵਸ ਵਿੱਚ ਨਾ ਤੇਰੇ ਮਨਜੀਤ ਦਾ।
ਸੰਪਰਕ: 94176-35053
ਸ਼ਾਇਰ
ਜਸਵੀਰ ਸਿੰਘ ਭਲੂਰੀਆ
ਸ਼ਾਇਰ
ਇਨਸਾਨ ਨਹੀਂ ਹੁੰਦੇ
ਇਹ ਤਾਂ ਹੰਸ ਹੁੰਦੇ ਨੇ
ਜਿਹੜੇ
ਖ਼ਿਆਲਾਂ ਦੇ ਡੂੰਘੇ ਸਾਗਰ ਵਿੱਚੋਂ
ਸ਼ਬਦਾਂ ਦੇ ਮੋਤੀ ਚੁਗਦੇ ਨੇ
ਤੇ… ‘ਇਨ੍ਹਾਂ ਮੋਤੀਆਂ’ ਨਾਲ ਹੀ
ਤ੍ਰਿਪਤ ਹੋ ਜਾਂਦੇ ਨੇ ਸ਼ਾਇਰ।