ਚੰਡੀਗੜ੍ਹ(ਟ੍ਰਿਬਿਊਨ ਨਿਊਜ਼ ਸਰਵਿਸ): ਯੁਵਕ ਸੇਵਾਵਾਂ ਵਿਭਾਗ ਵੱਲੋਂ 230 ਨੌਜਵਾਨਾਂ ਨੂੰ ਮਨਾਲੀ ਵਿੱਚ ਐਡਵੈਂਚਰ ਤੇ ਟਰੈਕਿੰਗ ਕੈਂਪ ਲਈ ਚੁਣਿਆ ਗਿਆ ਹੈ। ਇਨ੍ਹਾਂ ਨੂੰ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੇ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਵੱਲੋਂ ਦੋ ਬੱਸਾਂ ਨੂੰ ਹਰੀ ਝੰਡੀ ਦੇ ਕੇ ਪਹਿਲੇ ਫ਼ੇਜ਼ ਵਿੱਚ 10 ਰੋਜ਼ਾ ਕੈਂਪ ਲਈ 115 ਨੌਜਵਾਨਾਂ ਨੂੰ ਰਵਾਨਾ ਕੀਤਾ ਗਿਆ। ਮੀਤ ਹੇਅਰ ਨੇ ਕਿਹਾ ਕਿ ਨਵੀਂ ਯੁਵਾ ਨੀਤੀ ਛੇਤੀ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹਰ ਜ਼ਿਲ੍ਹੇ ਵਿੱਚ 10-10 ਨੌਜਵਾਨ ਚੁਣੇ ਗਏ ਹਨ ਅਤੇ ਕੁੱਲ 230 ਨੌਜਵਾਨਾਂ ਨੂੰ ਦੋ ਗਰੁੱਪਾਂ ਵਿੱਚ ਵੰਡ ਕੇ ਅਟੱਲ ਬਿਹਾਰੀ ਵਾਜਪਾਈ ਇੰਸਟੀਚਿਊਟ ਆਫ਼ ਮਾਊਂਟੇਨਰਿੰਗ ਐਂਡ ਅਲਾਇੰਡ ਸਪੋਰਟਸ ਮਨਾਲੀ ਭੇਜਿਆ ਜਾ ਰਿਹਾ ਹੈ। ਅੱਜ ਰਵਾਨਾ ਹੋਏ 115 ਨੌਜਵਾਨ 12 ਤੋਂ 21 ਅਕਤੂਬਰ ਤੱਕ ਅਤੇ ਦੂਜੇ ਗਰੁੱਪ ਵਿੱਚ 115 ਨੌਜਵਾਨ 30 ਅਕਤੂਬਰ ਤੋਂ 8 ਨਵੰਬਰ ਤੱਕ ਮਨਾਲੀ ਵਿੱਚ ਐਡਵੈਂਚਰ ਤੇ ਟਰੈਕਿੰਗ ਕੈਂਪ ਲਗਾਉਣਗੇ।