ਹਾਕੀ ਜਗਤ ਵਿਚ ਭਾਰਤੀ ਹਾਕੀ ਟੀਮ ਦੀ ਫਿਰ ਬੱਲੇ ਬੱਲੇ ਹੋ ਰਹੀ ਹੈ। 2021 ’ਚ ਭਾਰਤੀ ਹਾਕੀ ਟੀਮ ਟੋਕੀਓ ਦੀਆਂ ਓਲੰਪਿਕ ਖੇਡਾਂ ਦੇ ਵਿਕਟਰੀ ਸਟੈਂਡ ’ਤੇ ਚੜ੍ਹੀ, ਫਿਰ ਬਰਮਿੰਘਮ ਕਾਮਨਵੈਲਥ ਖੇਡਾਂ ਦੇ ਵਿਕਟਰੀ ਸਟੈਂਡ ਉਤੇ ਅਤੇ ਹੁਣ ਹਾਂਗਜ਼ੂ ਦੀਆਂ ਏਸ਼ਿਆਈ ਖੇਡਾਂ ਦੇ ਜਿੱਤ ਮੰਚ ’ਤੇ ਚੜ੍ਹੀ ਹੈ। ਇਸ ਵੇਲੇ ਭਾਰਤੀ ਹਾਕੀ ਟੀਮ ਕੋਲ ਓਲੰਪਿਕ ਖੇਡਾਂ ਦਾ ਕਾਂਸੀ, ਕਾਮਨਵੈਲਥ ਖੇਡਾਂ ਦਾ ਚਾਂਦੀ ਤੇ ਏਸ਼ਿਆਈ ਖੇਡਾਂ ਦਾ ਸੋਨ ਮੈਡਲ ਹੈ। ਖੁਸ਼ੀਆਂ ਮਨਾਉਣਾ, ਮਾਣ-ਸਨਮਾਨ ਲੈਣੇ, ਹਾਕੀ ਖਿਡਾਰੀਆਂ ਦਾ ਹੱਕ ਹੈ ਪਰ ਜਿੱਤਾਂ ਨੂੰ ਬਰਕਰਾਰ ਰੱਖਣ ਤੇ ਪੈਰਿਸ ਓਲੰਪਿਕਸ ਦਾ ਚੈਂਪੀਅਨ ਬਣਨ ਲਈ ਭਾਰਤੀ ਹਾਕੀ ਨੂੰ ਹੋਰ ਮਜ਼ਬੂਤ ਕਰਨਾ ਪਵੇਗਾ।
1928 ਤੋਂ 1956 ਦਾ ਸਮਾਂ ਇੰਡੀਆ/ਭਾਰਤ ਦੀ ਹਾਕੀ ਦਾ ਸੁਨਹਿਰੀ ਸਮਾਂ ਸੀ। ਉਨ੍ਹੀਂ ਦਿਨੀਂ ਤਿੰਨ ਵਾਰ ਬ੍ਰਿਟਿਸ਼ ਇੰਡੀਆ ਤੇ ਤਿੰਨ ਵਾਰ ਸੁਤੰਤਰ ਭਾਰਤ ਦੀ ਹਾਕੀ ਟੀਮ ਲਗਾਤਾਰ ਓਲੰਪਿਕ ਚੈਂਪੀਅਨ ਬਣੀ ਸੀ। ਇੰਡੀਆ ਵਿਚ ਹਾਕੀ ਦੀ ਖੇਡ ਅੰਗਰੇਜ਼ ਲਿਆਏ ਸਨ। 1908 ਵਿਚ ਲੰਡਨ ਓਲੰਪਿਕ ਖੇਡਾਂ ’ਚ ਹਾਕੀ ਪਹਿਲੀ ਵਾਰ ਖੇਡੀ ਗਈ ਜਿਸ ਦਾ ਗੋਲਡ ਮੈਡਲ ਗ੍ਰੇਟ ਬ੍ਰਿਟੇਨ (ਬਰਤਾਨੀਆ) ਨੇ ਜਿੱਤਿਆ। 1920 ਵਿਚ ਐਂਟਵਰਪ ਓਲੰਪਿਕ ਖੇਡਾਂ ’ਚ ਹਾਕੀ ਦੁਬਾਰਾ ਸ਼ਾਮਲ ਕੀਤੀ ਤਾਂ ਬਰਤਾਨੀਆ ਮੁੜ ਜੇਤੂ ਰਿਹਾ। ਤਦ ਤਕ ਅੰਗਰੇਜ਼ਾਂ ਨੇ ਹਾਕੀ ਇੰਡੀਆ ਵਿਚ ਪੁਚਾ ਦਿੱਤੀ। ਫੌਜੀ ਛਾਉਣੀਆਂ ’ਚ ਹਾਕੀ ਦੇ ਮੈਚ ਹੋਣ ਲੱਗੇ। ਪੰਜਾਬ ਵਿਚ ਉਸ ਵਰਗੀ ਦੇਸੀ ਖੇਡ ਖਿੱਦੋ ਖੂੰਡੀ ਪਹਿਲਾਂ ਹੀ ਖੇਡੀ ਜਾਂਦੀ ਸੀ। ਸੋ ਹਾਕੀ ਦੀ ਖੇਡ ਪੰਜਾਬੀਆਂ ਨੂੰ ਤੁਰਤ ਭਾਅ ਗਈ।
1928 ਦੀਆਂ 9ਵੀਆਂ ਓਲੰਪਿਕ ਖੇਡਾਂ ਐਮਸਟਰਡਮ ਵਿਚ ਹੋਈਆਂ ਤਾਂ ਹਾਕੀ ਪੱਕੇ ਤੌਰ ’ਤੇ ਓਲੰਪਿਕ ਖੇਡਾਂ ਵਿਚ ਸ਼ਾਮਲ ਕਰ ਲਈ ਗਈ। ਉਥੇ ਇੰਡੀਆ ਦੀ ਹਾਕੀ ਟੀਮ ਨੇ ਪਹਿਲੀ ਵਾਰ ਓਲੰਪਿਕ ਖੇਡਾਂ ’ਚ ਭਾਗ ਲਿਆ ਤੇ ਸੋਨੇ ਦਾ ਤਗਮਾ ਜਿੱਤਿਆ। 1932 ਵਿਚ ਲਾਸ ਏਂਜਲਸ, 1936 ਬਰਲਨਿ, 1948 ਲੰਡਨ, 1952 ਹੈਲਸਿੰਕੀ ਤੇ 1956 ਵਿਚ ਮੈਲਬਰਨ ਓਲੰਪਿਕ ਖੇਡਾਂ ’ਚੋਂ ਇੰਡੀਆ/ਭਾਰਤ ਦੀਆਂ ਹਾਕੀ ਟੀਮਾਂ ਲਗਾਤਾਰ ਗੋਲਡ ਮੈਡਲ ਜਿੱਤੀਆਂ। 1940 ਤੇ 44 ਦੀਆਂ ਓਲੰਪਿਕ ਖੇਡਾਂ ਦੂਜੀ ਵਿਸ਼ਵ ਜੰਗ ਕਾਰਨ ਹੋ ਨਾ ਸਕੀਆਂ। ਮੈਲਬਰਨ ਵਿਚ ਭਾਰਤੀ ਟੀਮ ਨੇ 38 ਗੋਲ ਕੀਤੇ ਤੇ ਆਪਣੇ ਸਿਰ ਇੱਕ ਵੀ ਗੋਲ ਨਾ ਹੋਣ ਦਿੱਤਾ!
1960 ਦੀਆਂ ਓਲੰਪਿਕ ਖੇਡਾਂ ਵਿਚ ਭਾਰਤੀ ਟੀਮ ਪਾਕਿਸਤਾਨ ਤੋਂ 1-0 ਗੋਲ ’ਤੇ ਹਾਰੀ। ਭਾਰਤੀ ਨੇ ਟੋਕੀਓ ਓਲੰਪਿਕ-1964 ’ਚੋਂ ਫਿਰ ਗੋਲਡ ਮੈਡਲ ਜਿੱਤਿਆ। ਉਸ ਨੇ 1966 ਵਿਚ ਏਸ਼ਿਆਈ ਖੇਡਾਂ ਦਾ ਸੋਨ ਤਗਮਾ ਵੀ ਜਿੱਤ ਲਿਆ। 1975 ’ਚ ਵਿਸ਼ਵ ਹਾਕੀ ਕੱਪ ਜਿੱਤਿਆ ਤੇ 1980 ਵਿਚ ਮਾਸਕੋ ਓਲੰਪਿਕ ਖੇਡਾਂ ’ਚੋਂ ਮੁੜ ਸੋਨੇ ਦਾ ਤਗਮਾ ਫੁੰਡਿਆ। ਫਿਰ 41 ਸਾਲ ਭਾਰਤੀ ਹਾਕੀ ਟੀਮਾਂ ਓਲੰਪਿਕ ਖੇਡਾਂ, ਵਰਲਡ ਕੱਪ ਜਾਂ ਚੈਂਪੀਅਨਜ਼ ਟਰਾਫੀ ਦੇ ਜਿੱਤ ਮੰਚ ’ਤੇ ਇਕ ਵਾਰ ਵੀ ਨਹੀਂ ਸੀ ਚੜ੍ਹ ਸਕੀਆਂ। ਇਹ ਔੜ ਆਖ਼ਰ ਟੋਕੀਓ-2021 ਓਲੰਪਿਕ ਖੇਡਾਂ ’ਚ ਟੁੱਟੀ। ਹਾਕੀ ਦੀ ਖੇਡ ਹੁਣ ਤਕ 24 ਵਾਰ ਓਲੰਪਿਕ ’ਚ ਖੇਡੀ ਗਈ। 8 ਵਾਰ ਇੰਡੀਆ ਜਿੱਤਿਆ, 4 ਵਾਰ ਜਰਮਨੀ, 3 ਵਾਰ ਪਾਕਿਸਤਾਨ, 3 ਵਾਰ ਬਰਤਾਨੀਆ, 2 ਵਾਰ ਨੀਦਰਲੈਂਡਜ਼ ਅਤੇ 1-1 ਵਾਰ ਆਸਟਰੇਲੀਆ, ਬੈਲਜੀਅਮ, ਨਿਊਜ਼ੀਲੈਂਡ ਤੇ ਅਰਜਨਟੀਨਾ। ਹਾਕੀ ਦਾ ਵਰਲਡ ਕੱਪ 4 ਵਾਰ ਪਾਕਿਸਤਾਨ, 3 ਵਾਰ ਨੀਦਰਲੈਂਡਜ਼, 3 ਵਾਰ ਆਸਟਰੇਲੀਆ, 3 ਵਾਰ ਜਰਮਨੀ, 1 ਵਾਰ ਇੰਡੀਆ ਤੇ 1 ਵਾਰ ਬੈਲਜੀਅਮ ਜਿੱਤੇ ਹਨ। ਏਸ਼ਿਆਈ ਖੇਡਾਂ ’ਚੋਂ ਹਾਕੀ ਦਾ ਗੋਲਡ ਮੈਡਲ 8 ਵਾਰ ਪਾਕਿਸਤਾਨ, 4 ਵਾਰ ਭਾਰਤ, 4 ਵਾਰ ਦੱਖਣੀ ਕੋਰੀਆ ਤੇ 1 ਵਾਰ ਜਪਾਨ ਨੇ ਜਿੱਤਿਆ।
ਇਸ ਲੇਖੇ ਪੱਤੇ ’ਚ ਇਕ ਹੋਰ ਵੇਰਵਾ ਵੀ ਸ਼ਾਮਲ ਕਰਨ ਵਾਲਾ ਹੈ। ਪੰਜਾਬੀਆਂ ਨੂੰ ਕਾਫੀ ਸਾਰੇ ਭਾਰਤੀਆਂ ਤੇ ਕੁਝ ਕੁ ਪੰਜਾਬੀਆਂ ਵੱਲੋਂ ਅਕਸਰ ਨਿੰਦਿਆ ਤੇ ਤ੍ਰਿਸਕਾਰਿਆ ਜਾਂਦਾ ਹੈ। ਪੰਜਾਬੀ ਨੌਜਵਾਨਾਂ ਨੂੰ ਨਿਕੰਮੇ, ਅਨਪੜ੍ਹ, ਨਸ਼ੱਈ, ਗੈਂਗਸਟਰ ਤੇ ਹੋਰ ਪਤਾ ਨਹੀਂ ਕੀ ਕੀ ਊਜਾਂ ਲਾ ਕੇ ਅਤਿਵਾਦੀ, ਵੱਖਵਾਦੀ ਆਦਿ ਪ੍ਰਚਾਰਿਆ ਜਾਂਦਾ ਹੈ ਪਰ ਜਿਸ ਹਾਕੀ ਦੀ ਖੇਡ ’ਤੇ ਭਾਰਤ ਇੰਨਾ ਮਾਣ ਕਰ ਰਿਹਾ ਹੈ, ਕੀ ਸਾਰੇ ਭਾਰਤੀਆਂ ਨੂੰ ਪਤਾ ਹੈ ਕਿ ਉਸ ਦੀਆਂ ਵੱਡੀਆਂ ਜਿੱਤਾਂ ਵਿਚ ਪੰਜਾਬ ਦੇ ਹਾਕੀ ਖਿਡਾਰੀਆਂ ਦਾ ਕਿੱਡਾ ਵੱਡਾ ਯੋਗਦਾਨ ਹੈ?
ਭਾਰਤੀ ਹਾਕੀ ਟੀਮਾਂ ’ਚ ਪੰਜਾਬੀਆਂ ਦਾ ਯੋਗਦਾਨ: ਭਾਰਤ ’ਚ ਪੰਜਾਬੀ ਬੇਸ਼ਕ ਦੋ-ਢਾਈ ਫੀਸਦੀ ਹੀ ਹਨ ਪਰ ਭਾਰਤੀ ਹਾਕੀ ਟੀਮਾਂ ’ਚ ਪੰਜਾਬੀ ਖਿਡਾਰੀਆਂ ਦਾ ਮੁੱਢ ਤੋਂ ਬੋਲਬਾਲਾ ਰਿਹਾ ਹੈ। 1928 ਦੀਆਂ ਓਲੰਪਿਕ ਖੇਡਾਂ ਵਿਚ ਇੰਡੀਆ ਦੀ ਜਿਹੜੀ ਟੀਮ ਸੋਨੇ ਦਾ ਤਗਮਾ ਜਿੱਤੀ, ਉਸ ਵਿਚ 5 ਖਿਡਾਰੀ ਪੰਜਾਬੀ ਸਨ। 1932 ਵਿਚ ਦੁਬਾਰਾ ਓਲੰਪਿਕ ਚੈਂਪੀਅਨ ਬਣੀ ਤਾਂ ਪੰਜਾਬੀ ਖਿਡਾਰੀਆਂ ਦੀ ਗਿਣਤੀ 7 ਹੋ ਗਈ। ਟੀਮ ਦਾ ਕਪਤਾਨ ਪੰਜਾਬ ਦਾ ਲਾਲ ਸ਼ਾਹ ਬੁਖਾਰੀ ਬਣਿਆ। 1936 ’ਚ 3 ਪੰਜਾਬੀ ਖਿਡਾਰੀ ਓਲੰਪਿਕ ਚੈਂਪੀਅਨ ਬਣੇ। ਵੀਹ ਤੋਂ ਵੱਧ ਪੰਜਾਬੀ ਖਿਡਾਰੀ ਭਾਰਤੀ ਹਾਕੀ ਟੀਮਾਂ ਦੀਆਂ ਕਪਤਾਨੀਆਂ ਕਰ ਚੁੱਕੇ ਹਨ ਜਨਿ੍ਹਾਂ ’ਚ ਬਲਬੀਰ ਸਿੰਘ ਸੀਨੀਅਰ, ਊਧਮ ਸਿੰਘ, ਗੁਰਦੇਵ ਸਿੰਘ, ਚਰਨਜੀਤ ਸਿੰਘ, ਪ੍ਰਿਥੀਪਾਲ ਸਿੰਘ, ਗੁਰਬਖ਼ਸ਼ ਸਿੰਘ, ਹਰਮੀਕ ਸਿੰਘ, ਹਰਬਿੰਦਰ ਸਿੰਘ, ਅਜੀਤਪਾਲ ਸਿੰਘ, ਸੁਰਿੰਦਰ ਸਿੰਘ ਸੋਢੀ, ਸੁਰਜੀਤ ਸਿੰਘ, ਪਰਗਟ ਸਿੰਘ, ਰਮਨਦੀਪ ਸਿੰਘ, ਗਗਨਅਜੀਤ ਸਿੰਘ, ਰਾਜਪਾਲ ਸਿੰਘ, ਬਲਜੀਤ ਸਿੰਘ, ਸਰਦਾਰਾ ਸਿੰਘ, ਮਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ ਆਦਿ ਗਿਣਾਏ ਜਾ ਸਕਦੇ ਹਨ। ਹਾਕੀ ਵਿਚ ਪੰਜਾਬ ਦੇ ਸੌ ਤੋਂ ਵੱਧ ਓਲੰਪੀਅਨ ਹਨ। ਕਈਆਂ ਨੇ ਓਲੰਪਿਕ ਖੇਡਾਂ ਦੇ ਦੋ ਦੋ, ਤਿੰਨ ਤਿੰਨ ਗੋਲਡ ਮੈਡਲ ਜਿੱਤੇ ਹਨ। ਊਧਮ ਸਿੰਘ ਨੇ ਚਾਰ ਓਲੰਪਿਕਸ ਵਿਚੋਂ ਇਕ ਚਾਂਦੀ ਤੇ ਤਿੰਨ ਸੋਨੇ ਦੇ ਤਗਮੇ ਜਿੱਤੇ ਜੋ ਹੁਣ ਤਕ ਰਿਕਾਰਡ ਹੈ। ਓਲੰਪਿਕਸ ਵਿਚੋਂ ਗੋਲਡ ਮੈਡਲਾਂ ਦੀ ਹੈਟ-ਟ੍ਰਿਕ ਮਾਰਨ ਵਾਲੇ ਬਲਬੀਰ ਸਿੰਘ ਦੀ ਸਵੈ-ਜੀਵਨੀ ‘ਗੋਲਡਨ ਹੈਟ-ਟ੍ਰਿਕ’ ਅਤੇ ਜੀਵਨੀ ‘ਗੋਲਡਨ ਗੋਲ’ ਪੜ੍ਹ ਕੇ ਕਾਫੀ ਕੁਝ ਜਾਣਿਆ ਜਾ ਸਕਦਾ ਹੈ।
1947 ਵਿਚ ਪਾਕਿਸਤਾਨ ਬਣਨ ਨਾਲ ਪੰਜਾਬ ਦੋ ਮੁਲਕਾਂ ਵਿਚਕਾਰ ਵੰਡਿਆ ਗਿਆ। ਫਿਰ ਏਸ਼ਿਆਈ ਖੇਡਾਂ ਤੇ ਓਲੰਪਿਕ ਖੇਡਾਂ ਵਿਚ ਹਾਕੀ ਦੇ ਫਾਈਨਲ ਮੈਚ ਆਮ ਕਰ ਕੇ ਪਾਕਿਸਤਾਨ ਤੇ ਭਾਰਤ ਵਿਚਕਾਰ ਖੇਡੇ ਜਾਣ ਲੱਗੇ ਜਾਂ ਇੰਝ ਕਹਿ ਲਓ ਕਿ ਚੜ੍ਹਦੇ ਤੇ ਲਹਿੰਦੇ ਪੰਜਾਬੀਆਂ ਵਿਚਕਾਰ ਹੋਣ ਲੱਗੇ। ਮੈਚ ਭਾਵੇਂ ਮੈਲਬਰਨ ’ਚ ਖੇਡਿਆ ਜਾਂਦਾ, ਭਾਵੇਂ ਰੋਮ, ਟੋਕੀਓ, ਬੈਂਕਾਕ, ਤਹਿਰਾਨ ਜਾਂ ਕੁਆਲਾਲੰਪਰ, ਇਕ ਪਾਸੇ ਏਧਰਲੇ ਪੰਜਾਬੀ ਹੁੰਦੇ ਤੇ ਦੂਜੇ ਪਾਸੇ ਓਧਰਲੇ ਪੰਜਾਬੀ। ਬਾਈਆਂ ’ਚੋਂ ਪੰਦਰਾਂ ਸੋਲਾਂ ਖਿਡਾਰੀ ਪੰਜਾਬੀ ਹੋਣ ਕਰ ਕੇ ਖੇਡ ਮੈਦਾਨ ਦੀ ਬੋਲੀ ਪੰਜਾਬੀ ਹੁੰਦੀ ਤੇ ‘ਲਈਂ ਨੂਰਿਆ, ਦੇਈਂ ਬੀਰਿਆ’ ਹੋਈ ਜਾਂਦੀ!
1948 ਦੀਆਂ ਓਲੰਪਿਕ ਖੇਡਾਂ: ਨੰਦੀ ਸਿੰਘ, ਕੇਸ਼ਵ ਦੱਤ, ਜਸਵੰਤ ਸਿੰਘ, ਬਾਵਾ ਤ੍ਰਿਲੋਚਨ ਸਿੰਘ, ਅਮੀਰ ਕੁਮਾਰ ਤੇ ਬਲਬੀਰ ਸਿੰਘ। 1952 ’ਚ ਬਲਬੀਰ ਸਿੰਘ, ਧਰਮ ਸਿੰਘ, ਸਵਰੂਪ ਸਿੰਘ, ਕੇਸ਼ਵ ਦੱਤ, ਜਸਵੰਤ ਸਿੰਘ, ਰਘਬੀਰ ਲਾਲ, ਨੰਦੀ ਸਿੰਘ ਤੇ ਊਧਮ ਸਿੰਘ ਖੇਡੇ। ਮੈਲਬਰਨ-1956 ’ਚ ਬਲਬੀਰ ਸਿੰਘ ਭਾਰਤੀ ਹਾਕੀ ਟੀਮ ਦਾ ਕਪਤਾਨ ਸੀ ਤੇ ਪੰਜਾਬ ਦੇ 13 ਖਿਡਾਰੀ ਭਾਰਤੀ ਟੀਮ ’ਚ ਖੇਡ ਰਹੇ ਸਨ: ਬਲਬੀਰ ਸਿੰਘ, ਊਧਮ ਸਿੰਘ, ਅਮੀਰ ਕੁਮਾਰ, ਰਘਬੀਰ ਲਾਲ, ਬਖਸ਼ੀਸ਼ ਸਿੰਘ, ਹਰਦਿਆਲ ਸਿੰਘ, ਆਰਐੱਸ ਭੋਲਾ, ਹਰੀ ਪਾਲ ਕੌਸ਼ਿਕ, ਬਾਲਕ੍ਰਿਸ਼ਨ ਸਿੰਘ, ਗੁਰਦੇਵ ਸਿੰਘ, ਚਾਰਲਸ ਸਟੀਫਨ, ਓਪੀ ਮਲਹੋਤਰਾ ਤੇ ਏਐੱਸ ਬਖਸ਼ੀ।
1960 ’ਚ ਰੋਮ ਓਲੰਪਿਕ ਖੇਡਾਂ ’ਚ ਪੰਜਾਬ ਤੋਂ ਪ੍ਰਿਥੀਪਾਲ ਸਿੰਘ, ਚਰਨਜੀਤ ਸਿੰਘ, ਮਹਿੰਦਰ ਲਾਲ, ਊਧਮ ਸਿੰਘ, ਜਸਵੰਤ ਸਿੰਘ, ਆਰਐੱਸ ਭੋਲਾ, ਹਰੀ ਪਾਲ ਕੌਸ਼ਿਕ ਤੇ ਬਾਲਕ੍ਰਿਸ਼ਨ ਸਿੰਘ ਖੇਡੇ। ਟੋਕੀਓ-1964 ’ਚ ਕਪਤਾਨ ਚਰਨਜੀਤ ਸਿੰਘ, ਪ੍ਰਿਥੀਪਾਲ ਸਿੰਘ, ਗੁਰਬਖ਼ਸ਼ ਸਿੰਘ, ਧਰਮ ਸਿੰਘ, ਊਧਮ ਸਿੰਘ, ਮਹਿੰਦਰ ਲਾਲ, ਬਲਬੀਰ ਸਿੰਘ, ਦਰਸ਼ਨ ਸਿੰਘ, ਜਗਜੀਤ ਸਿੰਘ ਤੇ ਹਰੀ ਪਾਲ ਕੌਸ਼ਿਕ ਨੇ ਭਾਰਤੀ ਟੀਮ ਨੂੰ ਰੰਗ ਭਾਗ ਲਾਏ। ਮੈਕਸੀਕੋ-1968 ਵਿਚ ਪ੍ਰਿਥੀਪਾਲ ਸਿੰਘ ਤੇ ਗੁਰਬਖ਼ਸ਼ ਸਿੰਘ ਕਪਤਾਨ ਸਨ। ਉਨ੍ਹਾਂ ਨਾਲ ਤਿੰਨ ਬਲਬੀਰ ਸਿੰਘ, ਧਰਮ ਸਿੰਘ, ਹਰਮੀਕ ਸਿੰਘ, ਇੰਦਰ ਸਿੰਘ, ਅਜੀਤਪਾਲ ਸਿੰਘ, ਹਰਬਿੰਦਰ ਸਿੰਘ ਤੇ ਤਰਸੇਮ ਸਿੰਘ ਪੰਜਾਬ ਤੋਂ ਸਨ।
ਅਨੇਕਾਂ ਪੰਜਾਬੀ ਖਿਡਾਰੀ ਹਨ ਜੋ ਭਾਰਤ, ਪਾਕਿਸਤਾਨ, ਕੀਨੀਆ, ਯੂਗਾਂਡਾ, ਤਨਜ਼ਾਨੀਆ, ਮਲੇਸ਼ੀਆ, ਹਾਂਗਕਾਂਗ, ਸਿੰਘਾਪੁਰ, ਇੰਗਲੈਂਡ ਤੇ ਕੈਨੇਡਾ ਦੀਆਂ ਹਾਕੀ ਟੀਮਾਂ ਵਿਚ ਓਲੰਪਿਕ ਖੇਡਾਂ, ਏਸ਼ਿਆਈ ਖੇਡਾਂ ਤੇ ਵਿਸ਼ਵ ਕੱਪਾਂ ਵਿਚ ਖੇਡ ਚੁੱਕੇ ਹਨ। ਹਾਕੀ ਨੂੰ ਭਾਰਤ, ਖ਼ਾਸ ਕਰ ਕੇ ਪੰਜਾਬੀਆਂ ਦੀ ਕੌਮੀ ਖੇਡ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ। ਇਕ ਵਾਰ ਕੀਨੀਆ ਦੇ 11 ਖਿਡਾਰੀ ਜੂੜਿਆਂ ਵਾਲੇ ਸਰਦਾਰ ਸਨ ਤੇ 1966 ਵਿਚ ਪਹਿਲੀ ਵਾਰ ਏਸ਼ਿਆਈ ਖੇਡਾਂ ਦਾ ਗੋਲਡ ਮੈਡਲ ਜਿੱਤਣ ਵਾਲੀ ਭਾਰਤੀ ਟੀਮ ਵਿਚ 11 ’ਚੋਂ ਦਸਾਂ ਦੇ ਜੂੜਿਆਂ ਉਤੇ ਰੁਮਾਲ ਸਨ। ਮਿਊਨਿਖ ਓਲੰਪਿਕ ਖੇਡਾਂ ’ਚ ਪਾਕਿਸਤਾਨ, ਭਾਰਤ, ਕੀਨੀਆ, ਯੂਗਾਂਡਾ ਤੇ ਮਲੇਸ਼ੀਆ ਦੀਆਂ ਹਾਕੀ ਟੀਮਾਂ ਵਿਚ 40 ਖਿਡਾਰੀ ਪੰਜਾਬੀ ਮੂਲ ਦੇ ਸਨ। 2 ਸਤੰਬਰ 1972 ਨੂੰ ਜੋ ਮੈਚ ਭਾਰਤ ਤੇ ਕੀਨੀਆ ਵਿਚਕਾਰ ਖੇਡਿਆ ਗਿਆ, ਉਸ ਵਿਚ 15 ਖਿਡਾਰੀਆਂ ਦੇ ਜੂੜਿਆਂ ਉਤੇ ਰੁਮਾਲ ਬੰਨ੍ਹੇ ਹੋਏ ਸਨ। ਮਾਸਕੋ ਓਲੰਪਿਕ ਖੇਡਾਂ ਵਿਚ ਸੋਨ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਦੇ ਸੈਂਟਰ ਫਾਰਵਰਡ ਸੁਰਿੰਦਰ ਸਿੰਘ ਸੋਢੀ ਨੇ ਸਭ ਤੋਂ ਵੱਧ 15 ਗੋਲ ਕੀਤੇ। ਪੰਜਾਬੀ ਮੂਲ ਦੇ ਹਾਕੀ ਖਿਡਾਰੀ 8 ਮੁਲਕਾਂ ਦੀਆਂ ਟੀਮਾਂ ਵਿਚ ਕੌਮਾਂਤਰੀ ਮੈਚ ਖੇਡ ਚੁੱਕੇ ਹਨ।
ਹਾਕੀ ਦੇ 21ਵੀਂ ਸਦੀ ਦੇ ਪੰਜਾਬੀ ਖਿਡਾਰੀਆਂ ਦੀ ਗੱਲ ਕਰੀਏ ਤਾਂ ਗਗਨਅਜੀਤ ਸਿੰਘ, ਜੁਗਰਾਜ ਸਿੰਘ, ਬਲਜੀਤ ਸਿੰਘ ਸੈਣੀ, ਬਲਜੀਤ ਸਿੰਘ ਢਿੱਲੋਂ, ਰਾਜਿੰਦਰ ਸਿੰਘ, ਪ੍ਰਭਜੋਤ ਸਿੰਘ, ਸਰਦਾਰਾ ਸਿੰਘ, ਸੰਦੀਪ ਸਿੰਘ, ਸਰਵਣਜੀਤ ਸਿੰਘ, ਗੁਰਬਾਜ਼ ਸਿੰਘ, ਗੁਰਜਿੰਦਰ ਸਿੰਘ, ਰੁਪਿੰਦਰਪਾਲ ਸਿੰਘ, ਅਕਾਸ਼ਦੀਪ ਸਿੰਘ, ਮਨਪ੍ਰੀਤ ਸਿੰਘ, ਗੁਰਵਿੰਦਰ ਸਿੰਘ ਚੰਦੀ, ਰਮਨਦੀਪ ਸਿੰਘ, ਧਰਮਵੀਰ ਸਿੰਘ, ਹਰਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਗੁਰਜੰਟ ਸਿੰਘ, ਮਨਦੀਪ ਸਿੰਘ, ਸ਼ਮਸ਼ੇਰ ਸਿੰਘ, ਵਰੁਣ ਕੁਮਾਰ, ਕ੍ਰਿਸ਼ਨ ਬਹਾਦਰ ਪਾਠਕ, ਜਰਮਨਜੀਤ ਸਿੰਘ ਬੱਲ, ਸੁਖਜੀਤ ਸਿੰਘ ਅਤੇ ਹੋਰ ਬਥੇਰੇ ਨਾਂ ਲਏ ਜਾ ਸਕਦੇ ਹਨ। ਜਨਿ੍ਹਾਂ ਦੇ ਨਾਂ ਲਿਖਣੋਂ ਰਹਿ ਗਏ ਹੋਣ, ਮੁਆਫ਼ ਕਰਨ।
ਪੰਜਾਬ ਪੁਲੀਸ, ਪੰਜਾਬ ਐਂਡ ਸਿੰਧ ਬੈਂਕ, ਰੇਲਵੇ ਕੋਚ ਫੈਕਟਰੀ, ਬੀਐੱਸਐੱਫ ਆਦਿ ਦੀਆਂ ਨਾਮੀ ਹਾਕੀ ਟੀਮਾਂ ਪੰਜਾਬੀ ਖਿਡਾਰੀਆਂ ਨਾਲ ਭਰਪੂਰ ਹਨ। ਪੰਜਾਬ ਦੇ ਅਨੇਕਾਂ ਹਾਕੀ ਖਿਡਾਰੀਆਂ ਨੂੰ ਖੇਡਾਂ ਦਾ ਸਰਵੋਤਮ ਰਾਸ਼ਟਰੀ ਪੁਰਸਕਾਰ ਅਰਜਨ ਅਵਾਰਡ ਮਿਲ ਚੁੱਕਾ ਹੈ। ਬਲਬੀਰ ਸਿੰਘ ਸੀਨੀਅਰ, ਪ੍ਰਿਥੀਪਾਲ ਸਿੰਘ, ਅਜੀਤਪਾਲ ਸਿੰਘ, ਪਰਗਟ ਸਿੰਘ ਤੇ ਸਰਦਾਰਾ ਸਿੰਘ ਤਾਂ ਹਾਕੀ ਦੀ ਖੇਡ ਕਰ ਕੇ ਹੀ ਪਦਮਸ੍ਰੀ ਹਨ। ਸਰਦਾਰਾ ਸਿੰਘ ਦਾ ਨਾਂ ਵਰਲਡ ਇਲੈਵਨ ਵਿਚ ਆ ਚੁੱਕਾ ਹੈ। ਹਰਮੀਕ ਸਿੰਘ ਏਸ਼ੀਅਨ ਆਲ ਸਟਾਰਜ਼ ਹਾਕੀ ਟੀਮ ਦੀ ਕਪਤਾਨੀ ਕਰ ਚੁੱਕਾ ਹੈ। ਪਰਗਟ ਸਿੰਘ ਓਲੰਪਿਕ ਖੇਡਾਂ ’ਚ ਦੋ ਵਾਰ ਭਾਰਤੀ ਕਪਤਾਨ ਬਣਿਆ। ਟੋਕੀਓ ਓਲੰਪਿਕਸ-2021 ਵਿਚੋਂ ਕਾਂਸੀ ਦਾ ਤਗਮਾ ਜਿੱਤਣ ਵਾਲੀ ਟੀਮ ’ਚ ਕਪਤਾਨ ਮਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਰੁਪਿੰਦਰਪਾਲ ਸਿੰਘ, ਹਾਰਦਿਕ ਸਿੰਘ, ਸ਼ਮਸ਼ੇਰ ਸਿੰਘ, ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ ਤੇ ਮਨਦੀਪ ਸਿੰਘ ਖੇਡੇ ਹਨ।
ਭਾਰਤ ਨੂੰ ਮੰਨ ਲੈਣਾ ਚਾਹੀਦੈ ਕਿ ਪੰਜਾਬੀ ਨਿਕੰਮੇ, ਅਨਪੜ੍ਹ, ਨਸ਼ੱਈ, ਗੈਂਗਸਟਰ, ਅਤਿਵਾਦੀ ਜਾਂ ਵੱਖਵਾਦੀ ਨਹੀਂ, ਭਾਰਤੀ ਹਾਕੀ ਤੇ ਹੋਰਨਾਂ ਖੇਡਾਂ ਦੇ ਸੱਚਮੁੱਚ ਸਰਦਾਰ ਹਨ। ਏਸ਼ਿਆਈ ਖੇਡਾਂ ’ਚੋਂ ਪੰਜਾਬੀ ਖਿਡਾਰੀਆਂ ਨੇ 19 ਮੈਡਲ ਜਿੱਤੇ ਹਨ। ਭਾਰਤ ਦੇ ਸੁਤੰਤਰਤਾ ਸੰਗਰਾਮ ਤੋਂ ਲੈ ਕੇ ਸਰਹੱਦਾਂ ਦੀ ਰਾਖੀ ਕਰਦਿਆਂ ਪੰਜਾਬੀਆਂ ਨੇ ਬੇਅੰਤ ਕੁਰਬਾਨੀਆਂ ਦੇ ਕੇ, ਭੁੱਖੇ ਭਾਰਤ ਦਾ ਢਿੱਡ ਭਰਨ, ਪਰਦੇਸਾਂ ’ਚ ਦਿਨ ਰਾਤ ਰੁਲ ਕੇ ਕਮਾਈਆਂ ਕਰਦੇ ਹੋਏ ਭਾਰਤ ਦੀਆਂ ਤਜੌਰੀਆਂ ਭਰਨ ਦੇ ਹੋਰ ਪਤਾ ਨਹੀਂ ਕਿੰਨੇ ਕਾਰਨਾਮੇ ਕੀਤੇ ਹਨ। ਫਿਰ ਉਹਦੇ ਬਦਲੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ, ਪੰਜਾਬ ਦਾ ਪਾਣੀ, ਵਾਤਾਵਰਨ, ਧਰਤ ਮਾਤਾ ਤੇ ਹੋਰ ਪਤਾ ਨਹੀਂ ਪੰਜਾਬ ਤੋਂ ਕੀ ਕੁਝ ਖੋਹ ਲਿਆ ਗਿਆ ਹੈ?
ਸੰਪਰਕ: principalsarwansingh@gmail.com