ਜੋਗਿੰਦਰ ਸਿੰਘ ਮਾਨ
ਮਾਨਸਾ, 14 ਅਕਤੂਬਰ
ਪੰਜਾਬ ਵਿੱਚ ਸ਼ੈੱਲਰ ਮਾਲਕਾਂ ਦੀ ਹੜਤਾਲ ਕਾਰਨ ਸੂਬੇ ਦਾ ਝੋਨਾ ਹੁਣ ਹਰਿਆਣਾ ਦੀਆਂ ਮੰਡੀਆਂ ਵਿੱਚ ਵਿਕ ਰਿਹਾ ਹੈ। ਇਹ ਹੜਤਾਲ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਹੈ ਜਿਸ ਕਾਰਨ ਕਿਸਾਨਾਂ ਨੇ ਪੰਜਾਬ ਦੀਆਂ ਮੰਡੀਆਂ ਵਿੱਚ ਖੁਆਰ ਹੋਣ ਦੀ ਥਾਂ ਹਰਿਆਣਾ ਵੱਲ ਰੁਖ਼ ਕਰ ਲਿਆ ਹੈ। ਦੂਜੇ ਪਾਸੇ ਹਰਿਅਣਾ ਵਿੱਚ ਝੋਨੇ ਦੀ ਨਮੀ ਦਾ ਵੀ ਕੋਈ ਰੇੜਕਾ ਨਹੀਂ ਹੈ ਅਤੇ ਉਥੇ ਕਿਸਾਨਾਂ ਦਾ ‘ਨਰਮ’ ਵੀ ਝੋਨਾ ਫਟਾਫਟ ਵਿਕ ਰਿਹਾ ਹੈ। ਜਾਣਕਾਰੀ ਅਨੁਸਾਰ ਪੰਜਾਬ ਵਿੱਚ ਕੇਂਦਰ ਸਰਕਾਰ ਦੇ ਝੋਨੇ ਦੀ ਖਰੀਦ ਸਬੰਧੀ ਦੋਗਲੇ ਮਾਪਦੰਡਾਂ ਕਾਰਨ ਸ਼ੈੱਲਰ ਮਾਲਕ ਹੜਤਾਲ ’ਤੇ ਹਨ ਜਿਸ ਕਾਰਨ ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਦੀ ਸਮੱਸਿਆ ਆ ਰਹੀ ਹੈ। ਹਾਲਾਂਕਿ ਪੰਜਾਬ ਸਰਕਾਰ ਇਸ ਮਾਮਲੇ ’ਚ ਅਜੇ ਗੰਭੀਰ ਨਹੀਂ ਹੋਈ ਹੈ ਪਰ ਪੰਜਾਬ ਦਾ ਝੋਨਾ ਹਰਿਆਣਾ ਵਿੱਚ ਜਾਣ ਕਾਰਨ ਸਰਕਾਰ ਨੂੰ ਮਾਰਕੀਟ ਫੀਸ ਅਤੇ ਆਰਡੀਐੱਫ ਵਜੋਂ ਰੋਜ਼ਾਨਾ ਲੱਖਾਂ ਰੁਪਏ ਦਾ ਰਗੜਾ ਲੱਗ ਰਿਹਾ। ਮਾਨਸਾ ਜ਼ਿਲ੍ਹੇ ਦੀ ਹੱਦ ਨਾਲ ਲੱਗਦੇ ਹਰਿਆਣਾ ਦੇ ਖਰੀਦ ਕੇਂਦਰ ਬ੍ਰਹਾਮਣਵਾਲਾ, ਲੱਧੁੂਵਾਸ, ਬੱਬਣਪੁਰ ਤੇ ਮਹਿੰਦਕੇ ਵਿੱਚ ਪੰਜਾਬ ਦਾ ਝੋਨਾ ਧੜਾਧੜ ਵਿਕ ਰਿਹਾ ਹੈ। ‘ਆਪ’ ਦੇ ਸੂਬਾਈ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧਰਾਮ ਅਤੇ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਹਰਿਆਣਾ ਵਿੱਚ ਝੋਨਾ ਜਾਣ ਨੂੰ ਗੰਭੀਰਤਾ ਨਾਲ ਲੈਂਦਿਆਂ ਅਨਾਜ ਮੰਡੀਆਂ ਦਾ ਦੌਰਾ ਕਰ ਕੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਅਧਿਕਾਰੀ ਅਤੇ ਮੰਡੀ ਬੋਰਡ ਦੇ ਅਫ਼ਸਰਾਂ ਨਾਲ ਬੈਠ ਕੇ ਇਸ ਸਮੱਸਿਆ ਦਾ ਢੁੱਕਵਾਂ ਹੱਲ ਕੱਢਣਗੇ।