ਦਰਸ਼ਨ ਸਿੰਘ ‘ਆਸ਼ਟ’ (ਡਾ.)
ਲੋਕ-ਕਹਾਣੀ ਪਰੰਪਰਾ ਦਾ ਖਿੱਤਾ ਵਸੀਹ ਹੈ। ਵਿਸ਼ਵ ਦੀਆਂ ਲੋਕ ਕਹਾਣੀਆਂ ਇੱਕ ਦੂਜੀ ਜ਼ੁਬਾਨ ਦੇ ਜਾਮੇ ਵਿੱਚ ਤਬਦੀਲ ਹੋ ਕੇ ਆਪੋ-ਆਪਣੀ ਵਿਸ਼ਾਲ ਵਿਰਾਸਤ ਦਾ ਆਦਾਨ ਪ੍ਰਦਾਨ ਕਰਦੀਆਂ ਹਨ। ਇਹ ਕੌੜੇ-ਮਿੱਠੇ ਅਨੁਭਵਾਂ ਦੇ ਰੂਪ ਵਿੱਚ ਮਨੁੱਖ ਅਤੇ ਪ੍ਰਕਿਰਤੀ ਦੀ ਵਿਸ਼ਾਲ ਸਥਿਤੀ ਨੂੰ ਦ੍ਰਿਸ਼ਟੀਗੋਚਰ ਕਰਦੀਆਂ ਹਨ। ਮਨੁੱਖ ਨਾਲ ਪੀੜ੍ਹੀ-ਦਰ-ਪੀੜ੍ਹੀ ਸਫ਼ਰ ਕਰਦੀ ਲੋਕਧਾਰਾ ਦੇ ਖਿੱਤੇ ਵਿੱਚ ਰੂਸੀ ਲੋਕ ਕਹਾਣੀਆਂ ਦਾ ਆਪਣਾ ਵਿਸ਼ੇਸ਼ ਸਥਾਨ ਰਿਹਾ ਹੈ। ਰੂਸ ਦੀਆਂ ਕੁਝ ਪ੍ਰਸਿੱਧ ਲੋਕ ਕਹਾਣੀਆਂ ਵਿੱਚੋਂ ‘ਜਾਦੂ ਦਾ ਹੀਰਾ’ ਅਜਿਹਾ ਹੀ ਮਜ਼ਮੂਆ ਹੈ ਜਿਸ ਵਿੱਚ ਰੂਸੀ ਪਰੰਪਰਾ ਸਮੋਈ ਵਿਖਾਈ ਦਿੰਦੀ ਹੈ। ਇਸ ਪੁਸਤਕ ਦਾ ਅਨੁਵਾਦ ਅਤੇ ਸੰਪਾਦਨ ਮਨਜੀਤ ਇੰਦਰਾ ਨੇ ਕੀਤਾ ਹੈ।
ਇਸ ਪੁਸਤਕ ਵਿੱਚ ਕੁੱਲ ਇੱਕੀ ਲੋਕ ਕਹਾਣੀਆਂ ਦਰਜ਼ ਹਨ। ਇਨ੍ਹਾਂ ਵਿੱਚੋਂ ਕੁਝ ਲੰਮੀਆਂ ਕਹਾਣੀਆਂ ਹਨ ਅਤੇ ਕੁਝ ਛੋਟੀਆਂ ਪਰ ਇਨ੍ਹਾਂ ਸਾਰੀਆਂ ਲੋਕ ਕਹਾਣੀਆਂ ਦੀ ਆਧਾਰ-ਸ਼ਿਲਾ ਰੂਸੀ ਲੋਕਾਂ ਦੀ ਸਮਾਜਿਕ, ਆਰਥਿਕ, ਰਾਜਨੀਤਕ, ਪ੍ਰਕ੍ਰਿਤਕ, ਵਪਾਰਕ, ਪਰਿਵਾਰਕ, ਸਭਿਆਚਾਰਕ ਅਤੇ ਲੋਕਯਾਨਿਕ ਅਵਸਥਾ ਉਪਰ ਟਿਕੀ ਹੋਈ ਹੈ।
ਇਸ ਸੰਗ੍ਰਹਿ ਦੀ ਸਭ ਤੋਂ ਦਿਲਚਸਪ ਲੋਕ ਕਹਾਣੀ ‘ਗੁਲਗੁਲਾ’ ਇੱਕ ਅਜਿਹੇ ਗੈਬੀ ਸ਼ਕਤੀ ਵਾਲੇ ਨਾਇਕ ਗੁਲਗੁਲੇ ਦੇ ਰੌਚਿਕ ਬਿਰਤਾਂਤ ਦੀ ਪੇਸ਼ਕਾਰੀ ਹੈ ਜੋ ਬੈਂਚ ਤੋਂ ਲੁੜਕ ਕੇ ਪੌੜੀਆਂ ਰਾਹੀਂ ਸੜਕਾਂ ’ਤੇ ਨਿਕਲ ਤੁਰਦਾ ਹੈ। ਸਫ਼ਰ ਦੌਰਾਨ ਉਸ ਨੂੰ ਚੁਣੌਤੀਆਂ ਅਤੇ ਖ਼ਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਪਾਤਰਾਂ ਦੇ ਆਪਸੀ ਹਿਤ ਟਕਰਾਉਂਦੇ ਹਨ ਤਾਂ ਹਰ ਨਾਇਕ ਜਾਂ ਖਲਨਾਇਕ ਜੀਵ ਜੰਤੂ ਆਪਣਾ ਅਸਤਿੱਤਵ ਬਚਾਉਣ ਲਈ ਜੂਝਦਾ ਵਿਖਾਈ ਦਿੰਦਾ ਹੈ ਅਤੇ ਇੱਕ-ਦੂਜੇ ਉਪਰ ਹਾਵੀ ਹੋਣ ਦਾ ਯਤਨ ਕਰਦਾ ਹੈ। ਆਪਣੀਆਂ ਗ਼ੈਬੀ ਸ਼ਕਤੀਆਂ ਦੀ ਵਰਤੋਂ ਨਾਲ ਉਹ ਆਪਣਾ ਬਚਾਅ ਵੀ ਕਰਦੇ ਹਨ ਅਤੇ ਸੁਨੇਹਾ ਵੀ ਛੱਡਦੇ ਹਨ ਕਿ ਸੰਕਟਮਈ ਪ੍ਰਸਥਿਤੀ ਵਿੱਚ ਦੂਰ-ਦ੍ਰਿਸ਼ਟੀ ਅਤੇ ਹਾਜ਼ਰਦਿਮਾਗ਼ੀ ਨਾਲ ਖ਼ੁਦ ਨੂੰ ਕਿਵੇਂ ਸੁਰੱਖਿਅਤ ਰੱਖਣਾ ਹੈ। ‘ਜਾਦੂ ਦਾ ਹੀਰਾ’ ਜਾਦੂਈ ਤਲਿਸਮ ਸਿਰਜਦੀ ਹੈ ਜਿਸ ਵਿਚਲਾ ਵਿਸ਼ਾ-ਵਸਤੂ ਇਹ ਦਰਸਾਉਂਦਾ ਹੈ ਕਿ ਜਾਦੂ-ਤੰਤਰ ਪ੍ਰਣਾਲੀ ਨਾਲ ਦੂਜਿਆਂ ਨੂੰ ਬੁੱਧੂ ਬਣਾ ਕੇ ਆਪਣਾ ਉਲੂ ਸਿੱਧ ਨਹੀਂ ਕਰਨਾ ਚਾਹੀਦਾ। ‘ਜੇਹੀ ਕਰਨੀ ਤੇਹੀ ਭਰਨੀ’ ਦਾ ਉਪਦੇਸ਼ ਦਿੰਦੀਆਂ ਇਨ੍ਹਾਂ ਲੋਕ ਕਹਾਣੀਆਂ ਦੇ ਕਿਰਦਾਰਾਂ ਵਿੱਚ ਰੂਸੀ ਕਿਸਾਨ, ਸੌਦਾਗਰ, ਸਰਦਾਰ, ਅਨੇਕ ਪ੍ਰਕਾਰ ਦੇ ਜੰਗਲੀ ਅਤੇ ਪਾਲਤੂ ਜੀਵ ਜੰਤੂ ਆਦਿ ਕਿਰਿਆਸ਼ੀਲ ਵਿਖਾਈ ਦਿੰਦੇ ਹਨ ਜੋ ਆਪਣਾ ਬੁਲੰਦ ਹੌਸਲਾ ਕਾਇਮ ਰੱਖਦਿਆਂ ਵਿਰੋਧੀਆਂ ਜਾਂ ਭੈੜੀਆਂ ਸ਼ਕਤੀਆਂ ਦਾ ਟਾਕਰਾ ਕਰਦੇ ਹਨ। ਰਿੱਛ, ਲੂੰਬੜੀ, ਸਾਰਸ, ਭਾਲੂ, ਹੰਸ, ਬਲਦ, ਮੁਰਗਾ, ਭੇੜੀਆਂ, ਮੇਢਾ, ਹੰਸ, ਗਾਂ ਆਦਿ ਪਾਤਰ ਜਨੌਰ ਪੰਛੀ ਮਨੁੱਖਾਂ ਵਾਂਗ ਹਾਵ-ਭਾਵ ਪ੍ਰਗਟਾਉਂਦੇ ਹਨ। ਜ਼ਾਲਮ ਬਾਦਸ਼ਾਹ, ਚੋਰ ਉਚੱਕੇ ਅਤੇ ਬਦਮਾਸ਼ ਕਿਰਦਾਰ ਕੀਤੀ ਦਾ ਫ਼ਲ ਪਾਉਂਦੇ ਹਨ। ਇਨ੍ਹਾਂ ਲੋਕ-ਕਹਾਣੀਆਂ ਵਿੱਚ ਕੁਝ ਘਟਨਾਵਾਂ ਅੰਧ-ਵਿਸ਼ਵਾਸੀ ਕਦਰਾਂ ਕੀਮਤਾਂ ਦੀਆਂ ਧਾਰਨੀ ਹਨ। ਕਹਾਣੀਆਂ ਵਿੱਚ ਵਰਤੇ ਗਏ ਕਾਵਿਮਈ ਸੰਵਾਦ ਕਥਾਨਕ ਨੂੰ ਦਿਲਚਸਪ ਬਣਾ ਦਿੰਦੇ ਹਨ। ਇਸ ਪੁਸਤਕ ਦੇ ਅੰਤ ਵਿੱਚ ਰੂਸੀ ਸ਼ਬਦਾਂ ਦੀ ਵਿਆਖਿਆ ਵੀ ਕੀਤੀ ਗਈ ਹੈ ਅਤੇ ਉਰਦੂ-ਫ਼ਾਰਸੀ ਲਫ਼ਜ਼ਾਂ ਦਾ ਇਸਤੇਮਾਲ ਵੀ ਕੀਤਾ ਗਿਆ ਹੈ। ਕੁੱਲ ਮਿਲਾ ਕੇ ਇਹ ਕਹਾਣੀਆਂ ਬੱਚਿਆਂ ਅਤੇ ਵੱਡਿਆਂ ਲਈ ਦਿਲਚਸਪ ਹਨ।
ਸੰਪਰਕ: 98144-23703