ਪਰਮਜੀਤ ਢੀਂਗਰਾ
ਸਵੈ-ਜੀਵਨੀ ਕਿਸੇ ਵੀ ਵੱਡੇ ਲੇਖਕ, ਨੇਤਾ, ਅਭਨਿੇਤਾ, ਮਹਾਂਪੁਰਸ਼ ਆਦਿ ਦੇ ਜੀਵਨ ਅਨੁਭਵਾਂ ਦਾ ਸੰਗ੍ਰਹਿ ਹੁੰਦੀ ਹੈ। ਮਹਾਨ ਵਿਅਕਤੀਆਂ ਦੀ ਜ਼ਿੰਦਗੀ ਵਿੱਚ ਬਹੁਤ ਕੁਝ ਵਾਪਰਦਾ ਹੈ ਜਿਸ ਨੂੰ ਉਹ ਦੂਜਿਆਂ ਨਾਲ ਸਾਂਝਾ ਕਰਨਾ ਚਾਹੁੰਦੇ ਹਨ ਕਿਉਂਕਿ ਇਸ ਤੋਂ ਦੂਜਿਆਂ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ। ਦੂਸਰਾ ਸਵੈ-ਜੀਵਨੀ ਲੇਖਕ ਇਤਿਹਾਸਕ ਸਮਿਆਂ ਦਾ ਗਵਾਹ ਹੁੰਦਾ ਹੈ। ਇਉਂ ਸਵੈ-ਜੀਵਨੀਆਂ ਮੌਖਿਕ ਇਤਿਹਾਸ ਦਾ ਦਰਜਾ ਗ੍ਰਹਿਣ ਕਰ ਜਾਂਦੀਆਂ ਹਨ। ਪੰਜਾਬੀ ਵਿੱਚ ਇਨ੍ਹਾਂ ਦਾ ਲੰਮਾ ਇਤਿਹਾਸ ਹੈ। ਇਸ ਗੱਲ ਦੀ ਆਸ ਕੀਤੀ ਜਾਂਦੀ ਹੈ ਕਿ ਜੀਵਨੀਕਾਰ ਆਪਣੇ ਸਮੇਂ ਦੇ ਸੱਚ ਨੂੰ ਬਿਆਨ ਕਰੇ ਤੇ ਕਿਸੇ ਵੀ ਗੱਲ ਦਾ ਉਹਲਾ ਨਾ ਰੱਖੇ। ਇਹ ਜ਼ਰੂਰ ਹੈ ਕਿ ਕਈ ਵਾਰ ਸੱਚ ਬਿਆਨੀ ਨਾਲ ਰਿਸ਼ਤੇ ਤਿੜਕ ਜਾਂਦੇ ਹਨ, ਪਰ ਲੇਖਕ ਨੂੰ ਸੱਚ ਦਾ ਪੱਲਾ ਨਹੀਂ ਛੱਡਣਾ ਚਾਹੀਦਾ।
ਹੱਥਲੀ ਸਵੈ-ਜੀਵਨੀ ‘ਧਰਮ-ਨਿਰਪੇਖਤਾ ਨਾਲ ਮੇਰਾ ਇਸ਼ਕ’ (ਅਨੁਵਾਦ: ਕੇ.ਐਲ.ਗਰਗ; ਕੀਮਤ: 395 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਉੱਘੇ ਦੇਸ਼ਭਗਤ ਤੇ ਕਾਮਰੇਡ ਸੋਹਣ ਸਿੰਘ ਜੋਸ਼ ਦੀ ਅੰਗਰੇਜ਼ੀ ਵਿੱਚ ਲਿਖੀ ਸਵੈ-ਜੀਵਨੀ ਦਾ ਪੰਜਾਬੀ ਅਨੁਵਾਦ ਹੈ। ਇਸ ਕਿਤਾਬ ਦੇ ਕੁੱਲ ਪੈਂਤੀ ਅਧਿਆਏ ਹਨ ਜਿਸ ਵਿੱਚ ਲੇਖਕ ਦੀ ਮੁੱਢਲੀ ਜ਼ਿੰਦਗੀ ਤੋਂ ਲੈ ਕੇ ਉਨ੍ਹਾਂ ਦੀ ਅਕਾਲੀ ਅੰਦੋਲਨ ਵਿੱਚ ਸ਼ਮੂਲੀਅਤ, ਚਾਬੀਆਂ ਦਾ ਮੋਰਚਾ, ਅੰਗਰੇਜ਼ੀ ਜੇਲ੍ਹਾਂ ਵਿੱਚ ਕੱਟੀ ਕੈਦ, ਕਿਰਤੀ ਲਹਿਰ, ਕਿਰਤੀ ਕਿਸਾਨ ਪਾਰਟੀ, ਰਾਸ਼ਟਰੀ ਘੋਲ, ਨੌਜਵਾਨ ਸਭਾ ਤੇ ਭਗਤ ਸਿੰਘ, ਮੇਰਠ ਸਾਜ਼ਿਸ਼ ਕੇਸ, 1937 ਦੀਆਂ ਆਮ ਚੋਣਾਂ, ਮਜ਼ਦੂਰਾਂ ਕਿਸਾਨਾਂ ਨੂੰ ਜਥੇਬੰਦ ਕਰਨਾ, ਖੇਤੀ ਕਾਨੂੰਨ, ਦਿਓਲੀ ਕੈਂਪ, ਹਿਟਲਰ ਦਾ ਰੂਸ ’ਤੇ ਹਮਲਾ, ਭਾਰਤ ਛੱਡੋ ਪ੍ਰਸਤਾਵ, ਲੋਕ ਸੰਗਰਾਮ ਤੇ ਭਾਰਤ ਦੀ ਵੰਡ ਅਤੇ ਕੁਝ ਯਾਦਾਂ ਹਨ।
ਜੋਸ਼ ਦੀ ਜ਼ਿੰਦਗੀ ਕਮਿਊਨਿਸਟ ਵਿਚਾਰਧਾਰਾ ਨਾਲ ਪ੍ਰਣਾਈ ਹੋਈ ਸੀ। ਇਸ ਕਰਕੇ ਉਨ੍ਹਾਂ ਦਾ ਸਮੁੱਚਾ ਜੀਵਨ ਕਿਸਾਨਾਂ ਮਜ਼ਦੂਰਾਂ ਲਈ ਤੇ ਸਮਾਜਿਕ ਅਨਿਆਂ ਖਿਲਾਫ਼ ਲੜਦਿਆਂ ਬੀਤਿਆ। ਆਪਣੀ ਆਖ਼ਰੀ ਵਸੀਅਤ ਵਿੱਚ ਉਹ ਲਿਖਦੇ ਹਨ: ਮੈਨੂੰ ਪੂਰੀ ਤਸੱਲੀ ਹੈ ਕਿ ਮੈਂ ਸੱਚਮੁੱਚ ਹੀ ਪੂਰੀ ਇਮਾਨਦਾਰੀ, ਨਿਰਸੁਆਰਥ ਅਤੇ ਤਹਿਦਿਲੀ ਨਾਲ ਆਪਣੇ ਮਿਹਨਤਕਸ਼ ਲੋਕਾਂ ਲਈ ਜੀਵਿਆ ਹਾਂ। ਮੈਨੂੰ ਇਹ ਯਕੀਨ ਵੀ ਹੈ ਕਿ ਜ਼ਿੰਦਗੀ ਵਿਚ ਸਫਲਤਾ ਕਾਮਿਆਂ ਵੱਲੋਂ ਲੜੇ ਸੰਘਰਸ਼ਾਂ ਕਾਰਨ ਹੀ ਹੈ ਤੇ ਉਨ੍ਹਾਂ ਨੂੰ ਮਾਣ, ਬਰਾਬਰੀ, ਆਤਮ-ਸਨਮਾਨ ਤੇ ਬਹਾਦਰ ਮਨੁੱਖਾਂ ਵਜੋਂ ਆਪਣੇ ਪੈਰਾਂ ’ਤੇ ਖੜ੍ਹੇ ਕਰਕੇ ਹੀ ਮਿਲਦੀ ਹੈ। ਮੇਰੇ ਲਈ ਕਿਸੇ ਧਾਰਮਿਕ ਹਸਤੀ ਦਾ ਅਸ਼ੀਰਵਾਦ ਕੋਈ ਮਾਇਨੇ ਨਹੀਂ ਰੱਖਦਾ ਤੇ ਨਾ ਹੀ ਮੈਨੂੰ ਇਸਦੀ ਕੋਈ ਲੋੜ ਹੈ।
ਜੋਸ਼ ਦੀ ਜ਼ਿੰਦਗੀ ਜੁਝਾਰੂ ਨਾਸਤਿਕ ਯੋਧੇ ਦੀ ਹੈ। ਉਨ੍ਹਾਂ ਦਾ ਜਨਮ 1896 ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਚੇਤਨਪੁਰਾ ਵਿਖੇ ਹੋਇਆ। 29 ਜੁਲਾਈ 1982 ਨੂੰ ਨਵੀਂ ਦਿੱਲੀ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਦੇ ਕੇਂਦਰੀ ਦਫ਼ਤਰ ਵਿੱਚ ਉਨ੍ਹਾਂ ਨੇ ਆਖ਼ਰੀ ਸਾਹ ਲਏ। ਉਨ੍ਹਾਂ ਦਾ ਅੰਤਿਮ ਸੰਸਕਾਰ ਬਿਨਾ ਕਿਸੇ ਧਾਰਮਿਕ ਰੀਤ ਦੇ ਉਨ੍ਹਾਂ ਦੇ ਪਿੰਡ ਚੇਤਨਪੁਰਾ ਵਿਖੇ ਕੀਤਾ ਗਿਆ। 87 ਵਰ੍ਹਿਆਂ ਦੀ ਲੰਮੀ ਉਮਰ ਵਿੱਚ ਉਨ੍ਹਾਂ ਨੇ ਕਮਿਊਨਿਸਟ ਲਹਿਰ ਦੀ ਬੇਮਿਸਾਲ ਉਸਾਰੀ ਕੀਤੀ ਤੇ ਭਾਰਤੀ ਰਾਜਨੀਤੀ ਵਿੱਚ ਆਪਣੀ ਛਾਪ ਛੱਡੀ।
1920 ਵਿੱਚ ਚੜ੍ਹਦੀ ਉਮਰੇ ਹੀ ਉਹ ਰਾਜਨੀਤੀ ਵਿੱਚ ਦਿਲਚਸਪੀ ਲੈਣ ਲੱਗੇ ਸਨ। ਉਨ੍ਹਾਂ ਨੇ ਜੇਲ੍ਹ ਵਿੱਚ ਆਪਣੇ ਗਿਆਨ ਨੂੰ ਪੁਖਤਾ ਕਰਨ ਲਈ ਰਾਜਨੀਤਕ ਸਾਹਿਤ ਦਾ ਅਧਿਐਨ ਕੀਤਾ ਤਾਂ ਉਨ੍ਹਾਂ ਦੀ ਰਾਜਨੀਤਕ ਸੋਚ ਵਿੱਚ ਵੱਡੀ ਤਬਦੀਲੀ ਆਈ। ਕੁਝ ਕਿਤਾਬਾਂ ਨੇ ਜ਼ਿੰਦਗੀ ਪ੍ਰਤੀ ਉਨ੍ਹਾਂ ਦੇ ਨਜ਼ਰੀਏ ਵਿੱਚ ਵੱਡੀ ਤਬਦੀਲੀ ਲਿਆਂਦੀ।
ਇਸ ਸਵੈ-ਜੀਵਨੀ ਦੇ ਸ਼ੁਰੂ ਵਿੱਚ ਉਹ ਲਿਖਦੇ ਹਨ:
ਇਹ ਸਵੈ-ਜੀਵਨੀ ਸ਼ੁਰੂ ਕਰਨ ਵੇਲੇ ਮੈਂ ਲਗਪਗ 75 ਵਰ੍ਹਿਆਂ ਦਾ ਹੋ ਚੁੱਕਾ ਹਾਂ ਤੇ ਆਪਣੇ ਜੀਵਨ ਦੀ ਲੰਮੀ ਅਓਧ ਹੰਢਾ ਲਈ ਹੈ। ਮੈਂ ਆਪਣੇ ਜੀਵਨ ’ਚ ਕਈ ਜੁਝਾਰੂ ਲੜਾਈਆਂ ਲੜੀਆਂ, ਪਰ ਮੇਰੀ ਉਮਰ ਨੇ ਮੇਰੇ ਕ੍ਰਾਂਤੀਕਾਰੀ ਜੋਸ਼ ’ਤੇ ਕੋਈ ਅਸਰ ਨਹੀਂ ਪਾਇਆ। ਕ੍ਰਾਂਤੀ ਦੀ ਅੱਗ ਹੁਣ ਵੀ ਓਨੀ ਹੀ ਚਮਕ ਨਾਲ ਜਗਦੀ ਹੈ ਜਿੰਨੀ ਜਵਾਨੀ ਵੇਲੇ ਜਗਿਆ ਕਰਦੀ ਸੀ। ਮੈਂ ਹਾਲੇ ਵੀ ਮਾਨਸਿਕ ਤੌਰ ’ਤੇ ਫੁਰਤੀਲਾ ਹਾਂ, ਹਾਲਾਂਕਿ ਸਰੀਰਕ ਤੌਰ ’ਤੇ ਮੈਂ ਕਮਜ਼ੋਰ ਹੋ ਗਿਆ ਹਾਂ।
ਅਕਾਲੀ ਅੰਦੋਲਨ ਵਿੱਚ ਜੋਸ਼ ਹੋਰਾਂ ਦਾ ਵੱਡਾ ਯੋਗਦਾਨ ਰਿਹਾ। ਉਨ੍ਹਾਂ ਨੇ ‘ਅਕਾਲੀ ਮੋਰਚਿਆਂ ਦਾ ਇਤਿਹਾਸ’ ਕਿਤਾਬ ਲਿਖ ਕੇ ਸਮੇਂ ਦੇ ਇਤਿਹਾਸ ਨੂੰ ਸਾਂਭਣ ਦਾ ਯਤਨ ਕੀਤਾ। ਰੋਜ਼ਾਨਾ ਅਕਾਲੀ ਅਖ਼ਬਾਰ ਰਾਹੀਂ ਉਹ ਇਸ ਅੰਦੋਲਨ ਵਿੱਚ ਸ਼ਾਮਲ ਹੋਏ ਸਨ। ਇਸ ਅਖ਼ਬਾਰ ਨੇ ਪਹਿਲੇ ਅੰਕ ਵਿੱਚ ਹੀ ਆਪਣੀ ਨੀਤੀ ਦਾ ਐਲਾਨ ਕਰ ਦਿੱਤਾ ਸੀ ਕਿ ਉਨ੍ਹਾਂ ਦਾ ਮਕਸਦ ਗੁਰਦੁਆਰਿਆਂ ਨੂੰ ਭ੍ਰਿਸ਼ਟ ਮਹੰਤਾਂ ਦੇ ਕਬਜ਼ੇ ਤੋਂ ਮੁਕਤ ਕਰਵਾਉਣਾ, ਖਾਲਸਾ ਕਾਲਜ ਅੰਮ੍ਰਿਤਸਰ ਨੂੰ ਸਰਕਾਰੀ ਕੰਟਰੋਲ ਹੋਠੋਂ ਕੱਢਣਾ, ਦਿੱਲੀ ਦੇ ਗੁਰਦੁਆਰਾ ਰਕਾਬ ਗੰਜ ਦੀਆਂ ਢਾਹੀਆਂ ਕੰਧਾਂ ਦੀ ਓਵੇਂ ਉਸਾਰੀ ਕਰਨਾ, ਸਿੱਖ ਸੰਗਤ ਵਿੱਚ ਰਾਜਨੀਤਕ ਤੇ ਰਾਸ਼ਟਰੀ ਚੇਤਨਾ ਪੈਦਾ ਕਰ ਕੇ ਆਜ਼ਾਦੀ ਦੀ ਲੜਾਈ ਲਈ ਤਿਆਰ ਕਰਨਾ ਤੇ ਸਿੱਖ ਸੰਗਤ ਦਾ ਲੋਕਤੰਤਰੀ ਸਿਧਾਂਤਾਂ ’ਤੇ ਕੇਂਦਰੀ ਸੰਗਠਨ ਸਥਾਪਤ ਕਰਨਾ ਆਦਿ ਹਨ। ਅੰਗਰੇਜ਼ੀ ਜੇਲ੍ਹਾਂ ਵਿੱਚ ਉਸ ਵੇਲੇ ਦੇ ਰਾਜਨੀਤਕ ਕੈਦੀਆਂ ਤੇ ਦੇਸ਼ ਭਗਤਾਂ ਨਾਲ ਬਹੁਤ ਮਾੜਾ ਸਲੂਕ ਕੀਤਾ ਜਾਂਦਾ ਸੀ। ਉਨ੍ਹਾਂ ਦਾ ਮਨੋਬਲ ਤੋੜਨ ਲਈ ਹਰ ਹੀਲਾ ਵਰਤਿਆ ਜਾਂਦਾ ਸੀ। ਇਸ ਬਾਰੇ ਜੋਸ਼ ਲਿਖਦੇ ਹਨ:
ਲਾਇਲਪੁਰ ਜੇਲ੍ਹ ਵਿੱਚ ਜੀਵਨ ਬਹੁਤ ਔਖਾ ਸੀ। ਕੈਦੀਆਂ ਨਾਲ ਜਾਨਵਰਾਂ ਵਰਗਾ ਸਲੂਕ ਕੀਤਾ ਜਾਂਦਾ ਸੀ ਤੇ ਉਨ੍ਹਾਂ ਨੂੰ ਓਥੇ ਘੱਲਣ ਦਾ ਮੰਤਵ ਉਨ੍ਹਾਂ ਦੀ ਮਾਨਵੀ ਸੰਵੇਦਨਾ ਨੂੰ ਮਾਰਨਾ ਹੀ ਜਾਪਦਾ ਸੀ। ਹਰੇਕ ਸੋਮਵਾਰ ਅੱਠ ਤੋਂ ਨੌਂ ਵਜੇ ਦੇ ਦਰਮਿਆਨ ਜੇਲ੍ਹ ਵਿੱਚ ਸਵੇਰੇ ਪਰੇਡ ਕੀਤੀ ਜਾਂਦੀ ਸੀ। ਕੈਦੀਆਂ ਨੂੰ ਦੋ ਕਤਾਰਾਂ ਵਿੱਚ ਇੱਕ ਦੂਸਰੇ ਵੱਲ ਮੂੰਹ ਕਰਕੇ ਬਿਠਾਇਆ ਜਾਂਦਾ ਸੀ। ਹਰੇਕ ਕੈਦੀ ਨੂੰ ਪਹਿਣਨ ਲਈ ਜੇਲ੍ਹ ਦੇ ਹਾਸੋਹੀਣੇ ਕੱਪੜੇ ਦਿੱਤੇ ਜਾਂਦੇ ਸਨ। ਹਰ ਕੈਦੀ ਨੂੰ ਆਪਣੇ ਗਲੇ ਵਿੱਚ ਇੱਕ ਰਿੰਗ ਪਾਉਣਾ ਪੈਂਦਾ ਸੀ ਜਿਸ ’ਤੇ ਉਹਦੀ ਸਜ਼ਾ, ਧਾਰਾ ਤੇ ਰਿਹਾਈ ਦਾ ਵੇਰਵਾ ਵਿੱਚ ਲਟਕਦੀ ਇੱਕ ਪੱਟੀ ’ਤੇ ਲਿਖਿਆ ਹੁੰਦਾ ਸੀ। ਇਹ ਅਸਲ ਵਿੱਚ ਜ਼ਲਾਲਤ ਦੀ ਹੱਦ ਸੀ। ਕੈਦੀਆਂ ਨੂੰ ਪੱਬਾਂ ਭਾਰ ਬਹਿ ਕੇ ਹਥੇਲੀਆਂ ਗੋਡਿਆਂ ’ਤੇ ਸਿੱਧੀਆਂ ਕਰ ਕੇ ਰੱਖਣੀਆਂ ਪੈਂਦੀਆਂ ਸਨ ਤਾਂ ਕਿ ਉਹ ਕਿਸ ਵੀ ਰੂਪ ਵਿੱਚ ਸੁਪਰਡੈਂਟ ’ਤੇ ਹਮਲਾ ਨਾ ਕਰ ਸਕਣ।
ਇਸ ਵੱਡ-ਆਕਾਰੀ ਕਿਤਾਬ ਵਿੱਚ ਪੰਜਾਬ ਤੇ ਭਾਰਤ ਦੀ ਜੰਗੇ-ਆਜ਼ਾਦੀ ਦਾ ਇਤਿਹਾਸ ਸਾਂਭਿਆ ਪਿਆ ਹੈ। ਕਾਮਰੇਡ ਜੋਸ਼ ਨੇ ਹਰ ਘਟਨਾ, ਸਰੋਕਾਰ, ਸਾਕਿਆਂ ਤੇ ਵਾਰਤਾਵਾਂ ਨੂੰ ਪੂਰੀ ਸਚਾਈ ਤੇ ਇਮਾਨਦਾਰੀ ਨਾਲ ਪੇਸ਼ ਕਰਨ ਦਾ ਯਤਨ ਕੀਤਾ ਹੈ। ਇਹ ਕਿਤਾਬ ਆਪਣੇ ਸਮੇਂ ਦਾ ਦਸਤਾਵੇਜ਼ੀ ਰਿਕਾਰਡ ਹੈ। ਹਰ ਪੰਜਾਬ ਤੇ ਪੰਜਾਬੀ ਹਿਤੈਸ਼ੀ ਨੂੰ ਇਹ ਕਿਤਾਬ ਜ਼ਰੂਰ ਪੜ੍ਹਣੀ ਚਾਹੀਦੀ ਹੈ ਤਾਂ ਜੋ ਉਹ ਇਸ ਤੱਥ ਤੋਂ ਜਾਣੂੰ ਹੋ ਸਕੇ ਕਿ ਸਾਡੇ ਵਡੇਰਿਆਂ ਨੇ ਦੇਸ਼ ਦੀ ਆਜ਼ਾਦੀ ਤੇ ਆਨ-ਬਾਨ-ਸ਼ਾਨ ਕਾਇਮ ਰੱਖਣ ਲਈ ਕਿਹੜੇ ਕਸ਼ਟ ਸਹੇ ਤੇ ਕੁਰਬਾਨੀਆਂ ਦਿੱਤੀਆਂ।
ਸੰਪਰਕ: 94173-58120