ਡਾ. ਇੰਦੂ ਬੰਗਾ
ਇਤਿਹਾਸਕਾਰ
ਅਕਤੂਬਰ ਮਹੀਨੇ ਵਿਚ ਡਾ. ਜੇ.ਐੱਸ. (ਜਗਤਾਰ ਸਿੰਘ) ਗਰੇਵਾਲ ਦੀ ਜਨਮ ਵਰ੍ਹੇਗੰਢ ਮੌਕੇ ਇਹ ਲੇਖ ਸਿੱਖ (ਅਤੇ ਪੰਜਾਬ) ਇਤਿਹਾਸ ਵਿਚ ਪਾਏ ਉਨ੍ਹਾਂ ਦੇ ਯੋਗਦਾਨ ’ਤੇ ਕੇਂਦਰਿਤ ਹੈ। ਡਾ. ਗਰੇਵਾਲ ਨੇ ਸਿੱਖ ਇਤਿਹਾਸ ਦਾ ਅਧਿਐਨ ਪੰਜਾਬ ਦੇ ਭਾਰਤ ਦੇ ਇਕ ਭੂਗੋਲਿਕ ਅਤੇ ਸੱਭਿਆਚਾਰਕ ਖੇਤਰ ਦੇ ਹਵਾਲੇ ਨਾਲ ਕੀਤਾ ਸੀ। ਉਨ੍ਹਾਂ ਲਈ ਸਮਾਜ ਦਾ ਸਮੁੱਚਾ ਅਤੀਤ ਇਤਿਹਾਸ ਦੇ ਕਲਾਵੇ ਵਿਚ ਆ ਜਾਂਦਾ ਹੈ। ਉਹ ‘ਧਰਮ ਨੂੰ ਜੀਵਨ ਦਾ ਇਕ ਵੱਡਾ ਹਿੱਸਾ ਮੰਨਦੇ ਹਨ ਜੋ ਲੋਕਾਂ ਲਈ ਮਹੱਤਵ ਰੱਖਦਾ ਹੈ।’ ਉਹ ਇਕ ਤਰਕਸੰਗਤ ਧਰਮ-ਨਿਰਪੱਖ ਦ੍ਰਿਸ਼ਟੀਕੋਣ ਤੋਂ ਬਾਖ਼ਬਰ ਹੋ ਕੇ ਆਪਣੀਆਂ ਵਿਆਖਿਆਵਾਂ ਦਿੰਦੇ ਹਨ ਪਰ ਧਰਮ ਪ੍ਰਤੀ ਕਿਸੇ ਤਰ੍ਹਾਂ ਦਾ ਤੁਅਸੱਬ ਨਹੀਂ ਪਾਲ਼ਦੇ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਧਰਮ-ਨਿਰਪੱਖ ਹੋਵੇ ਜਾਂ ਧਾਰਮਿਕ, ਵਿਚਾਰਧਾਰਾ ਜੀਵਨ ਅਤੇ ਲੋਕਾਂ ਦੀ ਸਰਗਰਮੀ ਦੀ ਅਹਿਮ ਚਾਲਕ ਸ਼ਕਤੀ ਹੁੰਦੀ ਹੈ। ਇਸ ਕਰਕੇ ਵਿਚਾਰਾਂ ਵਿਚ ਉਨ੍ਹਾਂ ਦੀ ਓਨੀ ਹੀ ਦਿਲਚਸਪੀ ਹੈ ਜਿੰਨੀ ਕਿ ਵਿਚਾਰਾਂ ਦੇ ਇਤਿਹਾਸਕ ਸੰਦਰਭ ਵਿਚ। ਆਮ ਤੌਰ ’ਤੇ ਉਹ ਰਵਾਇਤ ਦਾ ਸਤਿਕਾਰ ਕਰਦੇ ਹਨ ਪਰ ਇਤਿਹਾਸਕਾਰ ਅਤੇ ਧਰਮ-ਸ਼ਾਸਤਰੀ ਦੇ ਦ੍ਰਿਸ਼ਟੀਕੋਣਾਂ ਵਿਚਕਾਰ ਸਪਸ਼ਟ ਨਿਖੇੜਾ ਕਰ ਕੇ ਚੱਲਦੇ ਹਨ। ਉਹ ਸਿੱਖ ਇਤਿਹਾਸ ਅਤੇ ਧਰਮ ਦੇ ਅਧਿਐਨ ਲਈ ਇਤਿਹਾਸਕ ਵਿਧੀ ਦੀ ਕਾਰਗਰਤਾ ਨੂੰ ਉਜਾਗਰ ਕਰਦੇ ਹਨ।
ਡਾ. ਗਰੇਵਾਲ ਡਬਲਿਊ ਐੱਚ ਮੈਕਲੌਡ ਅਤੇ ਹਰਜੋਤ ਓਬਰਾਏ ਤੇ ਪੱਛਮ ਵਿਚਲੇ ਉਨ੍ਹਾਂ ਦੇ ਵਿਦਿਆਰਥੀਆਂ ਦੀਆਂ ਮਾਨਤਾਵਾਂ, ਪੇਸ਼ਕਾਰੀ ਅਤੇ ਸਿੱਟਿਆਂ ’ਤੇ ਪੁਰਜ਼ੋਰ ਢੰਗ ਨਾਲ ਕਿੰਤੂ ਕਰਦੇ ਹਨ। ਡਾ. ਗਰੇਵਾਲ ਦੀ ਕਿਤਾਬ ‘ਗੁਰੂ ਨਾਨਕ ਇਨ ਹਿਸਟਰੀ’ (1969) ਪ੍ਰਕਾਸ਼ਿਤ ਹੋਣ ਤੋਂ ਬਾਅਦ ਮੈਕਲੌਡ ਨਾਲ ਉਨ੍ਹਾਂ ਦੇ ਵਖਰੇਵੇਂ ਗੂੜ੍ਹੇ ਹੁੰਦੇ ਗਏ ਸਗੋਂ ਡਾ. ਗਰੇਵਾਲ ਦੇ ਅਗਲੇਰੇ ਅਧਿਐਨਾਂ ਵਿਚ ਇਹ ਤਿੱਖੇ ਵੀ ਹੋ ਜਾਂਦੇ ਹਨ। ਮੈਕਲੌਡ ਜਨਮਸਾਖੀਆਂ ਨੂੰ ‘ਮਿੱਥ’ ਮੰਨਦੇ ਹਨ ਜਦੋਂਕਿ ਡਾ. ਗਰੇਵਾਲ ਜਨਮਸਾਖੀਆਂ ਦੀਆਂ ਵੱਖਰੀਆਂ ਪ੍ਰੰਪਰਾਵਾਂ ਦੀਆਂ ਅਤੇ ਹਰੇਕ ਜਨਮਸਾਖੀ ਦੀ ਗੁਰੂ ਨਾਨਕ ਦੇ ਜੀਵਨ ਅਤੇ ਮਿਸ਼ਨ ਦੀ ਵੱਖਰੀ ਵਿਆਖਿਆ ਦੇ ਰੂਪ ਵਿਚ ਗੱਲ ਕਰਦੇ ਹਨ ਪਰ ਅਸੀਂ ਇਸ ਗੱਲ ’ਤੇ ਧਿਆਨ ਦੇਈਏ ਕਿ ਡਾ. ਗਰੇਵਾਲ ਕੀ ਕਹਿਣਾ ਚਾਹੁੰਦੇ ਹਨ।
ਗੁਰੂ ਨਾਨਕ ਬਾਣੀ ਦਾ ਖੁੱਲ੍ਹੇ ਮਨ ਨਾਲ ਅਧਿਐਨ ਕਰਦਿਆਂ ਅਤੇ ਉਨ੍ਹਾਂ ਦੇ ਹਰ ਇਕ ਸ਼ਬਦ ’ਤੇ ਧਿਆਨ ਕੇਂਦਰਿਤ ਕਰਦਿਆਂ ਡਾ. ਗਰੇਵਾਲ ਇਸ ਸਿੱਟੇ ’ਤੇ ਪੁੱਜਦੇ ਹਨ ਕਿ ਗੁਰੂ ਨਾਨਕ ਦੇਵ ਜੀ ਅੰਤਰਸਬੰਧਿਤ ਵਿਚਾਰਾਂ ਦੀ ਇਕ ਅਜਿਹੀ ਪ੍ਰਣਾਲੀ ਦਾ ਖ਼ਾਕਾ ਪੇਸ਼ ਕਰਦੇ ਹਨ ਜੋ ਦੂਜੀਆਂ ਪ੍ਰਣਾਲੀਆਂ ਤੋਂ ਵੱਖਰੀ ਹੈ। ਉਨ੍ਹਾਂ ਸਿੱਖ ਧਰਮ ਦੀ ਨੀਂਹ ਰੱਖੀ। ਇਹ ਮੈਕਲੌਡ ਵੱਲੋਂ ਗੁਰੂ ਨਾਨਕ ਦੇਵ ਜੀ ਨੂੰ ਸੰਤ ਕਬੀਰ ਜੀ ਵਾਂਗ ਸੰਤ ਪ੍ਰੰਪਰਾ ਦਾ ਹਿੱਸਾ ਮੰਨਣ ਦੀ ਪੁਜ਼ੀਸ਼ਨ ਨਾਲੋਂ ਵੱਖਰੀ ਹੈ। ਡਾ. ਗਰੇਵਾਲ ਤਰਕ ਦਿੰਦੇ ਹਨ ਕਿ ਭਾਵੇਂ ਸੰਤ ਕਬੀਰ ਜੀ ਨੇ ਹੁਕਮ, ਸ਼ਬਦ, ਨਦਰ, ਨਾਮ ਅਤੇ ਗੁਰੂ ਜਿਹੇ ਵਿਸ਼ਿਸ਼ਟ ਸ਼ਬਦ ਵਰਤੇ ਸਨ ਪਰ ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚ ਇਨ੍ਹਾਂ ’ਤੇ ਜ਼ੋਰ ਸਗੋਂ ਇਨ੍ਹਾਂ ਦੇ ਸੰਕਲਪ ਵੀ ਇਕੋ ਜਿਹੇ ਨਹੀਂ ਹਨ। ਇਨ੍ਹਾਂ ਵਿਚਾਰਾਂ ਨੂੰ ਸਮੁੱਚਤਾ ਵਿਚ ਇਕਜੁੱਟ ਢੰਗ ਨਾਲ ਪੇਸ਼ ਕਰਨ ਤੋਂ ਬਾਅਦ ਡਾ. ਗਰੇਵਾਲ ਇਸ ਨੂੰ ਇਕ ਨਵੀਂ ਧਾਰਮਿਕ ਵਿਚਾਰਧਾਰਾ ਵਜੋਂ ਚਿਤਵਦੇ ਹਨ।
ਸੰਤ ਕਬੀਰ ਅਤੇ ਗੁਰੂ ਨਾਨਕ ਦੇਵ ਜੀ ਦੇ ਸਮਾਜਿਕ ਸੰਦੇਸ਼ ਵਿਚ ਵੀ ਕੁਝ ਅੰਤਰ ਸਨ। ਦੋਵੇਂ ਜਾਤ ਨਾਲ ਸਰੋਕਾਰ ਰੱਖਦੇ ਹਨ ਪਰ ਬਾਬਾ ਨਾਨਕ ਆਪਣੇ ਆਪ ਨੂੰ ‘ਨੀਚਾ ਅੰਦਰਿ ਨੀਚ ਜਾਤਿ’ ਆਖ ਕੇ ਆਪਣੀ ਉੱਚ ਸਮਾਜਿਕ ਹੈਸੀਅਤ ਨੂੰ ਅਸਵੀਕਾਰ ਕਰਦੇ ਹਨ। ਸੰਤ ਕਬੀਰ ਜੀ ਲਿੰਗਕ ਸਮਾਨਤਾ ਦੀ ਗੱਲ ਨਹੀਂ ਕਰਦੇ ਜਦੋਂਕਿ ਗੁਰੂ ਨਾਨਕ ਦੇਵ ਜੀ ਨੇ ਔਰਤਾਂ ਨੂੰ ਵਡੇਰਾ ਸਥਾਨ ਦਿੱਤਾ ਹੈ ਜਿਸ ਦੀ ਉਦਾਹਰਨ ਉਨ੍ਹਾਂ ਸਮਿਆਂ ਦੇ ਵੱਖ ਵੱਖ ਕਿਸਮ ਦੇ ਧਾਰਮਿਕ ਸਾਹਿਤ ਵਿਚ ਕਿਧਰੇ ਨਹੀਂ ਮਿਲਦੀ। ਇਸ ਤੋਂ ਇਲਾਵਾ, ਸੰਤ ਕਬੀਰ ਜੀ ਆਪਣੇ ਆਲੇ-ਦੁਆਲੇ ਦੀ ਸਿਆਸੀ ਸਥਿਤੀ ਤੋਂ ਬਹੁਤਾ ਬੇਲਾਗ ਰਹਿੰਦੇ ਹਨ ਜਦੋਂਕਿ ਗੁਰੂ ਨਾਨਕ ਦੇਵ ਜੀ ਨੇ ਅੱਤਿਆਚਾਰ, ਬੇਇਨਸਾਫ਼ੀ, ਭ੍ਰਿਸ਼ਟਾਚਾਰ ਅਤੇ ਪੱਖਪਾਤ ਦੀ ਸਖ਼ਤ ਨਿਖੇਧੀ ਕੀਤੀ ਹੈ।
ਗੁਰੂ ਨਾਨਕ ਦੇਵ ਜੀ ਦਾ ਵਿਸ਼ਵਾਸ ਅਧਿਆਤਮਕ ਅਤੇ ਦੁਨਿਆਵੀ ਸਰੋਕਾਰਾਂ ਨੂੰ ਜੋੜਦਾ ਹੈ। ਉਨ੍ਹਾਂ ਲਈ ‘ਜੀਵਨ-ਮੁਕਤੀ ਦੂਜਿਆਂ ਦੀ ਮੁਕਤੀ ਲਈ ਇਕ ਸਮਾਜਿਕ ਕਾਰਜ ਹੈ। ਪਰਉਪਕਾਰ ਇਸ ਦਾ ਅਨਿੱਖੜਵਾਂ ਅੰਗ ਹੈ।’ ਬਾਬਾ ਨਾਨਕ ਨੇ ਕਰਤਾਰਪੁਰ ਦੀ ਧਰਤੀ ’ਤੇ ਜਿਹੋ ਜਿਹੀ ਜੀਵਨ ਜਾਚ ਸਿਖਾਈ ਸੀ, ਉਸ ਦੇ ਆਧਾਰ ’ਤੇ ਧਰਮਸਾਲ (ਬਾਅਦ ਵਿਚ ਗੁਰਦੁਆਰਾ), ਸੰਗਤ, ਲੰਗਰ ਅਤੇ ਸਭ ਤੋਂ ਵਧ ਕੇ ਗੁਰਿਆਈ ਨੂੰ ਸੰਸਥਾਈ ਰੂਪ ਦਿੱਤਾ। ਇੰਝ, ਉਨ੍ਹਾਂ ਦੇ ਸੁਚੇਤ ਨਿਰਣੇ ਅਤੇ ਸੋਚੀ ਵਿਚਾਰੀ ਸਰਗਰਮੀ ਦੇ ਸਿੱਟੇ ਵਜੋਂ ਉਨ੍ਹਾਂ ਦੇ ਜੀਵਨ ਵਿਚ ਹੀ ਸਿੱਖ ਪੰਥ ਹੋਂਦ ਵਿਚ ਆ ਗਿਆ ਸੀ। ਉਂਝ, ਸੰਤ ਕਬੀਰ ਜੀ ਦੇ ਚਲਾਣੇ ਤੋਂ ਕਰੀਬ ਇਕ ਸਦੀ ਬਾਅਦ ਹੋਂਦ ਵਿਚ ਆਏ ਕਬੀਰ ਪੰਥ ਦੇ ਉਭਾਰ ਵਿਚ ਕਬੀਰ ਜੀ ਦਾ ਕੋਈ ਦਖ਼ਲ ਨਹੀਂ ਸੀ।
ਗੁਰੂ ਨਾਨਕ ਦੇਵ ਜੀ ਬਾਰੇ ਇਸ ਸਮਝ ਤੋਂ ਆਰੰਭ ਕਰ ਕੇ ਡਾ. ਗਰੇਵਾਲ ਨੇ ਅਗਲੇ ਗੁਰੂ ਸਾਹਿਬਾਨ ਦੀ ਬਾਣੀ ਅਤੇ ਉਨ੍ਹਾਂ ਦੇ ਯੋਗਦਾਨ, ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਪੁਰਾਤਨ ਤੇ ਬੀ-40 ਜਨਮਸਾਖੀਆਂ ਦਾ ਵਿਸ਼ਲੇਸ਼ਣ ਕੀਤਾ ਅਤੇ ਇਕ ਨਵੇਂ ਧਰਮ ਤੇ ਨਵੇਂ ਪੰਥ ਦੇ ਬਾਨੀ ਵਜੋਂ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦੀ ਵਿਲੱਖਣਤਾ ਨੂੰ ਵਧੇਰੇ ਉਜਾਗਰ ਕੀਤਾ।
ਗੁਰੂ ਗੋਬਿੰਦ ਸਿੰਘ ਜੀ ਬਾਰੇ ਆਪਣੇ ਅਧਿਐਨ (2019) ਵਿਚ ਡਾ. ਗਰੇਵਾਲ ਨੇ ਗੁਰੂ ਨਾਨਕ ਦੀ ਵਿਚਾਰਧਾਰਾ, ਉਨ੍ਹਾਂ ਦੇ ਉਤਰਾਧਿਕਾਰੀਆਂ ਦੇ ਜੀਵਨ ਕਾਲ ਦੀਆਂ ਸਰਗਰਮੀਆਂ ਅਤੇ ਮੁਗ਼ਲ ਰਾਜ ਦੀ ਭੂਮਿਕਾ ਦਰਮਿਆਨ ਅੰਤਰਸਬੰਧਾਂ ਨੂੰ ਸਾਹਮਣੇ ਲਿਆਂਦਾ ਹੈ। ਦਸਵੇਂ ਗੁਰੂ ਨੇ ਆਪਣੇ ਸ਼ਬਦਾਂ ਵਿਚ ਗੁਰੂ ਨਾਨਕ ਦੀ ਵਿਚਾਰਧਾਰਾ ਅਤੇ ਉਸ ਦੇ ਸਮਾਜਿਕ ਬਰਾਬਰੀ, ਨਿਆਂ ਤੇ ਵਾਜਬੀਅਤ ਵਰਗੇ ਅਟੁੱਟ ਅੰਗ ਨੂੰ ਦ੍ਰਿੜਾਇਆ। ਇਹ ਵੀ ਅਹਿਮ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਦੌਰਾਨ ਘੱਟੋ-ਘੱਟ ਛੇ ਰਹਿਤਨਾਮੇ ਤਿਆਰ ਕੀਤੇ ਗਏ ਜਿਸ ਤੋਂ ਪਤਾ ਚੱਲਦਾ ਹੈ ਕਿ ਉਹ ਆਪ ਹੀ ਖ਼ਾਲਸਈ ਰਹਿਤ ਦੇ ਧਾਰਨੀ ਸਨ। ਸੰਨ 1699 ਦੀ ਵਿਸਾਖੀ ਮੌਕੇ ‘ਆਪਣੇ ਤੋਂ ਪਹਿਲਾਂ ਦੇ ਗੁਰੂ ਸਾਹਿਬਾਨ ਦੁਆਰਾ ਸਲਾਹੇ ਜਾਂਦੇ ਸਿੱਖ ਮੱਤ ਦੇ ਆਦਰਸ਼ਾਂ ਵਿਚ ਇਕ ਨਵੀਂ ਰਹਿਤ ਜੋੜੀ ਗਈ। ਨਵੀਂ ਅਤੇ ਪੁਰਾਣੀ ਨੂੰ ਜੋੜ ਕੇ ਇਕ ਨਵੀਂ ਵਿਵਸਥਾ ਬਣਾਈ ਗਈ।’ ਡਾ. ਗਰੇਵਾਲ ਮੰਨਦੇ ਹਨ ਕਿ ‘ਰਹਿਤ ਦਾ ਸਭ ਤੋਂ ਅਹਿਮ ਪਹਿਲੂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਜਾਂ ਉਨ੍ਹਾਂ ਤੋਂ ਕੁਝ ਸਮੇਂ ਬਾਅਦ ਹੀ ਹੋਂਦ ਵਿਚ ਆ ਗਿਆ ਸੀ ਜਿਸ ਵਿਚ ਪੰਜ ਪ੍ਰਤੀਕ ਸ਼ਾਮਿਲ ਸਨ ਅਤੇ ਜਨਿ੍ਹਾਂ ਨੂੰ ਬਾਅਦ ਵਿਚ ਪੰਜ ਕਕਾਰਾਂ ਵਜੋਂ ਸੂਤਰਬੱਧ ਕੀਤਾ ਗਿਆ।’
ਬੇਹਿਸਾਬ ਨੁਕਸਾਨ ਦੇ ਬਾਵਜੂਦ ਗੁਰੂ ਗੋਬਿੰਦ ਸਿੰਘ ਨੇ ਆਨੰਦਪੁਰ ਦੀ ਬਹਾਲੀ ਦੇ ਮੁੱਦੇ ’ਤੇ ਮੁਗ਼ਲਾਂ ਨਾਲ ਰਾਜ਼ੀਨਾਮੇ ਦੀ ਪੈਰਵੀ ਕੀਤੀ ਸੀ। ਇਸ ਪ੍ਰਸੰਗ ਵਿਚ ਡਾ. ਗਰੇਵਾਲ ਨੇ ਔਰੰਗਜ਼ੇਬ ਨੂੰ ਲਿਖਿਆ ਪੱਤਰ (ਜ਼ਫ਼ਰਨਾਮਾ), ਉਸ ਦੇ ਪੁੱਤਰ ਤੇ ਵਾਰਿਸ ਬਹਾਦਰ ਸ਼ਾਹ ਨਾਲ ਮੁਲਾਕਾਤ ਅਤੇ ਦੱਖਣ ਵੱਲ ਚਾਲੇ ਪਾਉਣ ਦੇ ਹਵਾਲੇ ਦਿੱਤੇ ਹਨ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਮਹਿਸੂਸ ਹੋਇਆ ਕਿ ਬਹਾਦਰ ਸ਼ਾਹ ਦਾ ਰਵੱਈਆ ਟਾਲਮਟੋਲ ਵਾਲਾ ਹੈ ਤਾਂ ਉਨ੍ਹਾਂ ਅੱਗੇ ਵਧਣ ਤੋਂ ਨਾਂਹ ਕਰ ਦਿੱਤੀ ਅਤੇ ਨੰਦੇੜ ਵਿਚ ਡੇਰਾ ਲਗਾ ਲਿਆ। ਇਸ ਤੋਂ ਬਾਅਦ ਉਨ੍ਹਾਂ ਬਾਬਾ ਬੰਦਾ ਸਿੰਘ ਨੂੰ ਪੰਜਾਬ ਵਾਪਸ ਜਾਣ ਅਤੇ ਅਨਿਆਂਈ ਮੁਗ਼ਲ ਰਾਜ ਖਿਲਾਫ਼ ਖਾਲਸਈ ਬਗ਼ਾਵਤ ਦੀ ਅਗਵਾਈ ਕਰਨ ਦਾ ਜ਼ਿੰਮਾ ਸੌਂਪਿਆ।
ਇਹ ਅਹਿਮ ਹੈ ਕਿ ਡਾ. ਗਰੇਵਾਲ ਦੇ ਅਨੁਸਾਰ ‘ਪ੍ਰਭੂਸੱਤਾ ਦਾ ਆਦਰਸ਼ ਬੰਦਾ ਸਿੰਘ ਦੇ ਮੰਜ਼ਰ ’ਤੇ ਆਉਣ ਤੋਂ ਪਹਿਲਾਂ ਹੀ ਉੱਭਰ ਜਾਂਦਾ ਹੈ ਅਤੇ ਇਹ ਆਦਰਸ਼ ਉਨ੍ਹਾਂ ਦੇ ਇਸ ਉੱਦਮ ਦੇ ਨਾਕਾਮ ਹੋਣ ਤੋਂ ਬਾਅਦ ਵੀ ਜਾਰੀ ਰਹਿੰਦਾ ਹੈ।’ ਦੂਜੇ ਸ਼ਬਦਾਂ ਵਿਚ, ਇਸ ਆਦਰਸ਼ ਦੀ ਘਾੜਤ ਖ਼ੁਦ ਗੁਰੂ ਗੋਬਿੰਦ ਸਿੰਘ ਜੀ ਨੇ ਘੜੀ ਸੀ। ਸੰਨ 1716 ਵਿਚ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਹਾਦਤ ਤੋਂ ਬਾਅਦ ਖ਼ਾਲਸੇ ਨੇ ਸਿਆਸੀ ਸ਼ਕਤੀ ਹਾਸਿਲ ਕਰਨ ਲਈ ਮੁਗ਼ਲਾਂ ਅਤੇ ਅਫ਼ਗਾਨਾਂ ਖਿਲਾਫ਼ ਲੰਮਾ ਸੰਘਰਸ਼ ਵਿੱਢਿਆ ਜੋ 1765 ਵਿਚ ਖਾਲਸਾ ਰਾਜ ਦੀ ਸਥਾਪਨਾ ਦੇ ਰੂਪ ਵਿਚ ਸਿਰੇ ਚੜ੍ਹਦਾ ਹੈ।
ਡਾ. ਗਰੇਵਾਲ ਇਹ ਗੱਲ ਜ਼ੋਰ ਦੇ ਕੇ ਆਖਦੇ ਹਨ ਕਿ ਸ਼ਹਾਦਤ ਦਾ ਆਦਰਸ਼ ਸਿੱਖ ਇਤਿਹਾਸ ਅਤੇ ਵਿਚਾਰਧਾਰਾ ਦੀ ਉਪਜ ਸੀ। ਇਸ ਲਈ ‘ਇਹ ਆਦਰਸ਼ ਪ੍ਰਭੂਸੱਤਾ ਲਈ ਸੰਘਰਸ਼ ਦਾ ਅਟੁੱਟ ਅੰਗ ਬਣਿਆ ਰਿਹਾ ਹੈ।’ ਇੱਥੇ ਵੀ ਡਾ. ਗਰੇਵਾਲ ਕੁਝ ਪੱਛਮੀ ਵਿਦਵਾਨਾਂ ਦੀਆਂ ਮਾਨਤਾਵਾਂ ਦਾ ਖੰਡਨ ਕਰਦੇ ਹਨ। ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਬਹੁ-ਪਰਤੀ ਵਿਰਾਸਤ ਦਾ ਖੁਲਾਸਾ ਵੀ ਕੀਤਾ ਹੈ ਅਤੇ ਇਹ ਦਰਜ ਕੀਤਾ ਹੈ ਕਿ ਅਠਾਰਵੀਂ ਸਦੀ ਦੇ ਅੰਤ ਤੱਕ ਖ਼ਾਲਸੇ (ਸਿੰਘ) ਦੀ ਪਛਾਣ ‘ਮੁੱਖ ਸਿੱਖ ਪਛਾਣ’ ਬਣ ਗਈ ਸੀ।
ਸਿੱਖ ਧਰਮ ਅਤੇ ਸਿੱਖ ਪਛਾਣ ਦੀ ਵਿਲੱਖਣਤਾ ਸਿੱਖ ਇਤਿਹਾਸ ਬਾਰੇ ਡਾ. ਗਰੇਵਾਲ ਦੀ ਸੋਝੀ ਦਾ ਮੂਲ ਹੈ। ਆਪਣੀ ਇਕ ਹੋਰ ਕਿਤਾਬ ‘ਹਿਸਟਰੀ, ਲਿਟਰੇਚਰ ਐਂਡ ਆਇਡੈਂਟਿਟੀ: ਫੋਰ ਸੈਂਚਰੀਜ਼ ਆਫ ਸਿੱਖ ਟ੍ਰੈਡਿਸ਼ਨ’ (2011) ਵਿਚ ਉਹ ਮੁਗ਼ਲ, ਸਿੱਖ ਅਤੇ ਬਸਤੀਵਾਦੀ ਸ਼ਾਸਨ ਕਾਲ ਦੇ ਚੌਦਾਂ ਸਿੱਖ ਖਰੜਿਆਂ ਦੇ ਗਹਿਗੱਚ ਵਿਸ਼ਲੇਸ਼ਣ ਰਾਹੀਂ ਆਪਣੇ ਇਸ ਤਰਕ ਨੂੰ ਦ੍ਰਿੜ੍ਹਾਉਂਦੇ ਹਨ। ਇਤਿਹਾਸਕ ਸੰਦਰਭ ਅਤੇ ਖਰੜਿਆਂ ਵਿਚਕਾਰ ਕਰੀਬੀ ਸਬੰਧ ਮੰਨਦਿਆਂ ਉਹ ਇਨ੍ਹਾਂ ਨਾਲ ਪੰਜ ਭਾਗਾਂ ਵਿਚ ਸਿੱਝਦੇ ਹਨ।
ਪਹਿਲਾ, ਗੁਰੂ ਨਾਨਕ ਦੇਵ ਜੀ ਦੁਆਰਾ ਸੋਚੇ ਸਮਝੇ ਤੌਰ ’ਤੇ ਇਕ ਨਵੇਂ ਧਰਮ ਦੀ ਅਭਿਵਿਅਕਤੀ ਅਤੇ ਉਨ੍ਹਾਂ ਤੋਂ ਬਾਅਦ ਦੇ ਚਾਰ ਗੁਰੂ ਸਾਹਿਬਾਨ ਦੀ ਨਵੀਂ ਵਿਵਸਥਾ ਦੀ ਸਚੇਤ ਵਿਆਖਿਆ। ਸਤਾਰਵੀਂ ਸਦੀ ਵਿਚ ਮੁਗ਼ਲ ਰਾਜ ਨਾਲ ਟਕਰਾਅ ਦੇ ਸੰਦਰਭ ਵਿਚ ਗੁਰੂ ਤੇਗ਼ ਬਹਾਦਰ ਜੀ ਅਤੇ ਭਾਈ ਗੁਰਦਾਸ ਜੀ ਨੇ ਵੱਖਰੀ ਪਛਾਣ ’ਤੇ ਜ਼ੋਰ ਦਿੱਤਾ ਅਤੇ ਭਾਈ ਗੁਰਦਾਸ ਨੇ ਇਸ ਨਵੇਂ ਪੰਥ ਲਈ ‘ਨਿਰਮਲ ਪੰਥ’ ਲਫ਼ਜ਼ਾਂ ਦੀ ਵਰਤੋਂ ਕੀਤੀ। ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਿਤ ਸਾਹਿਤ ਵਿਚ ਵੱਖਰੀ ਪਛਾਣ ’ਤੇ ਜ਼ੋਰ ਵਧ ਗਿਆ ਸੀ ਅਤੇ ਖ਼ਾਲਸੇ ਨੂੰ ਇਕ ਸਿਆਸੀ ਭਾਈਚਾਰੇ ਵਜੋਂ ਵੇਖਿਆ ਗਿਆ। ਸੰਨ 1700 ਦੇ ਨੇੜੇ ਤੇੜੇ ‘ਤੀਸਰ ਪੰਥ’ ਦੀ ਵਰਤੋਂ ਸ਼ੁਰੂ ਹੋ ਗਈ ਅਤੇ ਸਿੱਖ ਰਾਜ ਕਾਲ ਦੇ ਸਾਹਿਤ ਵਿਚ ਇਸ ਦਾ ਇਸਤੇਮਾਲ ਹੁੰਦਾ ਰਿਹਾ ਸੀ।
ਇਸ ਕਿਤਾਬ ਦੇ ਪੰਜਵੇਂ ਤੇ ਆਖ਼ਰੀ ਹਿੱਸੇ ਵਿਚ ਡਾ. ਗਰੇਵਾਲ ਭਾਈ ਕਾਹਨ ਸਿੰਘ ਨਾਭਾ ਦੀ ਪੁਸਤਕ ‘ਹਮ ਹਿੰਦੂ ਨਹੀਂ’(1898) ਦਾ ਵਿਸ਼ਲੇਸ਼ਣ ਕਰਦਿਆਂ ਕਹਿੰਦੇ ਹਨ ਕਿ ਨਾਭਾ ਦੀ ਦਲੀਲ ਵਡੇਰੇ ਰੂਪ ਵਿਚ ਪੁਰਾਤਨ ਸਿੱਖ ਸਾਹਿਤ ’ਤੇ ਆਧਾਰਿਤ ਹੈ। ਉਨ੍ਹਾਂ ਦੀ ਤਰ੍ਹਾਂ ਹੀ, ਸਿੰਘ ਸਭਾ ਦੇ ਹੋਰਨਾਂ ਆਗੂਆਂ ਨੇ ਆਪਣੇ ਸਿਧਾਂਤ, ਸਰੋਕਾਰ ਅਤੇ ਸਵੈ-ਅਕਸ ਸਿੱਖ ਰਵਾਇਤਾਂ ਤੋਂ ਹਾਸਲ ਕੀਤੇ ਸਨ। ਦੂਜੇ ਸ਼ਬਦਾਂ ਵਿਚ, ਸਿੰਘ ਸਭਾ ਲਹਿਰ ਦੀ ਵਿਚਾਰਧਾਰਾ ਬਸਤੀਵਾਦੀ ਰਾਜ ਦੀ ਉਪਜ ਨਹੀਂ ਸੀ। ਡਾ. ਗਰੇਵਾਲ ਦਾ ਕਹਿਣਾ ਹੈ ਕਿ ‘ਭਾਈ ਕਾਹਨ ਸਿੰਘ ਨਾਭਾ ਵੱਲੋਂ ਸਿੱਖਾਂ ਨੂੰ ਇਕ ਕੌਮ ਵਜੋਂ ਵੱਖਰੀ ਪਛਾਣ ’ਤੇ ਜ਼ੋਰ ਦੇਣਾ ਬਸਤੀਵਾਦੀ ਸਥਿਤੀ ਵਿਚ ਨਵੀਂ ਗੱਲ ਸੀ; ਇਹ ਉਨ੍ਹਾਂ ਨੂੰ ਭਾਰਤੀ ਰਾਸ਼ਟਰ ਦੇ ਅਟੁੱਟ ਅੰਗ ਵਜੋਂ ਸਿਆਸੀ ਸ਼ਕਤੀ ਵਿਚ ਹਿੱਸੇਦਾਰ ਬਣਾਉਂਦੀ ਸੀ।’
ਅਖੀਰ ਵਿਚ ਡਾ. ਗਰੇਵਾਲ ਦੱਸਦੇ ਹਨ ਕਿ ਮੁੱਢਲੀ ਸਿੱਖ ਪਛਾਣ ਜਿੰਨੀ ਹੋਰਨਾਂ (ਹਿੰਦੂ ਅਤੇ ਮੁਸਲਮਾਨ ਦੋਵੇਂ) ਤੋਂ ਵਸਤੂਗਤ ਵਖਰੇਵਿਆਂ ’ਤੇ ਟਿਕੀ ਹੋਈ ਸੀ, ਓਨੀ ਹੀ ਸਿੱਖਾਂ ਦੀ ਆਪਣੀ ਵਿਲੱਖਣਤਾ ਦੀ ਚੇਤਨਤਾ ਉੱਪਰ ਵੀ ਆਧਾਰਿਤ ਸੀ। ਇਸ ਤੋਂ ਇਲਾਵਾ ਮੱਧ ਕਾਲ ਵਿਚ ਪਾਰਸੀ, ਮੁਸਲਿਮ ਅਤੇ ਹਿੰਦੂ ਪ੍ਰੇਖਕ ਸਿੱਖਾਂ ਨੂੰ ਹਿੰਦੂਆਂ ਅਤੇ ਮੁਸਲਮਾਨਾਂ ਦੋਵਾਂ ਤੋਂ ਵੱਖਰੇ ਤੌਰ ’ਤੇ ਲੈਂਦੇ ਸਨ।
ਡਾ. ਗਰੇਵਾਲ ਦੀ ਬਹੁਤ ਪੜ੍ਹੀ ਗਈ ਕਿਤਾਬ ‘ਸਿੱਖਸ ਆਫ ਦਿ ਪੰਜਾਬ’ (ਨਿਊ ਕੈਂਬਰਿਜ ਹਿਸਟਰੀ ਆਫ ਇੰਡੀਆ, 2017) ਉਨ੍ਹਾਂ ਦੀ ਇਸ ਪੁਜ਼ੀਸ਼ਨ ਦਾ ਢੁਕਵਾਂ ਬਿਆਨ ਹੈ। ਉਂਝ, ਸਿੱਖ ਇਤਿਹਾਸ ਵਿਚ ਉਨ੍ਹਾਂ ਦਾ ਯੋਗਦਾਨ ਇਸ ਤੋਂ ਕਿਤੇ ਜ਼ਿਆਦਾ ਹੈ। ਆਪਣੀਆਂ ਕਿਤਾਬਾਂ ਵਿਚ ਉਨ੍ਹਾਂ ਨੇ ਸਿੱਖ ਇਤਿਹਾਸ ਦੇ ਬੁਨਿਆਦੀ ਸਰੋਕਾਰਾਂ ਬਾਰੇ ਬਹਿਸਾਂ ਦਾ ਮੁਲਾਂਕਣ ਕੀਤਾ ਹੈ (1997, 1998, 2011); ਗੁਰੂ ਨਾਨਕ ਦੇਵ ਜੀ ਪ੍ਰਤੀ ਪੱਛਮੀ ਵਿਦਵਤਾ ਦੇ ਤੁਅੱਸਬਾਂ ਨੂੰ ਬੇਪਰਦ ਕੀਤਾ ਹੈ (1992); ਸਿੱਖਾਂ ਬਾਰੇ ਇਤਿਹਾਸਕ ਲਿਖਤਾਂ ਦੀ ਘੋਖ ਕੀਤੀ ਹੈ (2012); ਗੁਰੂ ਤੇਗ਼ ਬਹਾਦਰ ਜੀ ਬਾਰੇ ਫ਼ਾਰਸੀ ਹਵਾਲਿਆਂ ’ਤੇ ਕਿੰਤੂ ਕੀਤਾ ਹੈ (1976); ਪ੍ਰਮੁੱਖ ਸਿੱਖ ਅਤੇ ਗ਼ੈਰ-ਸਿੱਖ ਸਰੋਤਾਂ ਦਾ ਵਿਸ਼ਲੇਸ਼ਣ ਕੀਤਾ ਹੈ (2001, 2004, 2009); ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕੀਤਾ ਹੈ (2009); ਅਠਾਰਵੀਂ ਸਦੀ ਦੀ ਸਿੱਖ ਰਾਜ-ਵਿਵਸਥਾ ਦੀ ਵਿਸ਼ੇਸ਼ਤਾ ’ਤੇ ਨਵੀਂ ਰੌਸ਼ਨੀ ਪਾਈ ਹੈ (2007); ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਇਕ ਮੁਕੰਮਲ ਤਸਵੀਰ ਪੇਸ਼ ਕੀਤੀ ਹੈ (1987, 2001); ਅਕਾਲੀ ਲਹਿਰ ਦੇ ਇਤਿਹਾਸ ਦੀਆਂ ਪੈੜਾਂ ਦੀ ਨਿਸ਼ਾਨਦੇਹੀ ਕੀਤੀ ਹੈ (1996); ਅਤੇ ਮਾਸਟਰ ਤਾਰਾ ਸਿੰਘ (2017) ਤੇ ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ (2018) ਨੂੰ ਨਵੇਂ ਇਤਿਹਾਸਕ ਪਰਿਪੇਖ ਵਿਚ ਪੇਸ਼ ਕੀਤਾ।
ਡਾ. ਗਰੇਵਾਲ ਦਾ ਕਾਰਜ ਸਿੱਖ ਇਤਿਹਾਸ ਦੀ ਜਟਿਲਤਾ, ਵਿਸ਼ੇਸ਼ਤਾ ਅਤੇ ਵਿਰਾਟਤਾ ਨੂੰ ਉਭਾਰਦਾ ਹੈ। ਉਂਝ, ਉਨ੍ਹਾਂ ਦਾ ਕਹਿਣਾ ਹੈ ਕਿ ‘ਸਪੇਸ, ਵਸੋਂ ਦੇ ਆਕਾਰ ਅਤੇ ਵੰਨ-ਸੁਵੰਨਤਾ ਦੇ ਲਿਹਾਜ਼ ਤੋਂ ਖੇਤਰੀ ਇਤਿਹਾਸ ਵਿਚ ਹੋਰ ਵੀ ਬਹੁਤ ਕੁਝ ਸ਼ਾਮਲ ਹੈ।’ ਉਨ੍ਹਾਂ ਸ਼ੁਰੂਆਤੀ ਸਮਿਆਂ ਤੋਂ ਲੈ ਕੇ ਵਰਤਮਾਨ ਤੱਕ ਪੰਜਾਬ ਖਿੱਤੇ ਦੇ ਇਤਿਹਾਸ ਦਾ ਵੀ ਅਧਿਐਨ ਕੀਤਾ ਹੈ। ਡਾ. ਗਰੇਵਾਲ ਨੇ ਭਾਰਤੀ ਇਤਿਹਾਸ ਦੇ ਸੰਦਰਭ ਵਿਚ ਖੇਤਰੀ ਇਤਿਹਾਸ ’ਚ ਵੀ ਮਹੱਤਵਪੂਰਨ ਯੋਗਦਾਨ ਦਿੱਤਾ ਹੈ ਜੋ ਇਕ ਅਲੱਗ ਲੇਖ ਦਾ ਵਿਸ਼ਾ ਹੋ ਸਕਦਾ ਹੈ।
ਸੰਪਰਕ: 93161-34396