ਮੁੰਬਈ, 15 ਅਕਤੂਬਰ
ਮਹਾਰਾਸ਼ਟਰ ਦੇ ਛਤਰਪਤੀ ਸਾਂਭਾਜੀਨਗਰ (ਪੁਰਾਣਾ ਨਾਮ ਔਰੰਗਾਬਾਦ) ਜ਼ਿਲ੍ਹੇ ਵਿੱਚ ਪੈਂਦੇ ਸਮਰਿੱਧੀ ਐਕਸਪ੍ਰੈੱਸਵੇਅ ’ਤੇ ਐਤਵਾਰ ਵੱਡੇ ਤੜਕੇ ਤੇਜ਼ ਰਫ਼ਤਾਰ ਮਨਿੀ ਬੱਸ ਦੀ ਇਕ ਕਨਟੇਨਰ ਨਾਲ ਟੱਕਰ ਹੋ ਗਈ। ਹਾਦਸੇ ਵਿਚ ਘੱਟੋ-ਘੱਟ 12 ਵਿਅਕਤੀ ਹਲਾਕ ਤੇ 23 ਹੋਰ ਜ਼ਖ਼ਮੀ ਹੋ ਗਏ। ਹਾਦਸੇ ਮੌਕੇ ਨਿੱਜੀ ਬੱਸ ਵਿੱਚ 35 ਯਾਤਰੀ ਸਵਾਰ ਸਨ। ਹਾਦਸਾ ਸ਼ਨਿੱਚਰਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ 12:30 ਵਜੇ ਦੇ ਕਰੀਬ ਐਕਸਪ੍ਰੈੱਸਵੇਅ ਦੇ ਵੈਜਾਪੁਰ ਖੇਤਰ ਵਿਚ ਹੋਇਆ। ਅਧਿਕਾਰੀ ਨੇ ਕਿਹਾ ਕਿ ਮਨਿੀ ਬੱਸ ਤੇਜ਼ ਰਫ਼ਤਾਰ ਸੀ ਤੇ ਬੱਸ ਡਰਾਈਵਰ ਸਟੇਅਰਿੰਗ ’ਤੇ ਕੰਟਰੋਲ ਗੁਆ ਬੈਠਾ। ਬੱਸ ਨੇ ਕਨਟੇਨਰ ਨੂੰ ਪਿੱਛੋਂ ਜਾ ਕੇ ਟੱਕਰ ਮਾਰੀ। ਬਾਰਾਂ ਮ੍ਰਿਤਕਾਂ ਵਿੱਚ ਪੰਜ ਵਿਅਕਤੀ, ਛੇ ਮਹਿਲਾਵਾਂ ਤੇ ਇਕ ਨਾਬਾਲਗ ਲੜਕੀ ਸ਼ਾਮਲ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਦੌਰਾਨ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਹਾਦਸੇ ਵਿੱਚ ਗਈਆਂ ਜਾਨਾਂ ’ਤੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਪੀੜਤ ਪਰਿਵਾਰਾਂ ਨਾਲ ਸੰਵੇਦਨਾ ਜ਼ਾਹਿਰ ਕੀਤੀ ਹੈ। ਉਧਰ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਹਾਦਸੇ ਦੀ ਜਾਂਚ ਦੇ ਹੁਕਮ ਦਿੰਦਿਆਂ ਮ੍ਰਿਤਕਾਂ ਦੇ ਵਾਰਸਾਂ ਲਈ 5-5 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। -ਪੀਟੀਆਈ