ਪੱਤਰ ਪ੍ਰੇਰਕ
ਪਟਿਆਲਾ, 15 ਅਕਤੂਬਰ
ਨੈਸ਼ਨਲ ਥੀਏਟਰ ਆਰਟਸ ਸੁਸਾਇਟੀ (ਨਟਾਸ) ਵੱਲੋਂ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਵਿਰੁੱਧ ਨਾਟਕ ਮੇਲਾ ਆਰੀਆ ਕੰਨ੍ਹਿਆ ਸਕੂਲ ਲਟੂਰਪੁਰਾ ਵਿੱਚ ਪ੍ਰਿੰਸੀਪਲ ਸੰਤੋਸ਼ ਗੋਇਲ ਦੇ ਸਹਿਯੋਗ ਨਾਲ ਕਰਾਇਆ ਗਿਆ। ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਸੂਬੇ ਦੀਆਂ ਪ੍ਰਸਿੱਧ ਸ਼ਖ਼ਸੀਅਤਾਂ ਨਵਯੁੱਗ ਵਸਤਰਾਲਿਆ ਦੇ ਐੱਮਡੀ ਰਾਜੇਸ਼ ਅਗਰਵਾਲ, ਜੱਗੀ ਸਵੀਟਸ ਪ੍ਰਾਈਵੇਟ ਲਿਮਿਟਡ ਦੇ ਐਮਡੀ ਸਹਿਜਦੀਪ ਸਿੰਘ, ਰੋਟੇਰੀਅਨ ਹੰਸ ਰਾਜ ਸਿੰਗਲਾ, ਸੈਂਟਰਲ ਬੈਂਕ ਆਫ਼ ਇੰਡੀਆ ਦੇ ਮੈਨੇਜਰ ਮਨਦੀਪ ਕੁਮਾਰ, ਪ੍ਰਿੰਸੀਪਲ ਸੰਤੋਸ਼ ਗੋਇਲ ਅਤੇ ਡਾਇਰੈਕਟਰ ਪ੍ਰਾਣ ਸਭਰਵਾਲ ਵੱਲੋਂ ਸਮਾਗਮ ਦਾ ਉਦਘਾਟਨ ਕੀਤਾ ਗਿਆ।
ਮੁੱਖ ਮਹਿਮਾਨ ਹੰਸ ਰਾਜ ਸਿੰਗਲਾ ਨੇ ਕਲਾਕਾਰਾਂ ਦਾ ਸਨਮਾਨ ਕੀਤਾ। ਇਸ ਮੌਕੇ ‘ਪੁੱਤ ਮਰਨ ਨਾ ਜਿਉਂਦੇ ਮਾਪਿਆਂ ਦੇ’ ਉਰਫ਼ ਸ਼ਹੀਦ ਭਗਤ ਸਿੰਘ, ‘ਸਵੱਛਤਾ ਅਭਿਆਨ’, ਅਜਮੇਰ ਔਲਖ ਦਾ ਘਰੇਲੂ ਹਿੰਸਾ ਅਤੇ ਨਸ਼ਿਆਂ ਵਿਰੁੱਧ ‘ਸੁੱਕੀ ਕੁੱਖ’, ਹਾਸ ਭਰਪੂਰ ‘ਪਤੰਗਬਾਜ਼’, ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਤੇ ਆਧਾਰਿਤ ‘ਕਿਰਤ ਦਾ ਸਤਿਕਾਰ’ ਅਤੇ ਪ੍ਰਾਣ ਸਭਰਵਾਲ ਦੀਆਂ ਇਕ ਪਾਤਰੀ ਪੇਸ਼ਕਾਰੀਆਂ ਅਤੇ ਗਾਇਕ ਤੇ ਅਦਾਕਾਰ ਗਿੱਲ ਦੀਪ ਦੇ ਗੀਤ-ਸੰਗੀਤ ਨੇ ਧੁੰਮਾਂ ਪਾਈਆਂ। ਨਾਟਕਾਂ ਵਿੱਚ ਗਿੱਲ ਦੀਪ, ਜਗਦੀਸ਼ ਕੁਮਾਰ, ਰਾਜਿੰਦਰ ਵਾਲੀਆ, ਰੁਪਿੰਦਰਜੀਤ ਸਿੰਘ ਵਾਲੀਆ, ਪਰਮਜੀਤ ਕੌਰ, ਹਰਸਿਮਰਨਜੀਤ ਕੌਰ, ਪ੍ਰਣਵ, ਸ਼ਵਦ, ਮਨੀਸ਼ਾ, ਰੌਬਨਿ ਸਿੰਘ ਅਤੇ ਪ੍ਰਾਣ ਸਭਰਵਾਲ ਨੇ ਅਹਿਮ ਭੂਮਿਕਾਵਾਂ ਨਿਭਾਈਆਂ।