ਅਮਨਦੀਪ ਸਿੰਘ
ਕਰੁਣਾ ਉਸ ਦਿਨ ਜਦ ਆਪਣੀ ਮਾਂ ਦੇ ਨਾਲ ‘ਨਿਊ ਵੇਵ ਰੋਬੋ ਸੈਂਟਰ’ ਤੋਂ ਘਰ ਦੇ ਕੰਮ ਕਰਨ ਲਈ ਇੱਕ ਰੋਬੋਟ ਖਰੀਦਣ ਗਈ ਤਾਂ ਉਸ ਦਾ ਮਨ ਖੁਸ਼ੀ ਵਿੱਚ ਫੁਲਿਆ ਨਹੀਂ ਸਮਾ ਰਿਹਾ ਸੀ। ਕਰੁਣਾ ਦਸ-ਗਿਆਰਾਂ ਸਾਲ ਦੀ ਗੁੱਡੀ-ਵਰਗੀ, ਬੜੀ ਪਿਆਰੀ, ਇੱਕ ਛੋਟੀ ਜਿਹੀ ਬੱਚੀ ਸੀ। ਉਸ ਨੇ ਅੱਜ ਤੱਕ ਕਦੇ ਰੋਬੋਟ ਨਹੀਂ ਵੇਖੇ ਸਨ। ਸਿਰਫ਼ ਉਨ੍ਹਾਂ ਬਾਰੇ ਸੁਣਿਆ ਹੀ ਸੀ।
ਸਕੂਲ ਵਿੱਚ ਉਸ ਦਿਨ ਜਦ ਮਿਸ ਵਿਗਿਆਨ ਦਾ ‘ਬਾਰ੍ਹਵਾਂ ਅਧਿਆਏ’ ਪੜ੍ਹਾ ਰਹੀ ਸੀ ਤਾਂ ਉਸ ਵਿੱਚ ਰੋਬੋਟ ਦਾ ਜ਼ਿਕਰ ਆਇਆ ਸੀ ਅਤੇ ਇਸੇ ਗੱਲ ’ਤੇ ਮਿਸ ਨੇ ਰੋਬੋਟਾਂ ’ਤੇ ਇੱਕ ਲੰਬਾ ਚੌੜਾ ਭਾਸ਼ਣ ਦੇ ਦਿੱਤਾ ਸੀ। ਉਹ ਇਹ ਭਾਸ਼ਣ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੋਰ ਹੋ ਗਈ ਸੀ। ਮਿਸ ਦਾ ਭਾਸ਼ਣ ਦੇਣਾ ਉਸ ਨੂੰ ਹਮੇਸ਼ਾਂ ਬੋਰ ਲੱਗਦਾ ਸੀ। ਵਿਗਿਆਨ-ਅਧਿਆਪਕਾ ਮਿਸ ਨੀਲਾ ਜਦ ਆਪਣੀਆਂ ਜਪਾਨੀ ਐਨਕਾਂ ਵਿੱਚੋਂ ਸਾਰੇ ਬੱਚਿਆਂ ਵੱਲ ਝਾਕ ਕੇ ਭਾਸ਼ਣ ਦੇਣਾ ਸ਼ੁਰੂ ਕਰਦੀ ਸੀ ਤਾਂ ਉਸ ਨੂੰ ਉਬਾਸੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਸਨ। ਕਰੁਣਾ ਦਾ ਹੀ ਨਹੀਂ ਸਾਰੇ ਬੱਚਿਆਂ ਦਾ ਵੀ ਇਹੀ ਹਾਲ ਸੀ। ਖ਼ੈਰ ਉਸ ਦਿਨ ਤਾਂ ਉਸ ਨੇ ਮਿਸ ਦਾ ਭਾਸ਼ਣ ਧਿਆਨ ਨਾਲ ਨਹੀਂ ਸੁਣਿਆ ਸੀ, ਪਰ ਜਦ ਰੇਣੁਕਾ ਜੋ ਉਸ ਦੀ ਜਮਾਤਣ ਸੀ, ਨੇ ਆਪਣੇ ਘਰ ਆਏ ਨਵੇਂ ਰੋਬੋਟ ਬਾਰੇ ਮਿਰਚ ਮਸਾਲਾ ਲਾ ਕੇ ਦੱਸਿਆ ਤਾਂ ਉਹ ਉਤਸੁਕਤਾ ਨਾਲ ਭਰ ਗਈ ਸੀ।
‘‘ਅੱਛਾ!… ਤਾਂ ਫੇਰ ਤੁਹਾਡਾ ਰੋਬੋਟ ਕੀ ਕੀ ਕਰਦਾ ਏ?’’ ਉਸ ਨੇ ਰੇਣੁਕਾ ਦੀ ਖੁਸ਼ਾਮਦ ਕਰਦਿਆਂ ਪੁੱਛਿਆ।
‘‘ਸਾਡਾ ਰੋਬੋਟ ਘਰ ਦੇ ਸਾਰੇ ਕੰਮ ਕਰਦਾ ਹੈ ਅਤੇ ਸਵੇਰੇ ਮੈਨੂੰ ਬਿਸਕੁਟਾਂ ਨਾਲ ਦੁੱਧ ਅਤੇ ਦੁਪਹਿਰ ਨੂੰ ਟਾਫੀਆਂ ਅਤੇ ਚੌਕਲੇਟ ਦਿੰਦਾ ਹੈ। ਸ਼ਾਮ ਨੂੰ ਆਈਸ ਕਰੀਮ…. ਸੱਚ ਮੈਂ ਤੇ ਉਹ ਬਹੁਤ ਚੰਗੇ ਦੋਸਤ ਬਣ ਗਏ ਹਾਂ।’’
ਉਹ ਰੇਣੁਕਾ ਦੀ ਗੱਲ ਸੁਣ ਕੇ ਸੁਪਨਿਆਂ ਵਿੱਚ ਗੁੰਮ ਹੋ ਗਈ ਸੀ। ਕਾਸ਼! ਸਾਡੇ ਘਰ ਵੀ ਇੱਕ ਪਿਆਰਾ ਜਿਹਾ ਰੋਬੋਟ ਹੁੰਦਾ। ਉਹ ਸੋਚਦੀ- ਮੈਨੂੰ ਵੀ ਚੌਕਲੇਟ ਤੇ ਬਿਸਕੁਟ ਦਿੰਦਾ…..।
…ਤੇ ਫੇਰ ਉਸ ਦਿਨ ਜਦੋਂ ਕਰੁਣਾ ਦੇ ਪਿਤਾ ਨੇ ਉਸ ਦੀ ਮਾਂ ਨੂੰ ਇੱਕ ਰੋਬੋਟ ਲੈ ਆਉਣ ਬਾਰੇ ਆਖਿਆ ਤਾਂ ਉਹ ਖੁਸ਼ੀ ਵਿੱਚ ਪਾਗਲ ਹੀ ਹੋ ਉੱਠੀ ਸੀ।
ਇਲੈੱਕਟ੍ਰੌਨਿਕ ਟਰੇਨ ਨੂੰ ਇੱਕ ਝਟਕਾ ਲੱਗਿਆ ਤਾਂ ਕਰੁਣਾ ਵਰਤਮਾਨ ਵਿੱਚ ਪਰਤੀ। ਉਸ ਦੀ ਮਾਂ ਆਖ ਰਹੀ ਸੀ ਕਿ ਸਟੇਸ਼ਨ ਆ ਗਿਆ ਹੈ। ਉਹ ਸੁੱਤੇ ਸਿੱਧ ਉੱਠ ਕੇ ਮਾਂ ਨਾਲ ਤੁਰ ਪਈ, ਪਰ ਰੋਬੋਟ ਦੋਸਤ ਦੇ ਖਿਆਲ ਅਜੇ ਵੀ ਉਸ ਦੇ ਮਨ ਵਿੱਚ ਘਰ ਕਰੀਂ ਬੈਠੇ ਸਨ। ‘ਨਿਊ ਵੇਵ ਰੋਬੋ ਸੈਂਟਰ’ ਸਟੇਸ਼ਨ ਤੋਂ ਥੋੜ੍ਹੀ ਵਿੱਥ ’ਤੇ ਹੀ ਸੀ। ਉਹ ਸਜੀਆਂ-ਧਜੀਆਂ ਦੁਕਾਨਾਂ ਦੀ ਸੁੰਦਰਤਾ ਨੂੰ ਅੱਡੀਆਂ ਨਜ਼ਰਾਂ ਨਾਲ ਵੇਖ ਰਹੀ ਸੀ।
‘ਨਿਊ ਵੇਵ ਰੋਬੋ ਸੈਂਟਰ’ ਰੰਗ ਬਿਰੰਗੀਆਂ ਰੌਸ਼ਨੀਆਂ ਵਿੱਚ ਝਿਲਮਿਲ ਕਰਦੀ ਇੱਕ ਆਕਰਸ਼ਕ ਦੁਕਾਨ ਸੀ। ਕਰੁਣਾ ਨੂੰ ਉਹ ਉਸ ਦੀ ਮਾਂ ਦੁਆਰਾ ਸਜਾਏ ਘਰ ਨਾਲੋਂ ਵੀ ਵਧੇਰੇ ਖੂਬਸੂਰਤ ਲੱਗੀ। ਉਸ ਨੇ ਨਜ਼ਰਾਂ ਘੁੰਮਾ ਕੇ ਇੱਧਰ-ਉੱਧਰ ਤੱਕਿਆ ਤਾਂ ਚਾਰੇ ਪਾਸੇ ਰੋਬੋਟ ਹੀ ਰੋਬੋਟ ਨਜ਼ਰ ਆਏ। ਉਹ ਬੇਹੱਦ ਪਤਲੀ ਆਵਾਜ਼ ਵਿੱਚ ਗੱਲਾਂ ਕਰ ਰਹੇ ਸਨ। ਕਾਊਂਟਰਮੈਨ ਕਰੁਣਾ ਵੱਲ ਵੇਖ ਕੇ ਮੁਸਕਰਾਇਆ। ਮਿਸਿਜ਼ ਸਿੰਘ ਉਸੇ ਵਿਅਕਤੀ ਵੱਲ ਜਾ ਰਹੀ ਸੀ। ਉਸ ਨੇ ਉਸ ਵਿਅਕਤੀ ਨਾਲ ਹੱਥ ਮਿਲਾਇਆ ਅਤੇ ਬੋਲੀ ਮੈਂ ਘਰ ਦੇ ਕੰਮਾਂ ਵਿੱਚ ਨਿਪੁੰਨ ਰੋਬੋਟ ਖਰੀਦਣਾ ਚਾਹੁੰਦੀ ਹਾਂ।
ਉਹ ਵਿਅਕਤੀ ਨਿਮਰਤਾ ਨਾਲ ਬੋਲਿਆ….ਉਹ ਨੁੱਕਰ ਵਿੱਚ ਕੰਪਿਊਟਰ ਜ਼ੀਰੋ (ਮਾਸਟਰ) ਹੈ। ਉਸ ਨਾਲ ਸੰਪਰਕ ਕਰੋ, ਉਹ ਤੁਹਾਨੂੰ ਇੱਕ ਵਧੀਆ ਰੋਬੋਟ ਦੇਵੇਗਾ।
ਮਿਸਿਜ਼ ਸਿੰਘ ਤੇ ਕਰੁਣਾ ਕੰਪਿਊਟਰ ਜ਼ੀਰੋ ਵੱਲ ਨੂੰ ਚੱਲ ਪਈਆਂ। ਕਰੁਣਾ ਨੇ ਉਸ ਦੀਆਂ ਪੈਨੀਆਂ ਅੱਖਾਂ ਵਿੱਚ ਹਰੇ ਬਲਦੇ ਬਲਬ ਵੇਖੇ। ਕੰਪਿਊਟਰ ਕਰੁਣਾ ਨੂੰ ਵੇਖ ਕੇ ਪਿਆਰ ਨਾਲ ਬੋਲਿਆ ‘‘ਹੈਲੋ ਲਵਲੀ ਕਿੱਡ।’’ ਫੇਰ ਉਹ ਮਿਸਿਜ਼ ਸਿੰਘ ਵੱਲ ਨੂੰ ਮੁਖਾਤਬਿ ਹੋਇਆ…‘‘ਮੈਡਮ, ਦੱਸੋ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ?’’
‘‘ਮੈਂ ਘਰ ਦੇ ਕੰਮਾਂ ਵਿੱਚ ਨਿਪੁੰਨ ਇੱਕ ਰੋਬੋਟ ਖਰੀਦਣਾ ਚਾਹੁੰਦੀ ਹਾਂ।’’
‘‘ਓ.ਕੇ. ਬਸ ਥੋੜ੍ਹੀ ਦੇਰ ਇੰਤਜ਼ਾਰ ਕਰੋ।’’ ਕੰਪਿਊਟਰ ਲੰਬੀ ਆਵਾਜ਼ ਵਿੱਚ ਬੋਲਿਆ।
ਫੇਰ ਉਸ ਦੀਆਂ ਅੱਖਾਂ ਦੇ ਬਲਬ ਥੋੜ੍ਹੀ ਦੇਰ ਤਿੰਨ ਵਾਰ ਜਲੇ ਬੁਝੇ। ਸ਼ਾਇਦ ਉਹ ਕੋਈ ਮਸਤਕ ਸੰਦੇਸ਼ ਭੇਜ ਰਿਹਾ ਸੀ। ਥੋੜ੍ਹੀ ਹੀ ਦੇਰ ਬਾਅਦ ਇੱਕ ਤਿੰਨ ਫੁੱਟ ਰੋਬੋਟ ਚੱਲਦਾ ਹੋਇਆ ਉਨ੍ਹਾਂ ਦੇ ਕੋਲ ਆਇਆ। ਉਸ ਦਾ ਧਾਤ ਦਾ ਬਣਿਆ ਹੋਇਆ ਹਰਾ ਚਿਹਰਾ ਬਹੁਤ ਖੂਬਸੂਰਤ ਸੀ ਅਤੇ ਉਸ ਦੀਆਂ ਅੱਖਾਂ ਦੇ ਬਲਬਾਂ ਦਾ ਰੰਗ ਨੀਲਾ ਸੀ।
ਮਾਸਟਰ ਕੰਪਿਊਟਰ (ਜ਼ੀਰੋ) ਬੋਲਿਆ…‘‘ਮੈਡਮ ਇਹ ਲਓ, ਆਪਣਾ ਰੋਬੋਟ।’’ ਫੇਰ ਉਸ ਨੇ ਰੋਬੋਟ ਨੂੰ ਆਦੇਸ਼ ਦਿੱਤਾ…‘‘ਨੰਬਰ ਟੈੱਨ, ਤੂੰ ਇਨ੍ਹਾਂ ਦੀ ਹੀ ਆਗਿਆ ਦਾ ਪਾਲਣ ਕਰਨਾ ਹੈ।’’
‘‘ਓ. ਕੇ. ਲਾਰਡ’’, ਰੋਬੋਟ ਥੋੜ੍ਹਾ ਜਿਹਾ ਝੁਕਦਾ ਹੋਇਆ ਬੋਲਿਆ।
‘‘ਹੈਲੋ… ਮੇਰਾ ਨਾਂ ਰਾਜਦੀਪ ਹੈ ਤੇ ਇਹ ਮੇਰੀ ਬੇਟੀ ਕਰੁਣਾ ਹੈ।’’ ਮਿਸਿਜ਼ ਸਿੰਘ ਪਿਆਰ ਨਾਲ ਉਸ ਨੂੰ ਤੱਕਦਿਆਂ ਬੋਲੀ।
ਰੋਬੋਟ ਦੀਆਂ ਅੱਖਾਂ ਦੇ ਬਲਬ ਥੋੜ੍ਹੀ ਦੇਰ ਜਗੇ ਬੁਝੇ, ਫੇਰ ਉਹ ਤਿੱਖੀ ਪਰ ਬਾਰੀਕ ਆਵਾਜ਼ ਵਿੱਚ ਬੋਲਿਆ:
‘‘ਹੈਲੋ… ਮੇਰਾ ਨਾਂ ਐਲੀ ਹੈ।’’
ਫੇਰ ਉਸ ਨੇ ਕਰੁਣਾ ਨੂੰ ਆਖਿਆ, ‘‘ਹੈਲੋ… ਪਿਆਰੇ ਬੱਚੇ।’’
ਕਰੁਣਾ ਮੁਸਕਰਾਈ।
ਫੇਰ ਰਾਜਦੀਪ ਨੇ ਰੋਬੋਟ ਦਾ ਬਿਲ ਅਦਾ ਕੀਤਾ ਅਤੇ ਘਰ ਵਾਪਸ ਆਉਣ ਲਈ ਸਟੇਸ਼ਨ ਵੱਲ ਨੂੰ ਚੱਲ ਪਈ। ਰਸਤੇ ਵਿੱਚ ਕਰੁਣਾ ਐਲੀ ਨੂੰ ਪੁੱਛ ਰਹੀ ਸੀ, ‘‘ਐਲੀ… ਕੀ ਤੂੰ ਮੈਨੂੰ ਰੋਜ਼ ਨਾਸ਼ਤੇ ਵਿੱਚ ਬਿਸਕੁਟ ਅਤੇ ਦੁੱਧ ਦੇਵੇਂਗਾ?’’
‘‘ਕਿਉਂ ਨਹੀਂ ਬੇਬੀ…ਬੱਚਿਆਂ ਨੂੰ ਖੁਸ਼ ਰੱਖਣਾ ਤਾਂ ਸਾਨੂੰ ਖਾਸ ਤੌਰ ’ਤੇ ਸਿਖਾਇਆ ਜਾਂਦਾ ਹੈ।’’ ਉਸ ਦੀ ਆਵਾਜ਼ ਵਿੱਚ ਨਰਮੀ ਸੀ।
ਐਲੀ ਨੂੰ ਆਇਆਂ ਹੁਣ ਮਹੀਨਾ ਬੀਤ ਚੁੱਕਿਆ ਸੀ। ਕਰੁਣਾ ਉਸ ਦੀ ਸੰਗਤ ਵਿੱਚ ਕਾਫ਼ੀ ਖੁਸ਼ ਰਹਿੰਦੀ ਸੀ। ਐਲੀ ਉਸ ਦੀ ਹਰ ਜ਼ਰੂਰਤ ਦਾ ਖਿਆਲ ਰੱਖਦਾ ਸੀ। ਜਦ ਕਦੇ ਐਲੀ ਵਿਹਲਾ ਹੁੰਦਾ ਸੀ ਤਾਂ ਉਹ ਕਰੁਣਾ ਨਾਲ ‘ਲੁਕਣਮਿਟੀ’ ਵੀ ਖੇਡਦਾ ਹੁੰਦਾ ਸੀ।
ਅੱਜ ਐਤਵਾਰ ਸੀ ਅਤੇ ਕਰੁਣਾ ਦੇਰ ਤੱਕ ਸੌਂਦੀ ਰਹੀ। ਐਲੀ ਨੂੰ ਵੀ ਪਤਾ ਸੀ ਕਿ ਅੱਜ ਉਸ ਨੇ ਦੇਰ ਨਾਲ ਉੱਠਣਾ ਹੈ। ਇਸ ਲਈ ਉਹ ਦਸ ਵਜੇ ਦੁੱਧ ਅਤੇ ਬਿਸਕੁਟ ਲੈ ਕੇ ਉਸ ਦੇ ਕਮਰੇ ਵਿੱਚ ਪੁੱਜਾ ਅਤੇ ਉਸ ਨੂੰ ਉਠਾਉਂਦਿਆ ਬੋਲਿਆ, ‘‘ਉੱਠੋ ਬੇਬੀ ਲਓ ਦੁੱਧ ਪੀ ਲਓ। ਉਹ ਹੋ… ਉੱਠੋ ਨਾ… ਅੱਜ ਮੈਂ ਰੋਬੋਟੀਜ਼ ਯੂਨੀਅਨ ਦੀ ਮੀਟਿੰਗ ’ਤੇ ਜਾਣਾ ਹੈ।’’
ਕਰੁਣਾ ਉੱਠਦਿਆਂ ਬੋਲੀ, ‘‘ਐਲੀ… ਅੱਗੇ ਤਾਂ ਤੂੰ ਕਦੇ ਕਿਤੇ ਨਹੀਂ ਗਿਆ? ਅੱਜ ਕਿਉਂ ਜਾਣਾ ਹੈ? ਮੈਂ ਤੇਰੇ ਨਾਲ ਖੇਡਣਾ ਸੀ।’’
‘‘ਉਹ ਬੇਬੀ, ਮੈਂ ਕਿਉਂਕਿ ਰੋਬੋਟੀਜ਼ ਯੂਨੀਅਨ ਦਾ ਨਵਾਂ ਮੈਂਬਰ ਬਣਿਆ ਹਾਂ। ਕੋਈ ਨਹੀਂ ਮੈਂ ਛੇਤੀ ਹੀ ਆ ਜਾਣਾ ਹੈ। ਅੱਛਾ ਮੇਰਾ ਸਮਾਂ ਹੋ ਗਿਆ।’’
ਇੰਨਾ ਕਹਿ ਕੇ ਐਲੀ ਚਲਾ ਗਿਆ। ਕਰੁਣਾ ਥੋੜ੍ਹਾ ਜਿਹਾ ਉਦਾਸ ਹੋ ਗਈ। ਉਸ ਨੇ ਐਲੀ ਨੂੰ ਆਵਾਜ਼ ਦੇ ਕੇ ਰੋਕਣਾ ਚਾਹਿਆ, ਪਰ ਤਦੇ ਉਸ ਨੂੰ ਬਾਹਰੋਂ ਤਿੱਖਾ ਤੇ ਉੱਚਾ ਸ਼ੋਰ ਸੁਣਾਈ ਦਿੱਤਾ। ਉਸ ਨੇ ਖਿੜਕੀ ਦਾ ਪਰਦਾ ਹਟਾ ਕੇ ਹੇਠਾਂ ਵੇਖਿਆ ਤਾਂ ਸੜਕ ’ਤੇ ਅਨੇਕਾਂ ਰੋਬੋਟਾਂ ਦਾ ਇੱਕ ਵਿਸ਼ਾਲ ਜਲੂਸ ਤੁਰਿਆ ਜਾ ਰਿਹਾ ਸੀ। ਉਹ ਉੱਚੀ ਆਵਾਜ਼ ਵਿੱਚ ਨਾਅਰੇ ਲਗਾ ਰਹੇ ਸਨ।
‘‘ਰੋਬੋਟੀਜ਼ ਯੂਨੀਅਨ…।’’
‘‘ਜ਼ਿੰਦਾਬਾਦ।’’
‘‘ਅਸੀਂ ਕੀ ਚਾਹੁੰਦੇ ਹਾਂ?’’
‘‘ਆਜ਼ਾਦੀ…।’’
ਉਸ ਨੇ ਵੇਖਿਆ ਕਿ ਐਲੀ ਵੀ ਰੋਬੋਟਾਂ ਦੇ ਜਲੂਸ ਵਿੱਚ ਸ਼ਾਮਲ ਹੋ ਗਿਆ ਹੈ। ਕਰੁਣਾ ਦੌੜ ਕੇ ਦੂਸਰੇ ਕਮਰੇ ਵਿੱਚ ਆਪਣੀ ਮਾਂ ਕੋਲ ਆ ਗਈ। ਰਾਜਦੀਪ ਖਿੜਕੀ ਰਾਹੀਂ ਰੋਬੋਟਾਂ ਨੂੰ ਹੀ ਤੱਕ ਰਹੀ ਸੀ। ਉਨ੍ਹਾਂ ਵੇਖਿਆ ਕਿ ਰੋਬੋਟ ਹੋਰ ਉੱਚੀ ਆਵਾਜ਼ ਵਿੱਚ ਨਾਅਰੇ ਲਗਾਉਣ ਲੱਗ ਪਏ ਸਨ, ਪਰ ਅਚਾਨਕ ਉਸੇ ਵੇਲੇ ਉੱਥੇ ਇੱਕ ‘ਧਮਾਕਾ’ ਹੋਇਆ ਅਤੇ ਸਾਰੇ ਰੋਬੋਟ ਬੇਜਾਨ ਹੋ ਕੇ ਜ਼ਮੀਨ ’ਤੇ ਡਿੱਗ ਪਏ।
ਕਰੁਣਾ ਨੇ ਵੇਖਿਆ ਕਿ ਇੱਕ ਪਾਸਿਉਂ ਕੁਝ ਵਿਅਕਤੀ ਰੋਬੋਟਾਂ ਵੱਲ ਵਧ ਰਹੇ ਸਨ। ਕਰੁਣਾ ਨੇ ਆਪਣੀ ਮਾਂ ਤੋਂ ਪੁੱਛਿਆ ਕਿ ਇਹ ਕੀ ਵਾਪਰ ਰਿਹਾ ਹੈ?
ਮਿਸਿਜ਼ ਸਿੰਘ ਨੇ ਦੱਸਿਆ, ‘‘ਕਰੁਣਾ… ਇਹ ਵਿਅਕਤੀ ਮਸ਼ਹੂਰ ਵਿਗਿਆਨਕ ਹਨ। ਇਨ੍ਹਾਂ ਨੇ ਹੀ ਰੋਬੋ ਸ਼ੂਟਗੰਨ ਨਾਲ ਰੋਬੋਟਾਂ ਦਾ ਸਰਕਟ ਡੈੱਡ ਕੀਤਾ ਹੈ ਅਤੇ ਹੁਣ ਇਹ ਵੇਖਣਗੇ ਰੋਬੋਟਾਂ ਦੇ ਦਿਮਾਗ਼ ਵਿੱਚ ਬਗ਼ਾਵਤ ਦਾ ਵਿਚਾਰ ਕਿਉਂ ਤੇ ਕਿਵੇਂ ਆਇਆ।’’
‘‘ਕੀ ਹੁਣ ਸਾਡਾ ਐਲੀ ਕਦੇ ਵਾਪਸ ਨਹੀਂ ਆਏਗਾ?’’ ਉਸ ਨੇ ਰਤਾ ਉਦਾਸ ਸੁਰ ਵਿੱਚ ਪੁੱਛਿਆ। ਉਸ ਦੀਆਂ ਅੱਖਾਂ ਵਿੱਚ ਹਲਕਾ ਤੂਫਾਨ ਝਲਕ ਰਿਹਾ ਸੀ।
‘‘ਬੇਬੀ… ਅਸੀਂ ਨਵਾਂ ਐਲੀ ਲੈ ਆਵਾਂਗੇ।’’ ਰਾਜਦੀਪ ਨੇ ਕਰੁਣਾ ਨੂੰ ਪਿਆਰ ਨਾਲ ਆਪਣੀ ਜੱਫੀ ਵਿੱਚ ਲੈਂਦਿਆਂ ਆਖਿਆ।
ਕਰੁਣਾ ਵੀ ਸਭ ਕੁਝ ਭੁੱਲ ਕੇ ਮਾਂ ਦੇ ਪਿਆਰ ਦੇ ਸਾਗਰ ਵਿੱਚ ਡੁੱਬ ਗਈ।
***
ਅੱਜ ਦੇ ਯੁੱਗ ਵਿੱਚ ਰੋਬੋਟ ਜਾਂ ਕੰਪਿਊਟਰ ਹੀ ਬਹੁਤ ਸਾਰੇ ਕੰਮ ਕਰਦੇ ਹਨ। ਕਾਰਖਾਨਿਆਂ ਵਿੱਚ ਵਸਤਾਂ ਦਾ ਨਿਰਮਾਣ, ਜਹਾਜ਼ ਚਲਾਉਣਾ (ਆਟੋ ਪਾਇਲਟ), ਘਰ ਦੀ ਸਫ਼ਾਈ, ਦਫ਼ਤਰਾਂ ਦੇ ਕੰਮ, ਸਟਾਕ ਮਾਰਕੀਟ ਵਿੱਚ ਸ਼ੇਅਰਾਂ ਦੀ ਖ਼ਰੀਦੋ-ਫਰੋਖ਼ਤ। ਸਵੈ-ਚਲਨੀਕਰਨ ਜਾਂ ਆਟੋਮੇਸ਼ਨ ਨੇ ਮਨੁੱਖਾਂ ਨੂੰ ਬਹੁਤ ਸਾਰੀਆਂ ਨੌਕਰੀਆਂ
ਤੋਂ ਬਾਂਝਾ ਕਰ ਦਿੱਤਾ ਹੈ। ਜੇ ਕਿਤੇ ਵੀ ਥੋੜ੍ਹੀ
ਜਿਹੀ ਖਰਾਬੀ ਆ ਜਾਵੇ ਤਾਂ ਲੱਖਾਂ-ਕਰੋੜਾਂ ਦਾ
ਨੁਕਸਾਨ ਹੋ ਜਾਂਦਾ ਹੈ। ਜੇ ਇੱਕ ਦਿਨ ਇਹ ਸਿਸਟਮ ਖੜ੍ਹ ਜਾਵੇ ਤਾਂ ਅੱਜ ਦੇ ਮਨੁੱਖ ਦੀ ਪੂਰੀ ਜ਼ਿੰਦਗੀ
ਖੜ੍ਹ ਜਾਵੇਗੀ। ਅਸੀਂ ਇਸ ਸਿਸਟਮ ਉੱਤੇ ਬਹੁਤ ਜ਼ਿਆਦਾ ਨਿਰਭਰ ਹੋ ਚੁੱਕੇ ਹਾਂ। ਹਾਲਾਂਕਿ ਰੋਬੋਟ
ਜਾਂ ਕੰਪਿਊਟਰ ਦੀ ਬਗ਼ਾਵਤ ਤਕਨੀਕੀ ਤੌਰ ’ਤੇ
ਅਜੇ ਆਪਣੇ ਆਪ ਸੰਭਵ ਨਹੀਂ, ਪਰ ਕੋਈ ਵੀ
ਸ਼ੈਤਾਨੀ ਦਿਮਾਗ਼ ਉਨ੍ਹਾਂ ਨੂੰ ਸਮੂਹਿਕ ਤੌਰ ’ਤੇ ਹੈਕ ਜਾਂ ਕੰਟਰੋਲ ਕਰ ਸਕਦਾ ਹੈ। ਅੱਜ ਦੇ ਯੁੱਗ ਵਿੱਚ ਹੈਕਰ ਕੰਪਨੀਆਂ ਨੂੰ ਕਰੋੜਾਂ ਦਾ ਨੁਕਸਾਨ ਪਹੁੰਚਾ ਰਹੇ ਹਨ। ਈਲੋਨ ਮਸਕ, ਜੋ ਟੈਸਲਾ, ਸੋਲਰ ਸਿਟੀ ਅਤੇ ਸਪੇਸ-ਐਕਸ, ਵਰਗੀਆਂ ਕੰਪਨੀਆਂ ਦਾ ਸੰਸਥਾਪਕ ਹੈ, ਦੇ ਅਨੁਸਾਰ ਭਵਿੱਖ ਵਿੱਚ ਜਦੋਂ ਮਸ਼ੀਨਾਂ ਹੀ ਸਾਰੇ ਕੰਮ ਕਰਨ ਲੱਗ ਪੈਣਗੀਆਂ ਤਾਂ ਲੋਕਾਂ ਵਾਸਤੇ ਨੌਕਰੀਆਂ ਨਹੀਂ ਹੋਣਗੀਆਂ, ਉਦੋਂ ਸਰਕਾਰ ਨੂੰ ਹੀ ਉਨ੍ਹਾਂ ਨੂੰ ਥੋੜ੍ਹਾ-ਬਹੁਤਾ ਖਰਚਾ-ਪਾਣੀ ਦੇਣਾ ਪਵੇਗਾ, ਜਿਸ ਤਰ੍ਹਾਂ ਸਵਿਟਜ਼ਰਲੈਂਡ ਦੀ ਸਰਕਾਰ ਆਪਣੇ ਨਾਗਰਿਕਾਂ ਨੂੰ ਖਰਚਾ ਦਿੰਦੀ ਹੈ। ਹੁਣ ਮਨਸੂਈ ਬੁੱਧੀ ਦੇ ਤੇਜ਼ੀ ਨਾਲ ਹੋ ਰਹੇ ਵਿਕਾਸ ਕਰਕੇ ਅਸੀਂ ਆਉਣ ਵਾਲੇ ਭਵਿੱਖ ਵਿੱਚ ਇਨਕਲਾਬੀ ਬਦਲਾਅ ਬਾਰੇ ਸੋਚ ਵੀ ਨਹੀਂ ਸਕਦੇ ਕਿ ਉਹ ਕਿਸ ਤਰ੍ਹਾਂ ਦੇ ਹੋਣਗੇ?
ਸੰਪਰਕ: +1-508-243-8846