ਲਖਨਊ: ਸਦੀਰਾ ਸਮਰਾਵਿਕਰਮਾ (91 ਦੌੜਾਂ) ਅਤੇ ਸਲਾਮੀ ਬੱਲੇਬਾਜ਼ ਪਥੁਮ ਨਿਸਾਂਕਾ (54 ਦੌੜਾਂ) ਦੇ ਅਰਧ ਸੈਂਕੜਿਆਂ ਸਦਕਾ ਸ੍ਰੀਲੰਕਾ ਨੇ ਅੱਜ ਇੱਥੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਮੈਚ ’ਚ ਨੈਦਰਲੈਂਡਜ਼ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ’ਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ। ਟੀਮ ਨੂੰ ਆਪਣੇ ਪਹਿਲੇ ਤਿੰਨ ਮੈਚਾਂ ’ਚ ਹਾਰ ਮਿਲੀ ਸੀ। ਸ੍ਰੀਲੰਕਾ ਨੇ ਸਦੀਰਾ ਦੀਆਂ 107 ਗੇਂਦਾਂ ’ਤੇ ਨਾਬਾਦ 91 ਦੌੜਾਂ, ਪਥੁਮ ਨਿਸਾਂਕਾ ਦੀਆਂ 52 ਗੇਂਦਾਂ ’ਤੇ 54 ਦੌੜਾਂ ਅਤੇ ਚਾਰਿਥ ਅਸਾਲੇਂਕਾ ਦੀਆਂ 44 ਦੌੜਾਂ ਸਦਕਾ ਜਿੱਤ ਲਈ ਲੋੜੀਂਦਾ 263 ਦੌੜਾਂ ਦਾ ਟੀਚਾ ਪੰਜ ਵਿਕਟਾਂ ਗੁਆ ਕੇ 48.2 ਓਵਰਾਂ ’ਚ ਪੂਰਾ ਕਰ ਲਿਆ। ਟੀਮ ਦੀ ਜਿੱਤ ’ਚ ਧਨੰਜੈ ਡੀਸਿਲਵਾ ਨੇ 30 ਦੌੜਾਂ ਦਾ ਯੋਗਦਾਨ ਪਾਇਆ। ਨੈਦਰਲੈਂਡਜ਼ ਵੱਲੋਂ ਆਰੀਅਨ ਦੱਤ ਨੇ ਤਿੰਨ ਵਿਕਟਾਂ ਲਈਆਂ ਜਦਕਿ ਪੌਲ ਮੀਕੇਰਨ ਤੇ ਕੌਲਨਿ ਐਕਰਮੈਨ ਨੂੰ ਇਕ ਵਿਕਟ ਮਿਲੀ। ਸਦੀਰਾ ਸਮਰਾਵਿਕਰਮਾ ਨੂੰ ‘ਪਲੇਅਰ ਆਫ਼ ਦਿ ਮੈਚ’ ਚੁਣਿਆ ਗਿਆ। ਇਸ ਪਹਿਲਾਂ ਨੈਦਰਲੈਂਡਜ਼ ਟੀਮ 49.4 ਓਵਰਾਂ ’ਚ 263 ਦੌੜਾਂ ’ਤੇ ਹੀ ਆਊਟ ਹੋ ਗਈ। ਟੀਮ ਦੇ ਉਪਰਲੇ ਕ੍ਰਮ ਦੇ ਬੱਲੇਬਾਜ਼ ਸ੍ਰੀਲੰਕਾਈ ਗੇਂਦਬਾਜ਼ਾਂ ਅੱਗੇ ਨਾ ਟਿਕ ਸਕੇ 91 ਦੌੜਾਂ ਤੱਕ ਉਸ ਦੀਆਂ 6 ਵਿਕਟਾਂ ਡਿੱਗ ਪਈਆਂ, ਜਿਸ ਮਗਰੋਂ ਸਾਈਬ੍ਰਾਂਡ ਐਂਗਲਬਰੈਖ਼ਤ (70 ਦੌੜਾਂ) ਅਤੇ ਲੋਗਨ ਵਾਨ ਬੀਕ (59 ਦੌੜਾਂ) ਨੇ ਅਰਧ ਸੈਂਕੜੇ ਜੜਦਿਆਂ ਸਕੋਰ 262 ਦੌੜਾਂ ਤੱਕ ਪਹੁੰਚਾਇਆ। ਦੋਵਾਂ ਨੇ ਸੱਤਵੀਂ ਵਿਕਟ ਲਈ 130 ਦੌੜਾਂ ਦੀ ਭਾਈਵਾਲੀ ਕੀਤੀ। ਸ੍ਰੀਲੰਕਾ ਵੱਲੋਂ ਦਿਲਸ਼ਾਨ ਮਧੂਸ਼ਨਾਕਾ ਅਤੇ ਕਸੁਨ ਰਾਜਿਥਾ ਨੇ ਚਾਰ-ਚਾਰ ਵਿਕਟਾਂ ਲਈਆਂ। -ਪੀਟੀਆਈ