ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 22 ਅਕਤੂਬਰ
ਜੀਐੱਚਜੀ ਇੰਸਟੀਚਿਊਟ ਆਫ ਲਾਅ ਸਿੱਧਵਾਂ ਖੁਰਦ ਦੇ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਦੇ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ’ਚ ਹਿੱਸਾ ਲੈ ਕੇ ਨਾ ਕੇਵਲ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਸਗੋਂ ਇਨਾਮ ਵੀ ਜਿੱਤੇ। ਮੋਗਾ-ਫ਼ਿਰੋਜ਼ਪੁਰ ਜ਼ੋਨ-ਏ ਦਾ ਇਹ 64ਵਾਂ ਯੁਵਕ ਅਤੇ ਵਿਰਾਸਤੀ ਮੇਲਾ ਗੁਰੂ ਨਾਨਕ ਕਾਲਜ ਫਿਰੋਜ਼ਪੁਰ ਕੈਂਟ ’ਚ ਹੋਇਆ। ਯੁਵਕ ਮੇਲੇ ਦੇ ਪਹਿਲੇ ਦਿਨ ਕਵਿਤਾ ਉਚਾਰਨ ਮੁਕਾਬਲੇ ’ਚ ਲਾਅ ਕਾਲਜ ਦੀ ਨੂਰਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਕਾਲਜ ਦੀ ਗੁਰਦੀਪ ਕੌਰ, ਮਹਿਕਦੀਪ ਕੌਰ ਅਤੇ ਪੁਨੀਤ ਕੌਰ ਨੇ ਮਹਾਵਰੇਦਾਰ ਵਾਰਤਾਲਾਪ ’ਚ ਦੂਜਾ ਸਥਾਨ ਹਾਸਲ ਕੀਤਾ। ਪਰਾਂਦਾ ਬਣਾਉਣ ’ਚ ਅਰਸ਼ਜੋਤ ਕੌਰ ਨੇ ਦੂਸਰਾ ਅਤੇ ਨਾਲਾ ਬਣਾਉਣ ’ਚ ਜੁਗਰਾਜ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਯੁਵਕ ਮੇਲੇ ਦੇ ਦੂਸਰੇ ਦਿਨ ਜੈਸਮੀਨ ਕੌਰ ਨੇ ਪੋਸਟਰ ਮੇਕਿੰਗ ’ਚ ਪਹਿਲਾ ਸਥਾਨ, ਕਾਰਟੂਨਿੰਗ ’ਚ ਮਨਪ੍ਰੀਤ ਰਾਏ ਨੇ ਤੀਜਾ ਸਥਾਨ , ਕਲੇਅ ਮਾਡਲਿੰਗ ’ਚ ਤਨਵੀਰ ਸਿੰਘ ਨੇ ਦੂਜਾ ਸਥਾਨ, ਫੋਟੋਗ੍ਰਾਫੀ ’ਚ ਨੂਰਦੀਪ ਕੌਰ ਨੇ ਤੀਸਰਾ ਸਥਾਨ ਅਤੇ ਇੰਸਟਾਲੇਸ਼ਨ ’ਚ ਨੂਰਦੀਪ ਕੌਰ, ਸ਼ਾਇਨਾ, ਤਨਵੀਰ ਸਿੰਘ ਅਤੇ ਹਰਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਤੀਸਰੇ ਦਿਨ ਗੀਤ, ਲੰਬੀ ਹੇਕ ’ਚ ਟੀਮ ਨੇ ਤੀਜਾ ਇਨਾਮ ਪ੍ਰਾਪਤ ਕੀਤਾ ਅਤੇ ਇਸ ’ਚ ਤੀਸਰਾ ਵਿਅਕਤੀਗਤ ਇਨਾਮ ਸਰਗੁਣਜੋਤ ਨੇ ਪ੍ਰਾਪਤ ਕੀਤਾ। ਕਵੀਸ਼ਰੀ ਟੀਮ ਨੇ ਮੱਲਾਂ ਮਾਰਦੇ ਹੋਏ ਦੂਜਾ ਇਨਾਮ ਅਤੇ ਸੰਦੀਪ ਕੌਰ ਨੇ ਵਿਅਕਤੀਗਤ ਦੂਜਾ ਇਨਾਮ ਹਾਸਲ ਕੀਤਾ। ਇਸ ਮੌਕੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਸ਼ਵੇਤਾ ਢੰਡ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।