ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਅਕਤੂਬਰ
ਵਿਜੀਲੈਂਸ ਬਿਊਰੋ ਨੇ ਨਵਾਂ ਸ਼ਹਿਰ ਦੀਆਂ ਦਾਣਾ ਮੰਡੀਆਂ ਵਿੱੱਚ ਲੇਬਰ ਕਾਰਟੇਜ ਤੇ ਢੋਆ-ਢੁਆਈ ਦੇ ਟੈਂਡਰਾਂ ’ਚ ਧੋਖਾਧੜੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ ਇਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਯਸ਼ਪਾਲ ਵਾਸੀ ਨਵਾਂ ਸ਼ਹਿਰ ਵਜੋਂ ਹੋਈ ਹੈ। ਇਸ ਤੋਂ ਪਹਿਲਾਂ ਵਿਜੀਲੈਂਸ ਬਿਊਰੋ ਨੇ ਇਸ ਮਾਮਲੇ ਵਿੱਚ ਹੁਣ ਤੱਕ ਚਾਰ ਮੁਲਜ਼ਮਾਂ ਭਾਰਤ ਭੂਸ਼ਣ ਆਸ਼ੂ, ਮੀਨੂੰ ਮਲਹੋਤਰਾ, ਤੇਲੂ ਰਾਮ ਅਤੇ ਯਸ਼ਪਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ। ਮੁਲਜ਼ਮ ਡੀਐਫਐੱਸਸੀ ਰਾਕੇਸ਼ ਭਾਸਕਰ ਦਾ ਪਹਿਲਾਂ ਹੀ ਦੇਹਾਂਤ ਹੋ ਗਿਆ ਹੈ। ਡਿਪਟੀ ਡਾਇਰੈਕਟਰ ਆਰਕੇ ਸਿੰਗਲਾ ਨੂੰ ਭਗੌੜਾ ਐਲਾਨਣ ਲਈ ਅਦਾਲਤ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਟੈਂਡਰ ਪ੍ਰਕਿਰਿਆ ਦੌਰਾਨ ਠੇਕੇਦਾਰਾਂ ਵੱਲੋਂ ਮੁਹੱਈਆ ਕਰਵਾਈ ਗਈ ਵਧੇਰੇ ਲੇਬਰ ਨਾਬਾਲਗ ਹੈ ਜਾਂ 60 ਸਾਲ ਤੋਂ ਵੱਧ ਉਮਰ ਦੀ ਹੈ।