ਰਾਜਨ ਮਾਨ
ਮਜੀਠਾ, 24 ਅਕਤੂਬਰ
ਪਰਵਾਸੀ ਭਾਰਤੀ ਮਾਮਲੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਯਤਨ ਨਾਲ ਬੀਤੀ ਰਾਤ ਤਲਵਣ ਫਿਲੌਰ ਵਾਸੀ ਅੰਮ੍ਰਿਤਪਾਲ ਸਿੰਘ ਦੀ ਜਾਰਡਨ ਤੋਂ ਲਾਸ਼ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਪੁੱਜੀ। ਨੌਜਵਾਨ ਦੀ ਦੇਹ ਨੂੰ ਲੈਣ ਲਈ ਉਸ ਦੇ ਪਰਿਵਾਰ ਨਾਲ ਕੈਬਨਿਟ ਮੰਤਰੀ ਵੀ ਰਾਤ ਕਰੀਬ ਦੋ ਵਜੇ ਹਵਾਈ ਅੱਡੇ ਪੁੱਜੇ। ਇਸ ਮੌਕੇ ਨੌਜਵਾਨ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ 35 ਸਾਲਾ ਅੰਮ੍ਰਿਤਪਾਲ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਹ ਰੋਜ਼ੀ ਰੋਟੀ ਲਈ ਬੀਤੇ ਸਮੇਂ ਤੋਂ ਜਾਰਡਨ ਵਿੱਚ ਰਹਿ ਰਿਹਾ ਸੀ, ਜਿਥੇ ਉਸ ਦੀ 15 ਅਗਸਤ ਨੂੰ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਸ ਦੇ ਪਿਤਾ ਦੀ ਮੌਤ ਅੰਮਿ੍ਤਪਾਲ ਸਿੰਘ ਦੇ ਬਚਪਨ ਵਿੱਚ ਹੀ ਹੋ ਗਈ ਸੀ। ਜਾਰਡਨ ਵਿੱਚ ਕੋਈ ਹੋਰ ਰਿਸ਼ਤੇਦਾਰ ਜਾਂ ਸਬੰਧੀ ਨਾ ਹੋਣ ਕਾਰਨ ਲਾਸ਼ ਲਿਆਉਣ ਵਿੱਚ ਵੀ ਪ੍ਰੇਸ਼ਾਨੀ ਹੋ ਰਹੀ ਸੀ। ਪਰਿਵਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲਕੇ ਆਪਣੀ ਹੱਡ ਬੀਤੀ ਸੁਣਾਈ, ਜਨਿ੍ਹਾਂ ਸ੍ਰੀ ਧਾਲੀਵਾਲ ਨੂੰ ਪਰਿਵਾਰ ਦੀ ਮਦਦ ਕਰਨ ਲਈ ਕਿਹਾ। ਸ੍ਰੀ ਧਾਲੀਵਾਲ ਨੇ ਦੱਸਿਆ,‘ਮੈਂ ਆਪਣੇ ਵਿਭਾਗ ਨਾਲ ਮਿਲਕੇ ਜਾਰਡਨ ਸਥਿਤ ਭਾਰਤੀ ਦੂਤਘਰ ਨਾਲ ਲਗਾਤਾਰ ਰਾਬਤਾ ਰੱਖਿਆ ਤਾਂ ਜਾ ਕੇ ਦੇਹ ਬਾਰੇ ਕੁੱਝ ਪਤਾ ਲੱਗਾ ਅਤੇ ਹੁਣ 67 ਦਿਨ ਬਾਅਦ ਲਾਸ਼ ਭਾਰਤ ਆ ਸਕੀ।’