ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ,26 ਅਕਤੂਬਰ
ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਪੁਲੀਸ ਨੇ ਵੱਖ-ਵੱਖ ਪਿੰਡਾਂ ਵਿੱਚ 10 ਨਸ਼ਾ ਤਸਕਰਾਂ ਦੀ 6.92 ਕਰੋੜ ਰੁਪਏ ਦੀ ਚੱਲ-ਅਚੱਲ ਜਾਇਦਾਦ ਨੂੰ ਫ੍ਰੀਜ਼ ਕਰ ਦਿੱਤਾ ਹੈ। ਇਨ੍ਹਾਂ ਤਸਕਰਾਂ ’ਚੋਂ ਇੱਕ ਤਰਨ ਤਾਰਨ ਜਦਕਿ ਬਾਕੀ ਅੰਮ੍ਰਿਤਸਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਪੁਲੀਸ ਨੇ ਦੱਸਿਆ ਕਿ ਕੁਝ ਨਸ਼ਾ ਤਸਕਰ ਜੇਲ੍ਹ ਵਿੱਚ ਬੰਦ ਹਨ ਜਦਕਿ ਕੁਝ ਜ਼ਮਾਨਤ ’ਤੇ ਬਾਹਰ ਹਨ। ਇਨ੍ਹਾਂ ਨੂੰ ਪੁਲੀਸ ਨੇ ਵੱਖ-ਵੱਖ ਸਮੇਂ ’ਤੇ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਸੀ। ਅੰਮ੍ਰਿਤਸਰ ਦਿਹਾਤੀ ਪੁਲੀਸ ਦੇ ਮੁੱਖੀ ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਫਰੀਜ਼ ਕੀਤੀਆਂ ਗਈਆਂ ਜਾਇਦਾਦਾਂ ਵਿੱਚ ਰਿਹਾਇਸ਼ੀ ਅਤੇ ਖੇਤੀ ਸੰਪਤੀ ਤੋਂ ਇਲਾਵਾ ਕਾਰਾਂ ਤੇ ਸਕੂਟਰ ਵੀ ਸ਼ਾਮਲ ਹਨ। ਤਸਕਰਾਂ ਵਿੱਚ ਪਿੰਡ ਰੰਗੜ ਦੇ ਰਾਜਾ ਸਿੰਘ, ਧਨੋਆ ਕਲਾਂ ਦੇ ਰਜਿੰਦਰ ਕੁਮਾਰ ਉਰਫ ਖੁੱਡੀ, ਤਰਨ ਤਾਰਨ ਦੇ ਸਰਹਾਲੀ ਪਿੰਡ ਸਰਾਂ ਦੇ ਗੁਰਵਿੰਦਰ ਸਿੰਘ, ਪਿੰਡ ਰਾਜਾਤਾਲ ਦੇ ਮਲਕੀਤ ਸਿੰਘ ਉਰਫ ਕਾਲਾ, ਅਟਾਰੀ ਦੇ ਇੰਦਰਜੀਤ ਸਿੰਘ ਉਰਫ ਮੱਲ੍ਹੀ, ਬਿਕਰਮਜੀਤ ਸਿੰਘ ਉਰਫ ਬਿੱਕਰ ਮਝਵਿੰਡ, ਹੀਰਾ ਸਿੰਘ ਉਰਫ ਰਾਜਬੀਰ ਸਿੰਘ ਪਿੰਡ ਡਾਲੇਕੇ, ਸੁਖਦੇਵ ਸਿੰਘ ਪਿੰਡ ਵਣੀਕੇ, ਸੁਖਜਿੰਦਰ ਸਿੰਘ ਉਰਫ ਜਿੰਦਰ ਪਿੰਡ ਚਵਿੰਡਾ ਕਲਾਂ ਅਤੇ ਗੁਰਦਿੱਤ ਸਿੰਘ ਉਰਫ ਚੋਗਾਵਾਂ ਸ਼ਾਮਲ ਹਨ। ਪੁਲੀਸ ਨੇ ਰਾਜਾ ਸਿੰਘ ਦਾ 1.36 ਕਰੋੜ ਰੁਪਏ ਦੀ ਕੀਮਤ ਵਾਲਾ ਮਕਾਨ ਕਬਜ਼ੇ ਵਿੱਚ ਲਿਆ ਹੈ। ਪਿੰਡ ਧਨੋਏ ਕਲਾਂ ਸਥਿਤ ਰਜਿੰਦਰ ਕੁਮਾਰ ਖੁੱਡੀ ਦਾ 69 ਲੱਖ ਰੁਪਏ ਤੋਂ ਵੱਧ ਮੁੱਲ ਦਾ ਰਿਹਾਇਸ਼ੀ ਮਕਾਨ ਜ਼ਬਤ ਕੀਤਾ ਹੈ। ਪੁਲੀਸ ਨੇ ਬਿਕਰਮਜੀਤ ਸਿੰਘ ਦਾ 66 ਲੱਖ ਰੁਪਏ ਤੋਂ ਵੱਧ ਕੀਮਤ ਅਤੇ ਮਲਕੀਤ ਸਿੰਘ ਦਾ 41 ਲੱਖ ਰੁਪਏ ਮੁੱਲ ਦਾ ਮਕਾਨ ਜ਼ਬਤ ਕਰ ਲਿਆ ਹੈ। ਇਸੇ ਤਰ੍ਹਾਂ ਹੀਰਾ ਸਿੰਘ, ਸੁਖਦੇਵ ਸਿੰਘ ਅਤੇ ਸੁਖਜਿੰਦਰ ਸਿੰਘ ਦੇ ਘਰ ਵੀ ਜ਼ਬਤ ਕੀਤੇ ਹਨ।