ਹਤਿੰਦਰ ਮਹਿਤਾ
ਜਲੰਧਰ, 26 ਅਕਤੂਬਰ
ਮਹਾਂਰਿਸ਼ੀ ਵਾਲਮੀਕਿ ਦੇ ਜਨਮ ਦਿਹਾੜੇ ਮੌਕੇ ਭਗਵਾਨ ਵਾਲਮੀਕਿ ਉਤਸਵ ਕਮੇਟੀ ਵਲੋਂ ਭਲਕੇ ਸ਼ੁੱਕਰਵਾਰ ਨੂੰ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਮੌਕੇ ਅਵਾਜਾਈ ਨੂੰ ਸੁਚਾਰੂ ਢੰਗ ਨਾਲ ਚੱਲਦਾ ਰੱਖਣ ਲਈ ਕਮਿਸ਼ਨਰੇਟ ਪੁਲੀਸ ਨੇ ਬਦਲਵਾਂ ਅਵਾਜਾਈ ਰੂਟ ਪਲਾਨ ਜਾਰੀ ਕੀਤਾ ਹੈ। ਕਮਿਸ਼ਨਰੇਟ ਪੁਲੀਸ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸ਼ੋਭਾ ਯਾਤਰਾ 27 ਅਕਤੂਬਰ ਨੂੰ ਪ੍ਰਾਚੀਨ ਮੰਦਿਰ ਅਲੀ ਮੁਹੱਲਾ, ਜਲੰਧਰ ਤੋਂ ਸ਼ੁਰੂ ਹੋ ਕੇ ਭਗਵਾਨ ਵਾਲਮੀਕਿ ਚੌਕ, ਲਵ-ਕੁਸ਼ ਚੌਕ, ਭਗਤ ਸਿੰਘ ਚੌਕ, ਪੰਜਪੀਰ ਚੌਕ, ਖਿੰਗਰਾ ਗੇਟ, ਅੱਡਾ ਹੁਸ਼ਿਆਰਪੁਰ, ਅੱਡਾ ਟਾਂਡਾ, ਮਾਈ ਹੀਰਾ ਗੇਟ, ਸ਼ੀਤਲਾ ਮੰਦਿਰ, ਭਗਵਾਨ ਵਾਲਮੀਕਿ ਗੇਟ, ਪਟੇਲ ਚੌਕ, ਸਬਜ਼ੀ ਮੰਡੀ ਚੌਕ, ਬਸਤੀ ਅੱਡਾ ਤੋਂ ਹੁੰਦੀ ਹੋਈ ਭਗਵਾਨ ਵਾਲਮੀਕਿ ਪ੍ਰਾਚੀਨ ਮੰਦਿਰ ਅਲੀ ਮੁਹੱਲਾ ਜਲੰਧਰ ਵਿਖੇ ਸਮਾਪਤ ਹੋਵੇਗੀ। ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ੋਭਾ ਯਾਤਰਾ ਦੌਰਾਨ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਜਾਰੀ ਰੱਖਣ ਲਈ ਨਕੋਦਰ ਚੌਕ, ਸਕਾਈਲਾਰਕ ਚੌਕ, ਪਰਿੰਦਾ ਚੌਕ ਨੇੜੇ ਸਟੇਟ ਬੈਂਕ ਆਫ਼ ਇੰਡੀਆ, ਪੀ.ਐਨ.ਬੀ. ਚੌਕ, ਜੀ.ਪੀ.ਓ. (ਪ੍ਰੈਸ ਕਲੱਬ) ਚੌਕ, ਸ੍ਰੀ ਨਾਮਦੇਵ ਚੌਕ, ਸ਼ਾਸਤਰੀ ਚੌਕ, ਮੋੜ ਪ੍ਰਤਾਪਬਾਗ, ਮੋੜ ਹੈਨਰੀ ਪੈਟਰੋਲ ਪੰਪ, ਭਗਤ ਸਿੰਘ ਚੌਕ, ਅੱਡਾ ਹੁਸ਼ਿਆਰਪੁਰ ਵਨ-ਵੇ, ਇਕਹਿਰੀ ਪੁਲੀ ਦੇ ਸਾਹਮਣੇ, ਹੁਸ਼ਿਆਰਪੁਰ ਰੇਲਵੇ ਫਾਟਕ, ਟਾਂਡਾ ਚੌਕ, ਟਾਂਡਾ ਰੇਲਵੇ ਫਾਟਕ, ਟੀ-ਪੁਆਇੰਟ ਗੋਪਾਲ ਨਗਰ, ਪੁਰਾਣੀ ਸਬਜ਼ੀ ਮੰਡੀ ਚੌਕ, ਮੋੜ ਮਹਾਂ ਲਕਸ਼ਮੀ ਨਰਾਇਣ ਮੰਦਿਰ ਨਜ਼ਦੀਕ ਪੁਰਾਣੀ ਜੇਲ੍ਹ, ਪਟੇਲ ਚੌਕ, ਬਸਤੀ ਅੱਡਾ ਚੌਕ, ਟੀ-ਪੁਆਇੰਟ ਸ਼ਕਤੀ ਨਗਰ ਅਤੇ ਫੁੱਟਬਾਲ ਚੌਕ ਆਦਿ ’ਤੇ ਆਮ ਵਾਹਨਾਂ ਦੀ ਅਵਾਜਾਈ ’ਤੇ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਰੋਕ ਲਾਈ ਗਈ ਹੈ। ਬੁਲਾਰੇ ਨੇ ਵਾਹਨ ਚਾਲਕਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ 27 ਅਕਤੂਬਰ ਨੂੰ ਜਾਮ ਤੋਂ ਬਚਣ ਲਈ ਸ਼ੋਭਾ ਯਾਤਰਾ ਵਾਲੇ ਉਕਤ ਨਿਰਧਾਰਤ ਰੂਟ ਦੀ ਬਜਾਏ ਬਦਲਵੇਂ ਰੂਟ ਤੇ ਲਿੰਕ ਰਸਤਿਆਂ ਦੀ ਵਰਤੋਂ ਕੀਤੀ ਜਾਵੇ।
ਸ਼ੋਭਾ ਯਾਤਰਾ ਦੇ ਰਸਤੇ ’ਚ ਮੀਟ-ਸ਼ਰਾਬ ਵੇਚਣ ’ਤੇ ਪਾਬੰਦੀ
ਜਲੰਧਰ: ਜ਼ਿਲ੍ਹਾ ਮੈਜਿਸਟਰੇਟ ਮਹਾਰਿਸ਼ੀ ਵਾਲਮੀਕਿ ਦੇ ਜਨਮ ਦਿਹਾੜੇ ਮੌਕੇ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਦੇ ਰਸਤੇ ਅਤੇ ਧਾਰਮਿਕ ਸਮਾਗਮ ਵਾਲੀ ਜਗ੍ਹਾ ਦੇ ਨੇੜੇ ਮੀਟ ਅਤੇ ਸ਼ਰਾਬ ਦੀ ਵਿਕਰੀ ’ਤੇ ਪਾਬੰਦੀ ਲਾਈ ਗਈ ਹੈ। ਜ਼ਿਲ੍ਹਾ ਮੈਜਿਸਟਰੇਟ ਵਿਸ਼ੇਸ਼ ਸਾਰੰਗਲ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਤੇ ਪੰਜਾਬ ਐਕਸਾਈਜ਼ ਐਕਟ 1914 ਦੀ ਧਾਰਾ 54 ਤਹਿਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਕਿਹਾ ਕਿ ਮਿਤੀ 27 ਅਤੇ 28 ਅਕਤੂਬਰ ਨੂੰ ਸ਼ਹਿਰ ਵਿੱਚ ਮੀਟ ਸ਼ਰਾਬ ਆਦਿ ਵੇਚਣ ’ਤੇ ਪਾਬੰਦੀ ਰਹੇਗੀ।
ਅੰਮ੍ਰਿਤਸਰ ’ਚ ਅੱਜ ਤੇ ਭਲਕੇ ਠੇਕੇ ਬੰਦ ਰਹਿਣਗੇ
ਅੰਮ੍ਰਿਤਸਰ (ਟਨਸ): ਜਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਵਿੱਚ ਜ਼ਿਲ੍ਹਾ ਦਿਹਾਤੀ ਪੁਲੀਸ ਦੇ ਅਧਿਕਾਰ ਖੇਤਰ ਵਿੱਚ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਦੇ ਸਬੰਧ ਵਿੱਚ ਕੱਢੀ ਜਾ ਰਹੀ ਸ਼ੋਭਾ ਯਾਤਰਾ ਵਾਲੇ ਦਿਨ 27 ਅਕਤੂਬਰ ਅਤੇ 28 ਅਕਤੂਬਰ ਨੂੰ ਸਮੂਹ ਸ਼ਰਾਬ ਦੇ ਠੇਕੇ ਦੀਆਂ ਦੁਕਾਨਾਂ ਬੰਦ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ 28 ਅਕਤੂਬਰ ਨੂੰ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਮਨਾਇਆ ਜਾ ਰਿਹਾ ਹੈ ਇਸ ਦੌਰਾਨ ਅਮਨ ਤੇ ਸ਼ਾਂਤੀ ਬਹਾਲ ਰੱਖਣ ਲਈ ਸ਼ਰਾਬ ਦੇ ਠੇਕੇ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।