ਹਰਜੀਤ ਸਿੰਘ ਪਰਮਾਰ
ਬਟਾਲਾ, 26 ਅਕਤੂਬਰ
ਬਟਾਲਾ ਦਾ ਸਿਵਲ ਹਸਪਤਾਲ ਅਕਸਰ ਹੀ ਬੇਨਿਯਮੀਆਂ ਕਾਰਨ ਚਰਚਾ ਰਹਿੰਦਾ ਹੈ ਪਰ ਹੁਣ ਹਸਪਤਾਲ ਅੰਦਰ ਕਥਿਤ ਭ੍ਰਿਸ਼ਟਾਚਾਰ ਵੀ ਪੂਰੀ ਤਰ੍ਹਾਂ ਪੈਰ ਪਸਾਰ ਚੁੱਕਾ ਹੈ। ਹਾਲਾਂਕਿ ਕਥਿਤ ਝੂਠੀਆਂ ਮੈਡੀਕਲ ਰਿਪੋਰਟਾਂ ਬਣਾਉਣ ਦੇ ਅੰਕੜਿਆਂ ਵਿੱਚ ਕਮੀ ਆਈ ਹੈ ਪਰ ਭ੍ਰਿਸ਼ਟਾਚਾਰ ਹਸਪਤਾਲ ਪ੍ਰਸ਼ਾਸਨ ਦੇ ਸਿਰ ਚੜ੍ਹ ਬੋਲ ਰਿਹਾ ਹੈ। ਜ਼ੱਚਾ-ਬੱਚਾ ਵਿਭਾਗ ਇਸ ਸਮੇਂ ਹਸਪਤਾਲ ਪ੍ਰਸ਼ਾਸਨ ਦਾ ਕਮਾਊ ਪੁੱਤ ਬਣਿਆ ਹੋਇਆ ਹੈ।
ਹਸਪਤਾਲ ਪ੍ਰਸ਼ਾਸਨ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਜਨਨੀ ਸ਼ਿਸ਼ੂ ਸੁਰੱਖਿਆ ਪ੍ਰੋਗਰਾਮ ਦੀਆਂ ਧੱਜੀਆਂ ਉਡਾਉਂਦੇ ਹੋਏ ਗਰੀਬਾਂ ਦੀਆਂ ਜੇਬਾਂ ਕੱਟ ਆਪਣੀਆਂ ਜੇਬਾਂ ਭਰ ਰਿਹਾ ਹੈ। ਜਨਨੀ ਸ਼ਿਸ਼ੂ ਸੁਰੱਖਿਆ ਪ੍ਰੋਗਰਾਮ ਤਹਿਤ ਪੇਂਡੂ ਅਤੇ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਜਣੇਪੇ ਦੌਰਾਨ ਗਰਭਵਤੀ ਔਰਤਾਂ ਅਤੇ ਜਨਮ ਲੈਣ ਵਾਲੇ ਬੱਚੇ ਨੂੰ ਪੂਰੀ ਤਰ੍ਹਾਂ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਗਈ ਹੈ। ਇੱਥੋਂ ਤੱਕ ਕਿ ਇਲਾਜ ਤੋਂ ਬਾਅਦ ਘਰ ਤੱਕ ਸੁਰੱਖਿਅਤ ਛੱਡਣ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ ਪਰ ਇਸ ਸਭ ਦੇ ਬਾਵਜੂਦ ਸਿਵਲ ਹਸਪਤਾਲ ਪ੍ਰਸ਼ਾਸਨ ਗਰੀਬ ਤਬਕੇ ਦੇ ਅਣਭੋਲ ਮਰੀਜ਼ਾਂ ਨਾਲ ਲੁੱਟ ਕਰ ਰਿਹਾ ਹੈ। ਕੁਝ ਮਰੀਜ਼ਾਂ ਨਾਲ ਗੱਲਬਾਤ ਕਰਨ ’ਤੇ ਪਤਾ ਲੱਗਾ ਕਿ ਉਨ੍ਹਾਂ ਨੂੰ ਇਸ ਸਕੀਮ ਬਾਰੇ ਜਾਣਕਾਰੀ ਹੀ ਨਹੀਂ ਅਤੇ ਨਾ ਹੀ ਹਸਪਤਾਲ ਪ੍ਰਸ਼ਾਸਨ ਵੱਲੋਂ ਇਸ ਸਕੀਮ ਬਾਰੇ ਮਰੀਜਾਂ ਨੂੰ ਕੋਈ ਜਾਣਕਾਰੀ ਦਿੱਤੀ ਜਾਂਦੀ ਹੈ। ਜਾਣਕਾਰੀ ਦੀ ਘਾਟ ਦਾ ਫਾਇਦਾ ਲੈਂਦਿਆਂ ਹੀ ਹਸਪਤਾਲ ਪ੍ਰਸ਼ਾਸਨ ਹਸਪਤਾਲ ਜਣੇਪੇ ਲਈ ਆਉਣ ਵਾਲੀਆਂ ਗਰਭਵਤੀ ਮਹਿਲਾਵਾਂ ਦੇ ਪਰਿਵਾਰਕ ਮੈਂਬਰਾਂ ਦਾ ਕਥਿਤ ਆਰਥਿਕ ਸ਼ੋਸ਼ਣ ਕਰਦੇ ਹਨ। ਜਨਨੀ ਸ਼ਿਸ਼ੂ ਸੁਰੱਖਿਆ ਪ੍ਰੋਗਰਾਮ ਤਹਿਤ ਜਣੇਪੇ ਦੌਰਾਨ ਲੋੜੀਂਦੀਆਂ ਹਰ ਤਰ੍ਹਾਂ ਦੀਆਂ ਦਵਾਈਆਂ ਅਤੇ ਹੋਰ ਸਿਜੇਰੀਅਨ ਓਪਰੇਸ਼ਨ ਲਈ ਲੋੜੀਂਦਾ ਸਾਰਾ ਸਾਮਾਨ ਸਰਕਾਰ ਮੁਹੱਈਆ ਕਰਵਾਉਂਦੀ ਹੈ ਪਰ ਹਸਪਤਾਲ ਪ੍ਰਸ਼ਾਸਨ ਫਿਰ ਵੀ ਮਰੀਜ਼ਾਂ ਕੋਲੋਂ ਦਵਾਈਆਂ ਅਤੇ ਸਾਮਾਨ ਨਿੱਜੀ ਮੈਡੀਕਲ ਸਟੋਰਾਂ ਤੋਂ ਮੰਗਵਾ ਰਹੇ ਹਨ ਅਤੇ ਸਰਕਾਰ ਵੱਲੋਂ ਮੁਹਈਆ ਕਰਵਾਏ ਜਾਂਦੇ ਸਾਮਾਨ ਅਤੇ ਦਵਾਈਆਂ ਗਬਨ ਕਰ ਰਹੇ ਹਨ।
ਇਸ ਸਬੰਧੀ ਗੱਲ ਕਰਨ ’ਤੇ ਇੱਕ ਮਰੀਜ਼ ਨੇ ਸਿਰਫ ਕਿਹਾ ਕਿ ਉਸ ਦੀ ਪਤਨੀ ਦੇ ਅਪਰੇਸ਼ਨ ਲਈ ਡਾਕਟਰਾਂ ਨੇ ਉਸ ਕੋਲੋਂ ਸਿਰਫ ਬਾਹਰੋਂ ਧਾਗਾ ਮੰਗਵਾਇਆ ਜੋ ਇੱਕ ਹਜ਼ਾਰ ਰੁਪਏ ਦਾ ਆਇਆ। ਹਾਲਾਂਕਿ ਉਸ ਦਾ ਕਹਿਣਾ ਸੀ ਕਿ ਨਿੱਜੀ ਹਸਪਤਾਲਾਂ ਨਾਲੋਂ ਫਿਰ ਵੀ ਇਹ ਹਸਪਤਾਲ ਬਹੁਤ ਚੰਗਾ ਹੈ ਕਿ ਇੱਥੇ ਬਹੁਤ ਘੱਟ ਪੈਸਿਆਂ ਨਾਲ ਉਨ੍ਹਾਂ ਦਾ ਇਲਾਜ ਹੋ ਗਿਆ ਹੈ। ਇੱਕ ਹੋਰ ਮਰੀਜ਼ ਗੁਰਪ੍ਰੀਤ ਸਿੰਘ ਵਾਸੀ ਗੋਖੂਵਾਲ ਨੇ ਦੱਸਿਆ ਕਿ ਉਸ ਦੇ ਪਤਨੀ ਨੇ 5-6 ਦਿਨ ਪਹਿਲਾਂ ਵੱਡੇ ਅਪਰੇਸ਼ਨ (ਸਿਜੇਰੀਅਨ) ਨਾਲ ਇੱਕ ਲੜਕੇ ਨੂੰ ਜਨਮ ਦਿੱਤਾ ਹੈ ਅਤੇ ਅਪਰੇਸ਼ਨ ਥੀਏਟਰ ਵਿੱਚੋਂ ਡਾਕਟਰਾਂ ਨੇ ਉਸ ਨੂੰ ਇੱਕ ਪਰਚੀ ਲਿਖ ਕੇ ਬਾਹਰੋਂ ਸਾਮਾਨ ਲਿਆਉਣ ਲਈ ਕਿਹਾ ਸੀ ਜੋ ਕਿ 16 ਸੌ ਰੁਪਏ ਦਾ ਆਇਆ ਅਤੇ ਫਿਰ ਉਸ ਦੀ ਪਤਨੀ ਦਾ ਅਪਰੇਸ਼ਨ ਕੀਤਾ ਗਿਆ। ਹਸਪਤਾਲ ਦੇ ਅੰਕੜਿਆਂ ਅਨੁਸਾਰ ਹਸਪਤਾਲ ’ਚ ਨਾਰਮਲ ਅਤੇ ਸਿਜੇਰੀਅਨ ਸਣੇ ਲਗਪਗ 200 ਜਣੇਪੇ ਪ੍ਰਤੀ ਮਹੀਨਾ ਹੁੰਦੇ ਹਨ।
ਹਸਪਤਾਲ ’ਚ ਦਵਾਈਆਂ ਤੇ ਸਾਰਾ ਸਾਮਾਨ ਮੌਜੂਦ: ਐੱਸਐੱਮਓ
ਹਸਪਤਾਲ ਦੇ ਐੱਸਐੱਮਓ ਡਾ. ਰਵਿੰਦਰ ਸਿੰਘ ਨੇ ਦਵਾਈਆਂ ਬਾਹਰੋਂ ਮੰਗਾਉਣ ਦੀ ਗੱਲ ਨੂੰ ਨਕਾਰਦਿਆਂ ਕਿਹਾ ਕਿ ਹਸਪਤਾਲ ਕੋਲ ਹਰ ਤਰ੍ਹਾਂ ਦੀਆਂ ਦਵਾਈਆਂ ਅਤੇ ਅਪਰੇਸ਼ਨ ਦਾ ਸਾਮਾਨ ਮੌਜੂਦ ਹੈ ਅਤੇ ਕਿਸੇ ਵੀ ਮਰੀਜ਼ ਵੱਲੋਂ ਇਸ ਸਬੰਧੀ ਉਨ੍ਹਾਂ ਨੂੰ ਕੋਈ ਸ਼ਿਕਾਇਤ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਅਪਰੇਸ਼ਨ ਦੌਰਾਨ ਟਾਂਕੇ ਲਾਉਣ ਲਈ ਵਰਤਿਆ ਜਾਂਦਾ ਵਧੀਆ ਕਿਸਮ ਦਾ ਧਾਗਾ ਜੇਕਰ ਕਿਸੇ ਵੇਲੇ ਨਾ ਉਪਲਬਧ ਹੋਵੇ ਤਾਂ ਹਸਪਤਾਲ ਪ੍ਰਸ਼ਾਸਨ ਧਾਗਾ ਬਾਹਰ ਤੋਂ ਖੁ਼ਦ ਖਰੀਦ ਲੈਂਦਾ ਹੈ।