ਮਨਦੀਪ ਸਿੰਘ ਸੇਖੋਂ
ਘਰੇਲੂ ਰੁਝੇਵਿਆਂ ਕਾਰਨ ਜਾਪਦਾ ਸੀ ਕਿ ਐਤਕੀਂ ਗਰਮੀ ਦੀਆਂ ਛੁੱਟੀਆਂ ਵਿੱਚ ਕਿਸੇ ਪਾਸੇ ਜਾਣ ਦਾ ਸਬੱਬ ਸ਼ਾਇਦ ਹੀ ਬਣੇ। ਪਰ, ਖ਼ਤਮ ਹੋਣ ਨੂੰ ਆਈਆਂ ਛੁੱਟੀਆਂ ਨੇ ਘੁਮੱਕੜ ਬਿਰਤੀ ਨੂੰ ਮੁੜ ਹਵਾ ਦਿੱਤੀ। ਬੱਸ ਫਿਰ ਕੀ ਸੀ, ਜਲੰਧਰ ਕਿਸੇ ਨਿੱਜੀ ਕੰਮ ਲਈ ਜਾਣਾ ਸੀ ਤਾਂ ਰਾਤੀਂ ਮੇਰੀ ਪਤਨੀ ਅਤੇ ਪੁੱਤਰ ਨੇ ਕਸ਼ਮੀਰ ਜਾਣ ਦਾ ਮਤਾ ਸੁਣਾ ਦਿੱਤਾ। ਅਗਲੀ ਸਵੇਰ ਲੀੜੇ-ਲੱਤੇ ਇਕੱਠੇ ਕਰ ਕੇ ਘਰੋਂ ਚਾਲੇ ਪਾ ਦਿੱਤੇ। ਜਲੰਧਰ ਤੋਂ ਦੁਪਹਿਰੇ ਦੋ ਕੁ ਵਜੇ ਵਿਹਲੇ ਹੋ ਕੇ ਅਸੀਂ ਗੱਡੀ ਪਠਾਨਕੋਟ ਵੱਲ ਮੋੜ ਲਈ। ਰਾਤ ਰਾਮਬਣ ਕੱਟੀ ਅਤੇ ਦੂਜੇ ਦਿਨ ਦੁਪਹਿਰ ਦੋ ਕੁ ਵਜੇ ਮੈਂ ਬਡਗਾਮ ਤੋਂ ਥੋੜ੍ਹੀ ਦੂਰ ਇੱਕ ਪਿੰਡ ਵਿੱਚ ਵਸਦੇ ਆਪਣੇ ਦੋਸਤ ਮਨਜ਼ੂਰ ਦੇ ਘਰ ਦਰਵਾਜ਼ਾ ਜਾ ਖੜਕਾਇਆ। ਸਾਨੂੰ ਅਚਾਨਕ ਆਇਆਂ ਵੇਖ ਕੇ ਉਨ੍ਹਾਂ ਨੇ ਹੈਰਾਨੀ ਅਤੇ ਅਥਾਹ ਖ਼ੁਸ਼ੀ ਜ਼ਾਹਰ ਕੀਤੀ।
ਡਰਾਇੰਗ ਰੂਮ ਵਿੱਚ ਵਿਛੇ ਗਲੀਚੇ ’ਤੇ ਬੈਠ ਕੇ ਪ੍ਰਾਹੁਣਚਾਰੀ ਦਾ ਆਨੰਦ ਲੈਂਦਿਆਂ ਕਾਫ਼ੀ ਸਮਾਂ ਪਰਿਵਾਰਕ ਗੱਲਾਂ-ਬਾਤਾਂ ਕਰਨ ਤੋਂ ਬਾਅਦ ਅਸੀਂ ਮਨਜ਼ੂਰ ਦੇ ਖੇਤ ਚਲੇ ਗਏ। ਕਤਾਰਾਂ ਵਿੱਚ ਖੜ੍ਹੇ ਹਰੇ-ਕਚੂਰ ਬੂਟੇ, ਅੱਧੇ ਅਕਾਰ ਤੱਕ ਅੱਪੜੇ ਸੇਬਾਂ ਨਾਲ ਉੱਲਰੇ ਪਏ ਸਨ। ਅਖਰੋਟ ਅਤੇ ਬਦਾਮਾਂ ਦੇ ਰੁੱਖ ਵੀ ਨਵੇਂ ਫਲ਼ਾਂ ਦੀ ਆਮਦ ਸਦਕਾ ਕਾਸ਼ਤਕਾਰਾਂ ਦਾ ਚੰਗਾ ਭਵਿੱਖ ਬਿਆਨ ਕਰਦੇ ਜਾਪ ਰਹੇ ਸਨ। ਕੁਝ ਸਮਾਂ ਆਲੇ-ਦੁਆਲੇ ਨੂੰ ਨਿਹਾਰਦੇ ਅਸੀਂ ਵਾਪਸ ਘਰ ਆ ਗਏ।
ਅਗਲੀ ਸਵੇਰ ਉੱਠਣ ਮਗਰੋਂ ਦਿਨ ਦਾ ਪ੍ਰੋਗਰਾਮ ਉਲੀਕਣ ਲੱਗੇ। ਸਾਡੇ ਕੋਲ ਇੱਥੇ ਇੱਕ ਹੀ ਦਿਨ ਰੁਕਣ ਦਾ ਸਮਾਂ ਸੀ ਕਿਉਂਕਿ ਅਗਲੇ ਦਿਨ ਅਸੀਂ ਲੱਦਾਖ ਜਾਣਾ ਸੀ। ਸੋ ਸੋਚਿਆ ਕਿ ਕੋਈ ਨਵੀਂ ਜਗ੍ਹਾ ਘੁੰਮੀ ਜਾਵੇ। ਮਨਜ਼ੂਰ ਦੀ ਧੀ ਡਾਕਟਰੀ ਦੀ ਪੜ੍ਹਾਈ ਕਰਦੀ ਹੈ। ਛੁੱਟੀ ਹੋਣ ਕਾਰਨ ਉਹ ਸਾਨੂੰ ਬੰਗਸ ਵਾਦੀ ਵਿਖਾਉਣ ਜਾਣ ਲਈ ਤਿਆਰ ਹੋ ਗਈ। ਅਸੀਂ ਤਿਆਰ ਹੋ ਕੇ ਬੰਗਸ ਵਾਦੀ ਵੱਲ ਵਹੀਰ ਘੱਤ ਦਿੱਤੀ।
ਬੰਗਸ ਵਾਦੀ ਬਡਗਾਮ ਤੋਂ ਤਕਰੀਬਨ 150 ਕਿਲੋਮੀਟਰ ਦੂਰ ਹੈ। ਅਸੀਂ ਹੰਦਵਾੜਾ ਤੋਂ ਕੁਪਵਾੜਾ ਹੁੰਦੇ ਹੋਏ ਚਾਰ ਕੁ ਘੰਟਿਆਂ ਵਿੱਚ ਉੱਥੇ ਪਹੁੰਚੇ। ਦਿਓਦਾਰ ਦੇ ਦਰੱਖਤਾਂ ਨਾਲ ਘਿਰੀ ਵਿੰਗ-ਵਲੇਵੇਂ ਖਾਂਦੀ ਸੜਕ ਰਾਹੀਂ 10,000 ਫੁੱਟ ਦੀ ਉਚਾਈ ’ਤੇ ਪਹੁੰਚਦਿਆਂ ਕੁਦਰਤੀ ਨਜ਼ਾਰਿਆਂ ਨੂੰ ਗੋਦ ਵਿੱਚ ਸਮੇਟੀ ਬੈਠੀ ਇਸ ਵਾਦੀ ਨੂੰ ਪਹਿਲੀ ਨਜ਼ਰ ਵੇਖਦਿਆਂ ਹੀ ਮਨ ਗਦਗਦ ਹੋ ਉੱਠਿਆ। ਇੱਥੇ ਪ੍ਰਮੁੱਖ ਘਾਟੀ ਨੂੰ ਸਥਾਨਕ ਲੋਕ ਵੱਡੀ ਬੰਗਸ ਵਜੋਂ ਜਾਣਦੇ ਹਨ ਜਿਸ ਦਾ ਖੇਤਰਫਲ 300 ਵਰਗ ਕਿਲੋਮੀਟਰ ਦੇ ਕਰੀਬ ਹੈ। ਸੜਕ ਕਨਿਾਰੇ ਗੱਡੀ ਖੜ੍ਹੀ ਕਰ ਕੇ ਅਸੀਂ ਥੋੜ੍ਹਾ ਜਿਹਾ ਉੱਪਰ ਵੱਲ ਤੁਰੇ ਤਾਂ ਦੂਰ ਤੱਕ ਲਿਸ਼-ਲਿਸ਼ ਕਰਦੇ ਹਰੇ ਘਾਹ ਦਾ ਦੱਖਣ ਵੱਲ ਨੂੰ ਢਲਾਣ ਵਾਲਾ ਮੈਦਾਨ ਵੇਖ ਕੇ ਲੰਮੇ ਸਫ਼ਰ ਦੀ ਸਾਰੀ ਥਕਾਵਟ ਇਕਦਮ ਉੱਤਰ ਗਈ। ਇਸ ਮੈਦਾਨ ਦੇ ਉੱਤਰ-ਪੱਛਮ ਵਾਲੇ ਪਾਸੇ ਦਿਓਦਾਰ ਦਾ ਸੰਘਣਾ ਜੰਗਲ ਹੈ। ਇੱਕ ਛੋਟੀ ਵਾਦੀ ਮੁੱਖ ਘਾਟੀ ਦੇ ਉੱਤਰ-ਪੂਰਬੀ ਪਾਸੇ ਛੋਟੀ ਬੰਗਸ ਵਜੋਂ ਜਾਣੀ ਜਾਂਦੀ ਹੈ। ਇੱਥੋਂ ਚੱਲ ਕੇ ਬਿਦਰੂਨ ਟੌਪ ਤੱਕ ਦਾ ਟਰੈੱਕ ਟ੍ਰੈੱਕਰਾਂ ਲਈ ਮਨਪਸੰਦ ਸਥਾਨ ਹੈ। ਇਸ ਤੋਂ ਇਲਾਵਾ ਬਿਦਰੂਨ ਟੌਪ ਬੇਹਕ ਖੇਤਰ ਤੋਂ ਇੱਕ ਕਿਲੋਮੀਟਰ ਲੰਮੀ ਖੜ੍ਹਵੀਂ ਟ੍ਰੈਕਿੰਗ ਹੈ।
ਇਸ ਘਾਟੀ ਵਿੱਚੋਂ ਰੌਸ਼ਨ ਕੁਲ, ਤਿਲਵਾਨ ਕੁਲ ਅਤੇ ਦੌਦਾ ਕੁਲ ਸਮੇਤ ਲਗਭਗ 14 ਸਹਾਇਕ ਨਦੀਆਂ ਦੇ ਨਾਲ ਬਹੁਤ ਸਾਰੀਆਂ ਛੋਟੀਆਂ ਧਾਰਾਵਾਂ ਲੰਘਦੀਆਂ ਹਨ। ਇਨ੍ਹਾਂ ਸਹਾਇਕ ਨਦੀਆਂ ਦਾ ਪਾਣੀ ਕਾਮਿਲ ਨਦੀ ਦੇ ਮੁੱਖ ਪਾਣੀਆਂ ਵਿੱਚੋਂ ਇੱਕ ਬਣ ਜਾਂਦਾ ਹੈ। ਦੂਜੇ ਪਾਸੇ ਕੁਝ ਬਰਫ਼ੀਲਾ ਅਤੇ ਸਾਫ਼ ਪਾਣੀ ਛੋਟੀ ਬੰਗਸ ਦੇ ਢਲਾਣਦਾਰ ਮੈਦਾਨ ਦੀ ਖ਼ੂਬਸੂਰਤੀ ’ਚ ਵਾਧਾ ਕਰਦਿਆਂ ਲੋਲਾਬ ਧਾਰਾ ਵਿੱਚ ਰਲ ਜਾਂਦਾ ਹੈ ਜੋ ਪੋਹਰੂ ਨਦੀ ਬਣਾਉਂਦੀ ਹੈ।
ਬੰਗਸ ਵੰਨ-ਸੁਵੰਨੀਆਂ ਬਨਸਪਤੀਆਂ ਅਤੇ ਜੀਵ-ਜੰਤੂਆਂ ਨਾਲ ਭਰਪੂਰ ਹੈ। ਇੱਥੋਂ ਦੇ ਮੈਦਾਨ ਤੇ ਢਲਾਣਾਂ ਫੁੱਲਾਂ ਅਤੇ ਬਿਮਾਰੀਆਂ ਦੇ ਇਲਾਜ ਲਈ ਕੰਮ ਆਉਣ ਵਾਲੇ ਪੌਦਿਆਂ ਨਾਲ ਢੱਕੇ ਹੋਏ ਹਨ। ਦਰਮਿਆਨੇ ਆਕਾਰ ਦੀਆਂ ਤਾਜ਼ੇ ਪਾਣੀ ਦੀਆਂ ਮੱਛੀਆਂ ਨਦੀਆਂ ਵਿੱਚ ਵੱਸਦੀਆਂ ਹਨ। ਘਾਟੀ ਦੇ ਜੰਗਲ ਅਤੇ ਮੈਦਾਨ ਕਈ ਜੰਗਲੀ ਜਾਨਵਰਾਂ ਦੇ ਪ੍ਰਜਣਨ, ਭੋਜਨ ਅਤੇ ਸੁਰੱਖਿਆ ਦੇ ਆਧਾਰ ਵਜੋਂ ਕੰਮ ਕਰਦੇ ਹਨ। ਜੰਗਲੀ ਜੀਵਨ ਵਿੱਚ ਜਾਨਵਰਾਂ ਅਤੇ ਪੰਛੀਆਂ ਦੀਆਂ ਸੈਂਕੜੇ ਕਿਸਮਾਂ ਸ਼ਾਮਿਲ ਹਨ। ਜਾਨਵਰਾਂ ਦੀਆਂ ਪ੍ਰਜਾਤੀਆਂ ਵਿੱਚ ਕਸਤੂਰੀ ਹਿਰਨ, ਹਿਰਨ, ਬਰਫ਼ ਦਾ ਚੀਤਾ, ਭੂਰਾ ਰਿੱਛ, ਕਾਲਾ ਰਿੱਛ, ਬਾਂਦਰ ਅਤੇ ਲਾਲ ਲੂੰਬੜੀ ਸ਼ਾਮਿਲ ਹਨ।
ਇੱਥੇ ਭਾਰਤੀ ਸੈਨਾ ਦੀਆਂ ਇੱਕਾ-ਦੁੱਕਾ ਚੌਂਕੀਆਂ ਅਤੇ ਦੋ ਕੁ ਥਾਈਂ ਭੇਡਾਂ-ਬੱਕਰੀਆਂ ਪਾਲਣ ਵਾਲੇ ਗੁੱਜਰਾਂ ਵੱਲੋਂ ਬਣਾਏ ਮਿੱਟੀ ਦੇ ਢਾਰਿਆਂ ਤੋਂ ਇਲਾਵਾ ਕੋਈ ਉਸਾਰੀ ਜਾਂ ਵਸੋਂ ਨਹੀਂ ਹੈ। ਘੁਮੱਕੜ ਵੀ ਇਸ ਪਾਸੇ ਬਹੁਤ ਘੱਟ ਹੀ ਵਿਖਾਈ ਦਿੰਦੇ ਹਨ ਜਿਸ ਕਰਕੇ ਇਹ ਵਾਦੀ ਬਹੁਤ ਹੀ ਮਨਮੋਹਕ ਵਿਖਾਈ ਦਿੰਦੀ ਹੈ। ਕੁਦਰਤੀ ਨਜ਼ਾਰਿਆਂ ਦੀਆਂ ਫੋਟੋਆਂ ਖਿੱਚਦਿਆਂ ਮਨ ਨਹੀਂ ਸੀ ਭਰ ਰਿਹਾ। ਖ਼ੂਬਸੂਰਤ ਦਰੱਖਤਾਂ, ਹਰੇ-ਭਰੇ ਮੈਦਾਨਾਂ, ਦੁੱਧ ਚਿੱਟੇ ਪਾਣੀ ਦੇ ਵਹਿਣਾਂ, ਨੀਲੇ-ਨੀਲੇ ਆਸਮਾਨ, ਮੱਠੀ-ਮੱਠੀ ਧੁੱਪ ਅਤੇ ਰੁਮਕਦੀ ਸੰਗੀਤਕ ਹਵਾ ਕੋਲੋਂ ਵਿਦਾਇਗੀ ਲੈਣ ਨੂੰ ਭਲਾ ਕਿਸ ਦਾ ਜੀਅ ਕਰਦਾ ਹੈ। ਇਸ ਵਾਦੀ ਦੀ ਕੁਦਰਤ ਨੂੰ ਸਰਸਰੀ ਨਜ਼ਰ ਨਾਲ ਵੇਖਣ ਲਈ ਪੂਰੇ ਦਿਨ ਦਾ ਸਮਾਂ ਵੀ ਘੱਟ ਹੈ। ਪੰਜ ਵੱਜਣ ਕਰਕੇ ਸੁਰੱਖਿਆ ਕਰਮਚਾਰੀ ਜਾਣ ਦਾ ਇਸ਼ਾਰਾ ਕਰ ਰਹੇ ਸਨ। ਆਪਣੇ ਦਿਲ ਨੂੰ ਅਗਲੇ ਵਰ੍ਹੇ ਫੇਰ ਆਉਣ ਦਾ ਦਿਲਾਸਾ ਦਿੰਦਿਆਂ ਅਸੀਂ ਬਡਗਾਮ ਨੂੰ ਚੱਲ ਪਏ।
ਸੰਪਰਕ: 94643-68055