ਜਗਤਾਰ ਸਿੰਘ ਲਾਂਬਾ
ਫਿਰਕੀ ਗੇਂਦਬਾਜ ਬਿਸ਼ਨ ਸਿੰਘ ਬੇਦੀ ਦਾ ਅੰਮ੍ਰਿਤਸਰ ਨਾਲ ਪਿਆਰ ਅਤੇ ਕ੍ਰਿਕਟ ਪ੍ਰਤੀ ਸਮਰਪਣ ਉਸ ਦੇ ਆਖ਼ਰੀ ਸਮੇਂ ਤੱਕ ਕਾਇਮ ਰਿਹਾ।
ਉਹ ਅੰਮ੍ਰਿਤਸਰ ਦਾ ਜੰਮਪਲ ਸੀ ਅਤੇ ਉਸ ਦਾ ਬਚਪਨ ਅੰਮ੍ਰਿਤਸਰ ਦੇ ਪੁਤਲੀਘਰ ਇਲਾਕੇ ਦੀਆਂ ਗਲੀਆਂ ਵਿਚ ਖੇਡਦਿਆਂ ਬੀਤਿਆ। ਉਸ ਨੇ ਸੇਂਟ ਫਰਾਂਸਿਸ ਸਕੂਲ ਤੋਂ ਸਕੂਲੀ ਵਿਦਿਆ ਅਤੇ ਅਗਲੇਰੀ ਪੜ੍ਹਾਈ ਖਾਲਸਾ ਕਾਲਜ ਤੇ ਹਿੰਦੂ ਸਭਾ ਕਾਲਜ ਤੋਂ ਕੀਤੀ। ਖਾਲਸਾ ਕਾਲਜ ਦਾ ਕ੍ਰਿਕਟ ਮੈਦਾਨ ਅਤੇ ਗਾਂਧੀ ਗਰਾਊਂਡ ਉਸ ਦੇ ਪਸੰਦੀਦਾ ਕ੍ਰਿਕਟ ਮੈਦਾਨ ਸਨ।
ਦੇਹਾਂਤ ਤੋਂ ਕੁਝ ਸਮਾਂ ਪਹਿਲਾਂ ਉਹ ਬਿਮਾਰ ਸੀ। ਉਦੋਂ ਉਸ ਨੇ ਆਪਣੇ ਪਰਿਵਾਰ ਕੋਲ ਅੰਮ੍ਰਿਤਸਰ ਜਾਣ ਦੀ ਇੱਛਾ ਪ੍ਰਗਟਾਈ। ਕੁਝ ਮਹੀਨੇ ਪਹਿਲਾਂ ਉਹ ਅੰਮ੍ਰਿਤਸਰ ਆਇਆ। ਉਸ ਦਾ ਪੁੱਤਰ ਵੀ ਨਾਲ ਸੀ। ਤੁਰਨ ਫਿਰਨ ਵਿਚ ਮੁਸ਼ਕਿਲ ਮਹਿਸੂਸ ਕਰਨ ਦੇ ਬਾਵਜੂਦ ਬਿਸ਼ਨ ਸਿੰਘ ਬੇਦੀ ਨੇ ਗਾਂਧੀ ਗਰਾਊਂਡ ਵਿਚ ਜਾ ਕੇ ਆਪਣੀ ਹੋਮ ਪਿੱਚ ਨੂੰ ਸਿਜਦਾ ਕੀਤਾ। ਇਹ ਉਸ ਦੇ ਕ੍ਰਿਕਟ ਪ੍ਰਤੀ ਸਮਰਪਣ ਅਤੇ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਅੰਮ੍ਰਿਤਸਰ ਆਉਣਾ ਉਸ ਦੇ ਅੰਮ੍ਰਿਤਸਰ ਪ੍ਰਤੀ ਪਿਆਰ ਦਾ ਸਿਖਰ ਸੀ। ਉਹ ਕੌਮੀ ਜਾਂ ਕੌਮਾਂਤਰੀ ਪੱਧਰ ’ਤੇ ਅੰਮ੍ਰਿਤਸਰ ਦੇ ਕਿਸੇ ਕ੍ਰਿਕਟ ਖਿਡਾਰੀ ਨੂੰ ਮਿਲਦਾ ਤਾਂ ਫਖਰ ਮਹਿਸੂਸ ਕਰਦਾ। ਇਸ ਦਾ ਖੁਲਾਸਾ ਕਰਦਿਆਂ ਕ੍ਰਿਕਟ ਕੋਚ ਅਤੇ ਖਿਡਾਰੀ ਰਾਜਕੁਮਾਰ ਦੱਸਦਾ ਹੈ ਕਿ ਉਹ ਖਿਡਾਰੀ ਵਿਚ ਪ੍ਰਤਿਭਾ ਨੂੰ ਪਛਾਣਨ ਦਾ ਗੁਣ ਰੱਖਦੇ ਸਨ। ਬਿਸ਼ਨ ਸਿੰਘ ਬੇਦੀ ਹਮੇਸ਼ਾ ਇਹੀ ਕਹਿੰਦਾ ਸੀ ਕਿ ਅੰਮ੍ਰਿਤਸਰ ਵਿਚੋਂ ਚੰਗੇ ਖਿਡਾਰੀ ਪੈਦਾ ਕਰੋ ਜੋ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਖੇਡਣ। ਇਹ ਉਸ ਦਾ ਅੰਮ੍ਰਿਤਸਰ ਨਾਲ ਲਗਾਅ ਅਤੇ ਪਿਆਰ ਸੀ।
ਉਹ ਜਦੋਂ ਵੀ ਅੰਮ੍ਰਿਤਸਰ ਆਉਂਦਾ ਤਾਂ ਗਾਂਧੀ ਗਰਾਊਂਡ ਕ੍ਰਿਕਟ ਮੈਦਾਨ ਵਿਚ ਜ਼ਰੂਰ ਜਾਂਦਾ ਜਿੱਥੇ ਕ੍ਰਿਕਟ ਖੇਡਦੇ ਪੁੰਗਰਦੇ ਖਿਡਾਰੀਆਂ ਨਾਲ ਗੱਲਾਂ ਕਰਦਾ ਅਤੇ ਉਨ੍ਹਾਂ ਨੂੰ ਕਈ ਗੁਰ ਦੱਸਦਾ। ਉਹ ਆਪਣੇ ਜੀਵਨ ਕਾਲ ਦੌਰਾਨ ਅੰਮ੍ਰਿਤਸਰ ਨਾਲ ਹਮੇਸ਼ਾ ਜੁੜਿਆ ਰਿਹਾ।
ਪੁਤਲੀਘਰ ਇਲਾਕੇ ਦੇ ਕੌਂਸਲਰ ਸੁਰਿੰਦਰ ਚੌਧਰੀ ਦਾ ਕਹਿਣਾ ਹੈ ਕਿ ਉਸ ਅਤੇ ਬਿਸ਼ਨ ਸਿੰਘ ਬੇਦੀ ਦੇ ਪਰਿਵਾਰਾਂ ਵਿਚ ਸਾਂਝ ਸੀ। ਬਿਸ਼ਨ ਸਿੰਘ ਬੇਦੀ ਦੇ ਪਿਤਾ ਗਿਆਨ ਸਿੰਘ ਬੇਦੀ ਉਸ ਵੇਲੇ ਕਾਂਗਰਸ ਦੇ ਚੰਗੇ ਕੱਦ-ਬੁੱਤ ਵਾਲੇ ਆਗੂ ਸਨ। ਉਸ ਨੇ ਦੱਸਿਆ ਕਿ ਬੇਦੀ ਪਰਿਵਾਰ ਦਾ ਜੱਦੀ ਘਰ ਇਸ ਵੇਲੇ ਵੀ ਗਲੀ ਵਿਚ ਮੌਜੂਦ ਹੈ। ਇਹ ਘਰ 500-600 ਗਜ਼ ਵਿਚ ਬਣਿਆ ਹੋਇਆ ਹੈ ਪਰ ਇਸ ਵੇਲੇ ਖੰਡਰ ਹਾਲਤ ਵਿਚ ਹੈ, ਛੱਤਾਂ ਢਹਿ ਚੁੱਕੀਆਂ ਹਨ। ਦੋ ਸਾਲ ਪਹਿਲਾਂ ਬਿਸ਼ਨ ਸਿੰਘ ਬੇਦੀ ਇਸ ਘਰ ਵਿਚ ਆਇਆ ਸੀ, ਉਸ ਤੋਂ ਬਾਅਦ ਕੋਈ ਨਹੀਂ ਆਇਆ। ਗਲੀ ਵਿਚ ਹੀ ਸਰਕਾਰੀ ਸਕੂਲ ਵੀ ਹੈ ਜਿਸ ਨੂੰ ਬੇਦੀ ਸਕੂਲ ਦੇ ਨਾਂ ਨਾਲ ਜਾਣਿਆ ਜਾਂਦਾ। ਇਹ ਸਕੂਲ ਬਿਸ਼ਨ ਸਿੰਘ ਬੇਦੀ ਦੇ ਪਿਤਾ ਨੇ ਉਸ ਦੀ ਭੂਆ ਵਾਸਤੇ ਬਣਾਇਆ ਸੀ ਅਤੇ ਬਾਅਦ ਵਿਚ ਇਹ ਇਮਾਰਤ ਸਰਕਾਰੀ ਸਕੂਲ ਵਾਸਤੇ ਸੌਂਪ ਦਿੱਤੀ ਗਈ।
ਸ਼ਹਿਰ ਦੇ ਅੰਦਰੂਨੀ ਹਿੱਸੇ ਵਿਚ ਸਥਾਪਤ ਹਿੰਦੂ ਸਭਾ ਕਾਲਜ ਵਿਚ ਲੱਗੇ ਇਕ ਬੋਰਡ ਉੱਪਰ ਰੋਲ ਆਫ ਆਨਰ ਲਿਖਿਆ ਹੋਇਆ ਹੈ ਜਿਸ ਵਿਚ ਬਿਸ਼ਨ ਸਿੰਘ ਬੇਦੀ ਦਾ ਨਾਂ ਵੀ ਦਰਜ ਹੈ। ਉਸ ਨੇ ਇਸ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਸੀ। ਇਸ ਕਾਲਜ ਵੱਲੋਂ ਕ੍ਰਿਕਟ ਟੀਮ ਵਿਚ ਖੇਡਦਿਆਂ ਹੀ ਉਹ ਰਾਸ਼ਟਰੀ ਟੀਮ ਦਾ ਮੈਂਬਰ ਚੁਣਿਆ ਗਿਆ ਸੀ। ਉਹ 1963 ਤੋਂ ਲੈ ਕੇ 1966 ਤੱਕ ਇਸ ਕਾਲਜ ਵਿਚ ਪੜ੍ਹਿਆ। ਕਾਲਜ ਦੇ ਪ੍ਰਿੰਸੀਪਲ ਸੰਜੀਵ ਸ਼ਰਮਾ ਮੁਤਾਬਿਕ ਬਿਸ਼ਨ ਸਿੰਘ ਬੇਦੀ ਲੰਮਾ ਸਮਾਂ ਕਾਲਜ ਦੀ ਟੀਮ ਅਤੇ ਕੋਚ ਨਾਲ ਸੰਪਰਕ ਵਿਚ ਰਿਹਾ। 2009 ਵਿਚ ਕਾਲਜ ਦੇ ਅਲੂਮਨੀ ਐਸੋਸੀਏਸ਼ਨ ਦੇ ਸਮਾਗਮ ਵਿਚ ਵੀ ਸ਼ਾਮਿਲ ਹੋਇਆ ਸੀ। ਉਸ ਦੇ ਨਾਲ ਹੀ ਕ੍ਰਿਕਟ ਖੇਡਦੇ ਰਹੇ ਖਿਡਾਰੀ ਤਿਲਕ ਰਾਜ ਨੇ ਦੱਸਿਆ ਕਿ ਬੇਦੀ ਦੀ ਫਿਰਕੀ ਗੇਂਦਬਾਜ਼ੀ ਬੜੀ ਸਟੀਕ ਹੁੰਦੀ ਸੀ। ਉਹ ਖੇਡ ਰਹੇ ਖਿਡਾਰੀ ਨੂੰ ਉਸ ਦੀ ਕਮੀ ਦੱਸ ਕੇ ਆਊਟ ਕਰਦਾ। ਉਹ ਚੰਗਾ ਇਨਸਾਨ ਸੀ ਜੋ ਹਮੇਸ਼ਾ ਆਪਣੇ ਸਾਥੀਆਂ ਨਾਲ ਸਹਿਯੋਗ ਕਰਦਾ। ਉਹ ਬਤੌਰ ਕੋਚ ਅੰਮ੍ਰਿਤਸਰ ਗੇਮਸ ਐਸੋਸੀਏਸ਼ਨ ਨਾਲ ਵੀ ਜੁੜਿਆ ਸੀ। ਉਹ 2015 ਵਿਚ ਖਾਲਸਾ ਕਾਲਜ ਦੇ ਇਕ ਸਮਾਗਮ ਵਿਚ ਸ਼ਾਮਿਲ ਹੋਣ ਲਈ ਵੀ ਪੁੱਜਾ ਸੀ। ਕੁਝ ਸਮਾਂ ਪਹਿਲਾਂ ਉਹ ਗੁਰਦੁਆਰਾ ਕਰਤਾਰਪੁਰ ਵਿਖੇ ਪਾਕਿਸਤਾਨੀ ਕ੍ਰਿਕਟ ਖਿਡਾਰੀਆਂ ਇੰਤਖਾਬ ਆਲਮ ਅਤੇ ਸ਼ਫਕਤ ਰਾਣਾ ਨੂੰ ਮਿਲਿਆ ਸੀ। ਅੰਮ੍ਰਿਤਸਰ ਨਾਲ ਉਸ ਦੀ ਸਾਂਝ ਬਹੁਤ ਗੂੜ੍ਹੀ ਹੈ ਜਿਸ ਦੀਆਂ ਯਾਦਾਂ ਦਾ ਰੰਗ ਕਦੇ ਫਿੱਕਾ ਨਹੀਂ ਪਵੇਗਾ। ਉਹ ਅੰਮ੍ਰਿਤਸਰ ਵਾਸੀਆਂ ਦੇ ਚੇਤਿਆਂ ਵਿਚ ਵੱਸਦਾ ਰਹੇਗਾ।
ਸੰਪਰਕ: 94173-57400