ਬਿਸ਼ਨ ਸਿੰਘ ਬੇਦੀ ਕ੍ਰਿਕਟ ਦਾ ਮਹਾਨ ਖਿਡਾਰੀ ਸੀ ਜਿਸ ਦਾ ਦੇਹਾਂਤ ਉਦੋਂ ਹੋਇਆ ਜਦੋਂ ਭਾਰਤ ਵਿਚ ਕ੍ਰਿਕਟ ਦਾ ਵਿਸ਼ਵ ਕੱਪ ਖੇਡਿਆ ਜਾ ਰਿਹਾ ਹੈ। ਤੇਈ ਅਕਤੂਬਰ 2023 ਨੂੰ ਦਿੱਲੀ ਵਿਚ ਹੋਈ ਉਸ ਦੀ ਮ੍ਰਿਤੂ ਨਾਲ ਕ੍ਰਿਕਟ ਜਗਤ ਵਿਚ ਸੋਗ ਛਾ ਗਿਆ। ਖਿਡਾਰੀਆਂ ਤੇ ਖੇਡ ਅਧਿਕਾਰੀਆਂ ਨੇ ਵਿਛੜੇ ਸਾਥੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਕ੍ਰਿਕਟ ਦੇ ਦਿੱਗਜ ਖਿਡਾਰੀ ਤੇ ਫਿਲਮੀ ਸਿਤਾਰੇ ਉਸ ਦੀ ਦੇਹ ’ਤੇ ਫੁੱਲ ਮਾਲਾਵਾਂ ਅਰਪਣ ਕਰਨ ਪੁੱਜੇ ਤੇ ਪਰਿਵਾਰ ਨਾਲ ਦੁੱਖ ਵੰਡਾਇਆ। ਉਸ ਦਾ ਅੰਤਿਮ ਸੰਸਕਾਰ ਦਿੱਲੀ ਵਿਚ ਕੀਤਾ ਗਿਆ। ਜਨ ਸਾਧਾਰਨ ਤੋਂ ਲੈ ਕੇ ਭਾਰਤ ਦੇ ਪ੍ਰਧਾਨ ਮੰਤਰੀ ਤੱਕ ਸਭ ਨੇ ਮਹਾਨ ਕ੍ਰਿਕਟਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਬਿਸ਼ਨ ਸਿੰਘ ਬੇਦੀ ਵਿਸ਼ਵ ਦਾ ਮੰਨਿਆ ਪ੍ਰਮੰਨਿਆ ਸਪਿੰਨ ਗੇਂਦਬਾਜ਼ ਸੀ ਜਿਸ ਨੇ ਦਸੰਬਰ 1966 ਤੋਂ ਜਨਵਰੀ 1979 ਤੱਕ 67 ਟੈਸਟ ਮੈਚ ਖੇਡ ਕੇ 266 ਵਿਕਟਾਂ ਲਈਆਂ। ਉਦੋਂ ਉਸ ਨੇ ਹਿੰਦ ਮਹਾਂਦੀਪ ਵਿਚ ਸਭ ਤੋਂ ਵੱਧ ਟੈਸਟ ਮੈਚ ਖੇਡਣ ਤੇ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਬਣਾਇਆ ਸੀ। ਟੈਸਟ ਮੈਚ ਖੇਡਣ ਦੇ ਨਾਲ 22 ਵਾਰ ਉਸ ਨੇ ਭਾਰਤੀ ਟੀਮ ਦੀ ਕਪਤਾਨੀ ਕੀਤੀ। ਉਦੋਂ ਭਾਰਤ ਦੇ ਚਾਰ ਸਪਿੰਨਰਾਂ ਪ੍ਰਸੰਨਾ, ਚੰਦਰ ਸ਼ੇਖਰ, ਵੈਂਕਟਰਾਘਵਨ ਤੇ ਬੇਦੀ ਦੀਆਂ ਚੜ੍ਹ ਮੱਚੀਆਂ ਸਨ। ਬੇਦੀ ਨੂੰ ‘ਸਰਦਾਰ ਆਫ ਸਪਨਿ’ ਕਿਹਾ ਜਾਣ ਲੱਗਾ ਸੀ। ਟੈਸਟ ਮੈਚਾਂ ਤੋਂ ਬਿਨਾ ਬੇਦੀ ਨੇ 10 ਇਕ ਰੋਜ਼ਾ ਮੈਚ ਵੀ ਖੇਡੇ ਜੋ ਉਦੋਂ ਸ਼ੁਰੂ ਹੀ ਹੋਏ ਸਨ। ਉਨ੍ਹਾਂ ਵਿਚ ਵੀ ਕਫਾਇਤੀ ਗੇਂਦਬਾਜ਼ੀ ਕੀਤੀ ਤੇ ਵਿਕਟਾਂ ਲਈਆਂ। ਉਸ ਨੇ ਪਹਿਲੀ ਸ਼੍ਰੇਣੀ ਦੇ ਕ੍ਰਿਕਟ ਮੈਚਾਂ ਦੀਆਂ ਵੀ 1560 ਵਿਕਟਾਂ ਲੈਣ ਦਾ ਰਿਕਾਰਡ ਬਣਾਇਆ। ਇਕੇਰਾਂ ਇਕੋ ਮੈਚ ਵਿਚ 10 ਵਿਕਟਾਂ ਲਈਆਂ ਤੇ 14 ਟੈਸਟ ਮੈਚਾਂ ਵਿਚ 5-5 ਵਿਕਟਾਂ ਉਡਾਈਆਂ। ਜਿਵੇਂ ਧਿਆਨ ਚੰਦ ਨੂੰ ਹਾਕੀ ਦਾ ਜਾਦੂਗਰ ਕਿਹਾ ਜਾਦਾ ਸੀ ਉਵੇਂ ਬੇਦੀ ਨੂੰ ਸਪਨਿ ਦਾ ਜਾਦੂਗਰ ਕਿਹਾ ਜਾਣ ਲੱਗਾ ਸੀ।
ਬਿਸ਼ਨ ਸਿੰਘ ਦਾ ਜਨਮ 29 ਸਤੰਬਰ 1946 ਨੂੰ ਗੁਰੂ ਨਾਨਕ ਦੇਵ ਜੀ ਦੇ ਵੰਸ਼ ਵਿਚ ਗੁਰੂ ਰਾਮਦਾਸ ਜੀ ਵਸਾਈ ਨਗਰੀ ਅੰਮ੍ਰਿਤਸਰ ਵਿਚ ਹੋਇਆ। ਉਸ ਦੇ ਪਿਤਾ ਖ਼ੁਦ ਖੇਡਾਂ ਵਿਚ ਦਿਲਚਸਪੀ ਰੱਖਦੇ ਸਨ। ਉਹ ਚਾਹੁੰਦੇ ਸਨ ਕਿ ਉਨ੍ਹਾਂ ਦਾ ਪੁੱਤਰ ਤਕੜਾ ਖਿਡਾਰੀ ਬਣੇ। ਉਹ ਅੰਮ੍ਰਿਤਸਰ ਦੇ ਜਨਿ੍ਹਾਂ ਸਕੂਲਾਂ ਕਾਲਜਾਂ ਵਿਚ ਪੜ੍ਹਿਆ ਸਭ ਨੇ ਉਸ ਨੂੰ ਖੇਡ ਸਹੂਲਤਾਂ ਦਿੱਤੀਆਂ। ਪਹਿਲਾਂ ਪਹਿਲ ਉਹ ਫੁੱਟਬਾਲ ਖੇਡਣ ਲੱਗਾ ਸੀ। ਫਿਰ ਕ੍ਰਿਕਟ ਪ੍ਰੇਮੀ ਕਿਰਪਾਲ ਸਿੰਘ ਦੀ ਪ੍ਰੇਰਨਾ ਨਾਲ ਕ੍ਰਿਕਟ ਵੱਲ ਆ ਗਿਆ। ਪ੍ਰੋ. ਗਿਆਨ ਪ੍ਰਕਾਸ਼ ਨੇ ਵੀ ਉਸ ਨੂੰ ਵਧੀਆ ਕ੍ਰਿਕਟ ਖਿਡਾਰੀ ਬਣਨ ਦੇ ਰਾਹ ਪਾਇਆ। ਉਹ ਸਿਰਫ਼ ਪੰਦਰਾਂ ਸਾਲਾਂ ਦਾ ਸੀ ਜਦੋਂ ਰਣਜੀ ਟਰਾਫੀ ਦਾ ਪਹਿਲਾ ਮੈਚ ਖੇਡਿਆ। ਉਸ ਪਿੱਛੋਂ ਉਹ ਅੱਗੇ ਹੀ ਅੱਗੇ ਵਧਦਾ ਗਿਆ। ਉਹ ਦਿਨ ਵੀ ਆਏ ਜਦੋਂ ਅਕਾਸ਼ਵਾਣੀ ਤੋਂ ਕ੍ਰਿਕਟ ਦੀ ਕੁਮੈਂਟਰੀ ਕਰਨ ਵਾਲਿਆਂ ਨੇ ਜਿੰਨੀ ਵਾਰ ਬੇਦੀ ਦਾ ਨਾਂ ਉਚਾਰਿਆ ਓਨੀ ਵਾਰ ਸ਼ਾਇਦ ਭਾਰਤ ਦੇ ਕਿਸੇ ਪ੍ਰਧਾਨ ਮੰਤਰੀ ਦਾ ਵੀ ਨਹੀਂ ਉਚਾਰਿਆ ਹੋਣਾ। ਉਦੋਂ ਕੁਮੈਂਟਰੀ ਕਰਨ ਵਾਲਿਆਂ ਨੇ ਬੇਦੀ ਦੇ ਨਾਂ ਨਾਲ ਤਿੰਨ ਨਾਂ ਹੋਰ ਜੋੜ ਦਿੱਤੇ ਸਨ: ਪਟਕੇ ਵਾਲਾ ਸਰਦਾਰ, ਅੰਮ੍ਰਿਤਸਰ ਦਾ ਹੀਰਾ ਤੇ ਸਰਦਾਰ ਆਫ ਸਪਨਿ।
ਦਸੰਬਰ 1966 ਵਿਚ ਦਿੱਲੀ ਵਿਖੇ ਪ੍ਰਧਾਨ ਮੰਤਰੀ ਦੀ ਟੀਮ ਦਾ ਵੈਸਟ ਇੰਡੀਜ਼ ਦੀ ਟੀਮ ਵਿਰੁੱਧ ਕ੍ਰਿਕਟ ਮੈਚ ਚੱਲ ਰਿਹਾ ਸੀ। ਬਿਸ਼ਨ ਸਿੰਘ ਬੇਦੀ ਨੇ ਪ੍ਰਧਾਨ ਮੰਤਰੀ ਦੀ ਟੀਮ ਵੱਲੋਂ ਗੇਂਦਬਾਜ਼ੀ ਕਰਦਿਆਂ 139 ਦੌੜਾਂ ਦੇ ਕੇ 6 ਵਿਕਟਾਂ ਲੈ ਲਈਆਂ ਸਨ। ਤਦੇ ਭਾਰਤੀ ਟੀਮ ਦੇ ਚੋਣਕਾਰ ਦੱਤਾ ਰੇਅ ਤੇ ਐੱਮ.ਕੇ. ਮੰਤਰੀ ਨੇ ਉਸ ਨੂੰ ਆਪਣੇ ਕੋਲ ਸੱਦਿਆ ਤੇ ਕਿਹਾ, ‘‘ਆਪਣਾ ਪਟਕਾ ਤੇ ਪਗੜੀ ਬਗੈਰਾ ਬੈਗ ’ਚ ਪਾ ਕੇ ਤਿਆਰ ਹੋ ਜਾ ਤੇ ਜਹਾਜ਼ੇ ਚੜ੍ਹ ਚੱਲ, ਕਲਕੱਤੇ ਤੂੰ ਟੈਸਟ ਮੈਚ ਖੇਡਣਾ ਹੋਵੇਗਾ।’’
ਕਿਸੇ ਨਵੇਂ ਉੱਠਦੇ ਖਿਡਾਰੀ ਲਈ ਇਸ ਤੋਂ ਵੱਧ ਖ਼ੁਸ਼ੀ ਦੀ ਗੱਲ ਕੀ ਹੋ ਸਕਦੀ ਸੀ। ਉਦੋਂ ਭਾਰਤੀ ਟੀਮ ਦਾ ਕਪਤਾਨ ਨਵਾਬ ਮਨਸੂਰ ਅਲੀ ਖਾਨ ਪਟੌਦੀ ਸੀ। ਕਲਕੱਤੇ ਦੇ ਈਡਨ ਗਾਰਡਨ ਮੈਦਾਨ ਵਿਚ ਬੇਦੀ ਨੇ ਵਧੀਆ ਗੇਂਦਾਂ ਸੁੱਟ ਕੇ ਸਭਨਾਂ ਦਾ ਚਿੱਤ ਰਾਜ਼ੀ ਕਰ ਦਿੱਤਾ। ਕਲਕੱਤੇ ਦੇ ਉਸ ਟੈਸਟ ਮੈਚ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਾ ਵੇਖਿਆ। ਉਹ ਭਾਰਤੀ ਕ੍ਰਿਕਟ ਟੀਮ ਦਾ ਅਨਿੱਖੜਵਾਂ ਅੰਗ ਬਣ ਗਿਆ। ਪੂਰੇ ਬਾਰਾਂ ਵਰ੍ਹੇ ਬੇਦੀ ਤੋਂ ਬਗੈਰ ਕਿਸੇ ਭਾਰਤੀ ਕ੍ਰਿਕਟ ਟੀਮ ਦਾ ਸੰਕਲਪ ਹੀ ਨਹੀਂ ਕੀਤਾ ਜਾ ਸਕਿਆ। ਇਕ ਅੱਧ ਵਾਰ ਅਜਿਹਾ ਮੌਕਾ ਵੀ ਆਇਆ ਜਦੋਂ ਦੇਸ਼ ਭਰ ਦੇ ਕ੍ਰਿਕਟ ਪ੍ਰੇਮੀਆਂ ਨੇ ਚੋਣਕਾਰਾਂ ਨੂੰ ਮਜਬੂਰ ਕਰ ਦਿੱਤਾ ਕਿ ਜੇ ਉਹ ਬੇਦੀ ਨੂੰ ਟੀਮ ਵਿਚ ਪਾਉਣਗੇ ਤਾਂ ਹੀ ਟੈਸਟ ਮੈਚ ਖੇਡਣ ਦਿੱਤਾ ਜਾਵੇਗਾ ਵਰਨਾ ਨੋ ਬੇਦੀ ਨੋ ਮੈਚ!
ਥੋੜ੍ਹੇ ਹੀ ਸਮੇਂ ਵਿਚ ਬੇਦੀ ਦੀ ਮਸ਼ਹੂਰੀ ਦਾ ਇਹ ਆਲਮ ਹੋਇਆ ਕਿ ਆਸਟਰੇਲੀਆ ਵਿਚ ਔਰਤਾਂ ਦੇ ਇਕ ਸੰਸਾਰ ਪ੍ਰਸਿੱਧ ਰਸਾਲੇ ਨੇ ਉਸ ਦੀ ਇੰਟਰਵਿਊ ਲਈ। ਉਸ ਮੈਗਜ਼ੀਨ ਵੱਲੋਂ ਬੇਦੀ ਤੋਂ ਪਹਿਲਾਂ ਅਜਿਹੀ ਇੰਟਰਵਿਊ ਕੇਵਲ ਐਲਿਜ਼ਬੈੱਥ ਟੇਲਰ, ਜੈਕੀ ਓਨਾਸਿਸ ਤੇ ਸੋਨੀਆ ਮੈਕਮਾਹਣੋ ਨਾਲ ਹੀ ਕੀਤੀ ਗਈ ਸੀ। ਰਸਾਲੇ ਦੀ ਪੱਤਰਕਾਰ ਨੇ ਬੇਦੀ ਨੂੰ ਪੁੱਛਿਆ, ‘‘ਕੀ ਕਾਰਨ ਹੈ, ਤੁਹਾਡੀ ਖੇਡ ਦੇ ਲੋਕ ਐਨੇ ਦੀਵਾਨੇ ਕਿਉਂ ਹਨ?’’ ਬੇਦੀ ਨੇ ਮੁਸਕਰਾਉਂਦਿਆਂ ਉੱਤਰ ਦਿੱਤਾ, ‘‘ਸ਼ਾਇਦ ਲੋਕ ਖੇਡ ਵਿਚ ਕੋਈ ਬਦਲਾਅ ਵੇਖਣਾ ਚਾਹੁੰਦੇ ਹੋਣ। ਮੇਰੀ ਗੇਂਦਬਾਜ਼ੀ ਵਿਚ ਵੱਖਰਾ ਅੰਦਾਜ਼ ਵੀ ਹੈ ਤੇ ਮੇਰੇ ਸਰੂਪ ਵਿਚ ਵੀ ਵਿਲੱਖਣਤਾ। ਸੰਭਵ ਹੈ ਮੇਰੀ ਪਗੜੀ ਤੇ ਪਟਕੇ ਵਿਚ ਵੀ ਖ਼ਾਸ ਖਿੱਚ ਹੋਏ। ਇਸ ਤੋਂ ਬਿਨਾ ਮੇਰਾ ਪੰਜਾਬੀ ਸੁਭਾਅ ਉਂਜ ਹੀ ਘੁਲ ਮਿਲ ਜਾਣ ਵਾਲਾ ਹੈ।’’
ਬਾਅਦ ਵਿਚ ਉਸ ਦੇ ਘੁਲ ਮਿਲ ਜਾਣ ਵਾਲੇ ਸੁਭਾਅ ਨੇ ਹੀ ਰੰਗ ਭਾਗ ਲਾਏ ਕਿ ਆਸਟਰੇਲੀਆ ਦੀ ਜੰਮਪਲ ਗੋਰੀ ਮੁਟਿਆਰ ਗਲੈਨਿਥ ਅੰਬਰਸਰੀਏ ਭਾਊ ਉੱਤੇ ਮਿਹਰਬਾਨ ਹੋ ਗਈ ਜੋ ਹੀਰ ਰਾਂਝੇ ਦੇ ਇਸ਼ਕ ਵਾਲੀ ਬਾਤ ਬਣ ਗਈ। ਉਸ ਨੇ ਮਝੈਲ ਭਾਊ ਦੇ ਮਗਰੇ ਅੰਮ੍ਰਿਤਸਰ ਆ ਕੇ ਸਿੱਖ ਧਰਮ ਧਾਰਨ ਕਰ ਲਿਆ। ਫਿਰ ਪੂਰੀ ਗੁਰ ਮਰਿਆਦਾ ਨਾਲ ਅਨੰਦ ਕਾਰਜ ਰਚਾ ਕੇ ਬੇਦੀ ਨਾਲ ਵਿਆਹ ਕਰਾ ਲਿਆ। ਵਿਆਹ ਤੋਂ ਦੋ ਦਿਨਾਂ ਪਿੱਛੋਂ ਕਲਕੱਤੇ, ਬੇਦੀ ਨੇ ਆਸਟਰੇਲੀਆ ਵਿਰੁੱਧ ਟੈੱਸਟ ਮੈਚ ਖੇਡਿਆ ਤੇ ਲੱਗਦੇ ਹੱਥ 98 ਦੌੜਾਂ ਦੇ ਕੇ 7 ਵਿਕਟਾਂ ਬਟੋਰ ਲਈਆਂ। ਇਹ ਉਹਦਾ ਨਵ-ਵਿਆਹੀ ਆਸਟਰੇਲੀਅਨ ਵਹੁਟੀ ਨੂੰ ਪਹਿਲਾ ਤੋਹਫ਼ਾ ਸੀ!
ਫਿਰ ਤਾਂ ਤੋਹਫ਼ਿਆਂ ਦੀ ਝੜੀ ਹੀ ਲੱਗ ਗਈ। ਵਾਹਿਗੁਰੂ ਨੇ ਪੁੱਤਰ ਦੀ ਦਾਤ ਬਖ਼ਸ਼ ਦਿੱਤੀ। ਗਵਾਸਕਰ ਦਾ ਅੱਧਾ ਨਾਂ ਤੇ ਗਲੈਨਿਥ ਨਾਲ ਪੁਰਖਿਆਂ ਦਾ ਨਾਂ ਜੋੜ ਕੇ ਪੁੱਤਰ ਦਾ ਨਾਂ ਰੱਖਿਆ ਗਿਆ ਗਵਾਸਇੰਦਰ ਸਿੰਘ ਬੇਦੀ। ਧੀ ਜੰਮੀ ਤਾਂ ਨਾਂ ਰੱਖਿਆ ਗਿੱਲਇੰਦਰ ਕੌਰ ਬੇਦੀ। ਫਿਰ ਅਚਾਨਕ ਵਿਗਾੜ ਪੈ ਗਿਆ ਜੋ ਤਲਾਕ ਨਾਲ ਸਿਰੇ ਲੱਗਾ।
ਬਿਸ਼ਨ ਸਿੰਘ ਬੇਦੀ ਦਾ ਦੂਜਾ ਵਿਆਹ ਛੇਤੀ ਹੀ ਹੋ ਗਿਆ। ਇੰਦਰਜੀਤ ਕੌਰ ਅੰਜੂ ਉਹਦੀ ਦੂਜੀ ਪਤਨੀ ਬਣੀ ਜਿਸ ਨੇ ਪੁੱਤਰ ਅੰਗਦ ਸਿੰਘ ਤੇ ਧੀ ਨੇਹਾ ਨੂੰ ਜਨਮ ਦਿੱਤਾ। ਧੀ ਨੇਹਾ ਬੇਦੀ ਨੇ ਆਪਣੇ ਪਿਤਾ ਦੀ ਜੀਵਨੀ ਲਿਖੀ ਜਿਸ ਦਾ ਨਾਂ ‘ਸਰਦਾਰ ਆਫ ਸਪਨਿ’ ਰੱਖਿਆ। ਅੰਗਦ ਬੇਦੀ ਪਹਿਲਾਂ ਮਾਡਲਿੰਗ ਕਰਦਾ ਸੀ, ਹੁਣ ਫਿਲਮ ਅਦਾਕਾਰ ਹੈ। ਉਹ ਫਿਲਮ ਅਦਾਕਾਰਾ ਨੇਹਾ ਧੂਪੀਆ ਨਾਲ ਵਿਆਹਿਆ ਹੋਇਆ ਹੈ। ਉਨ੍ਹਾਂ ਦੇ ਵੀ ਇਕ ਪੁੱਤਰ ਤੇ ਇਕ ਧੀ ਹੈ।
ਮੈਕਸਿਮ ਗੋਰਕੀ ਨੇ ਲਿਖਿਆ ਹੈ ਕਿ ਦੁਨੀਆ ਦਾ ਸ਼ਾਇਦ ਹੀ ਕੋਈ ਕਵੀ ਹੋਵੇ ਜਿਸ ਨੇ ਆਪਣੀ ਬੋਲੀ ਦੇ ਲਫ਼ਜ਼ਾਂ ਦੀ ਥੁੜ ਨੂੰ ਨਾ ਕੋਸਿਆ ਹੋਵੇ। ਇਸੇ ਤਰ੍ਹਾਂ ਸ਼ਾਇਦ ਹੀ ਕੋਈ ਗੇਂਦਬਾਜ਼ ਹੋਵੇ ਜਿਸ ਨੇ ਆਪਣੀਆਂ ਉਂਗਲਾਂ ਦੇ ਘੱਟ ਲੰਮੇ ਹੋਣ ਦਾ ਅਫ਼ਸੋਸ ਨਾ ਕੀਤਾ ਹੋਵੇ। ਬੇਦੀ ਦੀਆਂ ਉਂਗਲਾਂ ਨਾ ਬਹੁਤੀਆਂ ਲੰਮੀਆਂ ਸਨ ਨਾ ਬਹੁਤੀਆਂ ਮਜ਼ਬੂਤ। ਉਨ੍ਹਾਂ ਦਾ ਪਤਾ ਮੈਨੂੰ 1982 ਵਿਚ ਦਿੱਲੀ ਏਸ਼ੀਆਡ ਕਵਰ ਕਰਨ ਗਏ ਨੂੰ ਲੱਗਿਆ ਸੀ। ਮੇਰੇ ਮਿੱਤਰ ਅਰਜੁਨ ਐਵਾਰਡੀ ਅਜਮੇਰ ਸਿੰਘ ਨੇ ਮੈਨੂੰ ਬੇਦੀ ਨਾਲ ਮਿਲਾਇਆ ਸੀ। ਉੱਥੇ ਅਸੀਂ ਖੁੱਲ੍ਹੀਆਂ ਗੱਲਾਂ ਕੀਤੀਆਂ। ਉਹ ਦਰਮਿਆਨੇ ਕੱਦ ਦਾ ਵਜ਼ਨਦਾਰ ਖਿਡਾਰੀ ਸੀ ਜਿਸ ਦੀ ਪੋਚਵੀਂ ਪੱਗ ਹੇਠ ਕਾਲੀ ਫਿਫਟੀ ਲਾਈ ਹੋਈ ਸੀ। ਨੱਕ ਰਤਾ ਚੌੜਾ, ਭਰਵੱਟੇ ਸੰਘਣੇ ਤੇ ਦਾੜ੍ਹੀ ਫੀਤੇ ਨਾਲ ਕਸੀ ਹੋਈ ਸੀ। ਉੱਥੇ ਮੈਂ ਉਸ ਦੀਆਂ ਉਂਗਲਾਂ ਬਾਰੇ ਸੁਆਲ ਪੁੱਛਿਆ ਸੀ ਕਿ ਇਹ ਹਜ਼ਾਰਾਂ ਓਵਰ ਕਿਵੇਂ ਸੁੱਟ ਸਕੀਆਂ? ਉਸ ਨੇ ਹੱਸਦਿਆਂ ਦੱਸਿਆ ਕਿ ਮੈਂ ਨਿੱਕਾ ਹੁੰਦਾ ਹੀ ਆਪਣੇ ਕੱਪੜੇ ਆਪ ਧੋਂਦਾ ਤੇ ਨਿਚੋੜਦਾ ਰਿਹਾ ਸਾਂ। ਕੱਪੜੇ ਧੋਣ ਤੇ ਨਿਚੋੜਨ ਨੇ ਮੇਰੀਆਂ ਉਂਗਲਾਂ ਤਕੜੀਆਂ ਕੀਤੀਆਂ ਜਨਿ੍ਹਾਂ ਨੇ ਮੈਨੂੰ ਕਦੇ ਧੋਖਾ ਨਹੀਂ ਦਿੱਤਾ।
ਕ੍ਰਿਕਟ ਦੇ ਪ੍ਰਸਿੱਧ ਟਿੱਪਣੀਕਾਰ ਵਿਲਫਰੈੱਡ ਰੋਡਜ਼ ਨੇ ਉਹਦੀ ਗੇਂਦਬਾਜ਼ੀ ਦੀ ਸਿਫ਼ਤ ਕਰਦਿਆਂ ਉਸ ਨੂੰ ‘ਗਤੀਸ਼ੀਲ ਕਵਿਤਾ’ ਕਿਹਾ ਸੀ। ਗੇਂਦ ਸੁੱਟਣ ਲੱਗਿਆਂ ਬੇਦੀ ਪੰਜ ਛੇ ਕਦਮਾਂ ਦਾ ਨਿੱਕਾ ਜਿਹਾ ਪੈਂਤੜਾ ਲੈਂਦਾ। ਤਿੰਨ ਕਦਮ ਪੁੱਟਦਿਆਂ ਉਹਦਾ ਕੜੇ ਵਾਲਾ ਸੱਜਾ ਹੱਥ ਉਪਰ ਉੱਠ ਜਾਂਦਾ। ਫਿਰ ਸੱਜਾ ਹੇਠਾਂ ਤੇ ਖੱਬਾ ਉੱਪਰ ਨੂੰ ਘੁੰਮਦਾ। ਐਨ ਸਿਖਰ ’ਤੇ ਉਹ ਉਂਗਲਾਂ ਦੀ ਐਸੀ ਚੱਕਰੀ ਘੁਮਾਉਂਦਾ ਕਿ ਗੇਂਦ ਹਵਾ ਵਿਚ ਹੀ ਘੁਮਾਟੀ ਲੈ ਕੇ ਅਜਿਹੇ ਕੋਣ ਤੇ ਉਚਾਈ ਉੱਤੇ ਪਹੁੰਚਦੀ ਜਿਸ ਬਾਰੇ ਬੱਲੇਬਾਜ਼ ਨੂੰ ਪਹਿਲਾਂ ਕੋਈ ਅਨੁਮਾਨ ਹੀ ਨਹੀਂ ਸੀ ਹੁੰਦਾ। ਇੰਜ ਬੇਦੀ ਦੀ ਗੇਂਦ ਤੋਂ ਇਕ ਬੰਨੇ ਦੌੜਾਂ ਨਹੀਂ ਸੀ ਬਣਦੀਆਂ ਤੇ ਦੂਜੇ ਬੰਨੇ ਬੱਲੇਬਾਜ਼ ਵਿਕਟ ਦਾ ਸ਼ਿਕਾਰ ਹੋ ਬਹਿੰਦਾ ਸੀ। ਇਸ ਤਰ੍ਹਾਂ ਬੜਾ ਘੱਟ ਦੌੜ ਕੇ ਉਹ ਘੰਟਿਆਂ ਬੱਧੀ ਗੇਂਦਬਾਜ਼ੀ ਕਰ ਸਕਦਾ ਸੀ।
ਕ੍ਰਿਕਟ ਬੇਦੀ ਲਈ ਰੌਚਿਕ ਖੇਡ ਸੀ, ਮਨੋਰੰਜਨ ਵੀ ਤੇ ਥੋੜ੍ਹੀ ਬਹੁਤ ਕਮਾਈ ਦਾ ਸਾਧਨ ਵੀ। ਉਸ ਨੂੰ ਇੰਗਲੈਂਡ ਦੀਆਂ ਪਿੱਚਾਂ ’ਤੇ ਖੇਡਣਾ ਵਧੇਰੇ ਪਸੰਦ ਸੀ। ਕ੍ਰਿਕਟ ਉਹਦੇ ਲਈ ਅਧਿਐਨ ਦਾ ਵਿਸ਼ਾ ਵੀ ਸੀ। ਕੇਵਲ ਕ੍ਰਿਕਟ ਬਾਰੇ ਹੀ ਉਸ ਦੀ ਲਾਇਬ੍ਰੇਰੀ ਵਿਚ ਚਾਰ ਸੌ ਤੋਂ ਵੱਧ ਕਿਤਾਬਾਂ ਸਨ। ਉਹ ਆਮ ਪੇਸ਼ਾਵਰ ਖਿਡਾਰੀਆਂ ਵਾਂਗ ਪੈਸੇ ਬਟੋਰਨ ਵਾਲਾ ਖਿਡਾਰੀ ਨਹੀਂ ਸੀ। ਤਦੇ ਉਹ ਡਾਲਰਾਂ/ਪੌਂਡਾਂ ਪਿੱਛੇ ਨਾ ਕੈਰੀ ਪੈਕਰ ਦੀ ਕ੍ਰਿਕਟ ਸਰਕਸ ਵਿਚ ਗਿਆ ਤੇ ਨਾ ਕਿਸੇ ਹੋਰ ਲਾਲਚ ਨਾਲ ਭਰਮਾਇਆ ਗਿਆ। ਉਹ ਖੇਡ ਵਿਚ ਮੁਹਾਰਤ ਹਾਸਲ ਕਰਨ ਲਈ ਕਰੜੀ ਕਸਰਤ ਕਰਨ ਦਾ ਹਾਮੀ ਸੀ। ਇਹੋ ਕਾਰਨ ਸੀ ਕਿ ਸਿਖਲਾਈ ਦੌਰਾਨ ਉਹ ਸਾਥੀਆਂ ਨਾਲੋਂ ਦੌੜਾਂ ਵੀ ਵੱਧ ਲਾਉਂਦਾ ਤੇ ਗੇਂਦਾਂ ਨਾਲ ਪ੍ਰੈਕਟਿਸ ਵੀ ਵੱਧ ਕਰਦਾ ਸੀ।
ਬਤੌਰ ਗੇਂਦਬਾਜ਼ ਤੇ ਟੀਮ ਕਪਤਾਨ ਉਹਦਾ ਵਿਸ਼ੇਸ਼ ਬਿੰਬ ਸੀ। ਕ੍ਰਿਕਟ ਦੇ ਧੁਨੰਤਰ ਟਿੱਪਣੀਕਾਰ ਉਸ ਨੂੰ ਨਿਡਰ, ਸਵੈ-ਵਿਸ਼ਵਾਸੀ, ਸੱਚਾ-ਸੁੱਚਾ ਤੇ ਬਾਦਲੀਲ ਵਿਅਕਤੀ ਸਵੀਕਾਰ ਕਰਦੇ ਸਨ। ਉਹ ਵਧੀਆ ਬੁਲਾਰਾ ਸੀ। ਉਹਦੀਆਂ ਗੱਲਾਂ ਸਪੱਸ਼ਟ ਤੇ ਦਿਲਚਸਪ ਹੁੰਦੀਆਂ ਸਨ। ਉਹ ਔਖੀਆਂ ਘੜੀਆਂ ਵਿਚ ਵੀ ਹੱਸ ਖੇਡ ਤੇ ਟਿੱਚਰ ਮਖੌਲ ਕਰ ਸਕਦਾ ਸੀ। ਉਹ ਅਰਜੁਨ ਐਵਾਰਡੀ ਵੀ ਸੀ ਤੇ ਪਦਮ ਸ੍ਰੀ ਵੀ। ਉਹ ਹੋਰ ਵੀ ਬਹੁਤ ਕੁਝ ਸੀ। ਸੰਖੇਪ ਵਿਚ ਕਹਿਣਾ ਹੋਵੇ ਤਾਂ ‘ਲੱਠਾ ਬੰਦਾ’ ਸੀ।
ਦਿਲ ਦੀ ਬਿਮਾਰੀ ਦੀਰਘ ਹੋ ਜਾਣ ਕਾਰਨ ਉਹ ਉਸ ਨੂੰ ਲਾਇਲਾਜ ਸਮਝਣ ਲੱਗ ਪਿਆ ਸੀ। ਪਰਿਵਾਰ ਨੂੰ ਕਹਿਣ ਲੱਗ ਪਿਆ ਸੀ, ‘‘ਮੈਨੂੰ ਇਕ ਵਾਰ ਅੰਬਰਸਰ ਲੈ ਚੱਲੋ, ਮੈਂ ਆਪਣੀ ਜਨਮ ਭੋਇੰ ਤੇ ਆਪਣਾ ਕ੍ਰਿਕਟ ਗਰਾਊਂਡ ਵੇਖ ਆਵਾਂ। ਬਚਪਨ ਦੇ ਦੋਸਤਾਂ ਨੂੰ ਮਿਲ ਲਵਾਂ ਤੇ ਦਰਬਾਰ ਸਾਹਿਬ ਮੱਥਾ ਟੇਕ ਆਵਾਂ। ਸਦੀਵੀ ਅਲਵਿਦਾ ਕਹਿਣ ਤੋਂ ਕੁਝ ਸਮਾਂ ਪਹਿਲਾਂ ਪਰਿਵਾਰ ਉਸ ਨੂੰ ਅੰਮ੍ਰਿਤਸਰ ਲੈ ਵੀ ਗਿਆ ਸੀ। ਉਸ ਨੇ ਆਪਣੇ ਕ੍ਰਿਕਟ ਕੋਚ ਨਮਿੱਤ ਅਖੰਡ ਪਾਠ ਕਰਵਾਇਆ ਸੀ। ਉੱਥੇ ਆਪਣਾ ਜੱਦੀ ਘਰ ਵੇਖਿਆ, ਦੋਸਤਾਂ ਨੂੰ ਮਿਲਿਆ, ਦਰਬਾਰ ਸਾਹਿਬ ਗਿਆ ਤੇ ਫਿਰ ਗਾਂਧੀ ਗਰਾਊਂਡ ਵੱਲ ਚੱਲ ਪਿਆ ਜੋ ਉਸ ਦੀ ਖੇਡ ਦਾ ਮੱਕਾ ਸੀ। ਉਸ ਨੂੰ ਸਹਾਰੇ ਨਾਲ ਤੋਰ ਕੇ ਪਿੱਚ ਤਕ ਲਿਜਾਇਆ ਗਿਆ। ਪਿੱਚ ਉੱਤੇ ਉਹ ਨਿਵਿਆਂ, ਮੱਥਾ ਮਿੱਟੀ ਨਾਲ ਛੁਹਾਇਆ ਤਾਂ ਉਸ ਦੀਆਂ ਅੱਖਾਂ ਭਰ ਆਈਆਂ। ਰੋਕਦਿਆਂ ਵੀ ਉਸ ਦੇ ਹੰਝੂ ਵਹਿ ਤੁਰੇ। ਉਸ ਨੂੰ ਪਤਾ ਸੀ, ਮੁੜ ਕੇ ਉਸ ਨੇ ਆਪਣੇ ਅੰਬਰਸਰ ਨਹੀਂ ਆ ਸਕਣਾ। ਪਰਿਵਾਰ ਨਾਲ ਉਹ ਦਿੱਲੀ ਚਲਾ ਗਿਆ ਜਿੱਥੋਂ ਕਦੇ ਪਰਤ ਨਾ ਸਕਿਆ। ਇਹ ਹੁਣ ਅੰਬਰਸਰੀਆਂ ਤੇ ਪੂਰੇ ਪੰਜਾਬੀਆਂ ਨੇ ਵੇਖਣਾ ਕਿ ਕ੍ਰਿਕਟ ਦੇ ਹੀਰੇ ‘ਪਟਕੇ ਵਾਲੇ ਸਰਦਾਰ’ ਨੂੰ ਕਿਵੇਂ ਯਾਦ ਰੱਖਣਾ ਹੈ?
ਈ-ਮੇਲ: principalsarwansingh@gmail.com