ਪੱਤਰ ਪ੍ਰੇਰਕ
ਫਰੀਦਾਬਾਦ, 31 ਅਕਤੂਬਰ
ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਕੌਮੀ ਏਕਤਾ ਦਿਵਸ ਅਤੇ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਭਾਰਤ ਰਤਨ ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਨ ਮੌਕੇ ‘ਰਨ ਫਾਰ ਯੂਨਿਟੀ’ ਮੈਰਾਥਨ ਕਰਵਾਈ। ਇਸ ਦੌੜ ਵਿੱਚ ਬੱਚੇ, ਨੌਜਵਾਨ ਤੇ ਬਜ਼ੁਰਗਾਂ ਨੇ ਹਿੱਸਾ ਲਿਆ। ਸਰਦਾਰ ਵੱਲਭ ਭਾਈ ਪਟੇਲ ਦੀ ਜੈਅੰਤੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਅਧਿਕਾਰੀਆਂ ਦੀ ਅਗਵਾਈ ਹੇਠ ਮੈਰਾਥਨ ਸਵੇਰੇ 7 ਵਜੇ ਸ਼ੁਰੂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਰਨ ਫਾਰ ਯੂਨਿਟੀ ਮੈਰਾਥਨ ਅੰਬੇਡਕਰ ਚੌਕ ਤੋਂ ਸ਼ੁਰੂ ਹੋ ਕੇ ਸੈਕਟਰ-3 ਦੀਆਂ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ ਸੈਕਟਰ-3 ਦੇ ਕਮਿਊਨਿਟੀ ਹਾਲ ਵਿੱਚ ਸਮਾਪਤ ਹੋਈ। ਉਨ੍ਹਾਂ ਦੱਸਿਆ ਕਿ ਇਹ ਮੈਰਾਥਨ 5 ਕਿਲੋਮੀਟਰ ਲੰਬੀ ਸੀ। ਐੱਸਡੀਐੱਮ ਤ੍ਰਿਲੋਕ ਚੰਦ, ਭਾਜਪਾ ਜ਼ਿਲ੍ਹਾ ਪ੍ਰਧਾਨ ਗੋਪਾਲ ਸ਼ਰਮਾ, ਭਾਜਪਾ ਆਗੂ ਤਿਪਰ ਚੰਦ ਸ਼ਰਮਾ ਅਤੇ ਏਸੀਪੀ ਜੈ ਭਗਵਾਨ ਅਤੇ ਹੋਰ ਪਤਵੰਤਿਆਂ ਨੇ ਮੈਰਾਥਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਬੱਲਭਗੜ੍ਹ ਦੀ ਮੈਰਾਥਨ ਦੌੜ ਵਿੱਚ ਸ਼ਹਿਰ ਦੇ ਪਤਵੰਤਿਆਂ ਦੇ ਨਾਲ-ਨਾਲ ਸਕੂਲੀ ਬੱਚਿਆਂ ਨੇ ਵੀ ਭਾਗ ਲੈ ਕੇ ਕੌਮੀ ਏਕਤਾ ਦਿਵਸ ਮਨਾਇਆ।
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਆਰੀਆ ਕੰਨਿਆ ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਕਿਹਾ ਹੈ ਕਿ ਕੌਮੀ ਏਕਤਾ, ਅਖੰਡਤਾ ਤੇ ਸੁਰੱਖਿਆ ਨੂੰ ਬਣਾਏ ਰੱਖਣ ਲਈ ਸਭ ਨੂੰ ਕੰਮ ਕਰਨਾ ਪਵੇਗਾ ਤੇ ਦੇਸ਼ ਦੀ ਅੰਦਰੂਨੀ ਸੁਰੱਖਿਆ ਲਾਜਮੀ ਕਰਨ ਲਈ ਆਮ ਜਨ ਨੂੰ ਆਪਣਾ ਯੋਗਦਾਨ ਦੇਣਾ ਪਵੇਗਾ। ਡਾ. ਤਰੇਹਨ ਲੋਹ ਪੁਰਸ਼ ਸਰਦਾਰ ਵਲੱਭ ਭਾਈ ਪਟੇਲ ਦੀ ਜੈਯੰਤੀ ਸਬੰਧੀ ਸਰੇਸ਼ਟ ਭਾਰਤ ਕਲੱਬ ਤੇ ਐੱਨਐੱਸਐੱਸ ਇਕਾਈ ਵੱਲੋਂ ਕੌਮੀ ਏਕਤਾ ਦਿਵਸ ਮੌਕੇ ਸਹੁੰ ਚੁੱਕ ਸਮਾਗਮ ਵਿਚ ਬੋਲ ਰਹੇ ਸਨ।
ਬੱਚਿਆਂ ਨੇ ਕੌਮੀ ਏਕਤਾ ਲਈ ਸਹੁੰ ਚੁੱਕੀ
ਨਰਾਇਣਗੜ੍ਹ (ਪੱਤਰ ਪ੍ਰੇਰਕ): ਸਰਦਾਰ ਵੱਲਭ ਭਾਈ ਪਟੇਲ ਦੀ ਜੈਯੰਤੀ ’ਤੇ ਅੱਜ ਰਨ ਫਾਰ ਯੂਨਿਟੀ ਕਰਵਾਈ ਗਈ। ਇਸ ਮੌਕੇ ਐੱਸਡੀਐੱਮ ਸੀ ਜਯਾ ਸ਼ਰਧਾ ਨੇ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਭਾਰਤ ਨੂੰ ਇਕਜੁੱਟ ਕਰਨ ਲਈ ਕੰਮ ਕੀਤਾ ਸੀ। ਸਾਨੂੰ ਸਾਰਿਆਂ ਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਕੰਮ ਕਰਨਾ ਚਾਹੀਦਾ ਹੈ ਅਤੇ ਆਪਸੀ ਪਿਆਰ ਅਤੇ ਭਾਈਚਾਰਾ ਕਾਇਮ ਰੱਖਣਾ ਚਾਹੀਦਾ ਹੈ। ਐੱਸਡੀਐੱਮ ਨੇ ਮਹਾਰਾਜਾ ਜੱਸਾ ਸਿੰਘ ਆਹਲੂਵਾਲੀਆ ਪਾਰਕ ਤੋਂ ਰਨ ਫਾਰ ਯੂਨਿਟੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਖੁਦ ਵੀ ਰਨ ਫਾਰ ਯੂਨਿਟੀ ਵਿੱਚ ਹਿੱਸਾ ਲਿਆ। ਇਹ ਦੌੜ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ ਮਹਾਰਾਜਾ ਜੱਸਾ ਸਿੰਘ ਆਹਲੂਵਾਲੀਆ ਪਾਰਕ ਵਿੱਚ ਸਮਾਪਤ ਹੋਈ। ਇਸ ਮੌਕੇ ਕੌਮੀ ਏਕਤਾ ਦਿਵਸ ਦੀ ਸਹੁੰ ਚੁਕਾਈ ਗਈ।