ਜਸਦੀਪ ਸਿੰਘ
ਕਜ਼ਾਖ਼ਿਸਤਾਨ ਦੀਆਂ ਪਥਰੀਲੀਆਂ ਵਾਦੀਆਂ ਅਤੇ ਘਾਹ ਦੇ ਮੈਦਾਨਾਂ ਵਿਚ ਸਦੀਆਂ ਤੋਂ ਘੋੜਸਵਾਰ ਆਜੜੀਆਂ ਦਾ ਵਾਸ ਹੈ। ਗਾਵਾਂ, ਭੇਡਾਂ, ਘੋੜਿਆਂ ਦੇ ਵੱਗ ਪਾਲ਼ਣੇ ਇਨ੍ਹਾਂ ਦਾ ਪੇਸ਼ਾ ਹੈ। ਗਰਮੀਆਂ ਵਿਚ ਇਹ ਉੱਚੀਆਂ ਪਹਾੜੀ ਚਰਾਂਦਾਂ ਵਿਚ ਇੱਜੜ ਪਾਲ਼ਦੇ ਅਤੇ ਠੰਡ ਵਿਚ ਨੀਵੇਂ ਘਾਹ ਦੇ ਮੈਦਾਨਾਂ ਵਿਚ ਚਲੇ ਜਾਂਦੇ ਨੇ। ਅਕਤੂਬਰ ਦੇ ਅਖੀਰ ਤੋਂ ਠੰਡ ਸ਼ੁਰੂ ਹੋ ਜਾਂਦੀ ਹੈ। ਆਸੀ ਪਲੈਟੋ ਇਨ੍ਹਾਂ ਪਹਾੜੀ ਚਰਾਂਦਾ ਕਰਕੇ ਮਸ਼ਹੂਰ ਹੈ। ਰੇਲ ਗੱਡੀ ਰਾਹੀਂ ਦੱਖਣੀ ਕਜ਼ਾਖ਼ਿਸਤਾਨ ਘੁੰਮ ਕੇ ਅਸੀਂ ਅਲਮਾਟੀ ਸ਼ਹਿਰ ਨੇੜਲਾ ਇਹ ਇਲਾਕਾ ਮੋਟਰਸਾਈਕਲਾਂ ਰਾਹੀਂ ਘੁੰਮਣ ਦਾ ਇਰਾਦਾ ਬਣਾਇਆ। ਕਮਾਂਡਰ ਸਰਗੇਈ ਤੋਂ ਤਿੰਨ ਦਿਨਾਂ ਲਈ ਮੋਟਰਸਾਈਕਲ ਕਿਰਾਏ ’ਤੇ ਲਿਆ। ਭਲੇ ਬੰਦੇ ਨੇ ਚੰਗੀ ਤਰ੍ਹਾਂ ਰਾਹ ਸਮਝਾਇਆ। ਇਹ ਵੀ ਦੱਸਿਆ ਕਿ ਆਸੀ ਪਲੈਟੋ ਵਿਚ ਵਾਸਿਲੀ ਨੂੰ ਮਿਲਣਾ ਹੈ, ਕਿਉਂਕਿ ਵਾਸਿਲੀ ਹੀ ਵਾਹਿਦ ਬੰਦਾ ਹੈ ਜੋ ਠੰਡ ਦੇ ਦਿਨਾਂ ਵਿਚ ਵੀ ਓਥੇ ਰਹਿੰਦਾ ਹੈ।
ਕੌਕਪੈਕ ਗੌਰਜ ਤੋਂ ਤੁਰਗਨ ਕਸਬੇ ਦਾ ਸੁਹਾਵਣਾ ਪਰ ਔਖਾ ਰਸਤਾ 130 ਕਿਲੋਮੀਟਰ ਦਾ ਸੀ। ਅਸੀਂ ਬਾਰਤੋਗੇ ਤਲਾਬ ਵੱਲੋਂ ਇਸ ਰਸਤੇ ’ਤੇ ਚੜ੍ਹੇ ਅਤੇ ਕਈ ਵਾਰ ਰਾਹ ਭੁੱਲੇ। ਇਕ ਮੀਆਂ-ਬੀਵੀ ਆਪਣੀ ‘ਲਾਡਾ’ ਗੱਡੀ ’ਤੇ ਬਾਰਤੋਗੇ ਕੋਲ ਮੱਛੀ ਫੜਨ ਪਹੁੰਚੇ ਹੋਏ ਸੀ। ਉਨ੍ਹਾਂ ਸਾਨੂੰ ਸਹੀ ਰਾਹ ਸਮਝਾਇਆ ਪਰ ਫੇਰ ਵੀ ਇਕ ਮੋੜ ਤੋਂ ਗਲਤ ਮੁੜ ਗਏ। ਹੌਲੀ ਹੌਲ਼ੀ ਕੁਵੇਲਾ ਹੋਣ ਲੱਗਾ, ਚੌਥ ਦਾ ਚੰਦ ਦਿਸਣ ਲੱਗਾ, ਫੋਨ ਨੈਟਵਰਕ ਉੱਡ ਗਿਆ। ਸਾਨੂੰ ਅੰਦਾਜ਼ਾ ਹੋਣ ਲੱਗਾ ਕਿ ਜਿਹੜੇ ਰਾਹ ਨੂੰ ਗੂਗਲ ਦੋ ਕੁ ਘੰਟਿਆਂ ਦਾ ਦੱਸ ਰਿਹਾ ਸੀ, ਕਾਫ਼ੀ ਬਿਖੜਾ ਤੇ ਲੰਬਾ ਪੈਂਡਾ ਹੈ। ਅਸੀਂ ਤੁਰਦੇ ਗਏ ਕਿਉਂਕਿ ਵਾਸਿਲੀ ਕੋਲ ਪਹੁੰਚਣ ਤੋਂ ਬਿਨਾਂ ਕੋਈ ਚਾਰਾ ਤਾਂ ਹੈ ਨਹੀਂ। ਸਰਗੇਈ ਨੇ ਦੱਸਿਆ ਸੀ ਕਿ ਇਕ ਨਦੀ ਪਾਰ ਕਰੋਗੇ ਤਾਂ ਉਸ ਤੋਂ ਦੋ ਕਿਲੋਮੀਟਰ ਬਾਅਦ ਵਾਸਿਲੀ ਦਾ ਰੈਣ ਬਸੇਰਾ ਹੈ। ਇਕ ਛੋਟੀ ਨਦੀ ਪਾਰ ਕੀਤੀ ਤਾਂ ਲੱਗਿਆ ਬੱਸ ਹੁਣ ਤਾਂ ਨੇੜੇ ਹੀ ਹੋਊ। ਅੱਗੇ ਚਾਰੇ ਪਾਸੇ ਹਨੇਰਾ ਸੀ, ਕੋਈ ਦੀਵਾ ਜਗਦਾ ਨਾ ਦਿਸੇ। ਸਾਡੇ ਕੋਲ ਟੈਂਟ ਸੀ, ਸੋਚਿਆ ਹੋਰ ਨਹੀਂ ਤਾਂ ਏਥੇ ਈ ਕਤਿੇ ਟੈਂਟ ਲਾ ਲਵਾਂਗੇ। ਪਰ ਠੰਡ ਦਾ ਡਰ ਸੀ।
ਇਕ ਹੋਰ ਢਾਰੇ ਕੋਲ ਪਹੁੰਚੇ। ਇਕ ਬੰਦਾ ਆਪਣਾ ਇੱਜੜ ਸਾਂਭ ਕੇ ਘਰ ਵੱਲ ਚੱਲਿਆ ਸੀ। ਸਾਨੂੰ ਲੱਗਿਆ ਇਹੋ ਵਾਸਿਲੀ ਹੋਊ। ਟਰਾਂਸਲੇਟਰ ਐਪ ਰਾਹੀਂ ਗੱਲ ਕਰਕੇ ਪਤਾ ਲੱਗਿਆ ਕਿ ਵਾਸਿਲੀ ਦਾ ਠਿਕਾਣਾ ਤਾਂ ਹਾਲੇ ਦੋ ਘੰਟੇ ਹੋਰ ਦੂਰ ਹੈ ਅਤੇ ਦਰਿਆ ਹਜੇ ਆਉਣਾ ਹੈ। ਉਹ ਕਹਿੰਦਾ ਏਨੀ ਰਾਤ ਵਿਚ ਅੱਗੇ ਨਹੀਂ ਜਾ ਸਕਦੇ ਤੁਸੀਂ ਪਿੱਛੇ ਮੁੜ ਜਾਓ। ਅਸੀਂ ਉਹਨੂੰ ਰਹਿਣ ਲਈ ਥਾਂ ਦੇਣ ਦੀ ਬੇਨਤੀ ਕੀਤੀ। ਭਲਾ ਬੰਦਾ ਸੀ ਮੰਨ ਗਿਆ ਤੇ ਆਪਣੇ ਪੁਰਾਣੇ ਲੱਕੜ ਦੇ ਘਰ ਵਿਚ ਇਕ ਕਮਰਾ ਖੋਲ੍ਹ ਦਿੱਤਾ। ਘਰ ਵਿਚ ਚੈਖੋਵ ਦੀਆਂ ਕਹਾਣੀਆਂ ਵਾਲ਼ਾ ਰੂਸੀ ਸਟੋਵ ਅਤੇ ਨਾਲ਼ ਇਕ ਮੇਜ਼ ਪਿਆ ਸੀ। ਖਾਣ ਦਾ ਸਾਮਾਨ ਅਸੀਂ ਬੰਨ੍ਹੇ ਕੇ ਤੁਰੇ ਸਾਂ। ਪੀਣ ਵਾਲ਼ਾ ਪਾਣੀ ਕੋਲ ਹੀ ਵਗਦੀ ਨਦੀ ’ਚੋਂ ਭਰ ਲਿਆ। ਉਸ ਇਕ ਕੇਤਲੀ ਪਾਣੀ ਦੀ ਗਰਮ ਕਰ ਦਿੱਤੀ, ਤੇ ਸਾਡੀ ਰਾਤ ਸੌਖੀ ਕਟ ਗਈ। ਸਵੇਰੇ ਜਦੋਂ ਤਾਈਂ ਅਸੀਂ ਸਾਮਾਨ ਬੰਨ੍ਹਿਆ ਉਸ ਕਜ਼ਾਖ਼ ਨੇ ਆਪਣਾ ਇੱਜੜ ਹੱਕ ਲਿਆ ਸੀ। ਅਸੀਂ ਮੋਟਰਸਾਈਕਲ ’ਤੇ ਸਵਾਰ ਹੋ ਅੱਗੇ ਤੁਰ ਪਏ ਤੇ ਉਹ ਘੋੜੇ ’ਤੇ ਸਵਾਰ ਹੋ ਮਾਲ ਚਾਰਨ ਤੁਰ ਪਿਆ। ਸਵੇਰੇ ਇਹ ਵੀ ਪਤਾ ਲੱਗਿਆ ਕਿ ਇਹ ਉਹ ਇਲਾਕਾ ਹੈ ਜਿੱਥੇ ਹਜ਼ਾਰਾਂ ਸਾਲ ਪਹਿਲਾਂ ਦੇ ਪੈਟਰੋਗਲਿਫ਼ ਸ਼ਿਲਾਲੇਖ ਵੀ ਹਨ। ਮਨੁੱਖੀ ਇਤਿਹਾਸ ਦੀ ਵਿਰਾਸਤੀ ਜਗ੍ਹਾ ’ਚੋਂ ਲੰਘਦਿਆਂ ਇਹ ਕਦੇ ਨਹੀਂ ਲੱਗਿਆ ਕਿ ਅਸੀਂ ਕਿਸੇ ਬਿਗਾਨੀ ਧਰਤੀ ’ਤੇ ਹਾਂ।
ਇਕ ਘੰਟਾ ਪਥਰੀਲਾ ਪੈਂਡਾ ਹੋਰ ਚੱਲ ਕੇ ਉਹ ਦਰਿਆ ਲੱਭ ਗਿਆ ਜਿਸ ਦੀ ਨਿਸ਼ਾਨਦੇਹੀ ਸਰਗੇਈ ਨੇ ਕੀਤੀ ਸੀ। ਅੱਧਾ ਘੰਟਾ ਹੋਰ ਚੱਲ ਕੇ ਇਕ ਸਕੂਲ ਵਰਗੀ ਇਮਾਰਤ ਤੇ ਨਾਲ਼ ਇਕ ਲੱਕੜੀ ਦਾ ਘਰ ਦਿਸਿਆ। ਓਥੇ ਇਕ ਬੰਦੇ ਨੇ ਸਾਨੂੰ ਇਸ਼ਾਰਾ ਕੀਤਾ ਕਿ ਘਰ ਤੱਕ ਕਿਹੜੇ ਰਸਤੇ ਪਹੁੰਚਣਾ ਹੈ। ਸ਼ਕਲੋਂ ਦੇਖਣ ’ਤੇ ਅੰਦਾਜ਼ਾ ਲਾਇਆ ਕੇ ਇਹੋ ਵਾਸਿਲੀ ਹੋਊ। ਜਦੋਂ ਉਹਨੂੰ ਦੱਸਿਆ ਕਿ ਸਾਨੂੰ ਸਰਗੇਈ ਨੇ ਭੇਜਿਆ ਹੈ ਅਤੇ ਅਸੀਂ ਉਹਨੂੰ ਲੱਭ ਰਹੇ ਹਾਂ ਤਾਂ ਉਹਨੂੰ ਚਾਅ ਚੜ੍ਹ ਗਿਆ। ਸਾਨੂੰ ਚਾਹ ਪਿਆਈ ਤੇ ਕਹਿੰਦਾ ਏਥੇ ਹੀ ਰਹਿ ਜਾਓ। ਰੂਸੀ ਮੂਲ ਦਾ ਸਰਗੇਈ ਏਥੇ ਦਸਾਂ ਸਾਲਾਂ ਤੋਂ ਇਕੱਲਾ ਰਹਿੰਦਾ ਹੈ। ਬਾਕੀ ਪਿੰਡ ਵਾਲ਼ੇ ਠੰਡ ਵਿਚ ਆਪਣਾ ਇੱਜੜ ਲੈ ਕੇ ਨੀਵਾਣਾਂ ਵੱਲ ਚਲੇ ਜਾਂਦੇ ਹਨ। ਪਰ ਇਹ ਠੰਡ ਵਿਚ ਵੀ ਏਥੇ ਹੀ ਰਹਿੰਦਾ ਹੈ। ਅਗਲੇ ਛੇ ਮਹੀਨਿਆਂ ਦਾ ਖਾਣ ਪੀਣ, ਗੈਸ ਸਲੰਡਰ ਇਹਨੇ ਪਹਿਲਾਂ ਹੀ ਸਾਂਭ ਰੱਖੇ ਸਨ। ਘਰ ਦੇ ਬਾਹਰ ਦਰਿਆ ’ਚੋਂ ਫੜੀਆਂ ਮੱਛੀਆਂ ਟੰਗ ਕੇ ਸੁੱਕਣੇ ਪਾਈਆਂ ਹੋਈਆਂ ਸਨ। ਦੋ ਟੀਵੀ, ਇਕ ਵੀਸੀਆਰ ਅਤੇ ਬਹੁਤ ਸਾਰੀਆਂ ਰੂਸੀ ਫ਼ਿਲਮਾਂ ਦੀਆਂ ਟੇਪਾਂ ਸਨ। ਇਹਦੇ ਕੋਲ ਫੋਨ ਨਹੀਂ ਹੈ। ਏਸ ਇਲਾਕੇ ਵਿਚ ਭਾਰਤੀ ਲੋਕ ਉਹਨੇ ਪਹਿਲੀ ਵਾਰ ਦੇਖੇ ਤੇ ਵਾਰ ਵਾਰ ਇਹੋ ਦੁਹਰਾ ਕੇ ਉਹ ਖੁਸ਼ ਹੋ ਰਿਹਾ ਸੀ। ਸਾਡੀ ਚਾਹ ਹਲੇ ਮੁੱਕੀ ਨਹੀਂ ਸੀ ਕਿ ਮੀਂਹ-ਹਨੇਰੀ ਆ ਗਏ। ਵਾਸਿਲੀ ਕਹੇ ਕਿ ਹੁਣ ਤਾਂ ਰੱਬ ਨੇ ਵੀ ਇਸ਼ਾਰਾ ਕਰ ਦਿੱਤਾ ਤੁਸੀਂ ਰਹਿ ਜਾਓ। ਕਿਸਮਤ ਨਾਲ਼ ਅੱਧੇ ਕੁ ਘੰਟੇ ਬਾਅਦ ਮੌਸਮ ਠੀਕ ਹੋ ਗਿਆ। ਤੇ ਅਸੀਂ ਅੱਗੇ ਤੁਰ ਪਏ। ਵਾਸਿਲੀ ਦਾ ਮਨ ਨਹੀਂ ਸੀ ਕਿ ਅਸੀਂ ਜਾਈਏ ਕਿਉਂਕਿ ਹੋ ਸਕਦਾ ਅਗਲੇ ਕਈ ਮਹੀਨੇ ਉਸ ਕੋਲ ਕੋਈ ਬੰਦਾ ਨਾ ਆਵੇ। ਇਸ ਤੋਂ ਅਗਲਾ ਰਾਹ ਬਹੁਤ ਹੀ ਸੋਹਣਾ ਸੀ ਇਕ ਪਾਸੇ ਬਰਫ਼ ਲੱਦੇ ਪਹਾੜ, ਇਕ ਪਾਸੇ ਨੀਲ਼ਾ ਅਸਮਾਨ ਤੇ ਵਿਚਾਲੇ ਘਾਹ ਭਰੇ ਪਠਾਰ ’ਤੇ ਅਸੀਂ ਜਾ ਰਹੇ ਸਾਂ। ਦੋ ਕੁ ਘੰਟੇ ਬਾਅਦ ਸੋਵੀਅਤ ਵੇਲਿਆਂ ਦੀ ਬਣੀ ਆਸੀ ਆਕਾਸ਼ ਅਬਜ਼ਰਵੇਟਰੀ (ਨਿਗਾਹਬਾਨੀ) ਦੀ ਇਮਾਰਤ ਦਿਸੀ। ਇਸ ਤੋਂ ਬਾਅਦ ਤੁਰਗਨ ਸ਼ਹਿਰ ਵਾਲ਼ੇ ਪਾਸਿਓਂ ਤਫਰੀਹ ਕਰਨ ਆਏ ਹੋਏ ਲੋਕ ਮਿਲਣ ਲੱਗੇ।
ਸੰਪਰਕ: 99886-38850