ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 1 ਨਵੰਬਰ
‘ਰੀਕੋਗਨਾਇਜ਼ਡ ਐਂਡ ਐਫਿਲੀਏਟਿਡ ਸਕੂਲਜ਼ ਐਸੋਸੀਏਸ਼ਨ’ (ਰਾਸਾ) ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਸੰਸਥਾ ਦੇ ਸਾਬਕਾ ਪ੍ਰਧਾਨ ਡਾ. ਰਵਿੰਦਰ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਸ਼ਾਸਤਰੀ ਮਾਡਲ ਸਕੂਲ ਮੁਹਾਲੀ ਵਿਖੇ ਹੋਈ, ਜਿਸ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਸਕੂਲ ਪ੍ਰਬੰਧਕਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਡਾ. ਮਾਨ ਨੇ ਕਿਹਾ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਕੂਲਾਂ ਦੀਆਂ ਸਾਰੀਆਂ ਸਮੱਸਿਆਵਾਂ ਇੱਕਜੁੱਟਤਾ ਨਾਲ ਹੀ ਹੱਲ ਹੋ ਸਕਦੀਆਂ ਹਨ। ਲਿਹਾਜ਼ਾ ਇਸ ਮੁੱਦੇ ’ਤੇ ਰਾਸਾ ਦੇ ਸਾਂਝੇ ਬੈਨਰ ਹੇਠ ਇੱਕਜੁੱਟ ਹੋਣ ਦੀ ਸਖ਼ਤ ਲੋੜ ਹੈ। ਇਸ ਮੌਕੇ ਜਨਰਲ ਹਾਊਸ ਵਿੱਚ ਰਾਸਾ ਦੇ ਸੀਨੀਅਰ ਆਗੂ ਸਕੱਤਰ ਸਿੰਘ ਸੰਧੂ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਜਦੋਂਕਿ ਰਜਨੀਸ਼ ਕੁਮਾਰ ਮੁਹਾਲੀ ਨੂੰ ਜਨਰਲ ਸਕੱਤਰ ਥਾਪਿਆ ਗਿਆ। ਇੰਜ ਹੀ ਸੁਖਜਿੰਦਰ ਸਿੰਘ ਗਿੱਲ ਨੂੰ ਵਿੱਤ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ। ਰਾਸਾ ਦੇ ਸਰਪ੍ਰਸਤ ਡਾ. ਰਵਿੰਦਰ ਸਿੰਘ ਮਾਨ ਅਤੇ ਹੋਰਨਾਂ ਆਗੂਆਂ ਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਗੂੜ ਖੁਆ ਕੇ ਮੂੰਹ ਮਿੱਠਾ ਕਰਵਾਇਆ ਅਤੇ ਮੁਬਾਰਕਬਾਦ ਦਿੰਦਿਆਂ ਸਕੂਲਾਂ ਦੇ ਮਸਲੇ ਹੱਲ ਕਰਵਾਉਣ ਵਿੱਚ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਅਹੁਦਾ ਸੰਭਾਲਣ ਉਪਰੰਤ ਨਵੇਂ ਪ੍ਰਧਾਨ ਨੇ ਕਿਹਾ ਉਹ ਸਕੂਲਾਂ ਦੀ ਭਲਾਈ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ।