ਪੱਤਰ ਪ੍ਰੇਰਕ
ਤਰਨ ਤਾਰਨ, 1 ਨਵੰਬਰ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜ਼ਿਲ੍ਹੇ ਅੰਦਰ ਡੀਏਪੀ ਖਾਦ ਦੀ ਕਮੀ ਖਿਲਾਫ਼ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੁੱਖ ਗੇਟ ਸਾਹਮਣੇ ਧਰਨਾ ਦਿੱਤਾ ਗਿਆ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਨੋਚਾਹਲ ਦੀ ਅਗਵਾਈ ਵਿੱਚ ਦਿੱਤੇ ਧਰਨੇ ਵਿੱਚ ਔਰਤ ਕਿਸਾਨਾਂ ਨੇ ਵੀ ਸ਼ਮੂਲੀਅਤ ਕੀਤੀ|
ਇਸ ਮੌਕੇ ਧਰਨਾਕਾਰੀਆਂ ਨੂੰ ਜਥੇਬੰਦੀ ਦੇ ਜ਼ਿਲ੍ਹਾ ਸਕੱਤਰ ਹਰਜਿੰਦਰ ਸਿੰਘ ਸਕਰੀ, ਹਰਪ੍ਰੀਤ ਸਿੰਘ, ਜਰਨੈਲ ਸਿੰਘ ਨੂਰਦੀ, ਫਤਿਹ ਸਿੰਘ ਪਿੱਦੀ, ਬਲਵਿੰਦਰ ਸਿੰਘ ਚੋਹਲਾ ਸਾਹਿਬ, ਹਰਬਿੰਦਰਜੀਤ ਸਿੰਘ ਕੰਗ ਨੇ ਸੰਬੋਧਨ ਕੀਤਾ|
ਇਸ ਮੌਕੇ ਐੱਸਡੀਐੱਮ ਦੀਪਕ ਭਾਟੀਆ ਨੇ ਆ ਕੇ ਵਿਸ਼ਵਾਸ ਦਿਵਾਇਆ ਕਿ ਭਲਕ ਤੋਂ ਜ਼ਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਵਿੱਚ ਡੀਏਪੀ ਖਾਦ ਪਹੁੰਚ ਜਾਵੇਗੀ ਜਿਹੜੀ ਕਿਸਾਨ ਆਸਾਨੀ ਨਾਲ ਲੈ ਸਕਣਗੇ| ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਸਹਿਕਾਰੀ ਸਭਾਵਾਂ ਦੇ ਮੈਂਬਰ ਨਹੀਂ ਹਨ, ਉਨ੍ਹਾਂ ਦੀਆਂ ਜਲਦੀ ਹੀ ਜਮ੍ਹਾਂਬੰਦੀਆਂ ਲੈ ਕੇ ਉਨ੍ਹਾਂ ਨੂੰ ਮੈਂਬਰ ਬਣਾਇਆ ਜਾਵੇਗਾ ਤੇ ਜਿਹੜੇ ਕਿਸਾਨ ਪਿਛਲੀਆਂ ਸਰਕਾਰਾਂ ਵੱਲੋਂ ਕਰਜ਼ੇ ਮੁਆਫ਼ ਕਰਨ ਦੇ ਵਾਅਦਿਆਂ ਕਰ ਕੇ ਡਿਫਾਲਟਰ ਹੋਏ ਹਨ, ਉਨ੍ਹਾਂ ਨੂੰ ਵੀ ਖਾਦ ਪਹਿਲਾਂ ਦੀ ਤਰ੍ਹਾਂ ਹੀ ਮਿਲੇਗੀ।
ਛੀਨਾ ਨੇ ਡੀਏਪੀ ਖਾਦ ਦੀ ਪੂਰਤੀ ਨਾ ਹੋਣ ’ਤੇ ਸਰਕਾਰ ਨੂੰ ਘੇਰਿਆ
ਅੰਮ੍ਰਤਿਸਰ (ਮਨਮੋਹਨ ਸਿੰਘ ਢਿੱਲੋਂ): ਸੂਬੇ ਦੇ ਕਿਸਾਨਾਂ ਨੂੰ ਡੀਏਪੀ ਖਾਦ ਸਬੰਧੀ ਪੂਰਤੀ ਨਾ ਹੋਣ ’ਤੇ ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਭਗਵੰਤ ਮਾਨ ਸਰਕਾਰ ਆੜ੍ਹੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਜੇਕਰ ਮਾਨ ਸਰਕਾਰ ਵੱਲੋਂ ਸਮੇਂ ’ਤੇ ਹੀ ਖਾਦ ਦਾ ਉਚਤਿ ਡਿਸਟ੍ਰੀਬਿਊਸ਼ਨ ਪ੍ਰਬੰਧ ਕਰ ਲਿਆ ਜਾਂਦਾ ਤਾਂ ਕਿਸਾਨਾਂ ਨੂੰ ਡੀਏਪੀ ਸਬੰਧੀ ਕਿਸੇ ਵੀ ਤਰ੍ਹਾਂ ਕੋਈ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪੈਣਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮੰਡੀਆਂ ’ਚ ਝੋਨੇ ਦੀ ਖਰੀਦ ਦੇ ਸਹੀ ਇੰਤਜ਼ਾਮ ਨਾ ਹੋਣ ਕਾਰਨ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦਾ ਖੇਤੀ ਸਬੰਧੀ ਕੋਈ ਉਚਤਿ ਤਜਰਬਾ ਨਾ ਹੋਣ ਕਾਰਨ ਖਾਦ ਮਹਿੰਗੇ ਭਾਅ ਵਿਕ ਰਹੀ ਹੈ।